ਖਾਸ ਖਬਰਾਂ

ਨੌਜਵਾਨ ਪੋਤਰੇ ਦੀ ਕੁਰਬਾਨੀ ਤੋਂ ਬਾਅਦ ਬਜ਼ੁਰਗ ਬਾਪੂ ਕਿਸਾਨੀ ਮੋਰਚੇ ਦੀ ਕਾਮਯਾਬੀ ਲਈ ਦਿਨ-ਰਾਤ ਸਮਰਪਿਤ ਹੈ

March 18, 2021 | By

25 ਸਾਲਾਂ ਦੇ ਭਰ ਜਵਾਨ ਜੀਅ ਨਵਰੀਤ ਸਿੰਘ ਪੁੱਤਰ ਸ. ਵਿਕਰਮਜੀਤ ਸਿੰਘ ਨੂੰ 26 ਜਨਵਰੀ 2021 ਦੀ ਕਿਸਾਨ ਪਰੇਡ ਦੌਰਾਨ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਭਾਵੇਂ ਮੌਜੂਦਾ ਕਿਸਾਨੀ ਅੰਦੋਲਨ ਦੌਰਾਨ 280 ਤੋਂ ਵੱਧ ਜੀਆਂ ਦੀ ਕੁਰਬਾਨੀ ਹੋਈ ਹੈ ਪਰ ਨਵਰੀਤ ਸਿੰਘ ਦੀ ਸ਼ਹਾਦਤ ਸਿੱਧੇ ਸਰਕਾਰੀ ਜ਼ਬਰ ਕਾਰਨ ਹੋਈ ਹੈ। 

ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਆਪਣੇ ਪੋਤਰੇ ਦੀ ਸ਼ਹੀਦੀ ਤੋਂ ਬਾਅਦ ਆਪਣੇ ਆਪ ਨੂੰ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਸਮਰਪਿਤ ਕਰ ਦਿੱਤਾ ਹੈ। ਉਹ ਦਿਨ ਰਾਤ ਇੱਕ ਕਰਕੇ ਕਿਸਾਨੀ ਮੋਰਚੇ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਹਨ ਅਤੇ ਲੰਘੇ ਕਈ ਦਿਨਾਂ ਨੂੰ ਲਗਾਤਾਰ ਨੌਜਵਾਨਾਂ ਦੀਆਂ ਇਕੱਤਰਤਾਵਾਂ ਵਿੱਚ ਜਾ ਕੇ ਉਹਨਾਂ ਨੂੰ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਪ੍ਰੇਰਿਤ ਕਰ ਰਹੇ ਹਨ।

ਭਾਵੇਂ ਕਿ ਕਿਸਾਨੀ ਲੀਡਰਸ਼ਿੱਪ ਨੇ ਸ਼ੁਰੂ ਵਿੱਚ ਨਵਰੀਤ ਸਿੰਘ ਦੀ ਕੁਰਬਾਨੀ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਪੂ ਹਰਦੀਪ ਸਿੰਘ ਨੇ ਗਿਲੇ-ਸ਼ਿਕਵੇ ਪਿੱਛੇ ਪਾ ਕੇ ਮੋਰਚੇ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਕਿਸਾਨੀ ਸੰਘਰਸ਼ ਵਿੱਚ ਏਕਤਾ-ਇਤਫਾਕ ਅਤੇ ਮਜਬੂਤੀ ਵਾਲਾ ਮਾਹੌਲ ਸਿਰਜਣ ਲਈ ਆਪਣਾ ਆਪਾ ਸਮਰਪਿਤ ਕੀਤਾ ਹੋਇਆ ਹੈ। ਉਹਨਾਂ ਦੇ ਉੱਤੇ 7 ਮਾਰਚ ਨੂੰ ਕੁੰਡਲੀ-ਸਿੰਘੂ ਬਾਰਡਰ ਦੇ ਟੀ.ਡੀ.ਆਈ. ਮਾਲ ਸਥਿੱਤ ਨਿਹੰਗ ਸਿੰਘਾਂ ਦੀ ਛਾਉਣੀ ਵਿਖੇ ਕਰਵਾਏ ਗਏ ਅਰਦਾਸ ਸਮਾਗਮ ਵਿੱਚ ਵੱਖ-ਵੱਖ ਵਨਗੀ ਦੀ ਕਿਸਾਨ ਲੀਡਰਸ਼ਿੱਪ ਅਤੇ ਸਿੱਖ ਸੰਪਰਦਾਵਾਂ ਤੇ ਪੰਥਕ ਧਿਰਾਂ ਇੱਕ ਮੰਚ ਉੱਤੇ ਇਕੱਠੀਆਂ ਹੋਈਆਂ। ਇਸ ਸਮਾਗਮ ਵਿੱਚੋਂ ਇੱਕਜੁਟਤਾ ਦਾ ਸੁਨੇਹਾ ਦਿੱਤਾ ਗਿਆ ਤਾਂ ਕਿ ਕਸਾਨੀ ਸੰਘਰਸ਼ ਦੀ ਕਾਮਯਾਬੀ ਯਕੀਨੀ ਬਣਾਈ ਜਾ ਸਕੇ।

ਸ਼ਹੀਦ ਨਵਰੀਤ ਸਿੰਘ ਦਾ ਪਰਿਵਾਰ ਪੰਥ ਅਤੇ ਪੰਜਾਬ ਲਈ ਲਗਾਤਾਰ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲਾ ਪਰਿਵਾਰ ਹੈ। ਸਾਕਾ ਨਨਕਾਣਾ ਸਾਹਿਬ ਦੌਰਾਨ ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤੇ ਗਏ ਭਾਈ ਲਸ਼ਮਣ ਸਿੰਘ ਧਾਰੋਵਾਲੀ ਨਵਰੀਤ ਸਿੰਘ ਦੇ ਪੜਦਾਦਾ ਜੀ ਭਾਈ ਕਾਹਨ ਸਿੰਘ ਦੇ ਫੁੱਫੜ ਸਨ। ਭਾਈ ਕਾਹਨ ਸਿੰਘ ਦੇ ਪਿਤਾ ਜੀ ਬਾਪੂ ਤਰਲੋਚਨ ਸਿੰਘ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਆਪਣੇ ਚੜ੍ਹਦੀ ਉਮਰੇ ਹੀ ਸ਼ਾਮਿਲ ਹੋ ਗਏ ਸਨ। ਜਿੱਥੇ ਉਹਨਾਂ ਅੰਗਰੇਜ਼ ਹਕੂਮਤ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਹਿੱਤ ਲੱਗਣ ਵਾਲੇ ਮੋਰਚਿਆਂ ਵਿੱਚ ਸਰਕਾਰੀ ਤਸ਼ੱਦਦ ਝੱਲਿਆ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਰਹੇ ਓਥੇ 1947 ਦੀ ਪੰਜਾਬ ਵੰਡ ਤੋਂ ਬਾਅਦ ਉਹ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਇੰਡੀਆ ਦੀ ਸਰਕਾਰ ਦੀ ਕੈਦ ਅਤੇ ਤਸ਼ੱਦਦ ਝੱਲਦੇ ਰਹੇ। ਬਾਪੂ ਤਰਲੋਚਨ ਸਿੰਘ 1969 ਵਿੱਚ ਆਪਣੇ ਅਕਾਲ ਚਲਾਣੇ ਤੱਕ ਪੰਥ ਅਤੇ ਪੰਜਾਬ ਨੂੰ ਸਮਰਪਿਤ ਰਹਿ ਕੇ ਸੰਘਰਸ਼ ਕਰਦੇ ਰਹੇ। ਇਸ ਤੋਂ ਬਾਅਦ ਬਾਪੂ ਤਰਲੋਚਨ ਸਿੰਘ ਦੇ ਪੋਤਰੇ ਅਤੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਡਿਬਡਿਬਾ 1978 ਤੋਂ ਸਿੱਖ ਸੰਘਰਸ਼ ਨਾਲ ਜੁੜ ਗਏ ਅਤੇ ਅੱਜ ਤੱਕ ਪੰਥ ਦੀ ਸੇਵਾ ਹਿੱਤ ਕਾਰਜਸ਼ੀਲ ਹਨ। ਭਾਈ ਹਰਦੀਪ ਸਿੰਘ ਡਿਬਡਿਬਾ ਮੌਜੂਦਾ ਕਿਸਾਨੀ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਸ ਸੰਘਰਸ਼ ਨਾਲ ਜੁੜੇ ਹੋਏ ਹਨ ਅਤੇ ਪਰਿਵਾਰ ਸਮੇਤ ਇਸ ਸੰਘਰਸ਼ ਵਿੱਚ ਸਮੂਲੀਅਤ ਕਰ ਰਹੇ ਹਨ। ਜਿੱਥੇ ਨਵਰੀਤ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਉਹ ਗਾਜ਼ੀਪੁਰ (ਉੱਤਰ-ਪ੍ਰਦੇਸ਼) ਅਤੇ ਅਲਵਰ (ਰਾਜਸਥਾਨ) ਵਾਲੇ ਮੋਰਚਿਆਂ ਵੱਲ ਵਧੇਰੇ ਸ਼ਮੂਲੀਅਤ ਕਰ ਰਹੇ ਸਨ, ਹੁਣ ਉਹ ਪੰਜਾਬ ਅਤੇ ਹਰਿਆਣੇ ਦੇ ਨੌਜਵਾਨਾਂ ਵੱਲੋਂ ਸ਼ਹੀਦ ਨਵਰੀਤ ਸਿੰਘ ਨੂੰ ਦਿੱਤੇ ਜਾ ਰਹੇ ਸਤਿਕਾਰ ਤੇ ਪ੍ਰੇਮ ਕਰਕੇ ਇੱਥੇ ਵੀ ਨੌਜਵਾਨਾਂ ਨੂੰ ਕਿਸਾਨੀ ਮੋਰਚੇ ਦੀ ਕਾਮਯਾਬੀ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਵੱਲੋਂ 25 ਮਾਰਚ 2021 ਨੂੰ ਮੋਗੇ ਤੋਂ ਸਿੰਘੂ-ਕੁੰਡਲੀ ਬਾਰਡਰ ਦੇ ਕਿਸਾਨੀ ਮੋਰਚੇ ਤੱਕ ‘ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਮੋਰਚਾ ਇੱਕਜੁਟਤਾ ਮਾਰਚ’ ਦਾ ਐਲਾਨ ਕੀਤਾ ਗਿਆ ਹੈ। ਇਹ ਮਾਰਚ ਮੋਗੇ ਤੋਂ ਸ਼ੁਰੂ ਹੋ ਕੇ ਲੁਧਿਆਣਾ, ਦੁਰਾਹਾ, ਖੰਨਾ, ਗੋਬਿੰਦਗੜ੍ਹ, ਸਰਹੰਦ, ਰਾਜਪੁਰਾ, ਸ਼ੰਭੂ, ਅੰਬਾਲਾ, ਕੁਰਕਸ਼ੇਤਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਰਾਹੀਂ ਹੁੰਦਾ ਹੋਇਆ ਸਿੰਘੂ-ਕੁੰਡਲੀ ਬਾਰਡਰ ਦੇ ਕਿਸਾਨੀ ਮੋਰਚੇ ਵਿੱਚ ਸ਼ਿਰਕਤ ਕਰਗਾ। ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਹੈ ਕਿ ਨੌਜਵਾਨ ਇਸ ਇੱਕਜੁਟਤਾ ਮਾਰਚ ਦੇ ਆਪਣੇ ਨੜਲੇ ਪੜਾਵਾਂ ਤੋਂ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਤਾਂ ਕਿ ਸ਼ਹੀਦ ਨਵਰੀਤ ਸਿੰਘ ਦੇ ਕਿਸਾਨੀ ਸੰਘਰਸ਼ ਦੀ ਕਾਮਯਾਬੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਜਬੂਤੀ ਨਾਲ ਅੱਗੇ ਵਧਿਆ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,