May 11, 2011 | By ਸਿੱਖ ਸਿਆਸਤ ਬਿਊਰੋ
ਪੁਲਿਸ 90 ਦਿਨਾਂ ਵਿਚ ਚਲਾਨ ਪੇਸ਼ ਨਹੀਂ ਕਰ ਸਕੀ
ਮਾਨਸਾ, (11 ਮਈ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਦੀ ਜਮਾਨਤ ਅੱਜ ਸ਼੍ਰੀ ਰਾਜੀਵ ਮਲਹੋਤਾ ਦੀ ਅਦਾਲਤ ਨੇ ਮਨਜੂਰ ਕਰ ਲਈ ਹੈ। ਭਾਈ ਮਨਧੀਰ ਸਿੰਘ ਨੂੰ 18 ਜਨਵਰੀ ਨੂੰ ਗ੍ਰਿਫਤਾਰ ਕਰਕੇ ਮਾਨਸਾ ਪੁਲਿਸ ਨੇ ਵੱਡੀ ਪ੍ਰਾਪਤੀ ਦਾ ਦਾਅਵਾ ਕੀਤਾ ਸੀ ਪਰ ਪੁਲਿਸ ਮਿੱਥੀ ਕਾਨੂੰਨੀ ਮਿਆਦ ਵਿਚ ਮਨਧੀਰ ਸਿੰਘ ਖਿਲਾਫ ਚਲਾਣ ਪੇਸ਼ ਨਹੀਂ ਕਰ ਸਕੀ। ਪੁਲਿਸ ਨੇ ਮਨਧੀਰ ਸਿੰਘ ਦੀ ਗ੍ਰਿਫਤਾਰੀ ਡੇਢ ਸਾਲ ਪੁਰਾਣੇ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਵਿਚ ਦਿਖਾਈ ਸੀ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮਨਧੀਰ ਸਿੰਘ ਦੇ ਵਕੀਲ ਐਡਵੋਕੇਟ ਅਜੀਤ ਸਿੰਘ ਭੰਗੂ ਨੇ ਕਿਹਾ ਕਿ ਜਿਸ ਕੇਸ ਵਿਚ ਮਨਧੀਰ ਸਿੰਘ ਦੀ ਗ੍ਰਿਫਤਾਰੀ ਦਿਖਾਈ ਗਈ ਸੀ, ਉਹ ਡੇਢ ਸਾਲ ਪੁਰਾਣਾ ਕੇਸ ਹੈ ਜਿਸ ਦੀ ਪੂਰੀ ਮਿਸਲ ਵਿਚ ਮਨਧੀਰ ਸਿੰਘ ਦਾ ਇਕ ਵਾਰ ਵੀ ਜ਼ਿਕਰ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਅੱਜ ਅਦਾਲਤ ਨੇ ਜਮਾਨਤ ਦੀ ਅਰਜੀ ਦੀ ਸੁਣਵਾਈ ਕਰਦਿਆਂ ਮਨਧੀਰ ਸਿੰਘ ਦੀ ਜਮਾਨਤ ਮਨਜੂਰ ਕਰ ਲਈ ਹੈ ਤੇ ਆਉਂਦੇ ਦਿਨਾਂ ਵਿਚ ਜਮਾਨਤ ਭਰਨ ਉੱਤੇ ਮਨਧੀਰ ਸਿੰਘ ਦੀ ਰਿਹਾਈ ਹੋ ਜਾਣ ਦੇ ਅਸਾਰ ਹਨ। ਮਨਧੀਰ ਸਿੰਘ ਇਸ ਸਮੇਂ ਨਾਭਾ ਜੇਲ੍ਹ ਵਿਚ ਨਜ਼ਰਬੰਦ ਹੈ।
ਅਦਾਲਤ ਦੇ ਫੈਸਲੇ ਉੱਤੇ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਸੰਤੁਸ਼ਟੀ ਜਤਾਉਂਦਿਆਂ ਮਨਧੀਰ ਸਿੰਘ ਦੀ ਗ੍ਰਿਫਤਾਰੀ ਨੂੰ ਮੌਜੂਦਾ ਸਰਕਾਰ ਦੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਹੀ ਮਨਧੀਰ ਸਿੰਘ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਨਧੀਰ ਸਿੰਘ ਸਾਲ 2007 ਵਿਚ ਬਲਾਚੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਟਿਕਟ ਉੱਤੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਗ੍ਰਿਫਤਾਰੀ ਤੋਂ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਕਰਨ ਦੇ ਨਾਲ-ਨਾਲ ਸਿਆਸੀ ਤੇ ਸਮਾਜਕ ਖੇਤਰ ਵਿਚ ਸਰਗਰਮ ਸੀ।
Related Topics: Bhai Mandhir Singh, Sikh Students Federation, ਭਾਈ ਮਨਧੀਰ ਸਿੰਘ