October 18, 2015 | By ਸਿੱਖ ਸਿਆਸਤ ਬਿਊਰੋ
ਨਵਾਂਸ਼ਹਿਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਦੇ ਮੈਂਬਰ ਸ.ਸੁਖਦੇਵ ਸਿੰਘ ਭੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।ਸਿੱਖ ਸਿਆਸਤ ਨਾਲ ਫੋਨ ‘ਤੇ ਗੱਲ ਕਰਦਿਆਂ ਸ.ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਥਾਂ ਉੱਤੇ ਬੇਅਦਬੀ ਹੋ ਰਹੀ ਹੈ ਅਤੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਉਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਬੜੀ ਸੱਟ ਲੱਗੀ ਹੈ।

ਸੁਖਦੇਵ ਸਿੰਘ ਭੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ (ਫਾਈਲ ਫੋਟੋ)
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੁੱਧ ਜਿਸ ਤਰ੍ਹਾਂ ਸਿੱਖ ਸੰਗਤਾਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਛੱਡ ਕੇ ਸੜਕਾਂ ਤੇ ਧਰਨੇ ਦੇ ਰਹੀਆਂ ਹਨ ਪਰ ਅਜੇ ਤੱਕ ਕਿਸੇ ਦੋਸ਼ੀ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਜਿਹੇ ਸਮੇਂ ਸੱਤਾ ਤੇ ਕਾਬਜ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣ ਕੇ ਰਹਿਣਾ ਉਹਨਾਂ ਦੇ ਜਮੀਰ ਨੂੰ ਪ੍ਰਵਾਨ ਨਹੀਂ ਇਸ ਲਈ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਂਸਲਾ ਕੀਤਾ ਹੈ।
ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਿਵੇਂ ਪਿਛਲੇ ਸਮੇਂ ਦੌਰਾਨ ਅਕਾਲ ਤਖਤ ਸਾਹਿਬ ਤੋਂ ਗਲਤ ਫੈਂਸਲੇ ਲਏ ਗਏ ਅਤੇ ਹੁਣ ਥਾਂ ਥਾਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਚਲਦਿਆਂ ਉਨ੍ਹਾਂ ਦੇ ਦਿਮਾਗ ਤੇ ਬਹੁਤ ਵੱਡਾ ਭਾਰ ਸੀ ਜਿਸ ਨੂੰ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਲਾਹੁਣ ਦਾ ਫੈਂਸਲਾ ਕੀਤਾ ਹੈ।
ਜਿਕਰਯੋਗ ਹੈ ਕਿ ਸ.ਸੁਖਦੇਵ ਸਿੰਘ ਭੌਰ ਵੱਲੋਂ ਪਿਛਲੇ ਸਮੇਂ ਤੋਂ ਕਈ ਫੈਂਸਲਿਆਂ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਦਾ ਵਿਰੋਧ ਕੀਤਾ ਗਿਆ ਸੀ।ਸੌਧਾ ਸਾਧ ਨੂੰ ਅਕਾਲ ਤਖਤ ਸਾਹਿਬ ਤੋਂ ਦਿੱਤੀ ਗਈ ਮਾਫੀ ਦੇ ਫੈਂਸਲੇ ਦਾ ਪਹਿਲੇ ਦਿਨ ਤੋਂ ਹੀ ਸ.ਸੁਖਦੇਵ ਸਿੰਘ ਭੌਰ ਨੇ ਡੱਟ ਕੇ ਵਿਰੋਧ ਕੀਤਾ ਸੀ।ਪਰ ਸੁਖਦੇਵ ਸਿੰਘ ਭੌਰ ਦਾ ਅਸਤੀਫਾ ਜਰੂਰ ਅਕਾਲੀ ਦਲ ਲਈ ਵੱਡਾ ਨੁਕਸਾਨ ਸਾਬਿਤ ਹੋਵੇਗਾ ਤੇ ਸਿੱਖ ਕੌਮ ਵਿੱਚ ਅਕਾਲੀ ਦਲ ਪ੍ਰਤੀ ਫੈਲ ਰਹੇ ਰੋਹ ਦੇ ਚਲਦਿਆਂ ਆਉਣ ਵਾਲੇ ਦਿਨਾਂ ਵਿਚ ਹੋਰ ਕਈ ਅਸਤੀਫਿਆਂ ਦਾ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।
Related Topics: Badal Dal, Kotakpura Incident, Shiromani Gurdwara Parbandhak Committee (SGPC), Sukhdev SIngh Bhaur