January 18, 2010 | By ਸਿੱਖ ਸਿਆਸਤ ਬਿਊਰੋ
ਆਕਲੈਂਡ (18 ਜਨਵਰੀ, 2010): ਪਿਛਲੇ ਦਿਨੀਂ ਨਵੀਂ ਦਿੱਲੀ ਹਵਾਈ ਅੱਡੇ ਤੋਂ ਇਕ ਸਿੱਖ ਬੀਬੀ ਸ਼ੁੱਭਨੀਤ ਕੌਰ ਅਤੇ ਉਸ ਦੇ 2 ਸਾਲਾ ਪੁੱਤਰ ਨੂੰ ਦਿੱਲੀ ਹਵਾਈ ਅੱਡੇ ਕਾਲੀ ਸੂਚੀ ਵਿਚ ਨਾਂਅ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੱਤਾ ਗਿਆ, ਜਦ ਕਿ ਇਹ ਬੀਬੀ ਇਕ ਘਰੇਲੂ ਔਰਤ ਹੈ। ਇਸ ਗੱਲ ਨੂੰ ਲੈ ਕੇ ਜਿਥੇ ਨਿਊਜ਼ੀਲੈਂਡ ਦੀਆਂ ਸਿੱਖ ਸੰਸਥਾਵਾਂ ਨੇ ਘੋਰ ਨਿਖੇਧੀ ਕੀਤੀ ਹੈ, ਉਥੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਨੁਮਾਇੰਦੇ ਸ. ਦਲਜੀਤ ਸਿੰਘ, ਜੋ ਕਿ ਭਾਰਤ ਦੌਰ ’ਤੇ ਹਨ ਉਚ ਪੱਧਰ ’ਤੇ ਇਸ ਦੀ ਪੜਤਾਲ ਕਰਵਾ ਰਹੇ ਹਨ।
ਸਿੱਖ ਸੰਸਥਾਵਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਸਿੱਖ ਪ੍ਰਧਾਨ ਮੰਤਰੀ ਹੁੰਦੇ ਹੋਇਆਂ ਸਿੱਖਾਂ ਦੀ ਕਾਲੀ ਸੂਚੀ ਖਤਮ ਹੋਣ ਦੀ ਥਾਂ ਵੱਧਦੀ ਜਾ ਰਹੀ ਹੈ। ਇਸ ਸਬੰਧੀ ਪਰਿਵਾਰ ਵੱਲੋਂ ਉ¤ਚ ਅਧਿਕਾਰੀਆਂ ਅਤੇ ਹਾਈ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਵੀ ਇਹ ਮਾਮਲਾ ਉਠਾਇਆ ਗਿਆ ਹੈ। ਨਿਊਜ਼ੀਲੈਂਡ ਸਿੱਖ ਸੁਸਾਇਟੀ ਦੇ ਸਹਾਇਕ ਜਨਰਲ ਸਕੱਤਰ ਸ. ਰਣਵੀਰ ਸਿੰਘ ਲਾਲੀ, ਜੋ ਕਿ ਇਸ ਬੀਬੀ ਦੇ ਪਤੀ ਹਨ, ਇਸ ਮਾਮਲੇ ਲਈ ਕਾਨੂੰਨੀ ਸਲਾਹ ਵੀ ਲੈ ਰਹੇ ਹਨ। ਇਸ ਸਬੰਧੀ ਇਕ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੀਤੀ ਗਈ।
ਸ਼ੁੱਭਨੀਤ ਕੌਰ ਦੇ ਇਥੇ ਪਹੁੰਚਣ ’ਤੇ ਸਥਾਨਕ ਮੀਡੀਏ ਨੇ ਇਸ ਸਬੰਧੀ ਪਹਿਲੇ ਸਫ਼ੇ ’ਤੇ ਵੱਡੀਆਂ ਖਬਰਾਂ ਛਾਪੀਆਂ। ਇਥੇ ਦੀਆਂ ਸਿੱਖ ਸੰਸਥਾਵਾਂ, ਹਿੰਦੂ ਸੰਸਥਾਵਾਂ, ਖੇਡ ਕਲੱਬਾਂ, ਦਾ ਸੈਂਟਰਲ ਇੰਡੀਅਨ ਐਸੋਸੀਏਸ਼ਨ, ਗੋਪੀਓ, ਭਾਰਤੀ ਸਮਾਜ ਸੰਸਥਾ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਨੇਤਾਵਾਂ ਨੇ ਇਸ ਦੀ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੇ ਸਾਂਸਦ ਮੈਂਬਰਾਂ ਨੇ ਇਹ ਮਾਮਲਾ ਪਾਰਲੀਮੈਂਟ ਵਿਚ ਵੀ ਉਠਾਉਣ ਦਾ ਐਲਾਨ ਕੀਤਾ ਹੈ।
Related Topics: New Zealand, Sikh Diaspora