ਆਮ ਖਬਰਾਂ

‘ਬਗੀਚੀ ਕਾਂਡ’ ਦੇ ਨਾਂ ਤੋਂ ਮਸ਼ਹੂਰ ਚੌਹਰਾ ਕਤਲ ਕਾਂਡ: ਅੱਠ ਜਣਿਆਂ ਨੂੰ ਤਾਉਮਰ ਕੈਦ

July 3, 2016 | By

ਪਟਿਆਲਾ: ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਕੇਸ ਸਬੰਧੀ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਬਾਬਾ ਉਦੈ ਸਿੰਘ ਧੜੇ ਦੇ ਅੱਠ ਮੈਂਬਰਾਂ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਉਦੈ ਸਿੰਘ ਦੀ ਪਤਨੀ ਤੇ ਪੁੱਤਰੀ ਸਮੇਤ 15 ਜਣਿਆਂ ਨੂੰ ਬਰੀ ਕਰ ਦਿੱਤਾ ਗਿਆ। ਕਾਤਲਾਨਾ ਹਮਲੇ ਦੇ ਦੋਸ਼ਾਂ ਤਹਿਤ ਬਾਬਾ ਬਲਵੀਰ ਸਿੰਘ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਵੀ ਦਸ-ਦਸ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਤਿੰਨ ਜਣਿਆਂ ਨੂੰ ਬਰੀ ਕਰ ਦਿੱਤਾ ਗਿਆ।

ਅਦਾਲਤੀ ਫੈਸਲੇ ਮਗਰੋਂ ਦੋਵਾਂ ਧਿਰਾਂ ਦੇ ਮੈਂਬਰਾਂ ਨੂੰ ਜੇਲ੍ਹ ਲੈ ਕੇ ਜਾਂਦੀ ਪੁਲੀਸ

ਅਦਾਲਤੀ ਫੈਸਲੇ ਮਗਰੋਂ ਦੋਵਾਂ ਧਿਰਾਂ ਦੇ ਮੈਂਬਰਾਂ ਨੂੰ ਜੇਲ੍ਹ ਲੈ ਕੇ ਜਾਂਦੀ ਪੁਲੀਸ

READ ENGLISH VERSION:

Budha Dal Clash 2007: Eight sentenced to imprisonment for life …

ਬੁੱਢਾ ਦਲ ਦੇ ਮੁਖੀ ਦੀ ਨਿਯੁਕਤੀ ਸਬੰਧੀ ਕਸ਼ਮਕਸ਼ ਦੌਰਾਨ 21 ਸਤੰਬਰ 2007 ਨੂੰ ਇੱਥੇ ‘ਬਗੀਚੀ ਬਾਬਾ ਬੰਬਾ ਸਿੰਘ’ ਵਿੱਚ ਉਦੈ ਸਿੰਘ ਅਤੇ ਬਲਬੀਰ ਸਿੰਘ ਦੇ ਧੜਿਆਂ ਦਰਮਿਆਨ ਟਕਰਾਅ ਹੋ ਗਿਆ ਸੀ। ਇਸ ਦੌਰਾਨ ਬਲਬੀਰ ਸਿੰਘ ਦੇ ਪਿਤਾ ਆਸਾ ਸਿੰਘ, ਭਰਾ ਜਗਦੀਸ਼ ਸਿੰਘ ਤੇ ਭਜਨ ਸਿੰਘ ਸਮੇਤ ਭਤੀਜਾ ਕਰਮਜੀਤ ਸਿੰਘ ਮਾਰੇ ਗਏ ਅਤੇ ਚਾਚਾ ਦਰਸ਼ਨ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦਰਸ਼ਨ ਸਿੰਘ ਦੇ ਬਿਆਨਾਂ ‘ਤੇ ਥਾਣਾ ਸਿਵਲ ਲਾਈਨ ਵਿੱਚ ਢਾਈ ਦਰਜਨ ਤੋਂ ਵੱਧ ਨਿਹੰਗ ਸਿੰਘਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਉਂਜ ਬਾਬਾ ਉਦੈ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਕਿਰਪਾਲ ਸਿੰਘ ਸਮੇਤ ਕੁਝ ਹੋਰ ਅਜੇ ਤੱਕ ਪੁਲੀਸ ਦੇ ਹੱਥ ਨਹੀਂ ਲੱਗੇ, ਜਿਨ੍ਹਾਂ ਨੂੰ ਅਦਾਲਤ ਪਹਿਲਾਂ ਹੀ ਭਗੌੜੇ ਕਰਾਰ ਦੇ ਚੁਕੀ ਹੈ।

ਅਦਾਲਤ ਨੇ ਉਦੈ ਸਿੰਘ ਦੀ ਪਤਨੀ ਤੇ ਪੁੱਤਰੀ ਸਮੇਤ 15 ਜਣਿਆਂ ਨੂੰ ਬਰੀ ਕਰ ਦਿੱਤਾ। ਦੋਸ਼ੀਆਂ ਵਿੱਚੋਂ ਸੁਰਜੀਤ ਸਿੰਘ ਅਤੇ ਮੇਜਰ ਸਿੰਘ ਦੁੱਗਾਂ ਦੀ ਜੇਲ੍ਹ ਵਿੱਚ ਹੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ, ਜਦੋਂ ਕਿ ਬਾਕੀਆਂ ਵਿੱਚੋਂ ਰਵਿੰਦਰ ਸਿੰਘ ਰਾਂਝਾ ਵਾਸੀ ਜਵਾਹਰਕੇ, ਸੁਖਦੇਵ ਸਿੰਘ ‘ਬੱਬਰ’ ਵਾਸੀ ਜੀਦਾ, ਸ਼ਹੀਦ ਸਿੰਘ ਪਾਲ ਵਾਸੀ ਮਾੜੀ ਬੁੱਚੀਆਂ, ਰਣਜੀਤ ਸਿੰਘ ਵਾਸੀ ਬੱਲਮਗੜ੍ਹ, ਕੁਲਵੰਤ ਸਿੰਘ ਵਾਸੀ ਅਚਾਨਕ, ਕਿੱਕਰ ਸਿੰਘ ਵਾਸੀ ਦਿਆਲਪੁਰਾ ਭਾਈਕਾ, ਜਗਸੀਰ ਸਿੰਘ ਵਾਸੀ ਕੋਠੇ ਵੜਿੰਗ ਤੇ ਕਰਤਾਰ ਸਿੰਘ ਕਰੋਲ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਉਧਰ ਬਾਬਾ ਉਦੈ ਸਿੰਘ ਧੜੇ ਦੇ ਤਿੰਨ ਮੈਂਬਰਾਂ ਵੱਲੋਂ ਦਾਇਰ ਇਸਤਗਾਸੇ ਦੌਰਾਨ ਕਾਤਲਾਨਾ ਹਮਲੇ ਦੇ ਲਾਏ ਦੋਸ਼ਾਂ ਅਧੀਨ ਬਾਬਾ ਬਲਬੀਰ ਸਿੰਘ ਦੇ ਚਚੇਰੇ ਭਰਾਵਾਂ ਬਲਦੇਵ ਸਿੰਘ, ਲਛਮਣ ਸਿੰਘ ਤੇ ਵਿਸ਼ਵਜੀਤ ਸਿੰਘ ਸਮੇਤ ਚਾਚੇ ਦਿਆਲ ਸਿੰਘ ਨੂੰ ਦਸ-ਦਸ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਇਨ੍ਹਾਂ ਦੋਸ਼ਾਂ ਤੋਂ ਕਰਮ ਸਿੰਘ ਜ਼ੀਰਕਪੁਰ, ਖੜਕ ਸਿੰਘ ਗੋਨਿਆਣਾ ਮੰਡੀ, ਜੱਸਾ ਸਿੰਘ ਤਲਵੰਡੀ ਸਾਬੋ ਨੂੰ ਬਰੀ ਕਰ ਦਿੱਤਾ ਗਿਆ। ਇਕ ਮੁਲਜ਼ਮ ਦਰਸ਼ਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਧਰ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਫ਼ੈਸਲੇ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,