May 26, 2011 | By ਸਿੱਖ ਸਿਆਸਤ ਬਿਊਰੋ
ਅਜਨਾਲਾ/ਅੰਮ੍ਰਿਤਸਰ (26 ਮਈ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਡੀ ਸੀ ਕਾਹਨ ਸਿੰਘ ਪੰਨੂ ਨੂੰ ਮੰਗ ਪੱਤਰ ਦੇ ਕੇ ਕੇਂਦਰੀ ਜੇਲ ਅੰਮ੍ਰਿਤਸਰ ਵਿਚ ਚਲ ਰਹੇ ਨਸ਼ਿਆਂ ਦੇ ਕਾਰੋਬਾਰੇ ਦੀ ਸੀ ਬੀ ਆਈ ਪੜਤਾਲ ਦੀ ਮੰਗ ਕੀਤੀ। ਮੰਗ ਪੱਤਰ ਵਿਚ ਦਸਿਆ ਗਿਆ ਕਿ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਦੀ ਗੰਢਤੁੱਪ ਨਾਲ ਕੇਂਦਰੀ ਜੇਲ ਦੇ ਮੁਲਾਜ਼ਮ ਹਸਪਤਾਲ ਵਿਚ ਦਾਖ਼ਲ ਹੋ ਜਾਂਦੇ ਹਨ। ਹਸਪਤਾਲ ਦੇ ਡਾਕਟਰ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਨੂੰ ਕੋਈ ਟੈਸਟ ਲਿਖ ਕੇ ਦੇ ਦਿੰਦੇ ਹਨ। ਫਿਰ ਇਹ ਅਪਣੀਆਂ ਕਾਰਾਂ ਵਿਚ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਜੇਲ ਵਿਚ ਤਿੰਨ ਹਜ਼ਾਰ ਕੈਦੀ ਹਨ ਪਰ ਡਾਕਟਰੀ ਸਹੂਲਤ ਸਿਰਫ ਚੁਣੇ ਹੋਏ ਕੈਦੀਆਂ ਨੂੰ ਹੀ ਮਿਲਦੀ ਹੈ। ਇਸ ਤੋਂ ਪਹਿਲਾਂ ਜੇਲਾਂ ਅੰਦਰ ਨਸ਼ਿਆਂ ਦੀ ਹੋ ਰਹੀ ਸਮਗਲਿੰਗ ਅਤੇ ਖੁਲ੍ਹੇਆਮ ਵਰਤਾਏ ਜਾ ਰਹੇ ਨਸ਼ਿਆ ਦੇ ਵਿਰੋਧ ਵਿਚ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਗੁਰਮਿਤ ਵਿਦਿਆਲਾ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਵਲੋਂ ਇਕ ਰੋਸ ਮਾਰਚ ਵਡੇ ਕਾਫਲੇ ਦੇ ਨਾਲ ਮੋਟਰਸਾਈਕਲਾਂ, ਸਕੂਟਰਾਂ ਅਤੇ ਗਡੀਆਂ ਦੇ ਰੂਪ ਵਿਚ ਗੁਰਮਿਤ ਵਿਦਿਆਲਾ ਦਮਦਮੀ ਟਕਸਾਲ ਤੋਂ ਸੂਰੁ ਹੋ ਕੇ ਅਮ੍ਰਿੰਤਸਰ ਦੇ ਡੀ.ਸੀ.ਕਾਹਨ ਸਿੰਘ ਪੰਨੂ ਨੂੰ ਮੰਗ ਪਤਰ ਦੇਣ ਲਈ ਰਵਾਨਾ ਹੋਇਆ। ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਕਾਲੀ ਸਰਕਾਰ ਦੀ ਗੰਢਤੁੱਪ ਨਾਲ ਜੇਲਾਂ ਅੰਦਰ ਨਸ਼ਿਆਂ ਦਾ ਕਾਰੋਬਾਰ ਪੂਰੇ ਜੋਰ ਨਾਲ ਚਲ ਰਿਹਾ ਹੈ। ਅਕਾਲੀ ਸਰਕਾਰ ਦੇ ਕਈ ਐਮ. ਐਲ ਏ ਵੀ ਕਥਿਤ ਤੌਰ ਤੇ ਇਸ ਵਿਚ ਸ਼ਾਮਲ ਹਨ।
Related Topics: Akali Dal Panch Pardhani, Baldev Singh Sirsa