ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਜਥੇਬੰਦੀਆਂ ਭਾਰਤੀ ਸੰਵਿਧਾਨ ਵਿਰੁੱਧ 25 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕਰਨਗੀਆਂ ਰੋਹ ਭਰਿਆ ਮੁਜ਼ਾਹਰਾ

January 20, 2016 | By

ਅੰਮ੍ਰਿਤਸਰ ਸਾਹਿਬ: ਭਾਰਤੀ ਗਣਤੰਤਰ ਦਿਵਸ ਨੂੰ ਪੰਜਾਬ ਅਤੇ ਸਿੱਖਾਂ ਲਈ ਵਿਸਾਹਘਾਤ ਦਿਹਾੜੇ ਵਜੋਂ ਮੰਨਦੇ ਹੋਏ, ਦਲ ਖਾਲਸਾ ਆਪਣੇ ਸਹਿਯੋਗੀ ਦਲਾਂ ਨਾਲ ਮਿਲਕੇ ਸੰਵਿਧਾਨ ਅਤੇ ਕਾਲੇ ਕਾਨੂੰਨਾਂ ਦੀ ਛੱਤਰ-ਛਾਇਆ ਹੇਠ ਪੰਜਾਬ ਦੀ ਹੋਈ ਲੁੱਟ-ਖਸੁੱਟ ਅਤੇ ਸਿੱਖਾਂ ਉਤੇ ਹੋਏ ਅੱਤਿਆਚਾਰਾਂ ਅਤੇ ਵਧੀਕੀਆਂ ਵਿਰੁੱਧ ੨੫ ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਰੋਹ ਭਰਿਆ ਮੁਜ਼ਾਹਰਾ ਕਰੇਗਾ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

ਦਲ ਖਾਲਸਾ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਉਹਨਾਂ ਦੀ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਹਿਯੋਗ ਨਾਲ ਭਾਰਤੀ ਗਣਤੰਤਰ ਦਿਵਸ ਦੀ ਪੂਰਵ-ਸੰਧਿਆ ਮੌਕੇ ਸੰਵਿਧਾਨਕ ਵਿਤਕਰਿਆਂ, ਵਧੀਕੀਆਂ ਅਤੇ ਬੇਇੰਨਸਾਫੀਆਂ ਖਿਲਾਫ ਆਪਣਾ ਰੋਹ ਪ੍ਰਗਟਾਉਣ ਲਈ ਅੰਮ੍ਰਿਤਸਰ ਵਿਖੇ ਰੈਲੀ ਅਤੇ ਮਾਰਚ ਕਰੇਗੀ। ਜਥੇਬੰਦੀ ਆਗੂ ਨੇ ਕਿਹਾ ਕਿ ਉਹ ੨੬ ਜਨਵਰੀ ਨੂੰ ਵਿਸ਼ਵਾਸਘਾਤ ਦਿਹਾੜੇ ਵਜੋਂ ਮੰਨਦੇ ਹਨ, ਕਿਉਕਿ ਇਸ ਦਿਨ ਲਾਗੂ ਕੀਤੇ ਗਏ ਸੰਵਿਧਾਨ ਨੂੰ ਸਿੱਖਾਂ ਦੇ ਅਸਵੀਕਾਰਣ ਦੇ ਬਾਵਜੂਦ ਉਹਨਾਂ ਉਤੇ ਜਬਰੀ ਠੋਸਿਆ ਗਿਆ ਹੈ।

ਉਹਨਾਂ ਲੋਕਾਂ ਨੂੰ ੨੬ ਜਨਵਰੀ ਦੇ ਜਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ, ਭਾਰਤ ਅੰਦਰ ਨਾ-ਖੁਸ਼ ਹਨ ਅਤੇ ਉਹਨਾਂ ਨੂੰ ਆਪਣੀਆਂ ਜਖਮੀ ਭਾਵਨਾਵਾਂ ਦਾ ਪ੍ਰਗਟਾਵਾ ਜਮਹੂਰੀ ਢੰਗ ਨਾਲ ਰੋਸ ਪ੍ਰਗਟਾ ਕੇ ਕਰਨਾ ਚਾਹੀਦਾ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਰਣਵੀਰ ਸਿੰਘ ਅਤੇ ਪੰਚ ਪ੍ਰਧਾਨੀ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਦੇ ਕਾਰਜਕਰਤਾ ਦਲ ਖਾਲਸਾ ਦਫਤਰ ਤੋਂ ਡੀ.ਸੀ ਦਫਤਰ ਤੱਕ ਮਾਰਚ ਕਰਨਗੇ ਅਤੇ ਸਰਕਟ ਹਾਊਸ ਚੌਂਕ ਵਿਖੇ ਰੈਲੀ ਕੀਤੀ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਆਵਾਜਾਈ ਵਿੱਚ ਵਿਘਨ ਨਹੀਂ ਪਾਇਆ ਜਾਵੇਗਾ।

ਉਹਨਾਂ ਕਿਹਾ ਕਿ ਮੁਲਕ ਦੇ ਸ਼ਾਸਕਾਂ ਨੇ ੧੦੦ ਤੋਂ ਵੱਧ ਵਾਰ ਸੰਵਿਧਾਨ ਵਿੱਚ ਤਰਮੀਮਾਂ ਕੀਤੀਆਂ ਹਨ ਪਰ ਇੱਕ ਵਾਰ ਵੀ ਸਿੱਖਾਂ ਦੀ ਵਿਲਖੱਣ ਅਤੇ ਅੱਡਰੀ ਪਛਾਣ ਨੂੰ ਮਾਨਤਾ ਦੇਣ ਲਈ ਨਹੀਂ ਕੀਤੀ ਗਈ ਅਤੇ ਇਹ ਗੱਲ ਸਿੱਖਾਂ ਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀ ਆ ਰਹੀ ਹੈ। ਉਹਨਾਂ ਦੁੱਖ ਜਿਤਾਉਦਿਆਂ ਦੱਸਿਆ ਕਿ ਸੰਵਿਧਾਨ ਅਤੇ ਕਾਨੂੰਨ ਦੀ ਆੜ ਹੇਠ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਗਲਤ ਤਰੀਕਿਆਂ ਨਾਲ ਮਾਰਿਆ ਗਿਆ ਹੈ। ਉਹਨਾਂ ਬਹਿਬਲ ਕਲਾਂ ਵਿਖੇ ਮਾਰੇ ਗਏ ਦੋ ਸਿੱਖ ਨੌਜਵਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਅਤੇ ਸੁਰਖਿਆ ਫੋਰਸਾਂ ਨੂੰ ਮਿਲਿਆਂ ਅੰਨ੍ਹੀਆਂ ਤਾਕਤਾਂ ਕਾਰਨ ਹੀ ਦੋਸ਼ੀ ਅਫਸਰ ਕਾਨੂੰਨ ਦੀ ਪਕੜ ਤੋਂ ਬਚ ਜਾਂਦੇ ਹਨ ਜਾਂ ਬਚਾ ਲਏ ਜਾਂਦੇ ਹਨ।

ਉਹਨਾਂ ਕਿਹਾ ਕਿ ਸਰਕਾਰ, ਬਰਗਾੜੀ ਵਿਖੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਦੀ ਘਟਨਾ ਦੇ ਪਿਛੇ ਅਸਲ ਦੋਸ਼ੀਆਂ ਦਾ ਅੱਜ ਤੱਕ ਕੋਈ ਥਹੁ-ਪਤਾ ਨਹੀਂ ਲਗਾ ਸਕੀ। ਉਹਨਾਂ ਕਿਹਾ ਕਿ ਅਜੋਕੇ ਸਮਿਆ ਵਿੱਚ ਸਿੱਖ ਮਾਨਸਿਕਤਾ ਇੱਕ ਅਜੀਬ ਪੀੜਾ ਵਿਚੋਂ ਦੀ ਗੁਜ਼ਰ ਰਹੀ ਹੈ, ਜਦੋਂ ਉਸ ਦਾ ਨਾਂ ਤਾਂ ਇਸ਼ਟ ਹੀ ਸੁਰਖਿਅਤ ਹੈ ਅਤੇ ਨਾਂ ਹੀ ਕੌਮੀ ਅੱਡਰੀ ਪਛਾਣ।

ਉਹਨਾਂ ਪੰਜਾਬ ਦੇ ਹਿੰਦੂ ਤੇ ਮੁਸਲਮਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੀਆਂ ਦੁੱਖ-ਤਕਲੀਫਾਂ ਵਿੱਚ ਭਾਈਵਾਲ ਬਨਣ ਨਾ ਕਿ ਦਿੱਲੀ ਦੇ ਸ਼ਾਸਕਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦਾ ਸ਼ਿਕਾਰ ਹੋਣ। ਇਸ ਮੌਕੇ ਉਹਨਾਂ ਨਾਲ ਜਥੇਬੰਦੀ ਦੇ ਅਵਤਾਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਮੀਤ ਸਿੰਘ ਕਰਤਾਰਪੁਰ ਤੇ ਜਿਲਾ ਪ੍ਰਧਾਨ ਗਗਨਦੀਪ ਸਿੰਘ ਵੀ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,