ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਆਵਾਜ਼-ਏ-ਪੰਜਾਬ ‘ਚ ਵੰਡੀਆਂ ਪੈਣ ਦੇ ਆਸਾਰ, ਸਾਰੇ ਆਗੂਆਂ ਦੇ ਵੱਖੋ-ਵੱਖ ਰਾਹ

October 12, 2016 | By

ਚੰਡੀਗੜ੍ਹ: ਪੰਜਾਬ ਵਿੱਚ ਬਣੇ ਚੌਥੇ ਫਰੰਟ ‘ਆਵਾਜ਼-ਏ-ਪੰਜਾਬ’ ਵਿੱਚ ਵੰਡੀਆਂ ਪੈਣ ਦੇ ਆਸਾਰ ਬਣ ਗਏ ਹਨ। ਇਸ ਫਰੰਟ ਵਿਚਲੀਆਂ ਤਿੰਨੇ ਧਿਰਾਂ ਬੈਂਸ ਭਰਾ, ਸਿੱਧੂ ਜੋੜੀ ਤੇ ਪਰਗਟ ਸਿੰਘ ਆਉਂਦੇ ਦਿਨੀਂ ਵੱਖੋ-ਵੱਖਰੇ ‘ਸਿਆਸੀ ਰਾਹ’ ਅਪਣਾ ਸਕਦੇ ਹਨ।

ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਆਵਾਜ਼-ਏ-ਪੰਜਾਬ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਨਾ ਕਰਨ ਦੇ ਲਏ ਫ਼ੈਸਲੇ ਤੋਂ ਬਾਅਦ ਹੁਣ ਬੈਂਸ ਭਰਾ, ਪਰਗਟ ਸਿੰਘ ਤੇ ਸਿੱਧੂ ਜੋੜੀ ਆਪੋ-ਆਪਣੇ ਸਿਆਸੀ ਭਵਿੱਖ ਬਾਰੇ ਸੋਚਣ ਲਈ ਮਜਬੂਰ ਹਨ। ਮੀਡੀਆ ਦੀਆਂ ਖਬਰਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਆਗੂਆਂ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਹੋਈਆਂ ਹਨ ਅਤੇ ਕਿਸੇ ਵੇਲੇ ਵੀ ‘ਆਵਾਜ਼-ਏ-ਪੰਜਾਬ’ ਦੀ ਆਵਾਜ਼ ਬੰਦ ਹੋ ਸਕਦੀ ਹੈ। ਸੂਤਰਾਂ ਅਨੁਸਾਰ ਆਵਾਜ਼-ਏ-ਪੰਜਾਬ ਦੀ ਲੀਡਰਸ਼ਿਪ ਸੁੱਚਾ ਸਿੰਘ ਛੋਟੇਪੁਰ ਦੀ ‘ਆਪਣਾ ਪੰਜਾਬ’ ਪਾਰਟੀ ਅਤੇ ‘ਆਪ’ ਵਿੱਚੋਂ ਮੁਅੱਤਲ ਧਰਮਵੀਰ ਗਾਂਧੀ ਦੇ ਧੜੇ ਨਾਲ ਸਾਂਝ ਪਾਉਣ ਦੇ ਰੌਂਅ ਵਿੱਚ ਨਹੀਂ ਹੈ। ਸੂਤਰਾਂ ਅਨੁਸਾਰ ਕਾਂਗਰਸ ਅਤੇ ‘ਆਪ’ ਭਾਰਤੀ ਜਨਤਾ ਪਾਰਟੀ ਅਤੇ ਰਾਜ ਸਭਾ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਜੋੜਨ ਲਈ ਦਿਲਚਸਪ ਨਹੀਂ ਜਾਪਦੇ ਅਤੇ ਪਿਛਲੇ ਦਿਨੀਂ ਭਾਜਪਾ ਨੂੰ ਅਲਵਿਦਾ ਕਹਿ ਚੁੱਕੀ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਚੁੱਕਿਆ ਜਾ ਰਿਹਾ ਅਗਲਾ ਸਿਆਸੀ ਕਦਮ ਵੀ ਫਿਲਹਾਲ ਭੇਤ ਬਣਿਆ ਹੋਇਆ ਹੈ।

siddhu-pargat-and-bains

ਪਰਗਟ ਸਿੰਘ, ਨਵਜੋਤ ਸਿੱਧੂ, ਬਲਵਿੰਦਰ ਸਿੰਘ ਬੈਂਸ (ਫਾਈਲ ਫੋਟੋ)

ਸੂਤਰਾਂ ਅਨੁਸਾਰ ਭਾਵੇਂ ‘ਆਪ’ ਨੇ ਆਵਾਜ਼-ਏ-ਪੰਜਾਬ ਨਾਲ ਕਿਸੇ ਤਰ੍ਹਾਂ ਦੀ ਸਾਂਝ ਪਾਉਣ ਤੋਂ ਕਿਨਾਰਾ ਕਰਨ ਦੀ ਰਣਨੀਤੀ ਬਣਾਈ ਹੈ ਪਰ ਇਸ ਦੀ ਲੀਡਰਸ਼ਿਪ ਅਜੇ ਵੀ ਇਸ ਧਿਰ ਦੇ ਕੁਝ ਆਗੂਆਂ ਨੂੰ ਨਿੱਜੀ ਤੌਰ ’ਤੇ ਆਪਣੇ ਨਾਲ ਜੋੜਨ ਦੇ ਪੱਖ ਵਿੱਚ ਹੈ ਅਤੇ ਇਸ ਸਬੰਧੀ ਦੋਵਾਂ ਧਿਰਾਂ ਦੇ ਆਗੂਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਸਿੱਧੂ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਇਸ ਧਿਰ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਂਗਰਸ ਅੰਦਰਖਾਤੇ ਵਿਧਾਇਕ ਪਰਗਟ ਸਿੰਘ ਨੂੰ ਨਿੱਜੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਯਤਨਸ਼ੀਲ ਹੈ। ਇਸੇ ਤਰ੍ਹਾਂ ਵਿਧਾਇਕ ਭਰਾਵਾਂ ਦੀ ਜੋੜੀ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਵੀ ਆਪਣੇ ਪੱਧਰ ’ਤੇ ‘ਆਪ’ ਜਾਂ ਕਿਸੇ ਹੋਰ ਧਿਰ ਨਾਲ ਹੱਥ ਮਿਲਾ ਸਕਦੇ ਹਨ। ਦਰਅਸਲ ਬੈਂਸ ਭਰਾਵਾਂ ਅਤੇ ਪਰਗਟ ਸਿੰਘ ਨੇ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਧਿਰ ਨਾਲ ਆਵਾਜ਼-ਏ-ਪੰਜਾਬ ਦੀ ਸਾਂਝ ਪਾਉਣ ਦੇ ਅਧਿਕਾਰ ਸਿੱਧੂ ਨੂੰ ਦਿੱਤੇ ਸਨ ਪਰ ਕਾਂਗਰਸ ਤੇ ‘ਆਪ’ ਵੱਲੋਂ ਪੱਲਾ ਨਾ ਫੜਾਉਣ ਕਾਰਨ ਆਗੂਆਂ ਵੱਲੋਂ ਹੁਣ ਆਪੋ-ਆਪਣਾ ਸਿਆਸੀ ਭਵਿੱਖ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,