ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਗੁਰਚਰਨ ਸਿੰਘ ਟੌਹੜਾ ਦੀ ਮੌਤ ਲਈ ਬਾਦਲ ਪਰਿਵਾਰ ਸਿੱਧੇ ਤੌਰ ‘ਤੇ ਜਿੰਮੇਵਾਰ: ਚੰਨੀ

April 1, 2018 | By

ਪਟਿਆਲਾ:ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮਰਹੂਮ ਸਿੱਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਲਈ ਸਿੱਧੇ ਤੌਰ ‘ਤੇ ਬਾਦਲ ਪਰਵਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਨਿਜੀ ਹਿੱਤਾਂ ਲਈ ਜਥੇਦਾਰ ਟੌਹੜਾ ਉਪਰ ਝੂਠੇ ਦੋਸ਼ ਲਾ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਪਦ ਤੋਂ ਲਾਹ ਕੇ ਅਜਿਹੇ ਹਾਲਾਤ ਪੈਦਾ ਕੀਤੇ ਕਿ ਉਹ ਇਨ੍ਹਾਂ ਝੂਠੇ ਦੋਸ਼ਾਂ ਨੂੰ ਜਥੇਦਾਰ ਟੌਹੜਾ ਸਹਾਰ ਨਾ ਸਕੇ ਅਤੇ ਇਹੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਚੰਨੀ

ਮੰਤਰੀ ਚੰਨੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਅੱਜ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਮੌਕੇ ਮਰਹੂਮ ਆਗੂ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਰਧਾਂਜਲੀ ਅਰਪਿਤ ਕਰ ਰਹੇ ਸਨ।

ਇਸ ਦੌਰਾਨ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਤੋਂ ਬੇਮੁੱਖ ਹੋਇਆ ਆਗੂ ਦਸਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਬਾਦਲ ਨੂੰ ਤਨਖਾਹੀਆ ਕਰਾਰ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਵੇ, ਕਿਉਂਕਿ ਉਹ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛੱਕ ਕੇ ਹੁਣ ਗੁਰੂ ਨੂੰ ਬੇਦਾਵਾ ਦੇ ਚੁੱਕੇ ਹਨ।

ਚੰਨੀ ਨੇ ਕਿਹਾ ਕਿ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਇਸ ਪੰਥਕ ਜਥੇਬੰਦੀ ਦਾ ਪ੍ਰਧਾਨ ਰਿਹਾ ਹਰ ਇੱਕ ਆਗੂ ਸ੍ਰੀ ਸਾਹਿਬ ਅਤੇ ਗੁਰੂ ਦੇ ਬਖ਼ਸ਼ੇ ਪੰਜੇ ਕਕਾਰਾਂ ਦਾ ਧਾਰਨੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਜਥੇਦਾਰ ਟੌਹੜਾ ਜਿਉਂਦੇ ਹੁੰਦੇ ਤਾਂ ਸੁਖਬੀਰ ਸਿੰਘ ਬਾਦਲ ਵਰਗਾ ਆਗੂ ਇਸ ਜਥੇਬੰਦੀ ਦਾ ਪ੍ਰਧਾਨ ਨਾ ਬਣਦਾ, ਇਸ ਲਈ ਸੁਖਬੀਰ ਬਾਦਲ ਨੂੰ ਇਸ ਦਾ ਮੁਖੀ ਬਣੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ।

ਚੰਨੀ ਨੇ ਕਿਹਾ ਕਿ ਅੱਜ ਬੜੇ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਯਾਦ ‘ਚ ਹੋਰਨਾਂ ਪਾਰਟੀਆਂ ਦੇ ਆਗੂ ਤਾਂ ਆਏ ਪਰ ਜਿਸ ਪਾਰਟੀ ਲਈ ਜਥੇਦਾਰ ਟੌਹੜਾ ਨੇ ਆਪਣਾ ਸਮੁੱਚਾ ਜੀਵਨ ਲੇਖੇ ਲਾਇਆ ਉਸ ਦੇ ਆਗੂਆਂ ਨੇ ਇਸ ਸ਼ਰਧਾਂਜਲੀ ਸਮਾਗਮ ‘ਚ ਪੁੱਜਣਾ ਵਾਜਬ ਨਾ ਸਮਝਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਵੇਂ ਜਥੇਦਾਰ ਟੌਹੜਾ ਦਾ ਰਿਣੀ ਰਹੇ ਜਾਂ ਨਾ ਰਹੇ ਪਰ ਸਮੁੱਚਾ ਸਿੱਖ ਪੰਥ ਤੇ ਪੰਜਾਬ ਉਨ੍ਹਾਂ ਦਾ ਸਦਾ ਰਿਣੀ ਰਹੇਗਾ।

ਕੈਬਨਿਟ ਮੰਤਰੀ ਚੰਨੀ ਨੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਥੇਦਾਰ ਟੌਹੜਾ ਨੇ ਅਪਣੀ ਸਮੁੱਚੀ ਜਿੰਦਗੀ ‘ਮੈਂ ਮਰਾਂ ਮੇਰਾ ਪੰਥ ਜੀਵੇ’ ਦੇ ਮਿਸ਼ਨ ਦੇ ਤਹਿਤ ਪੰਥ ਦੇ ਲੇਖੇ ਲਾਈ। ਉਹ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਅਤੇ ਇੱਕ ਸੰਸਥਾ ਸਨ ਅਤੇ ਜਦੋਂ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਨਾਲ ਸਿਧਾਂਤਕ ਲੜਾਈ ਲੜੀ ਗਈ ਤਾਂ ਜਥੇਦਾਰ ਟੌਹੜਾ ਨੇ ਹਮੇਸ਼ਾਂ ਅਗਵਾਈ ਕੀਤੀ।

ਚੰਨੀ ਨੇ ਐਲਾਨ ਕੀਤਾ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਨਾਮ ਜਥੇਦਾਰ ਟੌਹੜਾ ਦੀ ਯਾਦ ‘ਚ ਰੱਖਿਆ ਜਾਵੇਗਾ। ਇਸ ਤੋ ਇਲਾਵਾ ਉਨ੍ਹਾਂ ਦੀ ਯਾਦਗਾਰ ਲਈ ਪਿੰਡ ਟੌਹੜਾ ਵਿਖੇ ਰੱਖੀ 20 ਏਕੜ ਜਮੀਨ ‘ਚ ਆਈ.ਟੀ.ਆਈ. ਜਾਂ ਹੁਨਰ ਵਿਕਾਸ ਕੇਂਦਰ ਖੋਲਿਆ ਜਾਵੇਗਾ। ਜਦੋਂ ਕਿ ਚਨਾਰਥਲ ਵਿਖੇ ਸਬ ਤਹਿਸੀਲ ਪਹਿਲਾਂ ਹੀ ਸਥਾਪਤ ਕੀਤੀ ਜਾ ਚੁਕੀ ਹੈ ਤੇ ਜਥੇਦਾਰ ਟੌਹੜਾ ਦੀ ਸੋਚ ‘ਤੇ ਪਹਿਰਾ ਦਿੰਦਿਆਂ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਲਈ 20 ਕਰੋੜ ਰੁਪਏ ਖਰਚੇ ਜਾ ਰਹੇ ਹਨ।

ਚੰਨੀ ਨੇ ਕਿਹਾ ਕਿ ਜਥੇਦਾਰ ਟੌਹੜਾ ਸਮੁੱਚੀ ਮਾਨਵਤਾ ਲਈ ਇੱਕ ਚਾਨਣ ਮੁਨਾਰਾ ਸਨ, ਇਸ ਲਈ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜਥੇਦਾਰ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਜਥੇਦਾਰ ਟੌਹੜਾ ਵੱਲੋਂ ਧਾਰਮਿਕ, ਵਿੱਦਿਅਕ, ਪ੍ਰਬੰਧਕੀ, ਰਾਜਨੀਤਿਕ, ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਲਾਮਿਸਾਲ ਦੱਸਿਆ ਤੇ ਕਿਹਾ ਕਿ ਜਥੇਦਾਰ ਟੌਹੜਾ ਨੇ ਲਗਾਤਾਰ 27 ਸਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਿ ਕੇ ਨਿਰਸਵਾਰਥ ਸੇਵਾ ਕੀਤੀ ਅਤੇ ਲੰਮਾ ਸਮਾਂ ਸੰਸਦ ਦੇ ਮੈਂਬਰ ਰਹੇ।

ਸਮਾਗਮ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਜਥੇਦਾਰ ਟੌਹੜਾ ਇੱਕ ਬਹੁਤ ਲੰਮਾਂ ਪੈਂਡਾ ਤੈਅ ਕਰਕੇ ਅਤੇ ਅਨੇਕਾਂ ਤਕਲੀਫ਼ਾਂ ਸਹਿ ਕੇ ਇਸ ਮੁਕਾਮ ‘ਤੇ ਪੁੱਜੇ ਸਨ, ਇਸ ਲਈ ਸਾਡੀ ਨੌਜਵਾਨ ਪੀੜੀ ਅਤੇ ਰਾਜਸੀ ਆਗੂਆਂ ਨੂੰ ਸਵਰਗੀ ਜਥੇਦਾਰ ਟੌਹੜਾ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਨਿਰਸਵਾਰਥ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵੀ ਜਿਸ ਸਤਿਕਾਰ ਨਾਲ ਜਥੇਦਾਰ ਟੌਹੜਾ ਦਾ ਨਾਮ ਲਿਆ ਜਾਂਦਾ ਹੈ, ਉਹੋ ਜਿਹਾ ਸਤਿਕਾਰ ਕਿਸੇ ਹੋਰ ਆਗੂ ਦੇ ਹਿੱਸੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੱਜ ਜਥੇਦਾਰ ਟੌਹੜਾ ਦੀ ਸੋਚ ਨੂੰ ਤਿਲਾਂਜਲੀ ਦੇ ਕੇ ਪਿਛਲੇ 10 ਸਾਲਾਂ ‘ਚ ਸਿਆਸਤ ਨੂੰ ਸੇਵਾ ਦੀ ਥਾਂ ਵਪਾਰ ਦਾ ਰੂਪ ਦੇ ਦਿੱਤਾ ਗਿਆ।

ਸ਼ਰਧਾਂਜਲੀ ਸਮਾਰੋਹ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਦੁਨੀਆ ਕਾਇਮ ਰਹੇਗੀ, ਜਥੇਦਾਰ ਟੌਹੜਾ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਇੱਕ ਆਮ ਪਰਿਵਾਰ ‘ਚ ਪੈਦਾ ਹੋ ਕੇ ਪੰਜਾਬ ਦੇ ਮਹਾਨ ਸਪੂਤ ਦਾ ਦਰਜਾ ਹਾਸਲ ਕੀਤਾ ਪਰ ਅੱਜ ਉਨ੍ਹਾਂ ਵੱਲੋਂ ਜਿਸ ਪਾਰਟੀ ਲਈ ਆਪਣੀ ਸਾਰੀ ਜਿੰਦਗੀ ਲੇਖੇ ਲਾਈ ਗਈ ਉਹੋ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਤਿਲਾਂਜਲੀ ਦੇ ਕੇ ਕੁਰਸੀ ਦੀ ਲੜਾਈ ‘ਚ ਪੈ ਗਈ ਹੈ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਆਲ ਇੰਡੀਆ ਕਿਸਾਨ ਮੋਰਚੇ ਦੇ ਸਕੱਤਰ ਸ. ਸੁਖਮਿੰਦਰ ਸਿੰਘ ਗਰੇਵਾਲ ਨੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਤੇ ਕਿਹਾ ਕਿ ਜਥੇਦਾਰ ਟੌਹੜਾ ਨੂੰ ਯਾਦ ਕਰਨਾ ਸਰਕਾਰ ਅਤੇ ਪਰਿਵਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਸਮਾਗਮ ‘ਚ ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਟੌਹੜਾ ਪੰਥ ਨੂੰ ਹਮੇਸ਼ਾਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਤਤਪਰ ਰਹਿੰਦੇ ਸਨ।
ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਨੇ ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸ ਕੀਤੀ ਜਦੋਂ ਕਿ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਵਿੰਦਰ ਸਿੰਘ ਦੇ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ। ਸਮਾਗਮ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਗ੍ਰਹਿ ਵਿਖੇ ਕਰਵਾਏ ਸਮਾਗਮ ‘ਚ ਪੰਜਾਬ ਦੇ ਸੀਨੀਅਰ ਵਜ਼ੀਰ ਸ. ਸਾਧੂ ਸਿੰਘ ਧਰਮਸੋਤ ਤੇ ਹੋਰਨਾਂ ਨੇ ਹਾਜਰ ਹੋ ਕੇ ਮਰਹੂਮ ਆਗੂ ਨੂੰ ਸ਼ਰਜਾਂਧਲੀ ਅਰਪਿਤ ਕੀਤੀ।

ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਜਥੇਦਾਰ ਟੌਹੜਾ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓ.ਐਸ.ਡੀ. ਦਮਨਜੀਤ ਸਿੰਘ ਮੋਹੀ, ਮਹੰਤ ਹਰਵਿੰਦਰ ਖਨੌੜਾ, ਜੱਜ ਬਚਿੱਤਰ ਸਿਘ ਟਿਵਾਣਾ, ਸਾਬਕਾ ਐਮ.ਐਲ.ਏ. ਜਗਤਾਰ ਸਿੰਘ ਰਾਜਲਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਥੇਦਾਰ ਰਜਿੰਦਰ ਸਿੰਘ ਟੌਹੜਾ, ਹਿੰਮਤ ਸਿੰਘ ਸ਼ੇਰਗਿੱਲ, ਜ਼ਿਲ•ਾ ਪ੍ਰਧਾਨ ਆਪ ਅਤੇ ਪ੍ਰਧਾਨ ਬਾਰ ਐਸੋਸ਼ੀਏਸ਼ਨ ਨਾਭਾ ਗਿਆਨ ਸਿੰਘ ਮੰਗੋਂ, ਗੁਰਸੇਵਕ ਸਿੰਘ ਹਰਪਾਲਪੁਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਹਰਿੰਦਰਪਾਲ ਸਿੰਘ ਟੌਹੜਾ, ਇੰਜ. ਕੰਵਰਬੀਰ ਸਿੰਘ ਟੌਹੜਾ, ਜਥੇਦਾਰ ਹਰਬੰਸ ਸਿੰਘ ਲੰਗ, ਕੌਂਸਲਰ ਹਰਦੀਪ ਸਿੰਘ ਖਹਿਰਾ ਤੇ ਐਡਵੋਕੇਟ ਹਰਵਿੰਦਰ ਸ਼ੁਕਲਾ ਐਮ.ਸੀ., ਹਰਮੇਸ਼ ਸਿੰਘ ਚਹਿਲ, ਤਰਲੋਚਨ ਸਿੰਘ ਰਾਉਮਾਜਰਾ, ਦੇਵ ਸਿਘ ਮਾਨ, ਸਾਬਕਾ ਵਧੀਕ ਸਕੱਤਰ ਐਸ.ਜੀ.ਪੀ.ਸੀ. ਗੁਰਦਰਸ਼ਨ ਸਿੰਘ, ਬੀਬੀ ਲਖਵਿੰਦਰ ਕੌਰ, ਬਲਵਿੰਦਰ ਕੌਰ ਹਰਿਆਊ, ਕਰਨਵੀਰ ਸਿੰਘ ਟਿਵਾਣਾ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਪ੍ਰਭਲੀਨ ਸਿੰਘ, ਸਾਬਕਾ ਮੈਨੇਜਰ ਜਗੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ ਟੌਹੜਾ, ਅਮਰਜੀਤ ਸਿੰਘ ਹਰਪਾਲਪੁਰ, ਹਰਵਿੰਦਰ ਸਿੰਘ ਸੰਧਾਰਸੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਐਸ.ਪੀ. ਸਥਾਨਕ ਸ੍ਰੀਮਤੀ ਕੰਵਰਦੀਪ ਕੌਰ, ਐਸ.ਡੀ.ਐਮ. ਨਾਭਾ ਜਸ਼ਨਪ੍ਰੀਤ ਕੌਰ ਗਿੱਲ, ਡੀ.ਐਸ.ਪੀ. ਚੰਦ ਸਿੰਘ, ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. ਜਸਕਿਰਤ ਸਿੰਘ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ ਸਮੇਤ ਪਿੰਡ ਟੌਹੜਾ ਦੀ ਪੰਚਾਇਤ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ‘ਚ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,