ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਅਮਰੀਕੀ ਹਵਾਈ ਫੌਜ ਦੇ ਜਨਰਲ ਦਾ ਕਹਿਣੈ ਕਿ ਅਮਰੀਕਾ ਤੇ ਚੀਨ ਦਰਮਿਆਨ 2025 ’ਚ ਜੰਗ ਹੋਵੇਗੀ

February 3, 2023 | By

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਦੇ ਇਕ ਚਾਰ ਸਿਤਾਰਾ ਜਨਰਲ ਨੇ ਇਕ ਅੰਦਰੂਨੀ ਪੱਤਰ (ਇੰਟਰਨਲ ਮੀਮੋ) ਵਿਚ ਲਿਖਿਆ ਹੈ ਕਿ “ਮੈਂ ਉਮੀਦ ਕਰਦਾ ਹਾਂ ਕਿ ਮੈਂ ਗਲਤ ਹੋਵਾਂ ਪਰ ਮੈਨੂੰ ਮਹਿਸੂਸ (ਗੱਟ ਫੀਲਿੰਗ) ਹੋ ਰਿਹਾ ਹੈ ਕਿ 2025 ਵਿਚ ਸਾਡੀ ਲੜਾਈ ਹੋਵੇਗੀ”। 

ਅਮਰੀਕੀ ਫੌਜ ਦੀ ਹਵਾਈ ਚਾਲਕਤਾ ਕਮਾਨ (ਏਅਰ ਮੋਬਿਲਿਟੀ ਕਮਾਂਡ) ਦੇ ਮੁਖੀ ਜਨਰਲ ਮਾਈਕ ਮਿਨੀਹਾਨ ਕਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਦੀ ਟੀਮ ਕੋਲ 2025 ਵਿਚ ‘ਕਾਰਨ’ ਅਤੇ ‘ਮੌਕਾਮੇਲ’ (ਰੀਜ਼ਨ ਐਂਡ ਓਪਰਚੂਨਿਟੀ) ਦੋਵੇਂ ਹਨ ਕਿ ਉਹ ਤਾਈਵਾਨ ਉੱਤੇ ਫੌਜੀ ਕਾਰਵਾਈ ਨੂੰ ਸਰਅੰਜਾਮ ਦੇਵੇ। ਸਾਲ 2025 ਵਿਚ ਤਾਈਵਾਨ ਵਿਚ ਰਾਸ਼ਟਰਪਤੀ ਚੋਣਾਂ ਹਨ ਅਤੇ ਇਸੇ ਸਾਲ ਅਮਰੀਕਾ ਵਿਚ ਵੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਣੀ ਹੈ। ਜਨਰਲ ਮਿਨੀਹਾਨ ਅਨੁਸਾਰ ਚੀਨ ਇਸ ਮੌਕੇ ਨੂੰ ਅਮਰੀਕਾ ਨੂੰ ਉਲਝਾਉਣ ਲਈ ਵਰਤੇਗਾ।

ਜਨਰਲ ਮਿਨੀਹਾਨ ਦਾ ਪੱਤਰ ਬੀਤੇ ਦਿਨਾਂ ਤੋਂ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝਾ ਹੋ ਰਿਹਾ ਸੀ। ਖਬਰਾਂ ਮੁਤਾਬਿਕ ਪੈਂਟਾਗਨ ਨੇ ਇਸ ਪੱਤਰ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ। 

ਅਮਰੀਕੀ ਫੌਜ ਦੇ ਇਸ ਆਲਾ ਅਫਸਰ ਨੇ ਹਵਾਈ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਦਾ ਟੀਚਾ “ਡਰਾਓ” ਤੇ ਜੇ “ਲੋੜ ਪਵੇ ਤਾਂ ਹਰਾਓ” (ਡੈਟਰ ਐਂਡ ਇਫ ਰਿਕੁਆਇਰਡ ਡਿਫੀਟ) ਹੋਣਾ ਚਾਹੀਦੀ ਹੈ। 

ਇਸ ਪੱਤਰ ਵਿਚ ਜਨਰਲ ਮਿਨੀਹਾਨ ਨੇ ਅਮਰੀਕੀ ਹਵਾਈ ਫੌਜ ਦੇ ਕਾਰਵਾਈ ਹਿੱਸਿਆਂ ਨੂੰ ਸੰਬੋਧਨ ਹੁੰਦਿਆਂ ਤਿਆਰੀ ਦੇ ਟੀਚੇ ਦਿੱਤੇ ਹਨ ਜਿਹਨਾ ਇਸ ਸਾਲ ਫਰਵਰੀ ਤੋਂ ਅਪਰੈਲ ਅਪਰੈਲ ਤੱਕ ਕੀਤੀਆਂ ਜਾਣ ਵਾਲੀਆਂ ਤਿਆਰੀ ਕਾਰਵਾਈਆਂ ਦੇ ਵੇਰਵੇ ਦਰਜ਼ ਕੀਤੇ ਗਏ ਹਨ।

ਵਾਈਟ ਹਾਊਸ ਦੇ ਨੁਮਾਇੰਦੇ ਨੇ ਕਿਹਾ ਚੀਨ ਨਾਲ ਜੰਗ ਦੀ ਲੋੜ ਨਹੀਂ:

ਜਨਰਲ ਮਾਈਕ ਮਿਨੀਹਾਨ ਦਾ ਪਰਚਾ ਚਰਚਾ ਵਿਚ ਆਉਣ ਤੋਂ ਬਾਅਦ ਵਾਈਟ ਹਾਊਸ ਦੇ ਨੈਸ਼ਨਲ ਸਕਿਓਟਰੀ ਕੌਂਸਲ ਕੋਆਰਡੀਨੇਟਰ ਫਾਰ ਸਟਰੈਟਿਜਿਕ ਕਮਿਊਨੀਕੇਸ਼ਨਜ਼ ਜੌਨ ਕਿਰਬੀ ਨੇ 30 ਜਨਵਰੀ ਨੂੰ ਸੀ.ਐਨ.ਐਨ. ਖਬਰ ਅਦਾਰੇ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਕਮਿਊਿਨਸਟ ਚੀਨ ਨਾਲ ਅਮਰੀਕਾ ਦੀ ਜੰਗ ਵਾਸਤੇ ਕੋਈ ਕਾਰਨ ਨਹੀਂ ਹੈ ਅਤੇ ਦੋਵਾਂ ਮੁਲਕਾਂ ਵਿਚ ਟਕਰਾਅ ਹਾਲੀ ਵੀ ਟਲਿਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: