ਖਾਸ ਖਬਰਾਂ » ਮਨੁੱਖੀ ਅਧਿਕਾਰ

ਆਸਿਫਾ ਕੇਸ: ਅਦਾਲਤੀ ਸੁਣਵਾਈ ਸ਼ੁਰੂ; ਪਰਿਵਾਰ ਨੇ ਕੇਸ ਦੀ ਸੁਣਵਾਈ ਕਠੂਆ ਦੀ ਬਜਾਏ ਚੰਡੀਗੜ੍ਹ ਕਰਾਉਣ ਲਈ ਕਿਹਾ

April 16, 2018 | By

ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਕਠੂਆ ਵਿਚ ਵਹਿਸ਼ੀਆਨਾ ਢੰਗ ਨਾਲ ਬਲਾਤਕਾਰ ਕਰਕੇ ਕਤਲ ਕੀਤੀ ਗਈ 8 ਸਾਲਾ ਬੱਚੀ ਦੇ ਕੇਸ ਦੀ ਸੁਣਵਾਈ ਅੱਜ ਸਥਾਨਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਸ਼ੁਰੂ ਹੋਈ। ਇਸ ਕੇਸ ਵਿਚ ਦੋਸ਼ੀ ਅੱਠ ਵਿਅਕਤੀਆਂ ਨੇ ਅਦਾਲਤ ਨੂੰ ਨਾਰਕੋ ਟੈਸਟ ਕਰਾਉਣ ਦੀ ਅਪੀਲ ਕੀਤੀ।

ਅਦਾਲਤ ਨੇ ਸੂਬੇ ਦੀ ਕਰਾਈਮ ਬਰਾਂਚ ਨੂੰ ਇਸ ਕੇਸ ਦੀ ਚਾਰਜਸ਼ੀਟ ਦੀਆਂ ਕਾਪੀਆਂ ਦੋਸ਼ੀਆਂ ਨੂੰ ਦੇਣ ਲਈ ਕਿਹਾ ਤੇ ਅਗਲੀ ਸੁਣਵਾਈ ਲਈ 28 ਅਪ੍ਰੈਲ ਤਰੀਕ ਮੁਕਰਰ ਕੀਤੀ।

ਗ੍ਰਿਫਤਾਰ ਕੀਤੇ ਗਏ 8 ਵਿਅਕਤੀਆਂ ਵਿਚ ਇਕ ਨਬਾਲਗ ਹੈ ਅਤੇ ਉਸ ਵਲੋਂ ਜ਼ਮਾਨਤ ਲਈ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਅਪੀਲ ਪਾਈ ਗਈ ਹੈ, ਜਿਸ ਤੇ ਫੈਂਸਲਾ ਆਉਣਾ ਬਾਕੀ ਸੀ।

ਚਾਰਜਸ਼ੀਟ ਅਨੁਸਾਰ ਉਪਰੋਕਤ ਦੋਸ਼ੀ ਵਿਅਕਤੀਆਂ ਨੇ ਪੂਰੀ ਸਾਜਿਸ਼ ਰਚ ਕੇ ਬੱਚੀ ਨਾਲ ਇਹ ਵਹਿਸ਼ੀਆਨਾ ਹਰਕਤ ਕੀਤੀ ਜਿਸ ਦਾ ਮੁੱਖ ਮਕਸਦ ਬੱਚੀ ਜਿਸ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸੀ ਉਸਨੂੰ ਇਲਾਕੇ ਵਿਚੋਂ ਡਰਾ ਕੇ ਭਜਾਉਣਾ ਸੀ।

ਇਸ ਵਹਿਸ਼ੀਆਨਾ ਕਾਰੇ ਲਈ ਸਥਾਨਕ ਮੰਦਿਰ ਦੇ ਪੁਜਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੰਦਿਰ ਵਿਚ ਹੀ ਕਈ ਦਿਨ 8 ਸਾਲਾ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਮਾਰ ਦਿੱਤਾ ਸੀ।

ਬੱਚੀ ਦੇ ਪਿਤਾ ਵਲੋਂ ਇਸ ਕੇਸ ਦੀ ਸੁਣਵਾਈ ਕਠੂਆ ਦੀ ਬਜਾਏ ਚੰਡੀਗੜ੍ਹ ਵਿਚ ਕਰਾਉਣ ਲਈ ਸੁਪਰੀਮ ਕੋਰਟ ਵਿਚ ਪਾਈ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਨੋਟਿਸ ਭੇਜਿਆ ਹੈ ਤੇ ਅਗਲੀ ਸੁਣਵਾਈ 27 ਅਪ੍ਰੈਲ ਮੁਕਰਰ ਕੀਤੀ ਹੈ।

ਅਪੀਲ ਕਰਤਾ ਵਲੋਂ ਪੇਸ਼ ਹੋਏ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਕਠੂਆ ਵਿਚ ਜਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਕੇਸ ਦੀ ਸਹੀ ਸੁਣਵਾਈ ਨਹੀਂ ਹੋ ਸਕਦੀ, ਇਸ ਲਈ ਕੇਸ ਨੂੰ ਚੰਡੀਗੜ੍ਹ ਭੇਜਿਆ ਜਾਵੇ।

ਇਸ ਦੌਰਾਨ ਸੀਨੀਅਰ ਵਕੀਲ ਭੀਮ ਸਿੰਘ ਨੇ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਜਿਸ ਦਾ ਵਿਰੋਧ ਕਰਦਿਆਂ ਜੈਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲਿਸ ਇਸ ਕੇਸ ਦੀ ਜਾਂਚ ਸਹੀ ਢੰਗ ਨਾਲ ਕਰ ਰਹੀ ਹੈ। ਜੈਸਿੰਘ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਸ ਕੇਸ ‘ਤੇ ਨਜ਼ਰ ਰੱਖੀ ਜਾਵੇ।

ਜੈਸਿੰਘ ਵਲੋਂ ਪੀੜਤ ਬੱਚੀ ਦੇ ਪਰਿਵਾਰ ਦੀ ਸੁਰੱਖਿਆ ਦਾ ਮੁੱਦਾ ਚੁੱਕਣ ‘ਤੇ ਜੰਮੂ ਕਸ਼ਮੀਰ ਸਰਕਾਰ ਦੇ ਵਕੀਲ ਐਮ ਸੋਇਬ ਆਲਮ ਨੇ ਕਿਹਾ ਕਿ ਸਰਕਾਰ ਨੇ ਪਰਿਵਾਰ ਨੂੰ ਪਹਿਲਾਂ ਜੀ ਇਕ ਏਐਸਆਈ ਸਮੇਤ 5 ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ।

ਬੈਂਚ ਨੇ ਇਸ ਸੁਰੱਖਿਆ ਨੂੰ ਜਾਰੀ ਰੱਖਣ ਲਈ ਕਿਹਾ ਤੇ ਸੂਬਾ ਸਰਕਾਰ ਨੂੰ ਕਿਹਾ ਕਿ ਪੀੜਤ ਬੱਚੀ ਦੇ ਪਰਿਵਾਰ ਵਲੋਂ ਕਠੂਆ ਵਿਚ ਕੇਸ ਲੜ ਰਹੇ ਵਕੀਲ ਰਾਜਵੰਤ ਨੂੰ ਵੀ ਸੁਰੱਖਿਆ ਦਿੱਤੀ ਜਾਵੇ, ਜਿੱਥੇ ਰਾਜਵੰਤ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕਠੂਆ ਬਾਰ ਕਾਉਂਸਲ ਦੇ ਵਕੀਲਾਂ ਵਲੋਂ ਅਦਾਲਤੀ ਕਾਰਵਾਈ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,