July 24, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕਸ਼ਮੀਰ ਵਿਚ ਭਾਰਤੀ ਫੌਜਾਂ ਨੂੰ ਖੁੱਲ ਦੇਣ ਦੇ ਪ੍ਰਗਟ ਕੀਤੇ ਵਿਚਾਰਾਂ ਦੀ ਸਖਤ ਮੁਖਾਲਫਤ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਕੈਪਟਨ ਨੂੰ ਕਸ਼ਮੀਰ ਵਿਵਾਦ ਦੇ ਇਤਿਹਾਸ ਬਾਰੇ ਅਧੂਰੀ ਜਾਣਕਾਰੀ ਹੈ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਦੇ ਬਿਆਨ ਵਿਚੋਂ ਝਲਕਦਾ ਹੈ ਕਿ ਉਨ੍ਹਾਂ ਨੂੰ ਕਸ਼ਮੀਰੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਨਾ-ਮਾਤਰ ਕਦਰ ਹੈ।
READ THIS NEWS IN ENGLISH:
DAL KHALSA HITS OUT AT CAPT. AMARINDER FOR ADVOCATING FREE-HAND TO ARMED FORCES IN KASHMIR …

ਭਾਈ ਹਰਪਾਲ ਸਿੰਘ ਚੀਮਾ ਪ੍ਰਧਾਨ, ਦਲ ਖ਼ਾਲਸਾ
ਦਲ ਖਾਲਸਾ ਨੇ ਕੈਪਟਨ ਦੇ ਉਸ ਬਿਆਨ ਜਿਸ ਵਿਚ ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਸ਼ਮੀਰ ਵਿਚ ਭਾਰਤੀ ਫੌਜ ਨੂੰ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾਵੇ ‘ਤੇ ਕਿਹਾ ਕਿ , “ਜੇ ਇਸ ਕਾਰਵਾਈ ਦੌਰਾਨ ਜਾਨਾਂ ਜਾਂਦੀਆਂ ਹਨ, ਤਾਂ ਕੀ ਕੀਤਾ ਜਾ ਸਕਦਾ ਹੈ, ਜਾਨਾਂ ਤਾਂ ਜਾਣਗੀਆਂ ਹੀ” ਉਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਉਨ੍ਹਾਂ ਜ਼ਮੀਨੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਕੈਪਟਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਫੌਜੀ ਕਸ਼ਮੀਰ ਵਿਚ ਸਿਰਫ ਹਥਿਆਰਬੰਦ ਖਾੜਕੂਆਂ ਨੂੰ ਹੀ ਨਹੀਂ ਮਾਰ ਰਹੇ। ਉਹਨਾਂ ਅੱਗੇ ਕਿਹਾ ਕਿ ਪਿਛਲੇ ਦੋ ਹਫਤਿਆਂ ਵਿਚ, 50 ਪ੍ਰਦਰਸ਼ਨਕਾਰੀ ਅਤੇ ਨਿਰਦੋਸ਼ ਲੋਕ ਭਾਰਤੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਮਰ ਚੁੱਕੇ ਹਨ ਤੇ 4000 ਤੋਂ ਜ਼ਿਆਦਾ ਆਮ ਕਸ਼ਮੀਰੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਉਨ੍ਹਾਂ ਕਿਹਾ ਕਿ ਕਸ਼ਮੀਰ ਦਾ ਮੌਜੂਦਾ ਤਣਾਅਪੂਰਨ ਮਾਹੌਲ ਉਸੇ ਤਰ੍ਹਾਂ ਦਾ ਹੈ, ਜਿਵੇਂ ਪੰਜਾਬ ਵਿਚ 1984 ਤੋਂ ਪਹਿਲਾਂ ਅਤੇ ਬਾਅਦ ਦੇ ਦੌਰ ਵਿਚ ਸੀ।
1984 ਵਿਚ ਦਰਬਾਰ ਸਾਹਿਬ ‘ਤੇ ਭਾਰਤੀ ਫੌਜਾਂ ਦੇ ਹਮਲੇ ਦੇ ਰੋਸ ਵਜੋਂ ਕੈਪਟਨ ਦੇ ਅਸਤੀਫਾ ਦੇਣ ਵਾਲੇ ਕਦਮ ਅਤੇ ਇਰਾਦੇ ‘ਤੇ ਗੰਭੀਰ ਸਵਾਲ ਖੜੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਹੀ ਵਿਅਕਤੀ ਅੱਜ ਭਾਰਤੀ ਫੌਜ ਦਾ ਸਮਰਥਨ ਕਰ ਰਿਹਾ ਹੈ, ਜਿਹੜੀ ਕਿ ਕਸ਼ਮੀਰ ਵਿਚ ਜਬਰ ਲਈ ਜ਼ਿੰਮੇਵਾਰ ਹੈ ਅਤੇ ਨਿਰਦੋਸ਼ ਆਮ ਸ਼ਹਿਰੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਾਰ ਰਹੀ ਹੈ।
ਉਨ੍ਹਾਂ ਕੈਪਟਨ ਉਤੇ ਦੋਹਰੇ ਮਾਪਦੰਡ ਦਾ ਇਲਜ਼ਾਮ ਲਾਉਂਦਿਆਂ ਪੁੱਛਿਆ, “ਤੁਸੀਂ ਉਸ ਵੇਲੇ (1984) ਅਸਤੀਫਾ ਦੇ ਕੇ ਰਾਜਨੀਤੀ ਖੇਡੀ ਸੀ, ਜਾਂ ਹੁਣ ਰਾਜਨੀਤੀ ਖੇਡ ਰਹੇ ਹੋ”।
ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਭਾਰਤ ਤੋਂ ਅਜ਼ਾਦੀ ਦੀ ਆਪਣੀ ਇੱਛਾ ਦਾ ਵਾਰ ਵਾਰ ਵੱਡੇ ਪੱਧਰ ‘ਤੇ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਹੰਢੇ ਹੋਏ ਰਾਜਨੇਤਾ ਦੇ ਤੌਰ ‘ਤੇ ਕੈਪਟਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਲੋਕਤੰਤਰ ਸਰਕਾਰੀ ਦਹਿਸ਼ਤ ਅਤੇ ਦਬਾਅ ਨਾਲ ਵੱਧ-ਫੁੱਲ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਲੋਕਾਂ ਦੀਆਂ ਰਾਜਨੀਤਿਕ ਇਛਾਵਾਂ ਨੂੰ ਦਬਾਉਣ ਲਈ ਸਟੇਟ ਵਲੋਂ ਵਰਤਿਆ ਜ਼ਾਲਮਾਨਾ ਰਵੱਈਆ ਕੋਈ ਸਾਰਥਕ ਨਤੀਜਾ ਨਹੀਂ ਕੱਢੇਗਾ, ਬਲਕਿ ਉਲਟਾ ਨੁਕਸਾਨ-ਦਾਇਕ ਹੋਵੇਗਾ।
ਉਨ੍ਹਾਂ ਭਾਰਤੀ ਸੁਰੱਖਿਆ ਬਲਾਂ ਵਲੋਂ ਕੀਤੀ ਜਾ ਰਹੀ ਪੈਲੇਟ ਬੰਦੂਕਾਂ ਦੀ ਵਰਤੋਂ ਨੂੰ ਇਕ ਨਾ-ਮੁਆਫੀ ਯੋਗ ਜੁਰਮ ਦੱਸਿਆ ਅਤੇ ਪੈਲੇਟ ਬੰਦੂਕਾਂ ਨਾਲ ਅੱਖਾਂ ਗਵਾ ਚੁੱਕੇ ਨਿਰਦੋਸ਼ ਬੱਚਿਆਂ ਲਈ ਅਫਸੋਸ ਦਾ ਪ੍ਰਗਟਾਵਾ ਕੀਤਾ।
Related Topics: All News Related to Kashmir, Bhai Harpal Singh Cheema (Dal Khalsa), Captain Amrinder Singh Government, Congress Government in Punjab 2017-2022, Dal Khalsa International, Punjab Politics