ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਭਾਰਤ ਸਿੱਖ ਫੈਡਰੇਸ਼ਨ ਯੂ.ਕੇ. ਦੇ ਸਲਾਹਕਾਰ ਦਬਿੰਦਰਜੀਤ ਸਿੰਘ ਦੀ ਸਰਗਰਮੀਆਂ ਤੋਂ ਹਤਾਸ਼: ਦਲ ਖਾਲਸਾ

January 28, 2017 | By

ਅੰਮ੍ਰਿਤਸਰ: ਸਿੱਖ ਫੈਡਰੇਸ਼ਨ ਯੂ.ਕੇ. ਦੇ ਸਲਾਹਕਾਰ ਦਬਿੰਦਰਜੀਤ ਸਿੰਘ ਸਿੱਧੂ ਨੂੰ ‘ਖਤਰਨਾਕ’ ਸਿੱਧ ਕਰਦੀ ਖਬਰ ਉਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਦਲ ਖਾਲਸਾ ਨੇ ਇਸ ਨੂੰ “ਫਰਜ਼ੀ” ਅਤੇ ਭਾਰਤੀ ਅਧਿਕਾਰੀਆਂ ਦਾ ਕਾਰਾ ਦਸਿਆ ਹੈ।

ਜ਼ਿਕਰਯੋਗ ਹੈ ਕਿ ਦਲ ਖਾਲਸਾ ਅਤੇ ਸਿੱਖ ਫੈਡਰੇਸ਼ਨ ਯੂ.ਕੇ ਇੱਕ-ਦੂਜੇ ਦੀਆਂ ਸਹਿਯੋਗੀ ਜਥੇਬੰਦੀਆਂ ਹਨ ਜੋ ਸਿੱਖ ਮੁਦਿਆਂ ਉਤੇ ਸਾਂਝੀ ਨੀਤੀ ਤਹਿਤ ਕੰਮ ਕਰ ਰਹੀਆਂ ਹਨ। ਸਿੱਧੂ ਬਰਤਾਨੀਆ ਦੇ ਨੈਸ਼ਨਲ ਆਡਿਟ ਆਫਿਸ, ਜੋ ਭਾਰਤ ਦੇ ਕੈਗ ਬਰਾਬਰ ਹੈ, ਵਿੱਚ ਡਾਇਰੈਕਟਰ ਹਨ।

ਦਲ ਖਾਲਸਾ ਨੇ ਉਸ ਖਬਰ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਜਿਸ ਵਿਚ “ਭਾਰਤ-ਬਰਤਾਨੀਆ ਰਿਸ਼ਤੇ ਨੂੰ ਦਬਿੰਦਰਜੀਤ ਸਿੰਘ ਕਾਰਨ ਖਤਰਾ” ਨੂੰ ਤਰੁਟੀਆਂ ਭਰਪੂਰ ਅਤੇ ਭਾਰਤੀ ਏਜੰਸੀਆਂ ਦੀ ਮਨਘੜਤ ਸੋਚ ਦੀ ਉਪਜ ਦੱਸਿਆ ਹੈ।

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਬਰੂਸੈਲਸ (ਬੈਲਜੀਅਮ) ਵਿਖੇ ਦਬਿੰਦਰਜੀਤ ਸਿੰਘ ਨਾਲ (ਫਾਈਲ ਫੋਟੋ)

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਬਰੂਸੈਲਸ (ਬੈਲਜੀਅਮ) ਵਿਖੇ ਦਬਿੰਦਰਜੀਤ ਸਿੰਘ ਨਾਲ (ਫਾਈਲ ਫੋਟੋ)

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਖਬਰ ਲੇਬਰ ਪਾਰਟੀ ਵਲੋਂ ਸਿੱਧੂ ਦਾ ਨਾਮ ਹਾਊਸ ਆਫ ਲਾਰਡਸ ਲਈ ਨਾਮਜ਼ਦ ਕਰਨ ਲਈ ਸਿਫਾਰਿਸ਼ ਕਰਨ ਤੋਂ ਰੋਕਣ ਦੀ ਇਕ ਸਾਜਿਸ਼ ਦਾ ਹਿੱਸਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਦੂਤਘਰ ਦੇ ਅਧਿਕਾਰੀ ਸ਼ਰਾਰਤੀ ਢੰਗ ਨਾਲ ਯੂ.ਕੇ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ ਤਾਂ ਜੋ ਬਰਤਾਨਵੀ ਹਕੂਮਤ ਅਤੇ ਕੌਮੀ ਨਿਸ਼ਾਨੇ ਪ੍ਰਤੀ ਸਰਗਰਮ ਸਿੱਖਾਂ ਵਿਚਾਲੇ ਦਰਾਰ ਪਾ ਸਕੇ।

ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਭਾਰਤ ਦੇ ਹੁਕਮਰਾਨ ਹਰ ਨਿਆ-ਪਸੰਦ ਅਤੇ ਅਜ਼ਾਦੀ ਪਸੰਦ ਸਿੱਖ ਜਿਹਨਾਂ ਵਿਚ ਸਿੱਧੂ ਵੀ ਸ਼ਾਮਿਲ ਹਨ, ਜੋ ਸਵੈ-ਨਿਰਣੇ ਦੇ ਅਧਿਕਾਰ ਅਤੇ ਪੰਜਾਬ ਵਿਚ ਹੁੰਦੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਬੋਲਦੇ ਹਨ, ਨੂੰ ਭੜਕਾਹਟ ਪੈਦਾ ਕਰਨ ਵਾਲੇ ਵਿਅਕਤੀ ਵਜੋਂ ਦੇਖਦੇ ਹਨ। ਉਹਨਾਂ ਕਿਹਾ ਕਿ ਭਾਰਤੀ ਹਕੂਮਤ ਅਤੇ ਸੂਹੀਆ ਤੰਤਰ ਨੂੰ ਦਬਿੰਦਰਜੀਤ ਸਿੰਘ ਬਾਰੇ ਕਾਲਪਨਿਕ ਡਰ ਹੈ, ਜਦਕਿ ਉਹ ਇਕ ਜਾਣੇ-ਪਛਾਣੇ ਗੁਰਸਿੱਖ ਹਨ ਜੋ ਸਿੱਖ ਭਾਈਚਾਰੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅੰਤਰਰਾਸ਼ਟਰੀ ਮੰਚ ਉਤੇ ਲਗਾਤਾਰ ਕੰਮ ਕਰ ਰਹੇ ਹਨ। ਉਹਨਾਂ ਦਸਿਆ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਹਮਲੇ ਵਿੱਚ ਉਸ ਮੌਕੇ ਦੀ ਬ੍ਰਿਟਿਸ਼ ਸਰਕਾਰ ਦੇ ਕਥਿਤ ਰੋਲ ਸਬੰਧੀ ਪੁਖਤਾ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਬਿੰਦਰਜੀਤ ਸਿੰਘ ਕਾਫੀ ਸਰਗਰਮ ਹਨ। ਉਹਨਾਂ ਕਿਹਾ ਕਿ ਦਬਿੰਦਰਜੀਤ ਸਿੰਘ ਦੀ ਇਹ ਮੁਹਿੰਮ ਭਾਰਤ ਅਤੇ ਬਰਤਾਨਵੀ ਨਿਜ਼ਾਮ ਨੂੰ ਚੁੱਭ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਭਾਰਤੀ ਖੂਫੀਆ ਤੰਤਰ ਦਬਿੰਦਰਜੀਤ ਸਿੰਘ ਦੀ ਕੌਮੀ ਸੰਘਰਸ਼ ਪ੍ਰਤੀ ਸਰਗਰਮੀਆਂ ਤੋਂ ਪੂਰੀ ਤਰ੍ਹਾਂ ਹਤਾਸ਼ ਹੋ ਚੁਕਿਆ ਹੈ। ਉਹਨਾਂ ਕਿਹਾ ਕਿ ਏਥੇ ਇਹ ਦਸੱਣਾ ਜਰੂਰੀ ਹੈ ਕਿ 9 ਸਾਲ ਪਹਿਲਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਭਾਰਤੀ ਸਰਕਾਰ ਨੇ ਉਸ ਵੇਲੇ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਚਿੱਠੀ ਲਿਖ ਕੇ ਦਬਿੰਦਰਜੀਤ ਸਿੰਘ ਨੂੰ ਕੈਨੇਡਾ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਕਿਹਾ ਸੀ। ਭਾਰਤੀ ਸਰਕਾਰ ਦੀ ਇਸ ਚਿੱਠੀ ਦੇ ਜਵਾਬ ਵਿਚ ਸਟੀਫਨ ਹਾਰਪਰ ਨੇ 2012 ਵਿਚ ਆਪਣੇ ਭਾਰਤ ਦੇ ਦੌਰੇ ਦੌਰਾਨ ਜਨਤਕ ਤੌਰ ‘ਤੇ ਕਿਹਾ ਸੀ, “ਖਾਲਿਸਤਾਨ ਦੀ ਵਕਾਲਤ ਕਰਨਾ ਕੋਈ ਗੁਨਾਹ ਨਹੀਂ ਹੈ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,