ਸਿਆਸੀ ਖਬਰਾਂ

ਜ਼ਬਰੀ ਲਾਪਤਾ, ਫਰਜ਼ੀ ਮੁਕਾਬਲਿਆਂ, ਤਸ਼ਦਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ 10 ਦਸੰਬਰ ਨੂੰ ਗੁਰਦਾਸਪੁਰ ਵਿਖੇ ਇਕਤਰਤਾ

December 7, 2017 | By

ਬਟਾਲਾ: ਪਿਛਲ਼ੇ ਤਿੰਨ ਦਹਾਕਿਆਂ ਦੌਰਾਨ ਜ਼ਬਰੀ ਲਾਪਤਾ ਕੀਤੇ, ਫਰਜ਼ੀ ਮੁਕਾਬਲਿਆਂ, ਤਸ਼ਦਦ ਦਾ ਸ਼ਿਕਾਰ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਗੋਲੀਆਂ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿੱਚ 10 ਦਸੰਬਰ ਨੂੰ ਗੁਰਦਾਸਪੁਰ ਵਿਖੇ ਪੀੜਤ ਪਰਿਵਾਰਾਂ ਅਤੇ ਕਾਰਜਕਰਤਾਵਾਂ ਦੀ ਇੱਕ ਇਕੱਤਰਤਾ ਸੱਦੀ ਗਈ ਹੈ।

ਦਲ ਖਾਲਸਾ ਵਲੋਂ ਇਹ ਇੱਕਤਰਤਾ 69ਵੇਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਬੁਲਾਈ ਗਈ ਹੈ। ਇਸ ਇਕਤਰਤਾ ਤੋਂ ਪਹਿਲਾਂ ਨੌਜਵਾਨਾਂ ਵਲੋਂ ਗੁਰਦੁਆਰਾ ਰਾਮਗੜੀਆ ਸਭਾ ਤੋਂ ਜਹਾਜ਼ ਚੌਕ ਤੱਕ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਸ਼ਹੀਦ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਣਗੇ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਰਣਬੀਰ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਦਸਿਆ ਕਿ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਲਗਾਤਾਰ ਹੋ ਰਿਹਾ ਹੈ ਅਤੇ ਹਾਲਾਤ ਅੱਜ ਵੀ ਚਿੰਤਾਜਨਕ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਮਨੁੱਖੀ ਅਧਿਕਾਰ ਸੰਸਥਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਬੀਤੇ ਤਿੰਨ ਦਹਾਕਿਆਂ ਦੌਰਾਨ 8257 ਲੋਕਾਂ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਢੰਗ ਨਾਲ ਮਾਰ ਮੁਕਾਇਆ ਗਿਆ ਹੈ। ਇਸ ਸਬੰਧੀ ਉਸ ਸੰਸਥਾ ਨੇ ਸਬੂਤਾਂ ਸਣੇ ਇਨਸਾਫ ਲਈ ਸੁਪਰੀਮ ਕੋਰਟ ਜਾਣ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ ਕਿ ਸਵਾਲ ਪੈਦਾ ਹੁੰਦਾ ਹੈ ਕਿ ਗੈਰ-ਸੰਵਿਧਾਨਕ ਢੰਗ ਨਾਲ 8257 ਲੋਕਾਂ ਦੇ ਕਤਲ ਕਿਸਨੇ ਕੀਤੇ ਅਤੇ ਉਹ ਅੱਜ ਤੱਕ ਕਾਨੂੰਨ ਦੀ ਪਕੜ ਤੋਂ ਕਿਉਂ ਆਜ਼ਾਦ ਹਨ। “ਕੀ ਭਾਰਤੀ ਕਾਨੂੰਨ ਅਤੇ ਨਿਆਂਇਕ ਸਿਸਟਮ ਬੇਬਸ ਅਤੇ ਪੱਖਪਾਤੀ ਹੈ?

ਦਲ ਖ਼ਾਲਸਾ ਦੇ ਆਗੂ 10 ਦਸੰਬਰ ਦੇ ਪ੍ਰੋਗਰਾਮ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਦਲ ਖ਼ਾਲਸਾ ਦੇ ਆਗੂ 10 ਦਸੰਬਰ ਦੇ ਪ੍ਰੋਗਰਾਮ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਜਥੇਬੰਦੀ ਦੇ ਆਗੂਆਂ ਵਲੋਂ ਏਸ ਸਬੰਧੀ ਅੱਜ ਹਲਕੇ ਦੇ ਪੀੜਤ ਪਰਿਵਾਰਾਂ ਅਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸਮਾਜਿਕ ਅਤੇ ਧਾਰਮਿਕ ਕਾਰਕੁੰਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦਾ ਮੰਤਵ ਸੁਰੱਖਿਆ ਫੋਰਸਾਂ ਅਤੇ ਪੁਲਿਸ ਵਲੋਂ ਜ਼ਬਰੀ ਲਾਪਤਾ ਕੀਤੇ ਗਏ ਬੇਜ਼ੁਬਾਨਾਂ ਦੀ ਜ਼ੁਬਾਨ ਬਣਨਾ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ ਦੀ ਗੁਹਾਰ ਲਾਉਣਾ ਹੈ।

ਉਹਨਾਂ ਕਿਹਾ ਕਿ ਇਹ ਸਮਾਗਮ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਨੂੰ ਬਹਾਲ ਕਰਨ ਅਤੇ ਬੁਝ ਰਹੀ ਇਨਸਾਫ ਦੀ ਲੋਅ ਨੂੰ ਜਗਦਾ ਰੱਖਣ ਦਾ ਇੱਕ ਉਪਰਾਲਾ ਹੈ। ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੀ ਮਨੁੱਖੀ ਅਧਿਕਾਰਾਂ ਪ੍ਰਤੀ ਪਹੁੰਚ ਗੈਰ-ਸੰਜੀਦਾ ਅਤੇ ਅਵੇਸਲੇਪਣ ਵਾਲੀ ਹੈ।

ਸਬੰਧਤ ਖ਼ਬਰ:

ਮਨੁੱਖੀ ਹੱਕਾਂ ਦੇ ਰਾਖਿਆਂ ਨੂੰ ਭਾਰਤ ਵਿਚ ਭਾਰੀ ਖਤਰਾ: ਐਮਨੈਸਟੀ ਵੱਲੋਂ ਜਾਰੀ ਰਿਪੋਰਟ ਵਿਚ ਹੋਇਆ ਖੁਲਾਸਾ …

ਉਹਨਾਂ ਨੇ ਦੱਸਿਆ ਕਿ ਅਣਗਿਣਤ ਪ੍ਰੀਵਾਰ ਪੁਲਿਸ ਤੇ ਸੁਰਖਿਆ ਫੋਰਸਾਂ ਵਲੋਂ ਗੁੰਮ ਕੀਤੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਬਿਰਧ ਹੋ ਗਏ ਹਨ ਅਤੇ ਉਹਨਾਂ ਅੰਦਰ ਇਨਸਾਫ ਦੀ ਉਮੀਦ ਵੀ ਮਰ ਰਹੀ ਹੈ।

ਉਹਨਾਂ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਅਕਾਲੀ ਦਲ (ਅੰਮ੍ਰਿਤਸਰ), ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਮੁਕਾਬਲਿਆਂ ਅਤੇ ਅਣਮਨੁੱਖੀ ਤਸ਼ਦਦ ਦੀ ਭੇਟ ਚੜ੍ਹੇ ਲੋਕਾਂ ਦੀ ਯਾਦ ਵਿੱਚ ਅਰਦਾਸ ਅਤੇ ਮਾਰਚ ਵਿੱਚ ਸ਼ਾਮਿਲ ਹੋਣ। ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ, ਹਰਭਜਨ ਸਿੰਘ ਆਦਿ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,