November 3, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ( 3 ਨਵੰਬਰ, 2011 ): ਭਾਰਤੀ ਨਿਆਂ ਪ੍ਰਣਾਲੀ ਤੋਂ ਇਨਸਾਫ ਮਿਲਣ ਦੀ ਪੂਰੀ ਉਮੀਦ ਖਤਮ ਹੋਣ ਤੋਂ ਬਾਅਦ ਦਲ ਖਾਲਸਾ ਦੇ ਮੁਖੀ ਸ. ਹਰਚਰਨਜੀਤ ਸਿੰਘ ਧਾਮੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਗੁਹਾਰ ਲਾਈ| ਸ. ਧਾਮੀ ਅੱਜ ਪਾਰਟੀ ਦੇ ਯੂਥ ਵਿੰਗ “ਸਿੱਖ ਯੂਥ ਆਫ ਪੰਜਾਬ” ਵਲੋਂ ਕੀਤੇ ਗਏ ਰੋਸ ਮੁਜਾਹਰੇ ਵਿਚ ਬੋਲ ਰਹੇ ਸਨ। ਸਿੱਖ ਯੂਥ ਆਫ ਪੰਜਾਬ ਵਲੋਂ 27 ਵਰ੍ਹੇ ਪਹਿਲਾਂ ਵਾਪਰੇ ਹੌਲਨਾਕ ਸਾਕੇ ਵਿਰੁਧ ਰੋਹ ਪ੍ਰਗਟਾਉਣ ਲਈ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵਲੋਂ ਮਤਾ ਪਾਸ ਕਰਕੇ ਯੂ.ਐਨ.ਓ. ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇ। ਜਥੇਬੰਦੀ ਵਲੋਂ ਮਤੇ ਦੀ ਕਾਪੀ ਯੂ. ਐਨ.ਓ. ਦੇ ਜਨੇਵਾ ਤੇ ਦਿੱਲੀ ਸਥਿਤ ਦਫਤਰ ਨੂੰ ਭੇਜੀ ਜਾਵੇਗੀ।
ਇਸਤੋਂ ਪਹਿਲਾਂ ਜਥੇਬੰਦੀ ਦੇ ਮੈਂਬਰਾਂ ਨੇ ਅਕਾਲ ਤਖਤ ਵਿਖੇ ਨਿਰਦੋਸ਼ ਸਿੱਖਾਂ ਦੀ ਯਾਦ ਵਿਚ ਅਰਦਾਸ ਕੀਤੀ। ਜੋਸ਼ ਵਿਚ ਆਏ ਨੌਜਵਾਨਾਂ ਨੇ ਭਾਰਤ ਸਰਕਾਰ ਤੇ ਕਾਂਗਰਸ ਵਿਰੁਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਕ ਵੱਡਾ ਬੈਨਰ ਫੜਿਆ ਹੋਇਆ ਸੀ ਜਿਸ ਉਤੇ ਸੋਨੀਆ ਗਾਂਧੀ ਦੀ ਅੱਖਾਂ ਉਤੇ ਪੱਟੀ ਬੰਨ੍ਹੀ ਅਤੇ ਨਾਲ ਡਾ.ਮਨਮੋਹਨ ਸਿੰਘ ਦੇ ਮ੍ਹੂੰਹ ਉਤੇ ਪੱਟੀ ਬੰਨ੍ਹੀ ਹੋਏ ਦੀ ਤਸਵੀਰ ਸੀ। ਬੈਨਰ ਉਤੇ ਲਿਖਿਆ ਸੀ-10,000 ਸਿੱਖਾਂ ਦਾ ਕਤਲੇਆਮ,10 ਕਮਸ਼ਿਨ, ਤੇ 27 ਸਾਲ ਪਰ ਇਨਸਾਫ ਫਿਰ ਵੀ ਨਹੀ ਮਿਲਿਆ।
ਜਥੇਬੰਦੀ ਦੇ ਸੀਨੀਅਰ ਆਗੂ ਰਣਬੀਰ ਸਿੰਘ, ਤਰਜਿੰਦਰ ਸਿੰਘ ਸੋਹਲ ਅਤੇ ਨੋਬਲਜੀਤ ਸਿੰਘ ਦੀ ਅਗਵਾਈ ਹੇਠ ਸੈਕੜੇ ਨੌਜਵਾਨਾਂ ਨੇ ਕਾਲੇ ਝੰਡੇ ਤੇ ਤਖਤੀਆਂ ਫੜੀਆਂ ਹੋਈਆਂ ਸਨ,ਜਿਨ੍ਹਾਂ ਉਤੇ ਨਵੰਬਰ 1984 ਦੇ ਕਤਲੇਆਮ ਨੂੰ ਦਰਸਾਂਉਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ। ਇਕ ਤਖਤੀ ਉਤੇ ਅੰਨਾ ਜਜ਼ਾਰੇ ਦੀ ਤਸਵੀਰ ਨਾਲ ਲਿਖਿਆ ਸੀ, “ਅੰਨਾ ਹਜ਼ਾਰੇ ਸਿੱਖ ਕਤਲੇਆਮ ਬਾਰੇ ਖਾਮੋਸ਼ ਕਿਉਂ ਹਨ?”
ਸ ਧਾਮੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਕਾਂਗਰਸ ਅਤੇ ਭਾਜਪਾ ਦੋਨਾਂ ਨੇ ਹੀ ਨਸਲਕੁਸ਼ੀ ਦੀ ਰਾਜਨੀਤੀ ਖੇਡਕੇ ਹਜ਼ਾਰਾਂ ਹੀ ਬੇ-ਗੁਨਾਹਾਂ ਦਾ ਖੂਨ ਡੋਲਿਆ ਹੈ। ਇਨਸਾਫ ਨਾ ਮਿਲਣ ਦਾ ਜਿਕਰ ਕਰਦਿਆਂ ਸ. ਧਾਮੀ ਨੇ ਕਿਹਾ ਕਿ ਪੰਜਾਬ ਤੇ ਦੁਨੀਆ ਭਰ ਦੇ ਸਿੱਖਾਂ ਨੂੰ 27 ਸਾਲ ਇਸ ਮੁਲਕ ਦੇ ਸ਼ਾਸਕਾਂ ਨੂੰ ਸ਼ਰਮਸਾਰ ਕਰਦਿਆਂ ਹੋ ਗਏ ਹਨ, ਪਰ ਇਨਾਂ ਬੇ-ਰਹਿਮ ਆਗੂਆਂ ਨੂੰ ਕੋਈ ਫਰਕ ਨਹੀ ਪਿਆ। ਅੰਨਾ ਹਜ਼ਾਰੇ ਵਲੋਂ ਚਲਾਈ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਲੜਾਈ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਅੰਨਾ ਨੂੰ ਘੱਟਗਿਣਤੀ ਕੌਮਾਂ ਦੇ ਦਰਦ ਮਹਿਸੂਸ ਨਹੀ ਹੁੰਦੇ। ਉਨ੍ਹਾਂ ਕਿਹਾ ਕਿ ਅੰਨਾ ਦੇ ਮਨ ਵਿਚ 1984 ਦੇ ਦਿੱਲੀ, 2002 ਦੇ ਗੁਜਰਾਤ ਅਤੇ 2008 ਵਿਚ ਉੜੀਸਾ ਵਿਖੇ ਮੌਤ ਦੇ ਘਾਟ ਉਤਾਰ ਦਿਤੇ ਗਏ ਲੋਕਾਂ ਵਿਚ ਕੋਈ ਦੁਖ-ਦਰਦ ਨਹੀ, ਕਿਉਂਕਿ ਕਤਲ ਕੀਤੇ ਗਏ ਸਾਰੇ ਵਿਅਕਤੀ ਘੱਟਗਿਣਤੀ ਕੌਮਾਂ ਦੇ ਬਸ਼ਿੰਦੇ ਸਨ।
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬਾਦਲ ਪਰਿਵਾਰ ਵਲੋਂ 84 ਦੇ ਪੀੜਿਤਾਂ ਦੇ ਜ਼ਜ਼ਬਾਤਾਂ ਨੂੰ ਸੱਟ ਮਾਰਨ ਦਾ ਸਖਤ ਨੋਟਿਸ ਲਿਆ। ਉਨਾਂ ਕਿਹਾ ਕਿ ਜਿਸ ਦਿਨ, ਜਿਸ ਮੌਕੇ ਬਾਦਲ ਪਰਿਵਾਰ ਨੂੰ ਦਿੱਲੀ ਦੀ ਕਾਂਗਰਸ ਸਰਕਾਰ ਵਿਰੁੱਧ ਰੋਸ ਮੁਜਾਹਰਾ ਕਰਨਾ ਬਣਦਾ ਸੀ ਉਸ ਦਿਨ ਉਹ ਸ਼ਾਹਰੁਖ ਖਾਨ ਨਾਲ ਮੌਜ-ਮਸਤੀ ਕਰ ਰਹੇ ਹਨ। ਉਨਾਂ ਕਿਹਾ ਕਿ ਬੰਿਠੰਡਾ ਵਿਖੇ ਕਬੱਡੀ ਦੇ ਉਦਘਾਟਨ ਮੌਕੇ ਜੋ ਕੁਝ ਹੋਇਆ ਉਹ ਸਿੱਖ ਸੱਭਿਆਚਾਰ ਦੇ ਉਲਟ ਸੀ ਤੇ ਦੁਖ ਦੀ ਗੱਲ ਹੈ ਕਿ ਇਹ ਸਭ ਕੁਝ ਪੰਜਾਬ ਦਿਵਸ ਮੌਕੇ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਦੇ ਜਨਰਲ ਸਕੱਤਰ ਡਾ ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕੱਟ, ਹਰਿਮੋਇੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ “ ਸਿੱਖ ਯੂਥ ਆਫ ਪੰਜਾਬ” ਜਥੇਬੰਦੀ ਦੇ ਵੱਖ–ਵੱਖ ਯੂਨਿਟਾਂ ਦੇ ਇੰਚਾਰਜ ਸਰਵਕਾਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਟਾਂਡਾ, ਅਰਵਿੰਦਰ ਸਿੰਘ ਜਾਜਾ, ਜਗਰੂਪ ਸਿੰਘ ਗ੍ਰੰਥਗੜ੍ਹ, ਅਮਨਿੰਦਰ ਸਿੰਘ ਮੰਡਿਆਣੀ, ਬਲਜੀਤ ਸਿੰਘ ਮੁਕੇਰੀਆਂ, ਗੁਰਬਾਜ਼ ਸਿੰਘ ਦਸੂਹਾ, ਫਤਿਹਜੀਤ ਸਿੰਘ ਗੀਗਨਵਾਲ, ਸਰਬਜੀਤ ਸਿੰਘ ਮਿਰਜ਼ਾਪੁਰ, ਅੰਮ੍ਰਿਤਪਾਲ ਸਿੰਘ ਦਸੂਹਾ, ਗੁਰਦੀਪ ਸਿੰਘ ਬੁਲੋਵਾਲ, ਮਨਜੀਤ ਸਿੰਘ ਕਰਤਾਰਪੁਰ, ਮਨਦੀਪ ਸਿੰਘ ਸ਼੍ਰੀਹਰਗੋਬਿੰਦਪੁਰ ਹਾਜਿਰ ਸਨ।
Related Topics: Akal Takhat Sahib, Dal Khalsa International, Human Rights Violations, Indian Satae, Sikhs For Justice (SFJ), ਸਿੱਖ ਨਸਲਕੁਸ਼ੀ 1984 (Sikh Genocide 1984)