
November 2, 2011 | By ਸਿੱਖ ਸਿਆਸਤ ਬਿਊਰੋ
ਉਹਨਾਂ ਅੱਗੇ ਕਿਹਾ ਕਿ ਕੇਵਲ ਬਹੁ-ਗਿਣਤੀ ਹੀ ਨਹੀ ਸਗੋਂ ਮੀਡੀਆ, ਜੁਡੀਸ਼ਰੀ ਅਤੇ ਸੁਰਖਿਆ ਫੋਰਸਾਂ ਵੀ ਇਸ ਫਾਸੀਵਾਦੀ ਰੁਝਾਨ ਦੇ ਪ੍ਰਭਾਵ ਹੇਠ ਜਾ ਚੁੱਕੇ ਹਨ।
ਦਲ ਖ਼ਾਲਸਾ ਦਫ਼ਤਰ ਨੂੰ ਭੇਜੇ ਆਪਣੇ ਇਕ ਬਿਆਨ ਵਿਚ ਮਿਸਟਰ ਗਿਲਾਨੀ ਨੇ ਸਿੱਖ ਕੌਮ ਦੇ ਨਾਲ਼ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੱਤਰ ਵਿਚ ਉਹਨਾਂ ਕਿਹਾ ਕਿ 27 ਸਾਲ ਪਹਿਲਾਂ ਦੇ ਦਰਦਨਾਕ ਦ੍ਰਿਸ਼, ਜਦੋਂ ਦਿੱਲੀ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ ਸੀ, ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਨਵੰਬਰ 1984 ਦੇ ਇਸ ਕਾਰੇ ਨੂੰ ਮਨੁੱਖਤਾ ਵਿਰੁੱਧ ਜ਼ੁਰਮ ਦੱਸਿਆ ਹੈ।
ਉਹਨਾਂ ਕਿਹਾ ਕਿ ਨਵੰਬਰ 84 ਦਾ ਕਤਲੇਆਮ ਇਹ ਦਰਸਾਉਂਦਾ ਹੈ ਕਿ ਬਹੁਗਿਣਤੀ ਨੂੰ ਘੱਟ-ਗਿਣਤੀ ਉਤੇ ਜ਼ੁਲਮ ਕਰਨ ਦੀ ਖੁੱਲ ਹੈ।
ਪੱਤਰ ਵਿਚ ਮਿਸਟਰ ਗਿਲਾਨੀ ਨੇ ਇਸ ਗੱਲ ਉੱਤੇ ਰੰਜ਼ ਪ੍ਰਗਟਾਇਆ ਹੈ ਕਿ 27 ਸਾਲ ਬੀਤ ਜਾਣ ਦੇ ਬਾਵਜੂਦ, ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਉਹਨਾਂ ਸੰਯੁਕਤ ਰਾਸ਼ਟਰ ਤੇ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਦੇ, ਸਿੱਖਾਂ ਨੂੰ ਇਨਸਾਫ਼ ਦਿਵਾਉਣ ਵਿਚ ਅਸਫ਼ਲ ਰਹਿਣ ਉੱਤੇ ਅਫ਼ਸੋਸ ਜਿਤਾਇਆ ਹੈ। ਉਹਨਾਂ ਪੱਤਰ ਵਿਚ ਦਲ ਖ਼ਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ, ਇਨਸਾਫ਼ ਲਈ ਲੜੀ ਜਾ ਰਹੀ ਲੜਾਈ ਵਿਚ, ਹਰ ਤਰ੍ਹਾਂ ਦਾ ਸਾਥ ਦੇਣ ਦਾ ਵਾਅਦਾ ਵੀ ਕੀਤਾ ਹੈ। ਪੱਤਰ ਵਿਚ ਮਿਸਟਰ ਗਿਲਾਨੀ ਲਿਖਦੇ ਹਨ ਕਿ “ਮੈਂ ਕਸ਼ਮੀਰ ਅਵਾਮ ਵੱਲੋਂ, ਉਹਨਾਂ ਸਮੂਹ ਲੋਕਾਂ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਵਹਿਸ਼ੀਆਨਾ ਕਤਲੇਆਮ ਦੀ ਭੇਂਟ ਚੜ੍ਹੇ”।
ਉਹਨਾਂ ਸੰਯੁਕਤ ਰਾਸ਼ਟਰ ਨੂੰ ਗੁਹਾਰ ਲਾਈ ਕਿ ਉਹ ਭਾਰਤ ਸਰਕਾਰ ਉੱਤੇ ਆਪਣਾ ਦਬਾਅ ਬਣਾਉਣ ਤਾਂ ਜੋ ਸਿੱਖ ਕੌਮ ਨਾਲ਼ ਇਨਸਾਫ਼ ਹੋ ਸਕੇ। ਪੱਤਰ ਵਿੱਚ ਭਾਰਤੀ ਫੌਜਾਂ ਹੱਥੋਂ ਕਸ਼ਮੀਰੀ ਲੋਕਾਂ ਉੱਤੇ ਹੋ ਰਹੇ ਜ਼ੁਲਮ ਦਾ ਵੀ ਘਟਨਾਵਾਂ ਸਹਿਤ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਕਸ਼ਮੀਰੀ ਲੋਕ, ਹਰ ਤਰ੍ਹਾਂ ਦੇ ਤਸੀਹੇ ਸਹਿ ਕੇ ਵੀ ਆਪਣੀ ਅਜ਼ਾਦੀ ਲਈ, ਜਮਹੂਰੀ ਢੰਗ ਨਾਲ਼ ਲੜ ਰਹੇ ਹਨ। ਉਹਨਾਂ ਦਸਿਆ ਕਿ ਪਿਛਲੇ ਵਰ੍ਹੇ 125 ਕਸ਼ਮੀਰੀ ਨੌਜਵਾਨ ਪੁਲੀਸ ਦੀਆਂ ਗੋਲ਼ੀਆਂ ਦੇ ਸ਼ਿਕਾਰ ਹੋਏ ਹਨ ਤੇ ਉਹ ਖ਼ੁਦ ਵੀ ਪਿਛਲੇ ਕਈ ਮਹੀਨਿਆਂ ਤੋਂ ਘਰ ਵਿਚ ਨਜ਼ਰਬੰਦ ਹਨ। ਉਹਨਾਂ ਦਲ ਖ਼ਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਦਾ ਕਸ਼ਮੀਰ ਦੇ ਅਜ਼ਾਦੀ ਸੰਘਰਸ਼ ਲਈ ਸਮਰਥਨ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਸਿੱਖ ਸੰਸਥਾਵਾਂ ਉਹਨਾਂ ਦੇ ਸਵੈ-ਨਿਰਣੈ ਦੇ ਸੰਘਰਸ਼ ਵਿਚ ਪੂਰਨ ਸਹਿਯੋਗ ਦੇਣਗੀਆਂ।
ਇਹ ਬਿਆਨ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਵੱਲੋਂ ਪ੍ਰੈੱਸ ਦੇ ਨਾਂ ਜਾਰੀ ਕੀਤਾ ਗਿਆ।
Related Topics: Dal Khalsa International, Human Rights, Human Rights Violations, Indian Satae, kanwarpal singh, syed ali geelani, ਸਿੱਖ ਨਸਲਕੁਸ਼ੀ 1984 (Sikh Genocide 1984)