ਚੋਣਵੀਆਂ ਲਿਖਤਾਂ » ਲੇਖ

ਦਰਸ਼ਨ ਸਿੰਘ ਤਾਤਲਾ ਦਾ ਪ੍ਰਵਾਸੀ ਸਿੱਖ ਅਧਿਐਨ ‘ਚ ਰਿਹਾ ਵੱਡਾ ਯੋਗਦਾਨ

August 13, 2021 | By

ਸਰਦਾਰ ਦਰਸ਼ਨ ਸਿੰਘ ਤਾਤਲਾ ਵੱਲੋਂ ਸੰਸਾਰ ਪੱਧਰ ‘ਤੇ ਫੈਲੇ ਪੰਜਾਬੀ ਅਤੇ ਸਿੱਖ ਡਾਇਸਪੋਰਾ ਬਾਰੇ ਕੀਤੇ ਗਏ ਖੋਜ ਕਾਰਜਾਂ ਦੇ ਮਿਆਰ ਅਤੇ ਸਮਰਪਣ ਦੇ ਹਾਣ ਦੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ। 74 ਸਾਲ ਦੀ ਉਮਰ ਵਿੱਚ ਉਹਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਅਧਿਐਨ ਦੇ ਖੇਤਰ ਦਾ ਅਨਮੋਲ ਹੀਰਾ ਵਿੱਛੜ ਗਿਆ ਹੈ।

ਸਰਦਾਰ ਜੀ ਦਾ ਜਨਮ ਲੁਧਿਆਣਾ ਦੇ ਪਿੰਡ ਭੈਰੋਵਾਲ ਵਿਖੇ ਮਾਤਾ ਚੰਦ ਕੌਰ ਅਤੇ ਸਰਦਾਰ ਇਸ਼ਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਿਵਾਰ ਸਧਾਰਨ ਕਿਰਸਾਨੀ ਕਿੱਤੇ ਨਾਲ ਸਬੰਧ ਰੱਖਦਾ ਸੀ। ਪਿੰਡ ਦੇ ਸਕੂਲ ਤੋਂ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਲਾਜਪਤ ਰਾਏ ਯਾਦਗਾਰੀ ਕਾਲਜ, ਜਗਰਾਉਂ ਤੋਂ ਸਾਇੰਸ ਦੀ ਡਿਗਰੀ ਹਾਸਲ ਕੀਤੀ ਅਤੇ ਆਰਥਿਕ ਸ਼ਾਸਤਰ ਵਿੱਚ ਐਮ.ਏ ਦੀ ਪੜ੍ਹਾਈ ਪੰਜਾਬੀ ਯੁਨੀਵਰਸਿਟੀ, ਪਟਿਆਲਾ ਤੋਂ ਕੀਤੀ। ਦਰਸ਼ਨ ਸਿੰਘ ਯੂਕੇ ‘ਚ ਫਿਟਜ਼ਵਿਲੀਅਮ ਕਾਲਜ, ਕੈਮਬ੍ਰਿਜ ‘ਚ ਅਰਥਸ਼ਾਸਤਰ ਪੜ੍ਹਨ ਆਏ ਅਤੇ ਯੁਨੀਰਵਸਿਟੀ ਆਫ ਬਰਮਿੰਘਮ ਤੋਂ ਇੱਕ ਹੋਰ ਅਰਥਸ਼ਾਸਤਰ ਦੀ ਐਮ.ਏ ਹਾਸਲ ਕੀਤੀ।

 

ਦਰਸ਼ਨ ਸਿੰਘ ਤਾਤਲਾ

ਉਹ 1985 ਤੋਂ ਲੈ ਕੇ 1996 ਤੱਕ ਸਾਊਥ ਬਰਮਿੰਘਮ ਕਾਲਜ ਵਿਖੇ ਲੈਕਚਰਾਰ ਰਹੇ। ਉਨ੍ਹਾਂ ਦਾ ਪੀਐਚਡੀ ਥੀਸਿਸ ‘ਦ ਸਿੱਖ ਡਾਇਸਪੋਰਾ: ਦ ਸਰਚ ਫਾਰ ਸਟੇਟਹੁੱਡ’ 1994 ‘ਚ ਪ੍ਰਕਾਸ਼ਿਤ ਕੀਤਾ ਗਿਆ।

ਉਨ੍ਹਾਂ ਨੇ ਬ੍ਰਿਟੇਨ ਵਿੱਚ ਪੰਜਾਬ ਰਿਸਰਚ ਗਰੁੱਪ ਅਤੇ ਖੋਜ ਰਸਾਲੇ ਦੀ ਸ਼ੁਰੂਆਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਯੂਕੇ ਅਤੇ ਅਮਰੀਕਾ ਵਿੱਚ ਸਿੱਖ ਕੌਮਵਾਦ, ਸਿੱਖੀ ਅਤੇ ਵਿਕਾਸ ਬਾਰੇ ਅਨੇਕਾਂ ਕਿਤਾਬਾਂ ਅਤੇ ਖੋਜ ਪੱਤਰ ਲਿਖੇ ਸਨ।

ਉਨ੍ਹਾਂ ਨੇ 2006 ‘ਚ ਗੁਰਹਰਪਾਲ ਸਿੰਘ ਨਾਲ ਬ੍ਰਿਟੇਨ ਵਿੱਚ ਰਹਿੰਦੇ ਸਿੱਖਾਂ ਬਾਰੇ ਕਿਤਾਬ ਵੀ ਛਾਪੀ। ਦਰਸ਼ਨ ਸਿੰਘ ਇੰਗਲੈਂਡ ਦੇ ਨਾਲ-ਨਾਲ ਪੰਜਾਬ ਵਿੱਚ ਵੀ ਅਕਾਦਮਿਕ ਹਲਕਿਆਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਹ ਸਮੇਂ ਸਮੇਂ ‘ਤੇ ਪੰਜਾਬੀ ਯੁਨੀਵਰਸਿਟੀ, ਕਵੰਟਰੀ ਯੁਨੀਵਰਸਿਟੀ ਅਤੇ ਯੁਨੀਵਰਸਿਟੀ ਆਫ ਬਰਮਿੰਘਮ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹੇ।

1998 ‘ਚ ਉਹ ਪੰਜਾਬ ਮੁੜ ਆਏ ਅਤੇ ਲਾਇਲਪੁਰ ਵਿੱਚ ‘ਸੈਂਟਰ ਫਾਰ ਮਾਈਗ੍ਰੇਸ਼ਨ ਸਟੱਡੀਜ਼’ ਸਥਾਪਿਤ ਕੀਤਾ ਜਿਹੜਾ ਕਿ 2003 ‘ਚ ਸ਼ੁਰੂ ਹੋਇਆ।

ਉਨ੍ਹਾਂ ਨੂੰ 2017 ‘ਚ ਯੁਨੀਵਰਸਿਟੀ ਆਫ ਕੈਲੀਫੌਰਨੀਆ ਰਿਵਰਸਾਈਡ ਵੱਲੋਂ ਪ੍ਰਵਾਸੀ ਸਿੱਖਾਂ ਬਾਰੇ ਅਧਿਐਨ ‘ਚ ਪਾਏ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ’ ਸਨਮਾਨ ਮਿਲਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਨ ਸਿੰਘ ਜੀ ਨੂੰ ਟਾਟਾ ਇੰਸਟੀਟੀਊਟ ਆਫ ਐਡਵਾਂਸ ਸਟੱਡੀਜ਼ ਵਿਖੇ ‘ਸਿੱਖ ਡਾਇਸਪੋਰਾ ਮਿਊਜ਼ਿਅਮ ਅਤੇ ਆਰਕਾਈਵਜ਼’ ਦਾ ਡਾਇਰੈਕਟਰ ਲਾਇਆ ਗਿਆ ਸੀ।

 

ਇਹ ਲਿਖਤ ‘ਦ ਗਾਡੀਅਨ’ ‘ਤੇ Darshan Singh Tatla Obituary ਸਿਰਲੇਖ ਹੇਠ ਛਪੀ ਲਿਖਤ ਦਾ ਕੁਝ ਬਦਲਾਂ ਨਾਲ ਪੰਜਾਬੀ ਤਰਜਮਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: