ਸਿੱਖ ਖਬਰਾਂ

ਦਿੱਲੀ ਕਮੇਟੀ ਪੀਲੀਭੀਤ ਜੇਲ ਵਿਚ ਮਾਰੇ ਗਏ 7 ਸਿੱਖ ਕੈਦੀਆਂ ਤੇ ਮਸਲੇ ’ਤੇ ਕਾਨੂੰਨੀ ਲੜਾਈ ਲੜੇਗੀ : ਜੀ.ਕੇ.

May 10, 2016 | By

ਨਵੀਂ ਦਿੱਲੀ: ਪੀਲੀਭੀਤ ਵਿਖੇ 1994 ਵਿਚ ਜੇਲ ਵਿਚ ਬੰਦ 7 ਸਿੱਖ ਕੈਦੀਆਂ ਨੂੰ ਜੇਲ ਸਟਾਫ਼ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਜਾਨ ਤੋਂ ਮਾਰਨ ਦਾ ਖੁਲਾਸਾ ਮੀਡੀਆ ਰਿਪੋਰਟਾਂ ਵਿਚ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਤੌਰ ’ਤੇ ਮਸਲੇ ਨੂੰ ਚੁੱਕਣ ਦਾ ਫੈਸਲਾ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਘਟਨਾਂ ਨੂੰ ਮੰਦਭਾਗਾ ਅਤੇ ਮਨੁੱਖੀ ਅਧਿਕਾਰਾਂ ਦਾ ਕਤਲ ਕਰਾਰ ਦਿੰਦੇ ਹੋਏ ਯੂ.ਪੀ. ਦੇ ਸਾਬਕਾ ਮੁਖ ਮੰਤਰੀ ਮੁਲਾਯਮ ਸਿੰਘ ਯਾਦਵ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਜਾਂਚ ਨੂੰ ਬੰਦ ਕਰਨ ਦੇ ਦਿੱਤੇ ਗਏ ਆਦੇਸ਼ਾਂ ਦੀ ਵੀ ਨਿਖੇਧੀ ਕੀਤੀ।

ਮਨਜੀਤ ਸਿੰਘ ਜੀ.ਕੇ. (ਫਾਈਲ ਫੋਟੋ)

ਮਨਜੀਤ ਸਿੰਘ ਜੀ.ਕੇ. (ਫਾਈਲ ਫੋਟੋ)

ਜੀ.ਕੇ. ਨੇ ਕਿਹਾ ਕਿ ਇਹ ਘਟਨਾ ਸਾਬਿਤ ਕਰਦੀ ਹੈ ਕਿ 1991 ਤੋਂ 1994 ਤਕ ਯੂ.ਪੀ. ਵਿਖੇ ਜੰਗਲ ਰਾਜ ਕਾਇਮ ਸੀ। ਇੱਕ ਪਾਸੇ 1991 ਵਿਚ ਬਸ ਤੋਂ ਉਤਾਰ ਕੇ 10 ਸਿੱਖ ਯਾਤਰੂਆਂ ਨੂੰ ਪੁਲਿਸ ਵੱਲੋਂ ਝੂਠੇ ਮੁਠਭੇੜ ’ਚ ਮਾਰੇ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੁਣ 1994 ਵਿਚ ਜੇਲ ਵਿਚ ਬੰਦ 28 ਸਿੱਖ ਕੈਦੀਆਂ ਨੂੰ ਬੈਰਕ ਬਦਲਣ ਦੇ ਨਾਂ ਤੇ ਜੇਲ ਵਿਚ ਹੀ ਜੇਲ ਮੁਖੀ ਵਿਦਿਆਚਲ ਸਿੰਘ ਯਾਦਵ ਦੀ ਅਗਵਾਹੀ ਹੇਠ ਜੇਲ ਸਟਾਫ਼ ਵੱਲੋਂ ਬੁਰੀ ਤਰ੍ਹਾਂ ਕੋਹ-ਕੋਹ ਕੇ ਮਾਰੇ ਜਾਉਣ ਦੀ ਖਬਰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤਾਂਤ੍ਰਿਕ ਦੇਸ਼ ਦੇ ਨਾਂ ਤੇ ਕਾਲਾ ਧੱਬਾ ਹੈ।

ਘਟਨਾ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਇਸ ਤਸ਼ੱਦਦ ਦੌਰਾਨ 6 ਸਿੱਖ ਕੈਦੀ ਤਰਸੇਮ ਸਿੰਘ, ਲਾਭ ਸਿੰਘ, ਸੁਖਦੇਵ ਸਿੰਘ, ਜੀਤ ਸਿੰਘ, ਹਰਦਿਆਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਸੱਤਵੇਂ ਕੈਦੀ ਵਿਚਿਤ੍ਰ ਸਿੰਘ ਦੀ ਮੌਤ 12 ਦਿਨਾਂ ਦੇ ਬਾਅਦ ਕਿੰਗ ਜੌਰਜ ਮੈਡੀਕਲ ਕਾਲਜ ਲਖਨਊ ਵਿਖੇ ਹੁੰਦੀ ਹੈ। ਜਦਕਿ ਬਾਕੀ ਬੱਚੇ 21 ਸਿੱਖ ਕੈਦੀਆਂ ਨੂੰ ਹਸਪਤਾਲ ਤੋਂ ਇਲਾਜ ਕਰਾਉਣ ਉਪਰੰਤ ਵਾਪਿਸ ਜੇਲ ਵਿਚ ਭੇਜ ਦਿੱਤਾ ਜਾਉਂਦਾ ਹੈ। ਜਿਸਦੇ ਖਿਲਾਫ਼ ਉਸ ਵੇਲੇ ਦੇ ਸਮਾਜਵਾਦੀ ਪਾਰਟੀ ਦੇ ਜਿਲਾ ਪ੍ਰਧਾਨ ਸਵਰਗਵਾਸ਼ੀ ਗਿਆਨੀ ਤ੍ਰਿਲੋਕ ਸਿੰਘ ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ. ਤੇ ਕਾਰਵਾਹੀ ਕਰਦੇ ਹੋਏ ਪੀਲੀਭੀਤ ਡਿਸਟ੍ਰਿਕ ਮਜਿਸਟ੍ਰੇਟ ਸ਼ਾਲੀਨੀ ਪ੍ਰਸਾਦ ਇਸ ਮਸਲੇ ਦੀ ਜਾਂਚ ਸੀ.ਬੀ.-ਸੀ.ਆਈ.ਡੀ. ਨੂੰ ਸੌਂਪਣ ਦੇ ਆਦੇਸ਼ ਦਿੰਦੀ ਹੈ।

ਜੀ.ਕੇ. ਨੇ ਮੁਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ 1994 ਵਿਚ ਇਸ ਜਾਂਚ ਦਾ ਆਦੇਸ਼ ਦੇਣ ਦੇ ਬਾਵਜੂਦ 2007 ਵਿਚ ਮੁੜ ਮੁਖ ਮੰਤਰੀ ਬਣਨ ’ਤੇ ਉਕਤ ਜਾਂਚ ਨੂੰ ਵਾਪਿਸ ਲੈਣ ਦਾ ਆਦੇਸ਼ ਦਿੱਤੇ ਜਾਉਣ ਤੇ ਵੀ ਹੈਰਾਨੀ ਪ੍ਰਗਟਾਈ। ਜੀ.ਕੇ. ਨੇ ਇਸ ਮਸਲੇ ਤੇ ਮੁਲਾਇਮ ਸਿੰਘ ਯਾਦਵ ਦੀ ਭੂਮਿਕਾ ਨੂੰ ਜੇਲ ਅਧਿਕਾਰੀਆਂ ਦੇ ਪੱਖ ਵਾਲੀ ਹੋਣ ਦਾ ਦਾਅਵਾ ਕਰਦੇ ਹੋਏ ਇਸ ਸੰਬੰਧੀ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਭੇਜਕੇ ਜਾਂਚ ਮੁੜ ਤੋਂ ਸ਼ੁਰੂ ਕਰਵਾਉਣ ਦੇ ਨਾਲ ਹੀ ਚਾਰਜ਼ਸ਼ੀਟ ਵਿਚ ਦਰਜ਼ ਜੇਲ ਪ੍ਰਸ਼ਾਸਨ ਦੇ 42 ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਕੇਸ ਦਰਜ਼ ਕਰਾਉਣ ਦਾ ਵੀ ਐਲਾਨ ਕੀਤਾ।

ਜੀ.ਕੇ. ਨੇ ਕਿਹਾ ਕਿ ਕਮੇਟੀ ਵੱਲੋਂ ਇਸ ਗੱਲ ਦੀ ਵੀ ਪੜਤਾਲ ਕੀਤੀ ਜਾਵੇਗੀ ਕਿ ਉਕਤ 28 ਸਿੱਖ ਕੈਦੀਆਂ ਨੂੰ ਅੱਤਵਾਦੀ ਦੱਸ ਕੇ ਟਾਡਾ ਤਹਿਤ ਜੇਲ ਵਿਚ ਰੱਖਣ ਪਿੱਛੇ ਕੋਈ ਸਰਕਾਰੀ ਅੱਤਵਾਦ ਤਾਂ ਨਹੀਂ ਸੀ ਜਿਸ ਕਾਰਨ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਯੂ.ਪੀ. ਪੁਲਿਸ ਨੇ ਅੱਤਵਾਦੀ ਦੱਸਿਆ ਹੋਵੇ।

ਸਬੰਧਿਤ ਖ਼ਬਰ: ਪੀਲੀਭੀਤ ਜੇਲ੍ਹ ਵਿਚ ਸਿੱਖ ਕੈਦੀਆਂ ਦੀਆਂ ਮੌਤਾਂ: ਮੁਲਾਇਮ ਵੱਲੋਂ ਮੁੜ ਜਾਂਚ ਦਾ ਭਰੋਸਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,