ਲੇਖ

ਦਿੱਲੀ ਤਖਤ ਦੀਆਂ ਗ਼ੁਲਾਮ ਰਾਜਨੀਤਕ ਪਾਰਟੀਆਂ ਪੰਜਾਬ ਨੂੰ ਹੀਣਾਂ ਬਣਾਉਣ ਲਈ ਪੱਬਾਂ ਭਾਰ

January 24, 2012 | By

– ਐਡਵੋਕੇਟ ਜਸਪਾਲ ਸਿੰਘ ਮੰਝਪੁਰ

30 ਜਨਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਨੂੰ ਜਿੱਥੇ ਦਿੱਲੀ ਤਖ਼ਤ ਦਾ ਗ਼ੁਲਾਮ ਬਣਾਈ ਰੱਖਣਾ ਚਾਹੁੰਦੀਆਂ ਹਨ, ਉਥੇ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਅਣਖ ਮਾਰਕੇ ਉਨ੍ਹਾਂ ਨੂੰ ਕੰਮਾਂ ਤੋਂ ਵਿਹਲੇ ਕਰਕੇ ਹੀਣਾਂ ਤੇ ਮੰਗਤਾ ਬਣਾਈ ਰੱਖਣ ਲਈ ਪੱਬਾਂ ਭਾਰ ਹੋਈਆਂ ਪਈਆਂ ਨੇ। ਪੰਜਾਬ ਦੀ ਸਹੀ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਪੰਜਾਬ ਦੀ ਸਿਆਸਤ ਨੂੰ ਗੁਰੂਆਂ ਦੇ ਦਰਸਾਏ ਮਾਰਗ ਮੁਤਾਬਕ ਚਲਾਇਆ ਜਾਵੇ। ਪੰਜਾਬ ਦੇ ਰਾਜਨੀਤਕ ਲੋਕ ਰਾਜ ਸੱਤਾ ਦੀ ਪ੍ਰਾਪਤੀ ਲਈ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਿੱਠ ਦਿਖਾਕੇ ਦੇਹਧਾਰੀਆਂ ਪਾਖੰਡੀਆਂ, ਵਿਹਲੜ ਸਾਧਾਂ, ਸਿਰਸੇ ਡੇਰੇ ਦੇ ਮੁਖੀ ਵਰਗੇ ਬਲਾਤਕਾਰੀ ਤੇ ਕਾਤਲ ਲੋਕਾਂ ਅੱਗੇ ਹੱਥ ਅੱਡ ਕੇ ਪੰਜਾਬ ਦੀ ਅਣਖ, ਗੈਰਤ ਤੇ ਮਹਾਨ ਵਿਰਸੇ ਤੋਂ ਮੁਨਕਰ ਹੋ ਰਹੇ ਹਨ।

ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਹੀ ਪੰਜਾਬ ਤੇ ਸਿੱਖਾਂ ਦੇ ਹਿਤਾਂ ਨੂੰ ਅੱਖੋਂ ਓਹਲੇ ਕੀਤਾ ਹੋਇਆ ਹੈ ਅਤੇ ਸਿੱਖਾਂ ਨੂੰ ਉਜਾੜਨ ਤੇ ਪੰਜਾਬ ਨੂੰ ਬਰਬਾਦ ਕਰਨ ਲਈ ਕਾਂਗਰਸ ਦੇ ਨਾਲ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ ਅਤੇ ਅਕਾਲੀ ਦਲ ਬਾਦਲ ਵਲੋਂ ਕੇਂਦਰ ਵਿਚ ਕਾਂਗਰਸ ਨਾਲ ਅਸਿੱਧੀ ਤੇ ਪੰਜਾਬ ਵਿਚ ਭਾਜਪਾ ਨਾਲ ਸਿੱਧੀ ਸਾਂਝ ਬਣਾਕੇ ਪੰਜਾਬ ਤੇ ਖਾਸ ਤੌਰ ’ਤੇ ਸਿੱਖਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਕੇਂਦਰ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਉਸਨੇ ਕਦੀ ਵੀ ਸਿੱਖਾਂ ਨੂੰ ਇਨਸਾਫ ਦੇਣ ਦੀ ਲੋੜ ਨਹੀਂ ਸਮਝੀ ਅਤੇ ਹਮੇਸ਼ਾ ਹੀ ਪੰਜਾਬ ਤੇ ਸਿੱਖਾਂ ਦੇ ਮਸਲਿਆਂ ਨੂੰ ਉਲਝਾਈ ਰੱਖਿਆ ਹੈ ਤਾਂ ਜੋ ਪੰਜਾਬ ਦੇ ਅਸਲ ਵਾਰਸ ਪੰਜਾਬ ਦੇ ਮਾਲਕ ਨਾ ਬਣ ਜਾਣ। ਪੰਜਾਬ ਵਿਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਪਾਣੀਆਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਭਾਰਤੀ ਸੰਵਿਧਾਨ ਤੋਂ ਉਲਟ ਜਾ ਕੇ ਦੂਜੇ ਰਾਜਾਂ ਨੂੰ ਭੰਗ ਦੇ ਭਾਅ ਲੁਟਾਇਆ ਹੈ ਅਤੇ ਜਿਨ੍ਹਾਂ ਸਮਝੌਤਿਆਂ ਤੇ ਸੰਧੀਆਂ ਰਾਹੀਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਭੇਜਿਆ ਗਿਆ ਉਹ ਸੰਧੀਆਂ ਜਾਂ ਸਮਝੌਤੇ ਅੰਤਰਰਾਸ਼ਟਰੀ ਕਾਨੂੰਨ ਤੇ ਭਾਰਤੀ ਸੰਵਿਧਾਨ ਮੁਤਾਬਕ ਕਦੇ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ ਸਨ ਪਰ ਇਕ ਦੂਜੇ ਨੂੰ ਹੇਠਲੇ ਪੱਧਰ ’ਤੇ ਆ ਕੇ ਗਾਲਾਂ ਕੱਢਣ ਵਾਲੇ ਬਾਦਲ ਤੇ ਕੈਪਟਨ ਨੇ ਆਪਣੇ ਅਸਲ ਮਾਲਕ ਦਿੱਲੀ ਤਖਤ ਦੇ ਇਸ਼ਾਰੇ ਉਤੇ ਜੁਲਾਈ 2004 ਵਿਚ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਪਾਣੀਆਂ ਦੇ ਸਮਝੌਤਿਆਂ ਦਾ ਖਾਤਮਾ ਐਕਟ ਸਰਬਸੰਮਤੀ ਨਾਲ ਪਾਸ ਕਰਵਾਇਆ, ਜਿਸ ਮੁਤਾਬਕ ਭਾਵੇਂਕਿ ਸਾਰੇ ਗੈਰਕਾਨੂੰਨੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਗਿਆ ਪਰ ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਹ ਗੱਲ ਆਖ ਦਿੱਤੀ ਗਈ ਕਿ ਇਨ੍ਹਾਂ ਗੈਰ ਕਾਨੂੰਨੀ ਸਮਝੌਤਿਆਂ ਤਹਿਤ ਜਿੰਨਾਂ ਪਾਣੀ ਦੂਜੇ ਰਾਜਾਂ ਨੂੰ ਜੁਲਾਈ 2004 ਤਕ ਜਾ ਰਿਹਾ ਹੈ, ਉਹ ਜਾਰੀ ਰਹੇਗਾ ਜੋ ਕਿ ਪੰਜਾਬ ਨਾਲ ਗੱਦਾਰੀ ਤੋਂ ਘੱਟ ਨਹੀਂ ਕਿਹਾ ਜਾ ਸਕਦਾ।

ਅੱਜ ਕਾਂਗਰਸ, ਭਾਜਪਾ, ਬਾਦਲ ਦਲ, ਪੀ.ਪੀ.ਪੀ., ਕਾਮਰੇਡ, ਬਸਪਾ ਅਤਿਆਦਿਕ ਸਾਰੇ ਰਾਜਨੀਤਕ ਦਲ ‘ਪੰਜਾਬ ਵਸਦਾ ਗੁਰੂਆਂ ਦੇ ਨਾਂ ’ਤੇ’, ਨੂੰ ਪਿੱਛੇ ਸੁੱਟ ਕੇ ਪੰਜਾਬ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿਚ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਸੁਆਰਥੀ ਹਿੱਤਾਂ ਦੀ ਖਾਤਰ ਸਿੱਖਾਂ ਅਤੇ ਪੰਜਾਬ ਨਾਲ ਬੇਵਫਾਈਆਂ ਕੀਤੀਆਂ। ਪੰਜਾਬ ਨਾਲ ਬੇਵਫਾਈ ਕਰਨ ਵਾਲੇ ਇਹ ਲੋਕ ਪੰਜਾਬ ਅਤੇ ਸਿੱਖਾਂ ਦੇ ਹਮੇਸ਼ਾ ਦੋਖੀ ਰਹੇ ਹਨ ਤੇ ਰਹਿਣਗੇ। ਹਾਂ ਇਨ੍ਹਾਂ ਦੀ ਦੋਖੀ ਹੋਣ ਦੀ ਪ੍ਰਤੀਸ਼ਤਤਾ ਵਿਚ ਘੱਟ-ਵੱਧ ਦਾ ਫਰਕ ਹੋ ਸਕਦਾ ਹੈ ਪਰ ਮੂਲ ਰੂਪ ਵਿਚ ਇਹ ਸਿੱਖਾਂ ਤੇ ਪੰਜਾਬ ਦੇ ਵੱਡੇ ਹਿੱਤਾਂ ਦੇ ਬਰਖਿਲਾਫ ਹੀ ਭੁਗਤਦੇ ਰਹੇ ਹਨ।

ਪੰਜਾਬ ਵਿਧਾਨ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਇਕ ਗੱਲ ਖਾਸ ਤੌਰ ’ਤੇ ਦੇਖਣ ਨੂੰ ਮਿਲ ਰਹੀ ਹੈ ਕਿ ਕਿਸੇ ਰਾਜਨੀਤਕ ਦਲ ਨੇ ਪੰਜਾਬ ਦੇ ਮਸਲੇ ਜਾਂ ਸਿੱਖੀ ਦੀ ਚੜ੍ਹਦੀ ਕਲਾ ਨੂੰ ਆਪਣਾ ਮੁੱਦਾ ਨਹੀਂ ਬਣਾਇਆ ਹੈ ਅਤੇ ਵੋਟਰ ਵੀ ਯਥਾ ਰਾਜਾ ਤਥਾ ਪਰਜਾ ਮੁਤਾਬਕ ਆਪਣੇ ਨਿੱਜੀ ਹਿਤਾਂ ਨੂੰ ਪਹਿਲ ਦੇ ਕੇ ਵੋਟ ਦੀ ਵਰਤੋਂ ਕਰਨ ਦੇ ਤਾਅ ਵਿਚ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,