ਚੋਣਵੀਆਂ ਲਿਖਤਾਂ » ਲੇਖ

ਯੋਧੇ ਦੀ ਸਦੀਵੀ ਵਿਦਾਇਗੀ

August 23, 2010 | By

ਸੰਪਾਦਕੀ, ਹਫਤਾਵਾਰੀ ਅੰਮ੍ਰਿਤਸਰ ਟਾਈਮਜ਼ *

ਭਾਈ ਸੁਰਿੰਦਰ ਪਾਲ ਸਿੰਘ

ਭਾਈ ਸੁਰਿੰਦਰ ਪਾਲ ਸਿੰਘ

ਖੰਡੇ ਦਾ ਧਾਰ ਤੋਂ ਸਿਰਜੀ ਗਈ ਸਿੱਖ ਕੌਮ ਦੀ ਕਹਾਣੀ ਸ਼ਾਨਦਾਰ ਯੁਧਾਂ ਦੀ ਇੱਕ ਲੰਮੀ ਦਾਸਤਾਂ ਹੈ। ਅਪਣੇ ਜਨਮ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਸਿੱਖਾਂ ਨੂੰ ਲਗਾਤਾਰ ਬਾਹਰੀ ਦੁਸ਼ਮਣਾਂ ਨਾਲ ਲੜ੍ਹਣਾ ਪੈ ਰਿਹਾ ਹੈ। ਨਿਰਸੰਦੇਹ ਯੁਧ ਕਿਸੇ ਵੀ ਕੌਮ ਲਈ ਕੇਵਲ ਜਿੱਤਾਂਹੀ ਨਹੀਂ ਲੈ ਕੇ ਆਉਂਦੇ, ਹਾਰਾਂ ਅਤੇ ਨਾਲ ਹੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਦੇ ਜਾਂਦੇ ਹਨ। ਸਿਰਫ਼ ਅਪਣੇ ਲਈ ਨਹੀਂ ਸਗੋਂ ਹੋਰਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਮੈਦਾਨੇ ਜੰਗ ਵਿੱਚ ਜੂਝਣ ਵਿੱਚ ਸਿੱਖਾਂ ਦਾ ਨਿਵੇਕਲਾ ਇਤਿਹਾਸ ਹੈ। ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਜਦੋਂ ਬਾਅਦ ਵਿੱਚ ਦੇਸੀ ਹਾਕਮਾਂ ਹੱਥੋਂ ਪੈਰ ਪੈਰ ਉੱਤੇ ਧੋਖਾ ਖਾਣ ਦੇ ਨਾਲ ਜ਼ਲੀਲ ਤੱਕ ਹੋਣਾ ਪਿਆ ਤਾਂ ਕਿਤੇ ਜਾ ਕੇ ਇਨ੍ਹਾਂ ਨੂੰ ਦਿੱਲੀ ਦੇ ਹਾਕਮਾਂ ਦੀਆਂ ਚਾਲਾਂ ਦੀ ਕੁਝ ਕੁਝ ਸਮਝ ਆਈ। 20ਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਵਿੱਚ ਸਿਖ਼ਰਾਂ ਨੂੰ ਛੋਹਣ ਵਾਲਾ ਖਾੜਕੂ ਸੰਘਰਸ਼ ਅਸਲ ਵਿੱਚ ਦੇਸ਼ ਦੀ ਵੰਡ ਤੋਂ ਲੈ ਕੇ ਸਿੱਖਾਂ ਅਤੇ ਪੰਜਾਬ ਨਾਲ ਹੁੰਦੇ ਆ ਰਹੇ ਅਨਿਆਂ ਦਾ ਹੀਸਿੱਟਾ ਸੀ। ਦੋ ਦਹਾਕਿਆਂ ਤੋਂ ਵੱਧ ਸਮਾਂ ਚੱਲੇ ਸਿੱਖ ਸੰਘਰਸ਼ ਦੌਰਾਨ ਸਿੱਖ ਜਵਾਨੀ ਨੇ ਅਪਣੀਆਂ ਜਾਨਾਂ ਤਲੀਆਂ ਉੱਤੇ ਰਖਦਿਆਂ ਯੁੱਧ ਦੇ ਅਦਭੁੱਤ ਕਿੱਸੇ ਸਿਰਜੇ। ਹਕੂਮਤੀ ਜੁਲਮਾਂ ਦੇ ਝੱਖੜਾਂ ਦੀ ਮਾਰ ਸਹਿਦਿੰਆਂ ਸਿਦਕ ਨਹੀਂ ਹਾਰਿਆ।

ਅਕਸਰ ਹੀ ਇਹ ਹੁੰਦਾ ਹੈ ਕਿ ਯੁਧਾਂ ਦੌਰਾਨ ਕੁਝ ਨਾਇਕ ਬਹੁਤ ਹੀ ਉਭਰ ਕੇ ਸਾਹਮਣੇ ਆਉਂਦੇ ਹਨ ਅਤੇ ਕੁਝ ਹੋਰ ਚਾਹੁੰਦਿਆਂ ਨਾ ਚਾਹੁੰਦਿਆਂ ਛਿਪੇਰਹਿੰਦੇ ਜਾਂ ਛੁਪਾਏ ਜਾਂਦੇ ਹਨ। ਕੁਝ ਹੋਰ ਭਾਵੇਂ ਰਾਜਸੀ ਸੀਨ ਉੱਤੇ ਤਾਂ ਉਭਰਦੇ ਹਨ ਪਰ ਉਨ੍ਹਾਂ ਵਲੋਂ ਘੱਲੀਆਂ ਅਸਲ ਘਾਲਨਾਵਾਂ ਅਤੇ ਕੀਤੀਆਂ ਕੁਰਬਾਨੀਆਂ ਦੀ ਅਸਲੀ ਥਾਹ ਬਹੁਤ ਹੀ ਘੱਟ ਲੋਕਾਂ ਨੂੰ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਸੁਰਿੰਦਰ ਪਾਲ ਸਿੰਘ ਅਜਿਹੇ ਹੀ ਵਿਅਕਤੀਆਂ ਵਿੱਚੋਂ ਸਨ। ਨਾਮੁਰਾਦ ਅਤੇ ਲਾਇਲਾਜ ਬੀਮਾਰੀ ਕਾਰਨ ਪਿਛਲੇ ਲੱਗਪਗ ਦੋ ਸਾਲ ਤੋਂ ‘ਬੇਸੁਰਤੀ’ (ਕੋਮਾ) ਦੀ ਹਾਲਤ ਵਿੱਚ ਘਰ ਵਿੱਚ ਬਿਸਤਰ ਉੱਤੇ ਪੈਣ ਲਈ ਮਜਬੂਰ ਇਸ ਯੋਧੇ ਨੇ ਸਿੱਖ ਸੰਘਰਸ਼ ਲਈ ਜਿਹੜਾ ਯੋਗਦਾਨ ਪਾਇਆ, ਉਸਦਾ ਅਸਲੀ ਲੇਖਾ ਜੋਖਾ ਤਾਂ ਅਜੇ ਕੀਤਾ ਜਾਣਾ ਹੈ, ਪਰ ਉਨ੍ਹਾਂ ਨੂੰ ਨੇੜਿਓਂ ਜਾਣਨ ਜਾਂ ਨਾਲ ਕੰਮ ਕਰਨ ਵਾਲੇ ਜਾਣਦੇ ਹਨ ਕਿ ਇਸ ਮਿੱਠਬੋਲੜੇ ਅਤੇ ਬੇਹੱਦ ਸਲੀਕੇ ਵਾਲੇ ਮਨੁੱਖ ਦੀ ਦ੍ਰਿੜਤਾ ਅਤੇ ਸਿਰੜ ਦਾ ਕੋਈ ਸਾਨੀ ਨਹੀਂ ਸੀ।

ਖਾੜਕੂ ਸਿੱਖ ਨੇਤਾ ਭਾਈ ਦਲਜੀਤ ਸਿੰਘ ਬਿੱਟੂ ਦੇ ਅਤਿ ਨੇੜ੍ਹਲੇ ਅਤੇ ਵਿਸ਼ਵਾਸ਼ਪਾਤਰ ਭਾਈ ਸੁਰਿੰਦਰ ਪਾਲ ਸਿੰਘ ਨੇ ਲਹਿਰ ਦੇ ਸਭਨਾਂ ਪੜਾਵਾਂ ਉੱਤੇ ਜਿਹੜੀਆਂ ਘਾਲਨਾਵਾਂ ਘੱਲੀਆਂ, ਉਨ੍ਹਾਂ ਦਾ ਬਿਆਨ ਬੜੇ ਵਿਸਥਾਰ ਦੀ ਮੰਗ ਕਰਦਾ ਹੈ। ਪਾਤੜਾਂ ਨੇੜ੍ਹਲੇ ਪਿੰਡ ਦੇ ਜੰਮਪਲ ਨੌਜਵਾਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ੳੱੁਚ ਪੜ੍ਹਾਈ ਦੌਰਾਨ ਸੰਘਰਸ਼ ਵਿੱਚ ਤਾਂ ਥਾਂ ਬਣਾਈ ਹੀ, ਜਿਸ ਕਿਸੇ ਦੇ ਵੀ ਸੰਪਰਕ ਵਿੱਚ ਆਏ ਉਸੇ ਨੂੰ ਅਪਣੀ ਬੋਲ ਚਾਲ ਅਤੇ ਵਿਵਹਾਰ ਨਾਲ ਮੋਹ ਲਿਆ। ਅਣਗਿਣਤ ਜੁਝਾਰੂ ਨੌਜਵਾਨਾਂ ਵਾਂਗ ਅਪਣੇ ਭਵਿੱਖ ਦੀ ਥਾਂ ਕੌਮ ਦੇ ਭਵਿੱਖ ਲਈ ਸਭ ਕੁਝ ਦਾਅ ਉੱਤੇ ਲਾ ਦੇਣ ਵਾਲੇ ਨੌਜਵਾਨਾਂ ਦੀ ਕਤਾਰ ਵਿੱਚ ਮੋਹਰੀ ਹੋ ਕੇ ਖੜੋਣ ਵਾਲੇ ਸੁਰਿੰਦਰ ਪਾਲ ਸਿੰਘ ਨੂੰ ਵੀ ਪੁਲੀਸ ਦੇ ਅਕਹਿ ਤਸ਼ੱਦਦ ਸਹਿਣੇ ਪਏ। ਇੱਕ ਸਮੇਂ ਪੁਲੀਸ ਵਲੋਂ‘ਮਾਰ ਕੇ ਖਪਾ ਦੇਣ’ ਦੇ ਖਦਸਿਆਂ ਦੌਰਾਨ ਕਿਵੇਂ ਨਾ ਕਿਵੇਂ ਬਚ ਜਾਣ ਦੇ ਬਾਅਦ ਸਾਡੇ ਇਸ ਨਿਡਰ ਯੋਧੇ ਨੇ ਜੇਲ੍ਹੋਂ ਬਾਹਰ ਆਉਂਦਿਆਂ ਪਹਿਲਾਂ ਨਾਲੋਂ ਵੀ ਵੱਧ ਖਤਰਿਆਂ ਨਾਲ ਖੇਡਣਾ ਜਾਰੀ ਰਖਿਆ।

ਭਾਈ ਸੁਰਿੰਦਰ ਪਾਲ ਸਿੰਘ ਨੇ ਖਿੰਡਦੀ ਜਾ ਰਹੀ ਲਹਿਰ ਨੂੰ ਹੋਰ ਹੇਠਾਂ ਜਾਣੋਂ ਬਚਾਉਣ ਲਈ ਜਥੇਬੰਦਕ ਫਰੰਟ ਉੱਤੇ ਕੰਮ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਨਰਗਠਨ  ਦਾ ਅਤਿ ਅਹਿਮ ਕਾਰਜ ਨੇਪਰੇ ਚਾੜ੍ਹਿਆ। ਨਾਲ ਹੀ ਭਾਈ ਦਲਜੀਤ ਸਿੰਘ ਬਿੱਟੂ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ  ਅਤੇ ਸਾਥੀਆਂ ਦੇ ਮੁਕਦਮਿਆਂ ਲਈ ਕਾਨੂੰਨੀ ਚਾਰਾਜ਼ੋਈ ਵੀ ਬੜੇ ਯੋਜਨਾਬੱਧ ਢੰਗ ਨਾਲ ਕਰਦਿਆਂ ਪੁਲੀਸ ਵਲੋਂ ‘ਮੜ੍ਹੇ ਕੇਸਾਂ’ ਚੋਂ ਬਹੁਤੇ ਮਾਮਲਿਆਂ ਵਿੱਚ ਬਰੀਹੋਣ ਦਾ ਆਧਾਰ ਬਣਾਇਆ। ਭਾਈ ਸੁਰਿੰਦਰਪਾਲ ਸਿੰਘ ਵਿਦਿਆਰਥੀ ਜੀਵਨ ਦੌਰਾਨ ਬੜੇ ਤੇਜ ਤਰਾਰ ਸੁਭਾਅ ਦੇ ਸਮਝੇ ਜਾਂਦੇ ਸਨ ਪਰ ਸੰਰਘਸ਼ ਨਾਲ ਸਾਂਝ ਜਿਉਂ ਜਿਉਂ ਲੰਮੀ ਤੇ ਗੂੜ੍ਹੀ ਹੁੰਦੀ ਗਈ, ਉਹ ਵਿਵਹਾਰ ਅਤੇ ਬੋਲ ਚਾਲ ਵਿੱਚ ਵੱਧ ਸੰਜੀਦਾ ਅਤੇ ਸਹਿਜ ਹੁੰਦੇ ਗਏ। ਮੂਲ ਰੂਪ ਵਿੱਚ ਉੱਹ ਬੋਲਦੇ ਘੱਟ ਅਤੇ ਕਾਰਵਾਈ/ਸਰਗਰਮੀ  ਵੱਧ ਕਰਦੇ ਸਨ।

ਉੱਚੇ ਲੰਮੇ, ਸੁਹਣੇ ਸੁਨੱਖੇ ਅਤੇ ਰਿਸ਼ਟ ਪੁਸ਼ਟ ਦਿਸਦੇ ਭਾਈ ਸੁਰਿੰਦਰ ਪਾਲ ਸਿੰਘ ਨੂੰ ਅੰਦਰਖ਼ਾਤੇ ਕੋਈ ਗੰਭੀਰ ਬੀਮਾਰੀ ਅਪਣੀ ਲਪੇਟ ਵਿੱਚ ਲੈਂਦੀ ਆ ਰਹੀ ਇਸਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਦੋ ਕੁ ਸਾਲ ਪਹਿਲਾਂ ਜਦ ਇਹ ਕੁਝ ਸਾਹਮਣੇ ਆਇਆ ਤਾਂ ਸਭ ਕੁਖ ਵਸੋਂ ਬਾਹਰਾ ਹੋ ਚੁੱਕਾ ਸੀ। ਕੁਦਰਤ ਵਲੋਂ ਲੱਗੀ ਜਾਂ ਦੁਸ਼ਮਣ ਤਾਕਤਾਂ ਵਲੋਂ ਲਾਈ ਸਮਝੀ ਜਾਂਦੀ ਇਸ ਬੀਮਾਰੀ ਦੇ ਬਾਅਦ ਉਹ ਬਹੁਤਾ ਸਮਾਂ ਠੀਕ ਨਾ ਰਹਿ ਸਕੇ। ਫਿਰ ਅਚਾਨਕ ਇਸ ਯੋਧੇ ਨੂੰ‘ਕੋਮਾ’ ਦੀ ਹਾਲਤ ਵਿੱਚ ਮੰਜੇ ਉੱਤੇ ਪਏ ਵੇਖ ਪਰਿਵਾਰ ਵਾਲਿਆਂ ਦੇ ਮਨਾਂ ਉੱਤੇ ਜਿਹੜੀ ਬੀਤਦੀ ਹੋਵੇਗੀ ਉਹ ਉਹੀ ਜਾਣ ਸਕਦੇ ਹਨ ਜਿਨ੍ਹਾਂ ਨੂੰ ਵੇਖਣੀ ਅਤੇ ਸਹਿਣੀ ਪਈ ਹੋਵੇ। ਆਮ ਆਦਮੀ ਦੇ ਮਰੀਜ਼ ਹੋ ਕੇ ਮੰਜਾ ਮੱਲ ਲੈਣ ਨੂੰ ਸਹਿਣਾ ਹੋਰ ਗੱਲ ਹੈ, ਪਰ ਕਿਸੇ ਯੋਧੇ ਉੱਤੇ ਕੁਦਰਤ ਵਲੋਂ ਅਜਿਹਾ ਠੋਸਿਆ ‘ਆਰਾਮ’ਸਭਨਾਂ ਲਈ ਬੇਹੱਦ ਦੁੱਖਦਾਈ ਹੋ ਨਿਬੜਦਾ ਹੈ। ਆਖ਼ਰੀ ਸਾਹ ਤੱਕ ਜੂਝਣ ਵਾਲੇ ਇਸ ਪੰਥਕ ਹੀਰੇ ਦਾ ਸਦੀਵੀ ਵਿਛੋੜਾ ਭਾਵੇਂ ਅਸਹਿ ਹੈ ਪਰ ਅਜਿਹੇ ਯੋਧਿਆਂ ਦੇ ਤੁਰ ਜਾਣ ਉੱਤੇ ਵੈਣ ਨਹੀਂ ਪਾਏ ਜਾਂਦੇ ਬਲਕਿ ਵਾਰਾਂ ਗਾਈਆਂ ਹਨ। ਫੈਜ਼ ਅਹਿਮਦ ਫੈਜ਼ ਦੇ ਸ਼ਬਦਾਂ ਵਿੱਚ ‘ਜਿਸ ਧਜ ਕੇ ਕੋਈ ਮਕਤਲ ਮੇਂ ਗਿਆ ਵੋਹ ਸ਼ਾਨ ਸਲਾਮਤ ਰਹਿਤੀ ਹੈ, ਇਸ ਯਾਂ (ਜਾਨ) ਕੀ ਤੋ ਕੋਈ ਬਾਤ ਨਹੀਂ ਜੇ ਯਾਂ ਤੋਂ ਆਨੀ ਜਾਨੀ ਹੈ’।

* ਅੰਕ 18 ਤੋਂ 24 ਅਗਸਤ, 2010

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,