ਵਿਦੇਸ਼ » ਸਿਆਸੀ ਖਬਰਾਂ

ਸ਼ਰਣਾਰਥੀਆਂ ਬਾਰੇ ਸਮਝੌਤੇ ਨੂੰ ਲੈ ਕੇ ਟਰੰਪ ਤੇ ਆਰਟ੍ਰੇਲੀਆਈ ਪ੍ਰਧਾਨ ਮੰਤਰੀ ਟਰਨਬੁੱਲ ਦੀ ਗੱਲ ਵਿਗੜੀ

February 3, 2017 | By

ਵਾਸ਼ਿੰਗਟਨ: ਡੋਨਲਡ ਟਰੰਪ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਵਿਚਾਲੇ ਫੋਨ ਉੱਤੇ ਪਹਿਲੀ ਦਫਾ ਹੋਈ ਗੱਲਬਾਤ ਕੂਟਨੀਤਕ ਸੰਕਟ ਵਿਚ ਬਦਲ ਗਈ। ਇਸ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਓਬਾਮਾ ਦੇ ਸਮੇਂ 1200 ਸ਼ਰਣਾਰਥੀਆਂ ਨੂੰ ਸਵੀਕਾਰ ਕਰਨ ਬਾਰੇ ਆਸਟ੍ਰੇਲੀਆ ਨਾਲ ਹੋਏ ਕਰਾਰ ਨੂੰ ‘ਬੇਤੁਕਾ ਸਮਝੌਤਾ’ ਦੱਸ ਦਿੱਤਾ। ‘ਦ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਟਰਨਬੁੱਲ ਨਾਲ ਗੱਲਬਾਤ ਉਸ ਦਿਨ ਵਿਸ਼ਵ ਭਰ ਦੇ ਆਗੂੳਾਂ ਨੂੰ ਕੀਤੀਆਂ ਫੋਨ ਕਾਲਾਂ ਵਿਚੋਂ ਸਭ ਤੋਂ ਵੱਧ ਬਕਵਾਸ ਸੀ। ਉਨ੍ਹਾਂ 25 ਮਿੰਟਾਂ ਮਗਰੋਂ ਹੀ ਇਹ ਗੱਲਬਾਤ ਖਤਮ ਕਰ ਦਿੱਤੀ।

trump turnbull

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ

ਪਿਛਲੇ ਸ਼ਨੀਵਾਰ ਨੂੰ ਟਰਨਬੁੱਲ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਸ਼ਰਣਾਰਥੀਆਂ ਨੂੰ ਸਵੀਕਾਰ ਕਰਨ ਬਾਰੇ ਹੋਏ ਸਮਝੌਤੇ ਉਤੇ ਇਤਰਾਜ਼ ਜਤਾਇਆ। ਦੋਵਾਂ ਆਗੂਆਂ ਵਿਚਾਲੇ ਅਣਬਣ ਉਦੋਂ ਸਾਹਮਣੇ ਆਈ, ਜਦੋਂ ਅਮਰੀਕਾ ਵਲੋਂ ਆਸਟ੍ਰੇਲੀਆ ਤੋਂ 1200 ਸ਼ਰਣਾਰਥੀ ਸਵੀਕਾਰ ਕਰਨ ਬਾਰੇ ਗੱਲ ਚੱਲੀ। ਓਬਾਮਾ ਪ੍ਰਸ਼ਾਸਨ ਅਧੀਨ ਸਿਰੇ ਚੜ੍ਹੇ ਇਸ ਸਮਝੌਤੇ ਤਹਿਤ ਆਸਟ੍ਰੇਲੀਆ ਦੇ ਹਿਰਾਸਤੀ ਕੇਂਦਰਾਂ ਵਿਚ ਰਹਿ ਰਹੇ ਸ਼ਰਣਾਰਥੀ ਅਮਰੀਕਾ ਭੇਜੇ ਜਾਣਗੇ। ਇਨ੍ਹਾਂ ਵਿਚੋਂ ਜ਼ਿਆਦਾਤਰ ਅਜਿਹੇ ਸੱਤ ਮੁਲਕਾਂ ਦੇ ਹਨ, ਜਿਨ੍ਹਾਂ ਦੇ ਨਾਗਰਿਕਾਂ ‘ਤੇ ਅਮਰੀਕਾ ਵਿਚ ਦਾਖਲੇ ਉੱਤੇ ਟਰੰਪ ਨੇ ਹੁਣੇ ਰੋਕ ਲਾਈ ਹੈ।

ਅਮਰੀਕੀ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਟਰੰਪ ਨੇ ਜ਼ੋਰ ਦਿੱਤਾ ਕਿ ਦੋ ਹਜ਼ਾਰ ਸ਼ਰਣਾਰਥੀਆਂ ਨੂੰ ਆਉਣਾ ਦੇਣਾ ਬਹੁਤ ਬੁਰਾ ਸਮਝੌਤਾ ਹੈ ਅਤੇ ਇਨ੍ਹਾਂ ਵਿਚੋਂ ਕੋਈ ਵੀ ਬੋਸਟਨ ਵਿਚ ਹਮਲਾ ਕਰਨ ਵਾਲਾ ਅਗਲਾ ਅੱਤਵਾਦੀ ਬਣ ਸਕਦਾ ਹੈ। ਟਰਨਬੁੱਲ ਨੇ ਟਰੰਪ ਨੂੰ ਕਈ ਵਾਰ ਕਿਹਾ ਕਿ ਸਮਝੌਤਾ ਦੋ ਹਜ਼ਾਰ ਦੀ ਥਾਂ 1250 ਸ਼ਰਣਾਰਥੀਆਂ ਬਾਰੇ ਸੀ। ਅਮਰੀਕੀ ਰਾਸ਼ਟਰਪਤੀ ਨੇ ਚਿੰਤਾ ਪ੍ਰਗਟਾਈ ਕਿ ਜਦੋਂ ਉਨ੍ਹਾਂ ਦੇ ਪ੍ਰਸ਼ਾਸਕੀ ਆਦੇਸ਼ ਲਾਗੂ ਹਨ ਤਾਂ ਓਬਾਮਾ ਪ੍ਰਸ਼ਾਸਨ ਅਧੀਨ ਹੋਏ ਸਮਝੌਤੇ ‘ਤੇ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਕਰਨ ਉੱਤੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਅਧੀਨ ਹੋਏ ‘ਭਿਆਨਕ ਸਮਝੌਤੇ’ ਤਹਿਤ ਜੇ ਅਮਰੀਕਾ ਇਰਾਨ ਦੀ ਬਾਂਹ ਨਾ ਫੜਦਾ ਤਾਂ ਉਹ ਟੁੱਟਣ ਕੰਢੇ ਪੁੱਜ ਗਿਆ ਸੀ। ਟਰੰਪ ਨੇ ਟਵੀਟ ਕੀਤਾ ਕਿ ਬੈਲਿਸਟਿਕ ਮਿਜ਼ਾਈਲ ਦਾਗ਼ਣ ਕਾਰਨ ਇਰਾਨ ਨੂੰ ਰਸਮੀ ਤੌਰ ‘ਤੇ ਚਿਤਾਵਨੀ ਦਿੱਤੀ ਗਈ ਹੈ।

ਸਬੰਧਤ ਖ਼ਬਰ:

ਸੀਰੀਆ ਦੇ ਸ਼ਰਣਾਰਥੀਆਂ ਲਈ ਟਰੰਪ ਨੇ ਬੰਦ ਕੀਤੇ ਅਮਰੀਕਾ ਦੇ ਦਰਵਾਜ਼ੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,