February 23, 2020 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ ਘੱਟ-ਗਿਣਤੀ ਕੌਮਾਂ ਵਿਰੁੱਧ ਉੁਹ ਜੋ ਕੁਝ ਵੀ ਕਰਦਾ ਹੈ ਉਸਦਾ ਅੰਦਰੂਨੀ ਮਾਮਲਾ ਹੈ, ਨੂੰ ਮੁਢੋ ਰੱਦ ਕਰਨ ਅਤੇ ਸਰਗਰਮ ਦਖਲਅੰਦਾਜੀ ਕਰਕੇ ਜਿਥੇ ਮੋਦੀ ਹਕੂਮਤ ਨੂੰ ਦੁਨੀਆਂ ਸਾਹਮਣੇ ਜੁਆਬਦੇਹ ਬਨਾਉਣ ਉੱਥੇ ਪ੍ਰਭੂਸਤਾ ਸੰਪੰਨ ਸਵੈ-ਰਾਜ ਲਈ ਲੜ ਰਹੀਆਂ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦਿਵਾਉਣ ਵਿੱਚ ਮਦਦਗਾਰ ਹੋਣ।
ਅਮਰੀਕੀ ਰਾਸ਼ਟਰਪਤੀ ਨੂੰ ਭੇਜੇ ਖੱਤ ਵਿੱਚ ਸਿੱਖਾਂ ਦੀ ਕੌਮੀ ਪਾਰਟੀ ਨੇ ਟਰੰਪ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਿਵੇਂ ਮੋਦੀ ਨਿਜ਼ਾਮ ਹਕੂਮਤੀ ਤਾਕਤ ਦੀ ਵਰਤੋਂ ਕਰਕੇ ਯੁਨੀਵਰਸਟੀ ਦੇ ਵਿਦਿਆਰਥੀਆਂ, ਵਿਦਵਾਨਾਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਰਾਜਨੀਤਿਕ ਕਾਰਜਕਰਤਾਵਾਂ ਉਤੇ ਅਤਿਆਚਾਰ ਢਾਅ ਰਿਹਾ ਹੈ ਅਤੇ ਦੁਨੀਆਂ ਨੂੰ ਭਰਮਾਉਣ ਲਈ ਉਪਰੋਂ ਗਾਂਧੀਵਾਦੀ ਪੁਹੰਚ ਦਾ ਕਵਜ਼ ਹੋੜ ਰਖਿਆ ਹੈ।
ਪਾਰਟੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਖੱਤ ਬਾਰੇ ਵਿਸਥਾਰਿਤ ਜਾਣਕਾਰੀ ਪਤਰਕਾਰਾਂ ਨਾਲ ਸਾਂਝੀ ਕੀਤੀ। ਉਹਨਾਂ ਦਸਿਆ ਕਿ ਇਹ ਖਤ ਬੀਤੇ ਦਿਨੀ ਅਮਰੀਕਾ ਦੇ ਦਿੱਲੀ ਸਥਿਤ ਦੁਤਾਵਾਸ ਰਾਂਹੀ ਭੇਜ ਦਿੱਤਾ ਗਿਆ ਸੀ।
ਰਾਸ਼ਟਰਪਤੀ ਟਰੰਪ ਨੂੰ ਸੰਬੋਧਨ ਹੁੰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਜਿਸ ਮੌਕੇ ਤੁਸੀ ਭਾਰਤ ਦੀ ਧਰਤੀ ਤੇ ਪੈਰ ਰੱਖ ਰਹੇ ਹੋ ਤਾਂ ਉਹਨਾਂ ਵਲਿਆਂ ਵਿੱਚ ਤੁਹਾਡੇ ਮਿੱਤਰ ਨਰਿੰਦਰ ਮੋਦੀ ਤੇ ਉਹਨਾਂ ਦੀ ਪਾਰਟੀ ਭਾਜਪਾ ਦਾ ਘੱਟ-ਗਿਣਤੀ ਕੌਮਾਂ ਅਤੇ ਨਸਲੀ ਧਰਮਾਂ ਵਿਰੁੱਧ ਫਿਰਕੂ ਹਮਲੇ ਲਗਾਤਾਰ ਜਾਰੀ ਹਨ।
ਸ਼੍ਰੀ ਟਰੰਪ ਨੂੰ ਭਾਰਤ ਅੰਦਰ ਕਸ਼ਮੀਰ ਦੀ ਖੁਦਮੁਖਤਿਆਰੀ ਖੋਹਣ ਅਤੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਤੋਂ ਬਾਅਦ ਬਣੇ ਵਿਸਫੋਟਕ ਹਾਲਾਤਾਂ ਬਾਰੇ ਦਸਦਿਆਂ ਦਲ ਖਾਲਸਾ ਨੇ ਕਿਹਾ ਕਿ ਫੋਕੇ ਰਾਸ਼ਟਰਵਾਦ ਦੇ ਬੁਰਕੇ ਹੇਠ ਪਾਕਿਸਤਾਨ-ਵਿਰੋਧੀ, ਮੁਸਲਮਾਨ-ਵਿਰੋਧੀ ਅਤੇ ਘੱਟ-ਗਿਣਤੀਆਂ-ਵਿਰੋਧੀ ਮਾਹੌਲ ਅਤੇ ਸੋਚ ਨੂੰ ਪੂਰੀ ਹਵਾ ਦਿਤੀ ਜਾ ਰਹੀ ਹੈ ਤਾਂ ਜੋ ਸਮਾਜ ਨੂੰ ਫਿਰਕੂ ਲੀਹਾਂ ‘ਤੇ ਵੰਡਿਆ ਜਾ ਸਕੇ।
ਖੱਤ ਵਿੱਚ ਘੱਟ-ਗਿਣਤੀ ਕੌਮਾਂ, ਮਜ਼ਲੂਮਾਂ ਅਤੇ ਮੂਲਨਿਵਾਸੀਆਂ ਦੀ ਰੱਖਿਆ ਲਈ ਅਮਰੀਕਾ ਨੂੰ ਸਰਗਰਮ ਭੁਮਿਕਾ ਨਿਭਾਉਣ ਦੀ ਗੁਜਾਰਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਨਸਲੀ ਕੌਮਾਂ ਜਿਨਾਂ ਦੀ ਆਪਣੀ ਅੱਡਰੀ ਪਛਾਣ ਹੈ ਜਿਵੇਂ ਕਿ ਕਸ਼ਮੀਰੀ, ਨਾਗਾ, ਸਿੱਖ ਉਹ ਅਮਰੀਕਾ ਤੋਂ ਆਸ ਰੱਖਦੇ ਹਨ ਕਿ ਉਹ ਭਾਰਤ ਉਤੇ ਦਬਾਅ ਪਾਵੇ ਕਿ ਉਹ ਇਹਨਾਂ ਕੌਮਾਂ ਦੇ ਸਵੈ-ਨਿਰਣੇ ਦੇ ਹੱਕ ਰਾਂਹੀ ਸਵੈ-ਰਾਜ ਦੀਆਂ ਪ੍ਰਬੱਲ ਇਛਾਵਾਂ ਨੂੰ ਸਵੀਕਾਰ ਕਰੇ ਅਤੇ ਮਾਨਤਾ ਦੇਵੇ।
ਕੰਵਰਪਾਲ ਸਿੰਘ ਨੇ ਅਗੇ ਕਿਹਾ ਕਿ ਦੁਨੀਆਂ ਦੇ ਆਗੂ ਹੋਣ ਦੇ ਹੈਸੀਅਤ ਵਿੱਚ ਅਮਰੀਕਾ ਲਈ ਕਿਸੇ ਇੱਕ ਧਿਰ ਦੇ ਪੱਖ ਵਿੱਚ ਖੜਣਾ ਗੈਰ-ਵਾਜਿਬ ਹੈ । ਉਹਨਾਂ ਭਾਰਤੀ ਪ੍ਰਧਾਨ ਮੰਤਰੀ ਉਤੇ ਤੰਜ਼ ਕਸਦਿਆਂ ਕਿਹਾ ਕਿ ਟਰੰਪ ਨਾਲ ਗਲ਼ਵੱਕੜੀ ਵਾਲ਼ੀਆਂ ਫੋਟੋਆਂ ਨਸ਼ਰ ਕਰਕੇ ਨਰਿੰਦਰ ਮੋਦੀ ਕਸ਼ਮੀਰੀਆਂ, ਸਿਖਾਂ ਅਤੇ ਦੂਜੀਆਂ ਸੰਘਰਸ਼ਮਈ ਕੌਮਾਂ ਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਉਹਨਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀ ਹੈ।
ਉਹਨਾਂ ਕਿਹਾ ਕਿ ਮੋਦੀ ਹਕੂਮਤ ਦੀਆਂ ਫਾਸੀਵਾਦੀ ਨੀਤੀਆਂ ਇਸ ਖਿਤੇ ਦੀ ਸ਼ਾਂਤੀ ਨੂੰ ਲਾਂਬੂ ਲਾ ਰਹੀਆਂ ਹਨ। ਉਹਨਾਂ ਕਿਹਾ ਪੂਰਾ ਮੁਲਕ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੜਕਾਂ ਉਤੇ ਵਿਰੋਧ ਵਿੱਚ ਬੈਠਾ ਹੈ ਪਰ ਮੋਦੀ ਹਕੂਮਤ ਸੱਤਾ ਦੇ ਹੰਕਾਰ ਦੇ ਨਸ਼ੇ ਵਿੱਚ ਚੂਰ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਜੇਕਰ ਅਮਰੀਕੀ ਰਾਸ਼ਟਰਪਤੀ ਦਾ ਇਹ ਤਰਕ ਕਿ ਵਿਉਪਾਰਿਕ ਹਿਤ-ਪ੍ਰਥਮ ਮੰਨ ਵੀ ਲਏ ਜਾਣ ਤਾਂ ਵੀ ਮੁਲਕ ਦੇ ਹਾਲਾਤ ਵਿਦੇਸ਼ੀ ਸਰਕਾਰਾਂ ਜਾਂ ਪ੍ਰਾਈਵੇਟ ਕੰਪਨੀਆਂ ਲਈ ਪੂੰਜੀ ਲਾਉਣ ਲਈ ਸਾਜ਼ਗਾਰ ਨਹੀਂ ਹਨ।
ਹਿੰਦੁਤਵੀ ਤਾਕਤਾਂ ਦਾ ਹਿੰਦੂ ਰਾਸ਼ਟਰ ਦੇ ਨਿਰਮਾਣ ਦੀਆਂ ਕੋਸ਼ਿਸ਼ਾਂ ਉਤੇ ਤਿੱਖਾ ਵਾਰ ਕਰਦਿਆਂ ਉਹਨਾਂ ਕਿਹਾ ਕਿ ਭਾਜਪਾ ਦਾ ਹਿੰਦੂ ਰਾਸ਼ਟਰ ਦਾ ਏਜੰਡਾ ਸਾਡੀ ਅੱਡਰੀ ਪਛਾਣ ਅਤੇ ਹੋਂਦ ਲਈ ਖਤਰਾ ਹੈ ਅਤੇ ਜੇਕਰ ਇਸ ਨੂੰ ਸਮਾਂ ਰਹਿੰਦਿਆਂ ਰੋਕਿਆ ਨਾ ਗਿਆ ਤਾਂ ਇਸ ਦੇ ਸਿੱਟੇ ਭਿੰਅਕਰ ਹੋਣਗੇ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਰਕਾਰ ਤੇ ਉਸਦਾ ਤੰਤਰ ਇਸ ਹੱਦ ਤੱਕ ਭਾਰੂ ਅਤੇ ਆਪ-ਮੁਹਾਰਾ ਹੋ ਚੁੱਕਾ ਹੈ ਕਿ ਜੁਡੀਸ਼ਰੀ ਅਤੇ ਫੌਜ ਉਸਦੀ ਪਿਛਲੱਗ ਬਣ ਕੇ ਰਹਿ ਗਈ ਹੈ ਜੋ ਕਿ ਜਮਹੂਰੀਅਤ ਅਤੇ ਲੋਕ-ਹੱਕਾਂ ਲਈ ਬਹੁਤ ਘਾਤਕ ਹੈ।
ਟਰੰਪ ਦੀ ਮੋਦੀ ਨਾਲ ਨੇੜਤਾ ਨੂੰ ਸਮਝਦਿਆਂ, ਦਲ ਖਾਲਸਾ ਨੇ ਅਮਰੀਕੀ ਰਾਸ਼ਟਰਪਤੀ ਪਾਸੋਂ ਆਸ ਕੀਤੀ ਅਤੇ ਕਿਹਾ ਕਿ ਉਹ ਨਾ ਕੇਵਲ ਵਿਉਪਾਰ ਨੂੰ ਵਧਾਉਣ ਸਬੰਧੀ ਉਪਰਾਲੇ ਕਰਨ ਸਗੋਂ ਭਾਰਤ ਉਤੇ ਯੂ.ਐਨ.ਓ ਦੇ ਨਿਯਮਾਂ ਅਤੇ ਕਾਨੂੰਨਾਂ ਦਾ ਸਤਿਕਾਰ ਕਰਨ ਅਤੇ ਘੱਟ-ਗਿਣਤੀਆਂ ਉਤੇ ਅੱਤਿਆਚਾਰ ਰੋਕਣ ਲਈ ਜ਼ੋਰ ਪਾਉਣ।
Related Topics: All News Related to Kashmir, Bhai Kanwarpal Singh, Bhai Paramjit Singh Tanda, Citizenship Amendment Bill, Dal Khalsa, Donald Trump, Kanwar Pal Singh Bittu, National Register of Citizens, United States, United States of America