ਸਿੱਖ ਖਬਰਾਂ

ਦਿੱਲੀ ਕਮੇਟੀ ਵਲੋਂ ਤਿਹਾੜ ਜੇਲ੍ਹ ‘ਚ ਹੋਈ ਘਟਨਾ ਦੀ ਸੀ. ਬੀ. ਆਈ. ਜਾਂਚ ਦੀ ਮੰਗ

September 23, 2017 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੰਗ ਕੀਤੀ ਗਈ ਕਿ ਤਿਹਾੜ ਜੇਲ੍ਹ ’ਚ ਬੰਦ ਸਿੰਘਾਂ ’ਤੇ ਹੋਏ ਕਥਿਤ ਹਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਘਟਨਾ ਨੂੰ ਮਨੁੱਖੀ ਅਧਿਕਾਰਾਂ ਅਤੇ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ।

ਮੀਡੀਆ ਨੂੰ ਜਾਰੀ ਬਿਆਨ ’ਚ ਜੌਲੀ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਮਸਲੇ ’ਤੇ ਸੀ.ਬੀ.ਆਈ. ਡਾਈਰੈਕਟਰ ਨੂੰ ਘਟਨਾ ਦੀ ਜਾਂਚ ਲਈ ਪੱਤਰ ਭੇਜਣ ਦੀ ਜਾਣਕਾਰੀ ਦਿੱਤੀ ਹੈ।

ਕਮੇਟੀ ਨੇ ਬਿਆਨ ਵਿਚ ਕਿਹਾ ਹੈ ਕਿ ਤਿਹਾੜ ਜੇਲ੍ਹ ਵਿਚ ਬੰਦੀ ਸਿੰਘਾਂ ‘ਤੇ ਕਾਤਲਾਨਾ ਹਮਲਾ ਹੋਇਆ ਹੈ ਪਰ ਇਸ ਘਟਨਾ ਦੇ ਬਹੁਤੇ ਵੇਰਵੇ ਨਹੀਂ ਬਿਆਨ ਕੀਤੇ ਗਏ, ਕਿ ਅਸਲ ਵਿਚ ਕੀ ਘਟਨਾ ਵਾਪਰੀ ਹੈ।

ਭਾਈ ਦਇਆ ਸਿੰਘ ਲਾਹੌਰੀਆ (ਫਾਈਲ ਫੋਟੋ)

ਭਾਈ ਦਇਆ ਸਿੰਘ ਲਾਹੌਰੀਆ (ਫਾਈਲ ਫੋਟੋ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਜੇਲ੍ਹ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਦਇਆ ਸਿੰਘ ਲਾਹੌਰੀਆ ’ਤੇ ਹੋਇਆ ਹਮਲਾ ਮੰਦਭਾਗਾ ਹੈ ਅਤੇ ਪੁਲਿਸ ਤੱਸ਼ਦਦ ਦਾ ਸ਼ਿਕਾਰ ਜ਼ਿਆਦਾਤਰ ਘੱਟਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਕੈਦੀ ਹਨ।

ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਜੌਲੀ ਨੇ ਦੱਸਿਆ ਕਿ ਇੱਕ ਪਾਸੇ ਕਮੇਟੀ ਵੱਲੋਂ ਭਾਈ ਹਵਾਰਾ ਦੀ ਰੀੜ੍ਹ ਦੀ ਹੱਡੀ ’ਚ ਤਕਲੀਫ਼ ਹੋਣ ਕਰਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਅਦਾਲਤ ਅਤੇ ਪ੍ਰਸ਼ਾਸਨ ਤਕ ਭਾਈ ਹਵਾਰਾ ਦੇ ਇਲਾਜ਼ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਲਾਜ ਦੇਣਾ ਤਾਂ ਦੂਰ ਸਿੱਖ ਬੰਦੀਆਂ ਨੂੰ ਜਾਣਬੁੱਝ ਕੇ ਜੇਲ ਪ੍ਰਸ਼ਾਸਨ ਵੱਲੋਂ ਸੀ.ਸੀ.ਟੀ.ਵੀ. ਕੈਮਰੇ ਬੰਦ ਕਰਕੇ ਕੁੱਟਿਆ ਜਾ ਰਿਹਾ ਹੈ।

ਜੌਲੀ ਨੇ ਹੈਰਾਨੀ ਜਤਾਈ ਕਿ ਬਿਨਾਂ ਕਿਸੇ ਕਸੂਰ ਦੇ ਕੁੱਟੇ ਗਏ ਸਿੱਖ ਬੰਦੀਆਂ ਨੂੰ ਇਲਾਜ਼ ਵੀ ਉਪਲਬੱਧ ਕਰਾਉਣ ਤੋਂ ਜੇਲ ਪ੍ਰਸ਼ਾਸਨ ਪਾਸਾ ਵੱਟ ਰਿਹਾ ਹੈ। ਇਸ ਸਬੰਧੀ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਜੌਲੀ ਨੇ ਦਿੱਲੀ ਦੇ ਜੇਲ੍ਹ ਮੰਤਰੀ ਨੂੰ ਇਸ ਸਬੰਧੀ ਖੁੱਦ ਅੱਗੇ ਆ ਕੇ ਦੋਸ਼ੀ ਜੇਲ੍ਹ ਪ੍ਰਸ਼ਾਸਨ ਖਿਲਾਫ਼ ਮੁਕੱਦਮਾ ਦਰਜ਼ ਕਰਾਉਣ ਦੀ ਨਸੀਹਤ ਦਿੱਤੀ।

ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਤੇ ਸਿਆਸੀ ਸਿੱਖ ਕੈਦੀਆਂ ਦੀ ਸੂਚੀ ਤਿਆਰ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਨੇ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਕਾਤਲਾਨਾ ਹਮਲਾ ਹੋਣ ਦੀ ਖਬਰ ਨੂੰ ਰੱਦ ਕੀਤਾ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ 16 ਸਤੰਬਰ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੀ ਲੁਧਿਆਣਾ ਦੀ ਇਕ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਸੀ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ 22 ਅਗਸਤ ਤੋਂ ਉਨ੍ਹਾਂ ਨੂੰ ਚੱਕੀ ਵਿਚ ਬੰਦ ਕੀਤਾ ਹੋਇਆ ਹੈ ਜਿਸ ਵਿਚੋਂ ਉਨ੍ਹਾਂ ਨੂੰ ਸਿਰਫ ਮੁਲਾਕਾਤ ਵੇਲੇ ਜਾਂ ਵੀਡੀਓ ਕਾਨਫਰੰਸਿੰਗ ਹਾਲ ‘ਚ ਤਰੀਕ ਭੁਗਤਾਉਣ ਲਈ ਹੀ ਬਾਹਰ ਲਿਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਕੀ ਸਮਾਂ ਉਹ ਇਕੱਲੇ ਹੀ ਉਸਚੱਕੀ ਵਿਚ ਕੈਦ ਰਹਿੰਦੇ ਹਨ।

ਭਾਈ ਹਵਾਰਾ ਨੇ ਇਹ ਵੀ ਦੱਸਿਆ ਕਿ ਜੇਲ੍ਹ ਦੀ ਬੈਰਕ ‘ਚ ਕਿਸੇ ਬੰਦੀ ਨੂੰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਅਤੇ ਬਾਕੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਨੂੰ (ਭਾਈ ਹਵਾਰਾ ਨੂੰ) ਬੁਲਾਇਆ ਨਾ ਜਾਵੇ।

ਭਾਈ ਹਵਾਰਾ ਨੇ ਆਪਣੇ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਦੱਸਿਆ ਕਿ ਬੀਤੇ ਦਿਨੀਂ ਜੇਲ਼ ਵਿਚ ਖਤਰੇ ਵਾਲੀ ਘੰਟੀ (ਸਾਈਰਨ/ਅਲਾਰਮ)  ਭਾਈ ਦਇਆ ਸਿੰਘ ਲਾਹੌਰੀਆ ਵਾਲੀ ਬੈਰਕ ‘ਚ ਵੱਜਿਆ ਸੀ।

ਭਾਈ ਦਇਆ ਸਿੰਘ ਲਾਹੌਰੀਆ ਦੀ ਧਰਮ ਪਤਨੀ ਬੀਬੀ ਕਮਲਜੀਤ ਕੌਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਲਾਹੌਰੀਆ ਵਾਲੇ ਹਾਤੇ ਵਿੱਚ ਗੈਂਗਸਟਰਾਂ ਦੀ ਲੜਾਈ ਹੋਣ ਕਾਰਨ ਹੀ ਖਤਰੇ ਵਾਲੀ ਘੰਟੀ ਵੱਜੀ ਸੀ ਅਤੇ ਜਿਸ ਤੋਂ ਬਾਅਦ ਹੋਈ ਕਾਰਵਾਈ ਦੌਰਾਨ ਇਕ ਜੇਲ੍ਹ ਅਧਿਕਾਰੀ ਮਿਸਟਰ ਤਿਆਗੀ ਨੇ ਮਿੱਥ ਕੇ ਭਾਈ ਲਹੌਰੀਆ ਦੇ ਸੱਟਾਂ ਮਾਰੀਆਂ।

ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਜੇਲ੍ਹ ਵਿਚ ਗੈਂਗਸਟਰਾਂ ਦੀ ਗਿਣਤੀ ਵਧਣ ਕਾਰਨ ਨਿਤ-ਦਿਨ ਅਜਿਹਾ ਗੜਬੜ ਵਾਲਾ ਮਹੌਲ ਬਣ ਜਾਂਦਾ ਹੈ ਅਤੇ ਪਰਵਾਰ ਨੂੰ ਖਦਸ਼ਾ ਹੈ ਕਿ ਇਸ ਮਹੌਲ ਦਾ ਬਹਾਨਾ ਬਣਾ ਕੇ ਭਾਈ ਲਾਹੌਰੀਆ ਨੂੰ ਤਿਹਾੜ ਜੇਲ੍ਹ ਵਿਚ ਕਿਸੇ ਤਰ੍ਹਾਂ ਦਾ ਗੰਭੀਰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਬਿਨਾ ਕਿਸੇ ਦੇਰੀ ਦੇ ਪੰਜਾਬ ਨਾਲ ਸੰਬੰਧਤ ਬੰਦੀ ਸਿੰਘਾਂ ਨੂੰ ਤਿਹਾੜ ਜੇਲ੍ਹ (ਦਿੱਲੀ) ਤੋਂ ਪੰਜਾਬ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,