June 30, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬੋਲਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਤਾਕਤ ਸਾਹਮਣੇ ਅੱਜ ਵੀ ਵੱਡੇ ਮੁਲਕਾਂ ਦੀਆਂ ਆਧੂਨਿਕ ਫ਼ੌਜਾਂ ਕਮਜੋਰ ਹਨ।
ਜੀ.ਕੇ. ਨੇ ਕਿਹਾ ਕਿ ਕਾਬੁਲ ਅਤੇ ਕੰਧਾਰ ’ਤੇ ਰਾਜ ਕਰਨ ਲਈ ਅਮਰੀਕਾ ਵਰਗੇ ਦੇਸ਼ ਅੱਜ ਵੀ ਸੁਪਨਾ ਹੀ ਦੇਖਦੇ ਰਹੇ ਹਨ ਜਦਕਿ ਮਹਾਰਾਜਾ ਦਾ ਰਾਜ ਖੇਤਰ ਮੌਜੂਦਾ ਸਮੇਂ ਦੇ ਅਫ਼ਗਾਨਿਸਤਾਨ, ਪਾਕਿਸਤਾਨ, ਭਾਰਤ ਅਤੇ ਚੀਨ ਦੇ ਵੱਡੇ ਹਿੱਸੇ ਵਿਚ ਰਿਹਾ ਸੀ।
ਜੀ.ਕੇ. ਨੇ ਖੁਲਾਸਾ ਕੀਤਾ ਕਿ ਚੀਨ ਦਾ ਵੱਡਾ ਹਿੱਸਾ ਮਹਾਰਾਜਾ ਦੀ ਰਿਆਸਤ ਦਾ ਹਿੱਸਾ ਰਿਹਾ ਹੈ। ਜੇਕਰ ਅੱਜ ਸਾਨੂੰ ਚੀਨ ਆਪਣੀ ਫੌਜੀ ਤਾਕਤ ਰਾਹੀਂ ਅੱਖਾਂ ਦਿਖਾਂਉਣ ਦੀ ਜੁਰੱਰਤ ਕਰਦਾ ਹੈ ਤਾਂ ਸਾਨੂੰ ਮਹਾਰਾਜਾ ਦੀ ਫੌਜ ਦੇ ਜੰਗਜੂ ਕਾਰਨਾਮਿਆਂ ਨੂੰ ਮੁੜ੍ਹ ਖੰਗਾਲਣ ਦੀ ਲੋੜ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ‘ਚ ਸੰਗਤਾਂ ਦੀ ਹਾਜਰੀ ਦੀ ਤਸਵੀਰ
ਜੀ.ਕੇ. ਨੇ ਕਿਹਾ ਕਿ ਮਹਾਰਾਜਾ ਦਾ ਰਾਜ ਸਿੱਖ ਗੁਰੂਆਂ ਨੂੰ ਸਮਰਪਿਤ ਸੀ। ਮਹਾਰਾਜਾ ਨੇ ਆਪਣੇ ਆਪ ਨੂੰ ਨਾ ਤੇ ਕੋਈ ਖਿਤਾਬ ਬਖਸ਼ਿਆ ਅਤੇ ਨਾ ਹੀ ਕੋਈ ਆਪਣੇ ਨਾਂ ’ਤੇ ਸਿੱਕੇ ਚਲਾਏ। ਰਾਜ ਨੂੰ ਨਾਂ ਦਿੱਤਾ ‘‘ਸਰਕਾਰ ਖਾਲਸਾ ਜੀ’’ਅਤੇ ਸਿੱਕਾ ਨਾਨਕਸ਼ਾਹੀ ਚਲਾਇਆ। ਅਨੇਕਾਂ ਗੁਰੂਧਾਮਾਂ ਦੀ ਉਸਾਰੀ ਕਰਵਾਈ ਪਰ ਧਰਮ ਨੂੰ ਹਮੇਸ਼ਾ ਸਿਆਸਤ ਤੋਂ ਉੱਪਰ ਰੱਖਿਆ। ਇਹੀ ਕਾਰਨ ਸੀ ਕਿ ਮਹਾਰਾਜਾਂ ਨੇ ਆਪਣੀ ਫ਼ੌਜਾਂ ’ਚ ਫਤਹਿ ਬੁਲਾਉਣ ਦੀ ਮਰਯਾਦਾ ਨੂੰ ਫ਼ੌਜੀ ਰਿਵਾਇਤ ਦਾ ਹਿੱਸਾ ਬਣਾਇਆ ਸੀ।
ਮਹਾਰਾਜਾ ਦੇ ਰਾਜ ਜਾਣ ਪਿੱਛੇ ਵਿਕਾਊ ਲੋਕਾਂ ਦੀ ਗੱਦਾਰੀ ਨੂੰ ਮੁਖ ਕਾਰਨ ਦੱਸਦੇ ਹੋਏ ਜੀ.ਕੇ. ਨੇ ਮਹਾਰਾਜਾਂ ਦੇ ਪਰਿਵਾਰ ਦੇ ਗੁਰੂ ਨੂੰ ਸਮਰਪਿਤ ਹੋਣ ਸਬੰਧੀ ਕਈ ਉਦਾਹਰਣ ਗਿਣਾਏ। ਇਸ ਮੌਕੇ ਦਿੱਲੀ ਕਮੇਟੀ ਦੇ ਹਜੂਰੀ ਰਾਗੀ ਜਥਿਆਂ ਨੇ ਕੀਰਤਨ ਅਤੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ੇਰੇ ਪੰਜਾਬ ਦੇ ਜੀਵਨ ਤੋਂ ਜਾਣੂ ਕਰਵਾਇਆ।
Related Topics: DSGPC, Maharaja Ranjeet Singh, Manjeet Singh GK