ਲੇਖ » ਸਿੱਖ ਖਬਰਾਂ

ਖ਼ਾਲਸਾਈ ਜੁਗਤ ਅਨੁਸਾਰ ਹੋਵੇ ਚੀਫ ਖ਼ਾਲਸਾ ਦੀਵਾਨ ਦੀ ਚੋਣ

March 20, 2018 | By

ਚੀਫ ਖ਼ਾਲਸਾ ਦੀਵਾਨ ਨਵੇਂ ਪ੍ਰਬੰਧ ਨੂੰ ਲੈ ਬਹੁਤ ਚਰਚਾ ਵਿੱਚ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਇਸ ਦੇ ਨਵੇਂ ਪ੍ਰਬੰਧ ਲਈ ਹੋ ਰਹੀਆਂ ਸਰਗਰਮੀਆਂ ਸਿੱਖ ਕੌਮ ਦੀ ਨਜ਼ਰ ਵਿੱਚ ਹਨ। ਇਸ ਸੰਸਥਾ ਵਿੱਚ ਵਧੇਰੇ ਕਰਕੇ ਪੜ੍ਹੇ ਲਿਖੇ ਤੇ ਅਮੀਰ ਸਿੱਖ ਹੀ ਪ੍ਰਬੰਧ ਦਾ ਹਿੱਸਾ ਬਣਦੇ ਆਏ ਹਨ। ਇਸ ਦਾ ਪ੍ਰਬੰਧ ਸੰਭਾਲਣ ਲਈ ਲਗਪਗ 500 ਨੁਮਾਇੰਦੇ ਹਨ। ਪ੍ਰਬੰਧ ਅੰਦਰ ਧੜੇਬੰਦੀ ਕਾਫ਼ੀ ਪੁਰਾਣੀ ਹੈ।

ਨੁਮਾਇੰਦਿਆਂ ਦੀ ਯੋਗਤਾ ਆਰੰਭਲੇ ਸੰਵਿਧਾਨਕ ਨੁਕਤੇ ਅਨੁਸਾਰ ਪਾਹੁਲਧਾਰੀ ਤਿਆਰ-ਬਰ-ਤਿਆਰ ਸਿੱਖ ਦੀ ਹੈ ਜੋ ਪੜਿ੍ਆ ਲਿਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਮਰਿਆਦਾ ਦਾ ਵਫ਼ਾਦਾਰ ਹੋਵੇ। ਅੱਜ ਦੇ ਨੁਮਾਇੰਦਿਆਂ ਅੰਦਰ ਉਪਰੋਤਕ ਸਿਧਾਂਤਕ ਪੱਖ ਤੋਂ ਢਿੱਲ ਆ ਗਈ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸਦੀ 25 ਮਾਰਚ ਨੂੰ ਚੋਣ ਹੋਵੇਗੀ। ਇਸ ਵਿੱਚ ਤਿੰਨ ਅਹੁਦੇਦਾਰ ਮੁੱਖ ਪ੍ਰਬੰਧਕ (ਪ੍ਰਧਾਨ), ਜਨਰਲ ਸਕੱਤਰ ਅਤੇ ਮੀਤ ਪ੍ਰਬੰਧਕ (ਮੀਤ ਪ੍ਰਧਾਨ) ਚੁਣਨੇ ਹਨ। ਇਸ ਲਈ ਤਿੰਨ ਜਥੇ ਚੋਣ ਮੈਦਾਨ ਵਿੱਚ ਆਏ ਹਨ। ਇੱਕ ਧੜਾ ਭਾਗ ਸਿੰਘ ਅਣਖੀ ਦਾ ਹੈ ਜੋ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਥਾਪੜਾ ਲੈ ਕੇ ਸਰਗਰਮ ਹੈ। ਦੂਜਾ ਧੜਾ ਧਨਵੰਤ ਸਿੰਘ ਦਾ ਹੈ, ਜੋ ਕਾਰਜਕਾਰੀ ਮੁਖੀ ਹਨ। ਇਹ ਪੰਥ ਪ੍ਰਸਤ ਸੋਚ ਦੇ ਪਹਿਰੇਦਾਰ ਵਜੋਂ ਇਸ ਸੰਸਥਾ ਨੂੰ ਕੌਮੀ ਸੰਸਥਾ ਦੇ ਰੂਪ ਵਿੱਚ ਸਿਆਸੀ ਦਾਗ਼ ਜਾਂ ਪ੍ਰਭਾਵ ਤੋਂ ਮੁਕਤ ਰੱਖਣ ਦਾ ਦਾਅਵਾ ਕਰਦਾ ਹੈ। ਤੀਜਾ ਧੜਾ ਬਰਖਾਸਤ ਮੁਖੀ ਚਰਨਜੀਤ ਸਿੰਘ ਦੀ ਸਰਦਾਰੀ ਵਾਲਾ ਹੈ ਜੋ ਆਪਣੀ ਸ਼ਾਖ ਨੂੰ ਬਚਾਉਣ ਲਈ ਸਰਗਰਮ ਹੈ।

ਇਸ ਸੰਸਥਾ ਦੇ ਨੁਮਾਇੰਦੇ ਕੌਮੀ ਸੋਚ ਨਾਲ ਘੱਟ, ਰਿਸ਼ਤੇਦਾਰੀ ਤੇ ਜਾਤੀ ਅਸਰ ਰਸੂਖ ਦੇ ਵੱਧ ਵਫ਼ਾਦਾਰ ਹਨ। ਇਸ ਕਰਕੇ ਕੌਮੀ ਜਜ਼ਬੇ ਤੇ ਸੋਚ ਦੀ ਪਹਿਰੇਦਾਰੀ

ਗਿਆਨੀ ਕੇਵਲ ਸਿੰਘ (ਪੁਰਾਣੀ ਫੋਟੋ)

ਵਾਲਿਆਂ ਸਾਹਮਣੇ ਸਹੀ ਹਮਾਇਤ ਹਾਸਲ ਕਰਨ ਵਿੱਚ ਬਹੁਤ ਵੱਡੀ ਕਠਿਨਾਈ ਹੈ। ਜੇਕਰ ਖ਼ਾਲਸਈ ਕੌਮੀ ਸੋਚ ਨੂੰ ਸਮਰਪਿਤ ਸੱਜਣ ਸੰਸਥਾ ਦੇ ਪ੍ਰਬੰਧਕ ਬਣਨਗੇ ਤਾਂ ਇਹ ਸੰਸਥਾ ਨਿੱਗਰ ਕਦਮ ਪੁੱਟ ਸਕੇਗੀ। ਇੱਕ ਨਿਰਪੱਖ ਸਿੱਖਾਂ ਦਾ ਜਥਾ ਵੀ ਹੈ ਜੋ ਪੜਿ੍ਹਆ ਲਿਖਿਆ ਹੈ ਅਤੇ ਇਸ ਕੌਮੀ ਸੰਸਥਾ ਲਈ ਖ਼ੁਦ ਸੁਹਿਰਦ ਹੈ। ਉਹ ਧਡ਼ਾ ਚਾਹੁੰਦਾ ਹੈ ਕਿ ਅਖੌਤੀ ਲੋਕਤੰਤਰੀ ਚੋਣ ਨਾ ਹੋਵੇ। ਕੋਈ ਆਪਸੀ ਸਹਿਮਤੀ ਵਾਲਾ ਮਾਹੌਲ ਸਿਰਜ ਲਿਆ ਜਾਵੇ। ਜੇਕਰ ਇਹ ਚੋਣ ਅਖਾੜਾ ਹੀ ਕਾਇਮ ਰਿਹਾ ਤਾਂ ਜਿੱਤ ਹਾਰ ਤੋਂ ਬਾਅਦ ਇਸ ਸੰਸਥਾ ਅੰਦਰ ਚੰਗੇ ਅਤੇ ਮਾੜੇ ਕੰਮਾਂ ਦਾ ਬੇਅਰਥੀ ਵਿਰੋਧ ਚੱਕਰ ਸ਼ੁਰੂ ਹੋ ਜਾਵੇਗਾ। ਕਿੰਨਾ ਚੰਗਾ ਹੋਵੇ ਕਿ ਚੋਣ ਪ੍ਰਕਿਰਿਆ ਤੋਂ ਬਚ ਕੇ ਰਲ ਮਿਲ ਕੇ ਆਪਸੀ ਸਹਿਮਤੀ ਕਰ ਲਈ ਜਾਵੇ ਕਿਉਂਕਿ ਉਭਾਰਨਾ ਤਾਂ ਕੌਮੀ ਸੋਚ ਸਿਧਾਂਤ ਨੂੰ ਹੀ ਹੈ। ਇਸ ’ਤੇ ਅਮਲ ਦੀ ਕਸੌਟੀ ਕਿਸ ਤਰ੍ਹਾਂ ਦੀ ਹੋਵੇਗੀ, ਇਹ ਔਖਾ ਪਾਸਾ ਹੈ? ਕੀ ਬਰਖਾਸਤ ਮੁਖੀ ਦੇ ਧੜੇ ਨੂੰ ਬਰਾਬਰ ਦੀ ਮਾਨਤਾ ਦੇਣੀ ਕੌਮੀ ਮਰਿਆਦਾ ਦੇ ਸਨਮਾਨ ਨੂੰ ਕਾਇਮ ਰੱਖ ਸਕੇਗੀ ?

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਚੋਣ ਪ੍ਰਕਿਰਿਆ ਤੋਂ ਬਚਣ ਵਿੱਚ ਹੀ ਕੌਮੀ ਭਲਾ ਹੈ। ਇਸ ਲਈ ਜਿੰਨਾ ਛੇਤੀ ਹੋ ਸਕੇ ਮਾਹੌਲ ਸਿਰਜਣਾ ਜ਼ਰੂਰੀ ਹੈ। ਇਸ ਗੱਲ ਨੂੰ ਕਸੌਟੀ ਬਣਾਇਆ ਜਾਵੇ ਕਿ ਉਸ ਗੁਰਸਿੱਖ ਦੇ ਨਾਂ ’ਤੇ ਸਹਿਮਤੀ ਬਣਾਈ ਜਾਵੇ ਜੋ ਖ਼ਾਲਸਈ ਮਾਣ ਮਰਿਆਦਾ ਤੇ ਸੇਵਾ ਜੁਗਤਿ ’ਤੇ ਪੂਰਾ ਉੱਤਰਦਾ ਹੋਵੇ। ਅਕਾਲੀ, ਕਾਂਗਰਸੀ ਤੇ ਭਾਜਪਾ ਸੋਚ ਤੇ ਧੜੇ ਦੀ ਮਾਰ ਤੋਂ ਬੇਲਾਗ ਹੋਵੇ। ਨਿਰਭਉ-ਨਿਰਵੈਰ ਤੇ ਨਿਰਪੱਖ ਗੁਣਾਂ ਦਾ ਵਾਰਸ ਤੇ ਪਹਿਰੇਦਾਰ ਬਣੇ। ਨਾਲ ਵਾਲੇ ਸਹਿਯੋਗੀ ਵੀ ਇਸੇ ਤਰ੍ਹਾਂ ਦੇ ਪੰਥ-ਪ੍ਰਸਤ ਸੱਜਣ ਹੀ ਨਾਮਜ਼ਦ ਕੀਤੇ ਜਾਣ। ਅਜਿਹਾ ਹੋ ਸਕਣਾ ਸੰਭਵ ਹੈ। ਬਸ ਲੋੜ ਹੈ ਕੌਮੀ ਮਾਨ ਸਨਮਾਨ ਦੀ ਬਹਾਲੀ ਲਈ ਦਲੇਰੀ ਨਾਲ ਪਹਿਲਕਦਮੀ ਕਰਨ ਦੀ।

ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ।
ਸੰਪਰਕ : 95920-93472

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,