
May 11, 2011 | By ਸਿੱਖ ਸਿਆਸਤ ਬਿਊਰੋ
ਪੰਜਾਬੀ ਦੇ ਪ੍ਰਮੁੱਖ ਅਖਬਾਰ “ਰੋਜਾਨਾ ਅਜੀਤ” ਵਿਚ 11 ਮਈ, 2011 ਨੂੰ ਛਪੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦੇ ਹੇਠਲੇ ਲੇਖ ਨੂੰ ਧੰਨਵਾਦ ਸਹਿਤ ਇਥੇ ਮੁੜ ਛਾਪਿਆ ਜਾ ਰਿਹਾ ਹੈ।
ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਟੋਰਾਂਟੋ ‘ਚ ਖਾਲਸਾ ਸਾਜਨਾ ਦਿਹਾੜੇ ਸਬੰਧੀ ਨਗਰ ਕੀਰਤਨ ਕੱਢੇ ਗਏ। ਕੈਨੇਡਾ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਮੌਕੇ ਵਧ-ਚੜ੍ਹ ਕੇ ਹਾਜ਼ਰੀ ਲੁਆਈ। ਸਾਰਿਆਂ ਨੇ ਨਵੰਬਰ, 1984 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਛੋਹਿਆ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਇਮੀਗ੍ਰੇਸ਼ਨ ਮੰਤਰੀ ਰਹੇ ਜੇਸਨ ਕੈਨੀ ਨੇ ਭਰੋਸਾ ਦੁਆਇਆ ਕਿ ’84 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਉਹ ਚੋਣਾਂ ਮਗਰੋਂ ਭਾਰਤ ਸਰਕਾਰ ਨਾਲ ਗੱਲਬਾਤ ਕਰਨਗੇ। ਲਿਬਰਲ ਪਾਰਟੀ ਦੇ ਮੁਖੀ ਮਾਈਕਲ ਇਗਨੈਟੀਅਫ ਨੇ ਕੈਨੇਡਾ ਦੀ ਪਾਰਲੀਮੈਂਟ ‘ਚ ਪਟੀਸ਼ਨ ਰਾਹੀਂ ਇਹ ਮਸਲਾ ਆਉਂਦੇ ਨਵੰਬਰ ਮਹੀਨੇ ਉਠਾਏ ਜਾਣ ਦੀ ਮੰਗ ‘ਤੇ ਸਹਿਮਤੀ ਪ੍ਰਗਟਾਈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜੈਕ ਲੇਟਨ ਨੇ ਪ੍ਰਭਾਵਸ਼ਾਲੀ ਭਾਸ਼ਣ ‘ਚ ਕਿਹਾ ਕਿ ਉਨ੍ਹਾਂ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੰਤਰੀ ਕਮਲ ਨਾਥ ਦਾ ਕੈਨੇਡਾ ਫੇਰੀ ਮੌਕੇ ਤਿੱਖਾ ਵਿਰੋਧ ਕੀਤਾ ਗਿਆ ਤੇ ਭਵਿੱਖ ‘ਚ ਉਹ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਜੇਕਰ ਭਾਰਤੀ ਸਿਆਸਤ ਦੇ ਨਜ਼ਰੀਏ ਤੋਂ ਵੇਖਿਆ ਜਾਏ ਤਾਂ ਕੈਨੇਡਾ ਦੇ ਰਾਜਸੀ ਆਗੂਆਂ ਵੱਲੋਂ ਸਿੱਖ ਨਸਲਕੁਸ਼ੀ ਦਾ ਮਾਮਲਾ ਉਭਾਰਨਾ ਸਿੱਖਾਂ ਤੋਂ ਵੋਟਾਂ ਖਾਤਰ ਲਾਹਾ ਲੈਣ ਦੀ ਨੀਤੀ ਹੋ ਸਕਦੀ ਹੈ ਪ੍ਰੰਤੂ ਕੈਨੇਡਾ ਦੀ ਸਿਆਸਤ ਦੀ ਗੰਭੀਰਤਾ ਦੇ ਪੱਖੋਂ ਇਹ ਦੋਸ਼ ਨਿਰਮੂਲ ਜਾਪਦੇ ਹਨ।
ਬੀਤੇ ਵਰ੍ਹੇ ਜਦੋਂ ਕੈਨੇਡਾ ਦੀ ਪਾਰਲੀਮੈਂਟ ‘ਚ ਵੈਨਕੂਵਰ ਤੋਂ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਤੇ ਟੋਰਾਂਟੋ ਤੋਂ ਐਂਡਰਿਊ ਕੈਨੀਆ ਨੇ 1984 ਦੀ ਸਿੱਖ ਨਸਲਕੁਸ਼ੀ ਦੀ ਪਟੀਸ਼ਨ ਪੇਸ਼ ਕੀਤੀ, ਤਾਂ ਇਸ ਸਬੰਧੀ ਚਰਚਾ ਭਾਰਤ ਸਣੇ ਦੁਨੀਆ ਭਰ ਵਿਚ ਹੋਈ। ਪਟੀਸ਼ਨ ਨੂੰ ਰੋਕਣ ਲਈ ਸਿੱਖ ਵਿਰੋਧੀ ਤਾਕਤਾਂ ਅੱਡੀ-ਚੋਟੀ ਦਾ ਜ਼ੋਰ ਲਾਉਂਦੀਆਂ ਰਹੀਆਂ, ਇਥੋਂ ਤੱਕ ਕਿ ਭਾਰਤੀ ਮੂਲ ਦੇ ਕਈ ਐਮ. ਪੀਜ਼ ਵੱਲੋਂ ਵੀ ਇਸ ਦੀ ਹਮਾਇਤ ਨਹੀਂ ਕੀਤੀ ਗਈ। ਪ੍ਰੰਤੂ ਕੈਨੇਡਾ ਵਸਦੇ ਸਿੱਖਾਂ ਦੀ ਜ਼ੋਰਦਾਰ ਮੰਗ ਨੂੰ ਖਿਆਲ ‘ਚ ਰੱਖਦਿਆਂ ਆਖਰਕਾਰ ਸਰਕਾਰ ਨੂੰ ਸੰਸਦ ‘ਚ ਪਟੀਸ਼ਨ ਰੱਖਣ ਦੀ ਮਨਜ਼ੂਰੀ ਦੇਣੀ ਹੀ ਪਈ। ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਲੀਮੈਂਟ ‘ਚ ਪਟੀਸ਼ਨ ਪੇਸ਼ ਕੀਤੇ ਜਾਣ ਮਗਰੋਂ ਇਸ ਦਾ ਕੁਝ ਵੀ ਨਹੀਂ ਬਣਿਆ, ਫਿਰ ਇਸ ਦੀ ਲੋੜ ਹੀ ਕੀ ਸੀ ਤੇ ਸਿੱਖਾਂ ਨੇ ਅਜਿਹਾ ਕਰਕੇ ਕੀ ਖੱਟਿਆ? ਦਰਅਸਲ ਕੈਨੇਡਾ ਦੀਆਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਮਸਲੇ ‘ਤੇ ਨਾ ਸਿਰਫ ਬੋਲਣਾ, ਸਗੋਂ ਇਸ ਦੇ ਹੱਲ ਲਈ ਭਰੋਸਾ ਦੁਆਉਣਾ, ਪਾਰਲੀਮੈਂਟ ‘ਚ ਪਟੀਸ਼ਨ ਰੱਖੇ ਜਾਣ ਦਾ ਹੀ ਨਤੀਜਾ ਸੀ।
ਕੈਨੇਡਾ ਦੀ 41ਵੀਂ ਪਾਰਲੀਮੈਂਟ ‘ਚ ਪੰਜਾਬੀ ਸੰਸਦ ਮੈਂਬਰਾਂ ਦੀ ਹਾਰ-ਜਿੱਤ ਦਾ ਇਸੇ ਪ੍ਰਸੰਗ ‘ਚ ਵਿਸ਼ਲੇਸ਼ਣ ਹੋ ਸਕਦਾ ਹੈ। ਇਹ ਸਹੀ ਹੈ ਕਿ ਕੈਨੇਡਾ ਦੀ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮਾਈਕਲ ਇਗਨੈਟੀਅਫ ਦੀ ਸਰਕਾਰ ਡੇਗ ਕੇ ਮੱਧਕਾਲੀ ਚੋਣਾਂ ਕਰਵਾਉਣ ਦੀ ਕਾਰਵਾਈ ਨੂੰ ਕੁੱਲ ਕੈਨੇਡੀਅਨ ਸ਼ਹਿਰੀਆਂ ਨੇ ਮੂਲੋਂ ਹੀ ਰੱਦ ਕਰ ਦਿੱਤਾ ਹੈ ਤੇ ਲਿਬਰਲ ਪਾਰਟੀ ਨੂੰ ਕਰਾਰੀ ਹਾਰ ਦੇ ਕੇ, ਟੋਰੀਆਂ ਨੂੰ ਸਪੱਸ਼ਟ ਬਹੁਮਤ ਦੁਆਇਆ ਹੈ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਮੁੱਖ ਵਿਰੋਧੀ ਦਲ ਬਣਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਕੈਨੇਡੀਅਨ ਸਿਆਸਤਦਾਨਾਂ ਦੀ ਹਾਰ ਦੇ ਹੋਰ ਕਾਰਨ ਵੀ ਨਾਲ ਆ ਜੁੜਦੇ ਹਨ। ਜਿਵੇਂ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਛੱਡ ਕੇ ਲਿਬਰਲ ਬਣੇ ਉੱਜਲ ਦੋਸਾਂਝ ਨੂੰ ਚੋਣ ਪ੍ਰਚਾਰ ‘ਚ ਵਿਰੋਧੀ ਉਮੀਦਵਾਰ ਉੱਪਰ ਏਅਰ ਇੰਡੀਆ ਬੰਬ ਧਮਾਕੇ ਨਾਲ ਜੁੜੇ ਵਿਅਕਤੀਆਂ ਤੇ ਖਾਲਸਾ ਸਕੂਲ ਤੋਂ ਸਮਰਥਨ ਲੈਣ ਦੇ ਦੋਸ਼ ਲਾਉਣੇ ਮਹਿੰਗੇ ਪਏ। ਲਿਬਰਲ ਉਮੀਦਵਾਰ ਡਾ: ਰੂਬੀ ਢੱਲਾ ਦੀ ਹਾਰ ਦਾ ਕਾਰਨ ਜਿਥੇ ਇਕ ਪਾਸੇ ਵਿਵਾਦਗ੍ਰਸਤ ਕਾਂਗਰਸੀ ਮੰਤਰੀ ਕਮਲ ਨਾਥ ਤੇ ਭਾਜਪਾ ਨਾਲ ਸੰਬੰਧਿਤ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਉਸ ਦੀ ਸਾਂਝ ਹੈ, ਉਥੇ ਦੂਜੇ ਪਾਸੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਮਹਿਮਾਨ ਨਿਵਾਜ਼ੀ ਤੇ ਖਰਚਿਆਂ ਦੀ ਅਦਾਇਗੀ ਨੇ ਵੀ ਉਸ ਦਾ ਅਕਸ ਵਿਗਾੜਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਕਾਰਨ ਲੋਕਾਂ ਪਰਮ ਗਿੱਲ ਨੂੰ ਸਫਲ ਬਣਾਇਆ। ਕੈਨੇਡਾ ਦੀ ਫੈਡਰਲ ਸਿਆਸਤ ‘ਚ ਪਹਿਲਾ ਕਦਮ ਰੱਖਣ ਵਾਲੇ ਕੈਨੇਡੀਅਨ ਜੰਮਪਲ ਸਿੱਖ ਨੌਜਵਾਨ ਜਗਮੀਤ ਸਿੰਘ ਧਾਲੀਵਾਲ ਵੱਲੋਂ ਛੇ ਵਾਰ ਚੋਣਾਂ ਜਿੱਤਣ ਵਾਲੇ ਐਮ. ਪੀ. ਗੁਰਬਖਸ਼ ਸਿੰਘ ਮੱਲੀ ਤੋਂ ਵੱਧ ਵੋਟਾਂ ਲੈ ਜਾਣਾ ਨੌਜਵਾਨ ਪੀੜ੍ਹੀ ਵੱਲੋਂ ਮੁੱਦਿਆਂ ‘ਤੇ ਕੇਂਦਰਿਤ ਸਿਆਸਤ ਦਾ ਸਿੱਟਾ ਕਿਹਾ ਜਾ ਸਕਦਾ ਹੈ। ਜਗਮੀਤ ਸਿੰਘ ਵੱਲੋਂ ਸਿੱਖ ਨਸਲਕੁਸ਼ੀ ‘ਤੇ ਪਟੀਸ਼ਨ ਤਿਆਰ ਕਰਨ ਤੋਂ ਲੈ ਕੇ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਲੀਡਰਸ਼ਿਪ ਅੰਦਰ ਹਮਾਇਤ ਜੁਟਾਉਣ ਤੱਕ ਕੀਤੇ ਗਏ ਬੇਮਿਸਾਲ ਯਤਨ ਉਸ ਦੀ ਹਰਮਨ-ਪਿਆਰਤਾ ਦਾ ਆਧਾਰ ਬਣੇ ਤੇ ਉਹ ਸੱਤਾਧਾਰੀ ਟੋਰੀ ਪਾਰਟੀ ਦੇ ਬਲਜੀਤ ਸਿੰਘ ਬੱਲ ਗੋਸਲ ਤੋਂ ਬਹੁਤ ਥੋੜ੍ਹੇ ਫ਼ਰਕ ਨਾਲ ਚੋਣ ਹਾਰੇ। ਕੈਨੇਡਾ ‘ਚ ਸਮਲਿੰਗੀ ਵਿਆਹਾਂ ਦੇ ਮਾਮਲੇ ‘ਚ ਚਾਹੇ ਲਿਬਰਲ ਤੇ ਐਨ. ਡੀ. ਪੀ. ਦੋਵਾਂ ਦਲਾਂ ਵੱਲੋਂ ਵਧੇਰੇ ਕਰਕੇ ਹਮਾਇਤ ਹੀ ਮਿਲੀ, ਪ੍ਰੰਤੂ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਲਿਬਰਲ ਐਮ. ਪੀ. ਨਵਦੀਪ ਸਿੰਘ ਬੈਂਸ ਨੂੰ ਭੁਗਤਣਾ ਪਿਆ ਤੇ ਰਵਾਇਤੀ ਸਿੱਖ ਲੀਡਰਸ਼ਿਪ ਵੱਲੋਂ ਵੀ ਇਥੇ ਵਿਰੋਧੀ ਉਮੀਦਵਾਰ ਦੀ ਹਮਾਇਤ ਕੀਤੀ ਗਈ। ਸੁਖਮਿੰਦਰ ਸਿੰਘ ਸੁੱਖ ਧਾਲੀਵਾਲ ਇਕੋ-ਇਕ ਅਜਿਹੇ ਲਿਬਰਲ ਉਮੀਦਵਾਰ ਹਨ, ਜਿਹੜੇ ਪਾਰਟੀ ਵਿਰੋਧੀ ਤੂਫ਼ਾਨ ਦੇ ਬਾਵਜੂਦ ਤਿਕੋਣੀ ਟੱਕਰ ‘ਚ ਵੱਡੀ ਗਿਣਤੀ ‘ਚ ਹਮਾਇਤ ਜੁਟਾਉਣ ‘ਚ ਸਫਲ ਰਹੇ ਤੇ ਲਿਬਰਲ ਪੰਜਾਬੀਆਂ ‘ਚੋਂ ਸਭ ਤੋਂ ਘੱਟ ਕੇਵਲ 903 ਵੋਟਾਂ ਦੇ ਫ਼ਰਕ ਨਾਲ ਐਨ. ਡੀ. ਪੀ. ਦੀ ਉਮੀਦਵਾਰ ਜਿੰਨੀ ਜੋਗਿੰਦਰ ਕੌਰ ਸਿਮਜ਼ ਤੋਂ ਚੋਣ ਹਾਰੇ।
ਪਾਰਲੀਮੈਂਟ ‘ਚ ਇਸ ਸਮੇਂ ਜਿਥੇ ਦੁਬਾਰਾ ਜੇਤੂ ਬਣਨ ਵਾਲੇ ਨਰਿੰਦਰ ਕੌਰ ਨੀਨਾ ਗਰੇਵਾਲ, ਟਿਮ ਉੱਪਲ, ਦੀਪਕ ਉਬਰਾਏ ਤੇ ਦਵਿੰਦਰ ਸ਼ੋਰੀ ਸਮੇਤ ਦੋ ਨਵੇਂ ਚਿਹਰੇ ਪਰਮ ਗਿੱਲ ਅਤੇ ਬਲਜੀਤ ਸਿੰਘ ਬਲ ਗੋਸਲ ਸੱਤਾਧਾਰੀ ਪਾਰਟੀ ਵੱਲੋਂ ਲੋਕ ਨੁਮਾਇੰਦੇ ਬਣ ਕੇ ਪੁੱਜੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਤੋਂ ‘ਗਦਰੀ ਬਾਬਿਆਂ ਦਾ ਮੇਲਾ’ ਕਰਵਾਉਣ ਵਾਲੀ ਸੰਸਥਾ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਸੇਵਾਦਾਰ ਜਸਬੀਰ ਸਿੰਘ ਸੰਧੂ ਤੇ ਬੀ. ਸੀ. ਚੀਟਰ ਫੈਡਰੇਸ਼ਨ ਦੀ ਸਾਬਕਾ ਪ੍ਰਧਾਨ ਪੰਜਾਬੀ ਮੂਲ ਦੀ ਇਸਤਰੀ ਜਿੰਨੀ ਜੋਗਿੰਦਰ ਕੌਰ ਸਿਮਜ਼, ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਪਹਿਲੇ ਪੰਜਾਬੀ ਮਰਦ ਤੇ ਔਰਤ ਐਮ. ਪੀ. ਬਣਨ ਵਾਲੇ ਪਾਰਟੀ ਪ੍ਰਤੀਨਿਧ ਹੋ ਨਿਬੜੇ ਹਨ। ਲੋਕਾਂ ਨੂੰ ਆਸ ਹੈ ਕਿ ਚੁਣੇ ਗਏ ਪੰਜਾਬੀ ਮੂਲ ਦੇ ਸੰਸਦ ਮੈਂਬਰ ਜਿਥੇ ਕੈਨੇਡਾ ਦੇ ਹੋਰਨਾਂ ਮੁੱਦਿਆਂ ਨੂੰ ਅਹਿਮੀਅਤ ਦੇਣਗੇ ਉਥੇ ਭਾਈਚਾਰੇ ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਵੀ ਆਪਣੇ ਵਾਅਦੇ ਨਿਭਾਉਣਗੇ।
Related Topics: Prof. Gurvinder Singh Dhaliwal, Sikh Diaspora, ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ, ਸਿੱਖ ਨਸਲਕੁਸ਼ੀ 1984 (Sikh Genocide 1984)