ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

November 27, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਰਪੇਸ਼ ਕੌਮੀ ਮਸਲਿਆਂ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੂੰ ਪੰਥਕ ਤਾਲਮੇਲ ਸੰਗਠਨ ਦੇ ਬੈਨਰ ਹੇਠ ਇਕੱਤਰ ਕਰਨ ਦੇ ਮੁੱਖ ਸੂਤਰਧਾਰ, ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ ਸ਼ਨੀਵਾਰ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਵਿੱਚ ਸ਼ਾਮਿਲ ਕਰਨ ਅਰਵਿੰਦ ਕੇਜ਼ਰੀਵਾਲ, ਪਾਰਟੀ ਦੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਪੱਤਰਕਾਰ, ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਤੇ ਹਰਵਿੰਦਰ ਸਿੰਘ ਫੂਲਕਾ, ਵਿਧਾਨ ਸਭਾ ਹਲਕਾ ਦੱਖਣੀ ਤੋਂ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਝਰ ਵਿਸ਼ੇਸ਼ ਤੌਰ ‘ਤੇ ਪੁਜੇ। ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਜਸਵਿੰਰ ਸਿੰਘ ਐਡਵੋਕੇਟ ਦੀ ਹਮਾਇਤ ‘ਚ ਹਾਜ਼ਰ ਸਨ।

ਜਸਵਿੰਦਰ ਸਿੰਘ ਐਡਵੋਕੇਟ ਦੀ ਸਥਾਨਕ ਰੂਪ ਨਗਰ ਸਥਿਤ ਰਿਹਾਇਸ਼ ਦੇ ਬਾਹਰ ਅਯੌਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਅਕਾਲ ਪੁਰਖ ਕੀ ਫੌਜ, ਪੰਥਕ ਤਾਲਮੇਲ ਸੰਗਠਨ ਅਤੇ ਆਮ ਆਦਮੀ ਪਾਰਟੀ ਦੇ ਇਕ ਦਰਜਨ ਦੇ ਕਰੀਬ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਇੱਕ ਅਵਾਜ਼ ਹੋ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ, ਵਧ ਰਹੇ ਗੁੰਡਾ ਰਾਜ ਤੇ ਉਸਦੀ ਸਰਕਾਰੀ ਸਰਪ੍ਰਸਤੀ ਖਿਲਾਫ ਰੱਜ ਕੇ ਭੜਾਸ ਕੱਢੀ। ਬੁਲਾਰਿਆਂ ਨੇ ਬਾਰ-ਬਾਰ ਦੁਹਰਾਇਆ ਕਿ ਜਿਸ ਸਰਕਾਰ ਦੇ ਰਾਜ ਦੌਰਾਨ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥ ਤੇ ਔਰਤਾਂ ਦੀ ਇੱਜ਼ਤ ਮਹਿਫੂਜ਼ ਨਾ ਹੋਵੇ ਤੇ ਸਰਕਾਰ ਪੰਥ ਤੇ ਪੰਜਾਬ ਦੀ ਹਿਤੈਸ਼ੀ ਹੋਣ ਦਾ ਰੋਣਾ ਰੋਣ ਵਿੱਚ ਮਾਹਿਰ ਹੋਵੇ ਉਸ ਸਰਕਾਰ ਨੂੰ ਬਦਲਣ ਤੋਂ ਸਿਵਾਏ ਹੋਰ ਕੋਈ ਰਾਸਤਾ ਨਹੀ ਹੈ। ਬੁਲਾਰਿਆਂ ਨੇ ਪ੍ਰਾਪਤ ਵੱਖ-ਵੱਖ ਅੰਕੜਿਆਂ ਦੇ ਹਵਾਲੇ ਨਾਲ ਲੋਕਾਂ ਨੂੰ ਪੰਜਾਬ ਵਿੱਚ ਫੈਲੇ ਨਸ਼ਿਆਂ ਤੇ ਸਰਕਾਰੀ ਸ਼ਹਿ ‘ਤੇ ਹੋ ਰਹੀ ਗੁੰਡਾਗਰਦੀ ਪ੍ਰਤੀ ਜਾਣੂੰ ਕਰਵਾਇਆ ਤੇ ਕਿਹਾ ਕਿ ਇਸ ਵਾਰ ਪੰਜਾਬ ਦਾ ਇਲਾਜ ਸੱਤਾ ਤਬਦੀਲੀ ਹੀ ਹੈ।

jaswinder-singh-advocate-aap-01

ਜਸਵਿੰਦਰ ਸਿੰਘ ਐਡਵੋਕੇਟ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਸਮੇਂ ਕੇਜਰੀਵਾਲ ਨਾਲ ਜਿੱਤ ਦਾ ਨਿਸ਼ਾਨ ਦਿਖਾਉਂਦੇ ਹੋਏ

ਉਨ੍ਹਾਂ ਕਿਹਾ ਕਿ ਜੇਕਰ ਬਾਦਲਕਿਆਂ ਦੀ ਥਾਂ ‘ਤੇ ਕਾਂਗਰਸ ਵਾਪਿਸ ਆ ਗਈ ਤਾਂ ਇਹ ਉਸੇ ‘ਉਤਰ ਕਾਟੋ ਮੈਂ ਚੜਾਂ’ ਵਾਲੀ ਕਹਾਵਤ ਦਾ ਦੁਹਰਾ ਹੋਵੇਗਾ ਜੋ ਪਿਛਲੀਆਂ 14 ਵਿਧਾਨ ਸਭਾ ਦੌਰਾਨ ਵਾਪਰਦਾ ਰਿਹਾ ਹੈ। ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਇਨਕਲਾਬ ਰੈਲੀਆਂ ਕਰਨ ਉਪਰੰਤ ਕੱਲ੍ਹ ਵਾਪਿਸ ਦਿੱਲੀ ਜਾ ਰਹੇ ਕੇਜਰੀਵਾਲ ਸਿਰਫ ਕੁਝ ਮਿੰਟਾਂ ਲਈ ਹੀ ਇਸ ਰੈਲੀ ਵਿੱਚ ਸ਼ਾਮਿਲ ਹੋਏ ਅਤੇ ਜੈਕਾਰਿਆਂ ਦੀ ਗੂੰਜ ਦਰਮਿਆਨ ਐਡਵੋਕੇਟ ਜਸਵਿੰਦਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਆਪਣੇ ਬਹੁਤ ਹੀ ਸੰਖੇਪ ਸੰਬੋਧਨ ਵਿੱਚ ਅਰਵਿੰਦ ਕੇਜ਼ਰੀਵਾਲ ਨੇ ਕਿਹਾ ਕਿ ਇਕ ਪਾਸੇ ਉਹ ਲੋਕ ਹਨ ਜਿਨ੍ਹਾਂ ਕੋਲ ਸੱਤਾ ਅਤੇ ਪੈਸਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਸ ਕੋਲ ਉਸ ਵਾਹਿਗੁਰੂੁ ਦੀ ਕਿਰਪਾ ਅਤੇ ਲੋਕਾਂ ਦਾ ਸਾਥ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਹੱਕਾਂ ਲਈ ਮੈਦਾਨ ਵਿੱਚ ਨਿਤਰ ਪੈਣ ਤਾਂ ਉਹ ਇਨਕਲਾਬ ਹੁੰਦਾ ਲੇਕਿਨ ਜਦੋਂ ਲੋਕ ਆਪਣੇ ਧਾਰਮਿਕ ਅਕੀਦੇ ਖਾਤਿਰ ਤਾਕਤਵਰਾਂ ਦਾ ਮੁਕਾਬਲਾ ਕਰਨ ਤਾਂ ਧਰਮ ਯੁਧ ਹੁੰਦਾ।

ਉਨ੍ਹਾਂ ਯਕੀਨ ਦਿਵਾਇਆ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ ਤਾਕਤਵਰ ਲੋਕਾਂ ਦੀ ਬਜਾਏ ਪੰਜਾਬ ਦੇ ਆਮ ਲੋਕ ਪੁਜਣਗੇ। ਰੈਲੀ ਨੁੰ ਸੰਬੋਧਨ ਕਰਨ ਵਾਲਿਆਂ ਵਿੱਚ ਸੁਰਿੰਦਰ ਪਾਲ ਸਿੰਘ ਗੋਲਡੀ, ਪ੍ਰੋ: ਬਲਵਿੰਦਰ ਪਾਲ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਡਾ: ਰਣਜੀਤ ਸਿੰਘ ਬੁੱਟਰ, ਡਾ: ਕੁਲਬੀਰ ਸਿੰਘ ਤਰਨਤਾਰਨ ਤੋਂ ਇਲਾਵਾ ਅਕਾਲ ਪੁਰਖ ਕੀ ਫੌਜ ਦੇ ਕਨਵੀਨਰ ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਕੌਂਸਲਰ ਅਮਰਜੀਤ ਸਿੰਘ ਭਾਟੀਆ ਸ਼ਾਮਿਲ ਸਨ। ਜਸਵਿੰਦਰ ਸਿੰਘ ਐਡਵੋਕੇਟ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਕੇਜਰੀਵਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਗਏ ਜਿਥੇ ਪ੍ਰੋ: ਮਨਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਤੋਂ ਇਲਾਵਾ ਸਿੱਖ ਫੁਲਵਾੜੀ ਮੈਗਜ਼ੀਨ ਦੇ ਸੰਪਾਦਕ ਸ. ਹਰਜੀਤ ਸਿੰਘ ਮੌਜੂਦ ਸਨ। ਇਸ ਮੌਕੇ ਅਕਾਲ ਪੁਰਖ ਕੀ ਫੌਜ ਦੀ ਸਮੁੱਚੀ ਟੀਮ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਤੋਂ ਅਲਾਵਾ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਭਰ ਤੋਂ ਲੀਡਰਸ਼ਿਪ ਮੌਜੂਦ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,