
January 3, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਵਲੋਂ ਸਿੱਖ ਕੌਮ ਉਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਸ. ਮਾਨ ਨੇ ਕਿਹਾ ਇਨ੍ਹਾਂ ਜ਼ੁਲਮਾਂ ਦੇ ਸਮਾਜਿਕ ਤੌਰ ‘ਤੇ ਨਤੀਜੇ ਭੁਗਤਨ ਲਈ ਜ਼ਿੰਮੇਵਾਰ ਤਾਕਤਾਂ ਤਿਆਰ ਰਹਿਣ। ਉਨ੍ਹਾਂ ਪਟਨਾ ਸਾਹਿਬ ਪਹੁੰਚਣ ਵਾਲੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਤੇ ਉਹਨਾਂ ਨਾਲ ਪਹੁੰਚਣ ਵਾਲੇ ਅਖੌਤੀ ਧਾਰਮਿਕ ਆਗੂਆਂ ਤੇ ਅਹੁਦੇਦਾਰਾਂ ਨੂੰ ਸਿੱਖ ਸੰਗਤ ਜਨਤਕ ਤੌਰ ‘ਤੇ ਪੰਡਾਲ ਵਿਚੋਂ ਪੁੱਛਣ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਹਨਾਂ ਨੂੰ ਬਣਦੀਆਂ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ?
ਸਿਮਰਨਜੀਤ ਸਿੰਘ ਮਾਨ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)
ਸ. ਮਾਨ ਨੇ ਬਿਆਨ ‘ਚ ਕਿਹਾ ਕਿ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਜਗਜੀਤ ਸਿੰਘ ਜੰਮੂ, ਭਾਈ ਦਰਸ਼ਨ ਸਿੰਘ ਲੋਹਾਰਾ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਸਰਾਵਾਂ ਅਤੇ ਚਿੱਠੀ ਸਿੰਘ ਪੁਰਾ ਵਿਖੇ ਨਿਰਦੋਸ਼ ਮਾਰੇ ਗਏ 40 ਸਿੱਖਾਂ ਦੇ ਕਾਤਲਾਂ ਅਤੇ ਦਿੱਲੀ ਵਿਖੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਅੱਜ ਤੱਕ ਕਿਉਂ ਨਹੀਂ ਖੜ੍ਹਾ ਕੀਤਾ ਗਿਆ? ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਪ੍ਰਬੰਧ ਕਰਕੇ ਉਹਨਾਂ ਦੇ ਸੰਘਰਸ਼ਮਈ ਤੇ ਕੁਰਬਾਨੀ ਭਰੇ ਜੀਵਨ ਦੇ ਮਕਸਦ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਉਣਾ ਚਾਹੁੰਦੇ ਹਨ। ਜਦੋਂਕਿ ਮੋਦੀ ਅਤੇ ਬਾਦਲ ਪਟਨਾ ਸਾਹਿਬ ਵਿਖੇ ਹੋਣ ਵਾਲੇ ਲੱਖਾਂ ਦੇ ਇਕੱਠ ਵਿਚ ਗੜਬੜੀ ਕਰਵਾਕੇ ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਖ ਕੌਮ ਸਰਕਾਰ-ਏ-ਖ਼ਾਲਸਾ ਕਾਇਮ ਕਰਨ ਵਿਚ ਕਾਮਯਾਬ ਨਾ ਹੋ ਸਕੇ।
ਸ. ਮਾਨ ਨੇ ਜਾਰੀ ਬਿਆਨ ‘ਚ ਅੱਗੇ ਕਿਹਾ ਕਿ ਬਾਦਲ ਪਰਿਵਾਰ, ਕੇਜਰੀਵਾਲ ਦੀ ਆਪ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਅਤੇ ਭਾਜਪਾ ਦੇ ਆਗੂ ਅਜਿਹੀਆਂ ਕਾਰਵਾਈਆਂ ਕਰਕੇ ਦਿੱਲੀ ਅਤੇ ਨਾਗਪੁਰ ‘ਚ ਬੈਠੇ ਅਕਾਵਾਂ ਨੂੰ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਸਾਡੇ ਤੋਂ ਬਗੈਰ ਕੋਈ ਵੀ ਤਾਕਤ ਜਾਂ ਕੋਈ ਵੀ ਆਗੂ ਸਿੱਖ ਕੌਮ ਨੂੰ ਸਾਂਭ ਨਹੀਂ ਸਕਦਾ। ਅਸੀਂ ਹੀ ਸਿੱਖ ਕੌਮ ਨੂੰ ਫ਼ੌਜ ਅਤੇ ਪੁਲਿਸ ਦੀ ਤਾਕਤ ਨਾਲ ਸਾਂਭ ਸਕਦੇ ਹਾਂ ਤਾਂ ਕਿ ਇਹਨਾਂ ਸਿੱਖ ਵਿਰੋਧੀ ਆਗੂਆਂ ਉਤੇ ਨਜ਼ਰ ਮੇਹਰਬਾਨ ਰਹੇ ਅਤੇ ਅਜਿਹੇ ਹਥਕੰਡਿਆਂ ਰਾਹੀਂ ਸਿਆਸੀ ਤਾਕਤ ਉਤੇ ਇਹ ਲੋਕ ਕਾਬਜ਼ ਰਹਿਣ।
Related Topics: 350th years celebrations of Guru Gobind Singh, Aam Aadmi Party, Arvind Kejriwal, Babu Baljit Singh Daduwal, Captain Amrinder Singh Government, CM Beant Singh, Nitish Kumar, Parkash Singh Badal, Punjab Elections 2017 (ਪੰਜਾਬ ਚੋਣਾਂ 2017), Punjab Politics, Punjab Polls 2017, Simranjeet Singh Mann, Surjit Singh Barnala, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)