ਸਿੱਖ ਖਬਰਾਂ

ਫਰੀਦਕੋਟ ਸ਼ਹਿਰ ਦੇ ਇਤਿਹਾਸਕ ਘੰਟਾ ਘਰ ਦੀ ਇਸ਼ਤਿਹਾਰੀ ਬੋਰਡਾਂ ਤੋਂ ਖੁਲਾਸੀ

August 14, 2010 | By

* ਭਵਿੱਖ ’ਚ ਬੋਰਡ ਅਤੇ ਪੈਫਲਿਟ ਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ: ਡੀ.ਸੀ
* ਸ਼ਹਿਰ ਨਿਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਲਾਘਾ

* ਭਵਿੱਖ ’ਚ ਬੋਰਡ ਅਤੇ ਪੈਫਲਿਟ ਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ: ਡੀ.ਸੀ

* ਸ਼ਹਿਰ ਨਿਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਲਾਘਾ

Faridkot Ghanta Ghar gets Freedom from sign boardsਫ਼ਰੀਦਕੋਟ, 20 ਜੁਲਾਈ (ਗੁਰਭੇਜ ਸਿੰਘ ਚੌਹਾਨ): ਰਿਆਸਤ ਫਰੀਦਕੋਟ ਵੇਲੇ ਤੋਂ ਹੋਂਦ ਵਿੱਚ ਆਏ ਫਰੀਦਕੋਟ ਦੇ ਘੰਟਾ ਘਰ ਜੋ ਅੱਜ ਵੀ ਤਾਜ਼ਾ ਇਮਾਰਤ ਵਜੋਂ ਵੇਖਿਆ ਜਾ ਸਕਦਾ ਹੈ ਦੀ ਇੱਕ ਇਸ਼ਤਿਹਾਰੀ ਇਮਾਰਤ ਵਜੋਂ ਹੋ ਰਹੀ ਦੁਰਵਰਤੋਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਵਿਜੈ ਐੱਨ.ਜ਼ਾਦੇ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਇਸਨੂੰ ਪੂਰਣ ਤੌਰ ’ਤੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਹੈ ਜਿਸ ਤਹਿਤ ਇਸਦੇ ਆਲੇ ਦੁਆਲੇ ਲੱਗੇ ਲੱਗਪਗ ਸਾਰੇ ਇਸ਼ਤਿਹਾਰਨੁਮਾ ਬੋਰਡ ਹਟਵਾ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ 100 ਸਾਲ ਤੋਂ ਵਧੇਰੇ ਉਮਰ ਹੰਡਾਂ ਚੁੱਕਾ ਇਹ ਘੰਟਾ ਘਰ ਸ਼ਹਿਰ ਦੇ ਬੇਹੱਦ ਰਮਨੀਕ ਖੇਤਰ ਵਿੱਚ ਅੱਜ ਵੀ ਅਡੋਲ ਖੜ੍ਹਾ ਹੈ ਅਤੇ ਇਹ ਘੰਟਾ ਘਰ ਫਰੀਦਕੋਟ ਦੀ ਅਸਲ ਪਹਿਚਾਣ ਵੀ ਬਣਿਆਂ ਹੋਇਆ ਹੈ। ਇਹੀ ਕਾਰਣ ਹੈ ਕਿ ਸ਼ਹਿਰ ਦੇ ਵਿੱਚ ਵਿਚਾਲੇ ਹੋਂਣ ਦਾ ਲਾਹਾ ਲੈਂਦਿਆਂ ਕੁਝ ਕੁ ਜੱਥੇਬੰਦੀਆਂ ਵੱਲੋਂ ਇਸਨੂੰ ਇਸ਼ਤਿਹਾਰੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਸੀ ਅਤੇ ਇਸ ਦੇ ਆਸੇ ਪਾਸੇ ਲੱਗਪਗ ਹਰ ਪ੍ਰਾਈਵੇਟ ਪ੍ਰੋਗਰਾਮ ਨੂੰ ਦਰਸਾਉਂਦੇ ਪੈਫਲਿਟ ਆਦਿ ਵੀ ਚਿਪਕਾ ਦਿੰਦੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਕੁ ਕਾਰੋਬਾਰੀਆਂ ਵੱਲੋਂ ਇਸਦੀ ਹੇਠਲੀ ਮੰਜ਼ਿਲ ਦੀ ਵੀ ਦੁਰਵਰਤੋਂ ਜਾਰੀ ਸੀ ਜਿਸ ਨਾਲ ਇਸ ਇਤਿਹਾਸਕ ਇਮਾਰਤ ਦੀ ਦਿੱਖ ਨੂੰ ਠੇਸ ਲੱਗਦੀ ਆ ਰਹੀ ਸੀ।

ਹੁਣ ਜੇਕਰ ਇਸ ਇਤਿਹਾਸਕ ਘੰਟਾ ਘਰ ਦੇ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ 1902 ਵਿੱਚ ਉਸ ਵੇਲੇ ਦੇ ਸੱਤਾਧਾਰੀ ਰਾਜੇ ਵੱਲੋਂ ਮਹਾਰਾਣੀ ਵਿਕਟੋਰੀਆ ਦੀ ਯਾਦ ਵਿੱਚ ਫਰਾਂਸੀਸੀ ਨਮੂਨੇ ਦੇ ਆਧਾਰ ’ਤੇ ਇਸਨੂੰ ਬਣਾਇਆ ਗਿਆ ਅਤੇ ਇਸਦੀ ਉਚਾਈ ਜੋ ਕਰੀਬ 115 ਫੁੱਟ ਹੈ ਅੱਜ ਵੀ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਮੋਹ ਲੈਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਜਵਾੜਾਸ਼ਾਹੀ ਵੇਲੇ ਫਰੀਦਕੋਟ ਰਿਆਸਤ ਦੇ ਲੋਕਾਂ ਨੂੰ ਸਮੇਂ ਤੋਂ ਜਾਣੂੰ ਕਰਵਾਉਣ ਦਾ ਇਹ ਇੱਕੋ-ਇੱਕ ਸਾਧਨ ਸੀ ਅਤੇ ਹਰ ਘੰਟੇ ਜਾਂ ਅੱਧੇ ਘੰਟੇ ਬਾਅਦ ਵੱਜਣ ਵਾਲੇ ਘੰਟੇ ਦੀ ਮਿੱਠੀ ਆਵਾਜ਼ ਇਸਦੀ ਹੋਂਦ ਦਾ ਅਹਿਸਾਸ ਕਰਵਾਉਂਦੀ ਆ ਰਹੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਘੰਟਾ ਘਰ ਦੀ ਸਾਰੀ ਮਸ਼ੀਨਰੀ ਸਵਿਟਰਜ਼ਰਲੈਂਡ ਨਾਲ ਸਬੰਧਤ ਹੈ ਅਤੇ ਇਹੀ ਕਾਰਣ ਹੈ ਕਿ ਇਸਦੇ ਬਦਲੇ ਜਾਣ ਵਾਲੇ ਪੁਰਜ਼ੇ ਅਤੇ ਸਮੇਂ ਸਮੇਂ ’ਤੇ ਹੋਰ ਪੈਂਣ ਵਾਲੇ ਕਿਸੇ ਨੁਕਸ ਨੂੰ ਦੂਰ ਕਰਨ ਲਈ ਦਿੱਕਤ ਪੇਸ਼ ਆਉਣ ਸਦਕਾ ਕੁਝ ਸਮਾਂ ਲੱਗਣ ਦੀ ਸੂਰਤ ਵਿੱਚ ਵੱਜਣ ਵਾਲੇ ਘੰਟਿਆਂ ਦੀ ਕਈ ਵਾਰ ਆਵਾਜ਼ ਖਾਮੋਸ਼ ਵੀ ਹੋ ਜਾਂਦੀ ਹੈ ਅਤੇ ਇਹ ਸਥਿੱਤੀ ਅੱਜ ਵੀ ਬਣੀ ਹੋਈ ਹੈ।

ਡਿਪਟੀ ਕਮਿਸ਼ਨਰ ਵੱਲੋਂ ਲਏ ਗਏ ਉਕਤ ਫੈਸਲੇ ਦਾ ਜਿੱਥੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ ਹੈ ਉੱਥੇ ਡਿਪਟੀ ਕਮਿਸ਼ਨਰ ਵੱਲੋਂ ਇਹ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਭਵਿੱਖ ਵਿੱਚ  ਇਸ ਇਤਿਹਾਸਕ ਘੰਟਾ ਘਰ ’ਤੇ ਜਿਸ ਸੰਸਥਾ ਜਾਂ ਜੱਥੇਬੰਦੀ ਵੱਲੋਂ ਬੋਰਡ ਜਾਂ ਪੈਫਲਿਟ ਲਗਾਏ ਜਾਣਗੇ ਉਸ ਵਿਰੁੱਧ ਕੇਸ ਰਜਿਸ਼ਟਰਡ ਕਰਵਾਏ ਜਾਣਗੇ।

ਇਸੇ ਹੀ ਸਬੰਧ ਵਿੱਚ ਸ੍ਰ ਦਲਜੀਤ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ ਮੁਕਤਸਰ ਜਿੰਨ੍ਹਾਂ ਕੋਲ ਫਰੀਦਕੋਟ ਜ਼ਿਲ੍ਹੇ ਦਾ ਵਾਧੂ ਚਾਰਜ਼ ਵੀ ਹੈ ਨੇ ਕਿਹਾ ਕਿ ਫਰੀਦਕੋਟ ਵਿਭਾਗ ਦਾ ਇਸ ਇਤਿਹਾਸਕ ਇਮਾਰਤ ਵਿਖੇ ਆਰੰਭ ਤੋਂ ਹੀ ਸੂਚਨਾ ਕੇਂਦਰ ਦਫਤਰ ਹੈ ਅਤੇ ਇਸਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਨੋਟਿਸ ਵਿੱਚ ਆਉਂਦਿਆਂ ਹੀ ਉਹਨਾਂ ਇਸਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੀ ਕਾਰਵਾਈ ਤੁਰੰਤ ਕਰ ਦਿੱਤੀ ਗਈ ਹੈ ਜਦਕਿ ਇਸਦੇ ਸਤਿਕਾਰ ਵਿੱਚ ਵਾਧਾ ਕਰਨ ਲਈ ਇਸ ਵਿਚਲਾ ਸੂਚਨਾ ਕੇਂਦਰ ਦਫਤਰ ਹੁਣ ਮਿੰਨੀ ਸਕੱਤਰੇਤ ਵਿਖੇ ਸਥਿੱਤ ਦਫਤਰ ਵਿਖੇ ਹੀ ਤਬਦੀਲ ਕਰਨ ਲਈ ਵਿਭਾਗ ਦੇ ਮੁੱਖ ਦਫਤਰ ਤੋਂ ਪ੍ਰਵਾਨਗੀ ਲੈਣ ਹਿੱਤ ਪੱਤਰ ਵੀ ਲਿਖ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਘੰਟਾ ਘਰ ਨੂੰ ਬਿਜਲੀ ਦੀਆਂ ਤਾਰਾਂ ਨਾਲ ਪਿਛਲੇ ਕਾਫੀ ਲੰਮੇਂ ਅਰਸੇ ਤੋਂ ਖੰਭੇ ਦੇ ਰੂਪ ਵਿੱਚ ਵਰਤਣ ਸਦਕਾ ਜਕੜ ਰੱਖਿਆ ਜਿਸਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਇਸ ਨਾਲੋਂ ਬਿਜਲੀ ਦੀਆਂ ਤਾਰਾਂ ਹਟਾ ਦਿੱਤੀਆਂ ਗਈਆਂ ਹਨ। ਸ਼ਹਿਰ ਨਿਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੇ ਡਿਪਟੀ ਕਮਿਸ਼ਨਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਹ ਵੀ ਅਪੀਲ ਕੀਤੀ ਹੈ ਕਿ ਘੰਟਾ ਘਰ ਦੀ ਅਸਲ ਪਹਿਚਾਣ ਬਹਾਲ ਕਰਨ ਲਈ ਇਸਦੀਆਂ ਘੜੀਆਂ ਵਿੱਚ ਪਏ ਨੁਕਸ ਨੂੰ ਤੁਰੰਤ ਦੂਰ ਕਰਵਾਉਣ ਲਈ ਸਥਾਨਕ ਨਗਰ ਕੌਂਸਲ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਇਸਦੇ ਘੰਟਿਆਂ ਦੀ ਆਵਾਜ਼ ਮੁੜ ਤੋਂ ਦੂਰ-ਦੂਰ ਤੱਕ ਸੁਣਾਈ ਦੇ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: