ਵਿਦੇਸ਼

ਫਰਿਜ਼ਨੋ ਕਾਉਂਟੀ ਦੇ ਸਿੱਖਿਆ ਦਫਤਰ ਨੇ ਨਵੰਬਰ 2011 ਨੂੰ ਕੈਲੇਫੋਰਨੀਆ ਸਿੱਖ ਜਾਗਰੂਕਤਾ ਮਹੀਨਾ ਐਲਾਨਿਆ

December 1, 2011 | By

ਕਰਦਰਜ਼, ਕੈਲੇਫੋਰਨੀਆ (19 ਨਵੰਬਰ, 2011): ਇਸ ਸ਼ਹਿਰ ਵਿਖੇ ਉਦੋਂ ਇਤਿਹਾਸ ਸਿਰਜਿਆ ਗਿਆ, ਜਦ ਫਰਿਜ਼ਨੋ ਕਾਉਂਟੀ ਦੇ ਸਿੱਖਿਆ ਦਫਤਰ ਵੱਲੋਂ ਨਵੰਬਰ 2011 ਮਹੀਨੇ ਨੂੰ ਕੈਲੇਫੋਰਨੀਆ ਸਿੱਖ ਜਾਗਰੂਕਤਾ ਮਹੀਨਾ ਐਲਾਨ ਦਿੱਤਾ ਗਿਆ। ਸੈਂਟਰਲ ਵੈਲੀ ਦੇ ਦਸ ਗੁਰਦੁਆਰਾ ਸਾਹਿਬਾਨਾਂ ਦੀ ਸਾਂਝੀ ਸੰਸਥਾ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆ ਇਸ ਮੌਕੇ 19 ਨਵੰਬਰ ਨੂੰ ਕਰਦਰਜ਼ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮਕਸਦ ਪਬਲਿਕ ਸਕੂਲਾਂ ਵਿੱਚ ਬੁਲਿੰਗ ਬਾਰੇ ਕੇਂਦਰੀ ਰਿਪੋਰਟ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਫਰਿਜ਼ਨੋ ਕਾਉਂਟੀ ਦੇ ਸਿੱਖਿਆ ਦਫਤਰ ਵੱਲੋਂ ਇੱਕ ਮਤਾ ਕੌਂਸਲ ਨੂੰ ਭੇਟ ਕੀਤਾ ਗਿਆ, ਜਿਸ ਵਿੱਚ ਦਰਸਾਇਆ ਗਿਆ ਸੀ ਕਿ ਨਵੰਬਰ 2011 ਮਹੀਨੇ ਨੂੰ ਉਨ੍ਹਾਂ ਵੱਲੋਂ ਕੈਲੇਫੋਰਨੀਆ ਸਿੱਖ ਜਾਗਰੂਕਤਾ ਮਹੀਨਾ ਐਲਾਨਿਆ ਗਿਆ ਹੈ। ਅਸੈਂਬਲੀ ਮੈਂਬਰ ਹੈਨਰੀ ਪੇਰੀਆ ਨੇ ਵਿਸ਼ਵਾਸ ਦੁਆਇਆ ਕਿ ਉਹ ਅਸੈਂਬਲੀ ਵਿੱਚ ਇੱਕ ਬਿੱਲ ਪੇਸ਼ ਕਰਨਗੇ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਇਸ ਮਹੀਨੇ ਨੂੰ ਪੱਕੇ ਤੌਰ ’ਤੇ ਕੈਲੇਫੋਰਨੀਆ ਸਿੱਖ ਜਾਗਰੂਕਤਾ ਮਹੀਨੇ ਦਾ ਦਰਜਾ ਮਿਲ ਜਾਵੇ।

ਇਸ ਉਪਰੰਤ 20 ਨਵੰਬਰ ਨੂੰ ਪੈਸੇਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਰਦਰਜ਼ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ, ਜਿੱਥੇ ਕਵੀ ਦਰਬਾਰ ਤੋਂ ਇਲਾਵਾ ਵਿਦਵਾਨਾਂ ਵੱਲੋਂ ਵਿਚਾਰ ਭਰਪੂਰ ਤਕਰੀਰਾਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਮੁੱਖ ਬੁਲਾਰੇ ਡਾ. ਅਮਰਜੀਤ ਸਿੰਘ ਸਨ, ਜੋ ਕਿ ਵਾਸ਼ਿੰਗਟਨ ਡੀ. ਸੀ. ਤੋਂ ਉਚੇਚੇ ਤੌਰ ’ਤੇ ਇਸ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ ਸਨ। ਉਨ੍ਹਾਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਸਬੰਧੀ ਬਹੁਤ ਹੀ ਜਾਣਕਾਰੀ ਭਰਪੂਰ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਸ. ਜਸਵੰਤ ਸਿੰਘ ਹੋਠੀ, ਸ. ਪਿਸ਼ੌਰਾ ਸਿੰਘ ਢਿੱਲੋਂ, ਡਾ. ਗੁਰੂਮੇਲ ਸਿੱਧੂ, ਹਰਜਿੰਦਰ ਕੰਗ, ਸਾਧੂ ਸਿੰਘ ਸੰਘਾ, ਮੁਹੰਮਦ ਅਸ਼ਰਫ ਗਿੱਲ, ਦਲਜੀਤ ਰਿਆੜ ਅਤੇ ਲਛਮਣ ਸਿੰਘ ਰਾਠੌਰ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਮੰਚ ਸੰਚਾਲਨ ਸ. ਭਰਪੂਰ ਸਿੰਘ ਧਾਲੀਵਾਲ ਹੁਰਾਂ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: