ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਪੰਜਾਬ ਦੀ ਅਜ਼ਾਦੀ ਦੀ ਮੰਗ ਕਰਦੀ ਪਟੀਸ਼ਨ ‘ਤੇ ਫੈਡਰੇਸ਼ਨ ਪੀਰ ਮੁਹੰਮਦ ਵਲੋਂ ਤਿੰਨ ਰੋਜ਼ਾ ਦਸਤਖਤੀ ਮੁਹਿੰਮ

August 5, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) : ਭਾਰਤ ਦੇ ਅਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਮੁਕੰਮਲ ਬਾਈਕਾਟ ਦਾ ਸੱਦਾ ਦਿੰਦੀ ਅਤੇ ਪੰਜਾਬ ਦੀ ਅਜ਼ਾਦੀ ਲਈ ਅਮਰੀਕਾ ਸਰਕਾਰ ਪਾਸ ਅਪੀਲ ਕਰਦੀ ਇੱਕ ਪਟੀਸ਼ਨ ‘ਤੇ ਦਸਤਖਤ ਕਰਾਉਣ ਦੀ ਵਿਸ਼ਵ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਗੁਰੂ ਨਗਰੀ ਵਿਖੇ ਵੀ ਤਿੰਨ ਰੋਜ਼ਾ ਦਸਤਖਤੀ ਮੁਹਿੰਮ ਸ਼ੁਰੂ ਹੋਈ। ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸੇ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ-ਮੁਹੰਮਦ) ਦੇ ਸਾਂਝੇ ਉਪਰਾਲੇ ਨਾਲ ਸ਼ੁਰੂ ਹੋਈ ਇਸ ਦਸਤਖਤੀ ਮੁਹਿੰਮ ਨੂੰ ਸਫਲ ਕਰਨ ਲਈ ਦਿਨ ਭਰ ਜਾਗਰੂਕ ਯਾਤਰੂਆਂ ਦਾ ਤਾਂਤਾ ਲੱਗਿਆ ਰਿਹਾ। ਹਾਲਾਂਕਿ ਦੁਪਿਹਰ ਵੇਲੇ ਤੇਜ਼ ਬਾਰਿਸ਼ ਕਾਰਨ ਕੁਝ ਸਮੇਂ ਲਈ ਆਵਾਜਾਈ ਰੁੱਕ ਗਈ ਸੀ। ਪਰ ਇਸ ਦੇ ਬਾਵਜੂਦ ਦੁਪਿਹਰ 3 ਵਜੇ ਤੀਕ 25 ਸੌ ਦੇ ਕਰੀਬ ਲੋਕ ਮੁਹਈਆ ਕਰਵਾਏ ਗਏ ਅਧਿਕਾਰਤ ਫਾਰਮ ‘ਤੇ ਦਸਤਖਤ ਕਰ ਚੁੱਕੇ ਸਨ।

peermohamad 2020 sikh refurandum

ਪੰਜਾਬ ਦੀ ਅਜ਼ਾਦੀ ਦੀ ਮੰਗ ਕਰਦੀ ਪਟੀਸ਼ਨ ‘ਤੇ ਫੈਡਰੇਸ਼ਨ ਪੀਰ ਮੁਹੰਮਦ ਵਲੋਂ ਤਿੰਨ ਰੋਜ਼ਾ ਦਸਤਖਤੀ ਮੁਹਿੰਮ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਸੀਨੀਅਰ ਮੀਤ ਪ੍ਰਧਾਨ ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਮੀਤ ਪ੍ਰਧਾਨ ਗੁਰਮੁੱਖ ਸਿੰਘ ਸੰਧੂ, ਜਨਰਲ ਸਕੱਤਰ ਗੁਰਬਖਸ਼ ਸਿੰਘ ਅਤੇ ਫੈਡਰਸ਼ਨ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਦਰਬਾਰ ਸਾਹਿਬ ਦੇ ਦਰਸ਼ਨਾਂ ਹਿੱਤ ਆ ਰਹੇ ਯਾਤਰੂਆਂ ਨੂੰ ਪਟੀਸ਼ਨ ਦਾ ਅਧਿਕਾਰ ਦੇਣ ਵਾਲੇ ਫਾਰਮ ‘ਤੇ ਦਸਤਖਤਾਂ ਲਈ ਪ੍ਰੇਰਦੇ ਵੇਖੇ ਗਏ।

peermohamad 2020 sikh refurandum 03

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਰ ਮੁਹੰਮਦ ਨੇ ਦੱਸਿਆ ਕਿ ਹਿੰਦੁਸਤਾਨ ਵਿੱਚ ਦਿਨੋਂ ਦਿਨ ਘੱਟਗਿਣਤੀਆਂ ਦੀ ਹੋ ਰਹੀ ਦੁਰਦਸ਼ਾ ਅਤੇ ਭਾਰਤ ਦੀ ਅਜ਼ਾਦੀ ਉਪਰੰਤ ਵਿਸ਼ੇਸ਼ ਕਰਕੇ ਸਿੱਖ ਕੌਮ ਪ੍ਰਤੀ ਕੇਂਦਰੀ ਸਰਕਾਰਾਂ ਦੁਆਰਾ ਅਪਣਾਇਆ ਰੋਲ ਬਹੁਤ ਹੀ ਸ਼ਰਮਨਾਕ ਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਿੱਖ ਧਰਮ ਦੁਨੀਆਂ ਦੇ ਧਰਮਾਂ ਵਿੱਚ ਬਿਲਕੁਲ ਨਿਵੇਕਲਾ ਤੇ ਨਿਆਰਾ ਧਰਮ ਹੈ, ਕੌਮ ਦੀ ਆਪਣੀ ਵੱਖਰੀ ਤੇ ਅੱਡਰੀ ਪਹਿਚਾਣ ਹੈ ਲੇਕਿਨ ਇਸਦੇ ਬਾਵਜੂਦ ਭਾਰਤੀ ਸੰਵਿਧਾਨ ਅਜੇ ਤੀਕ ਇਸਨੂੰ ਹਿੰਦੂ ਧਰਮ ਨਾਲ ਰਲਗੱਡ ਕਰਨ ਦੀ ਰਾਹ ਤੁਰਿਆ ਹੋਇਆ ਹੈ ਅਤੇ ਜੂਨ 1984 ਅਤੇ ਨਵੰਬਰ 1984 ਤੋਂ ਸਿੱਖ ਨਸਲਕੁਸ਼ੀ ਜਾਰੀ ਹੈ।

peermohamad 2020 sikh refurandum 02

ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ ਵਿੱਚ ਜਦੋਂ ਵਿਸ਼ਵ ਭਰ ਵਿੱਚ ਵਸਦੇ ਸਿੱਖ ਵੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਹੋਣੀ ਦਾ ਫੈਸਲਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਤਾਂ ਅਮਰੀਕਾ ਦੀ ਓਬਾਮਾ ਸਰਕਾਰ ਪਾਸ ਇੱਕ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਲਿਆ ਗਿਆ ਹੈ ਕਿ ਉਹ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਹੋਣ ਦੇ ਨਾਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਅਜ਼ਾਦੀ ਦਾ ਸਮਰਥਨ ਕਰੇ। ਇਸ ਮੌਕੇ ਪ੍ਰਭਜੋਤ ਸਿੰਘ ਫਰੀਦਕੋਟ, ਹਰਪ੍ਰੀਤ ਸਿੰਘ ਕੋਟਕਪੂਰਾ, ਸਤਨਾਮ ਸਿੰਘ, ਸ਼ਾਹਬਾਜ਼ ਦੀਪ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਬੀਰਮੀ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,