ਸਿਆਸੀ ਖਬਰਾਂ » ਸਿੱਖ ਖਬਰਾਂ

ਕੇ. ਪੀ. ਐਸ. ਗਿੱਲ ਦੀ ਕਿਤਾਬ “ਪੰਜਾਬ: ਅੰਦਰੂਨੀ ਦੁਸ਼ਮਣ” ਝੂਠ, ਫਰੇਬ ਅਤੇ ਨਫਰਤ ਦਾ ਪੁਲੰਦਾ

April 5, 2017 | By

ਅੰਮ੍ਰਿਤਸਰ: ਦਲ ਖ਼ਾਲਸਾ ਨੇ ਕੇ.ਪੀ.ਐਸ. ਗਿੱਲ ਅਤੇ ਲੇਖਿਕਾ ਸਾਧਵੀ ਖੋਸਲਾ ਦੀ ਨਵੀਂ ਕਿਤਾਬ “ਪੰਜਾਬ: ਅੰਦਰੂਨੀ ਦੁਸ਼ਮਣ” ਨੂੰ ਝੂਠ ਅਤੇ ਫਰੇਬ ਦਾ ਇਕ ਪੁਲੰਦਾ ਦਸਿਆ ਹੈ ਜਿਸ ਵਿਚ ਤੱਥਾਂ ਅਤੇ ਹਕੀਕਤਾਂ ਨੂੰ ਮਨਮਰਜ਼ੀ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਨੁਸਾਰ ਗਿੱਲ ਜਿਸ ਨੂੰ ਪੰਜਾਬ ਦੇ ਕੁਝ ਲੋਕ ‘ਸੁਪਰ ਕਾਪ’ ਮੰਨਦੇ ਹਨ ਅਤੇ ਬਹੁਤਿਆਂ ਲਈ ਉਹ ‘ਸਿੱਖਾਂ ਦਾ ਬੁੱਚੜ’ ਹੈ, ਨੇ ਆਪਣੀ ਕਿਤਾਬ ਵਿੱਚ ਨਾ ਸਿਰਫ ਜੁਝਾਰੂ ਸਿੰਘਾਂ ਵਿਰੁੱਧ ਨਫਰਤ ਦਾ ਜ਼ਹਿਰ ਹੀ ਉਗਲਿਆ ਹੈ ਸਗੋਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਸਮੇਤ ਉਹਨਾਂ ਸਭਨਾਂ ਲੋਕਾਂ ਨੂੰ ਆਪਣੀ ਨਫਰਤ ਦੇ ਘੇਰੇ ਵਿਚ ਲਿਆਂਦਾ ਹੈ ਜੋ ਪੰਜਾਬ ਦੇ ਜਾਇਜ਼ ਹੱਕਾਂ ਲਈ ਹਮਦਰਦੀ ਰੱਖਦੇ ਹਨ।

sadhavi and KPS Gill

ਕੇ.ਪੀ.ਐਸ. ਗਿੱਲ ਅਤੇ ਸਾਧਵੀ ਖੋਸਲਾ

ਕੰਵਰਪਾਲ ਸਿੰਘ ਨੇ ਪ੍ਰੈਸ ਨੂੰ ਦਸਿਆ ਕਿ ਗਿੱਲ ਨੇ 174 ਪੰਨੇ ‘ਤੇ ਉਹਨਾਂ ਵਿਰੁੱਧ ਬੇਤੁੱਕਾ ਅਤੇ ਬੇਬੁਨਿਆਦ ਦੋਸ਼ ਲਾਇਆ ਹੈ ਕਿ ਉਹਨਾਂ ਦਾ ਪੰਜਾਬ ਤੇ ਪੰਜਾਬ ਤੋਂ ਬਾਹਰ ਵਿਨਾਸ਼ਕਾਰੀ, ਫੁੱਟ-ਪਾਊ ਤੇ ਵੱਖਵਾਦੀ ਤਾਕਤਾਂ ਨਾਲ ਸੰਪਰਕ ਬਣਿਆ ਹੋਇਆ ਹੈ। ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਗਿੱਲ ਸਮਝਦਾ ਹੈ ਕਿ ਉਹ ਜੋ ਕਹਿੰਦਾ ਹੈ ਉਹ ਰੱਬੀ-ਇਲਹਾਮ ਹੈ।

ਉਹਨਾਂ ਅੱਗੇ ਕਿਹਾ ਕਿ ਗਿੱਲ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਦਲ ਖ਼ਾਲਸਾ ਨੇ ਗਜਿੰਦਰ ਸਿੰਘ ਦੀ ਅਗਵਾਈ ਹੇਠ ਕਸ਼ਮੀਰ ਦੇ ਖਾੜਕੂਆਂ ਨਾਲ ਰਲ ਕੇ 1997-98 ਵਿੱਚ ਇਕ ਸਾਂਝੀ ਜਹਾਦੀ ਫਰੰਟ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦਕਿ ਹਕੀਕਤ ਵਿੱਚ ਗਿੱਲ ਦਾ ਇਹ ਇਲਜ਼ਾਮ ਸੱਚ ਤੋਂ ਕੋਹਾਂ ਦੂਰ ਹੈ ਜਿਸ ਉੱਤੇ ਸਿਰਫ ਹੱਸਿਆ ਹੀ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਘਟਨਾਵਾਂ ਦਾ ਵਰਨਣ ਕਰਨ ਸਮੇਂ ਕਈ ਥਾਵਾਂ ਉੱਤੇ ਗਿੱਲ ਇਹੋ ਜਿਹੀਆਂ ਗੱਲਾਂ ਕਰਦਾ ਹੈ ਜੋ ਇਕ ਤਰ੍ਹਾਂ ਨਾਲ ਊਲ-ਜਲੂਲ ਜਿਹੀਆਂ ਹੀ ਲਗਦੀਆਂ ਹਨ ਜਿਵੇਂ ਕਿ 13 ਅਪ੍ਰੈਲ 1978 ਨੂੰ ਨਿਰੰਕਾਰੀ ਕਨਵੈਨਸ਼ਨ ਵੱਲ ਜਾਂਦਿਆਂ ਭਾਈ ਫੌਜਾ ਸਿੰਘ ਨੇ ਰਾਹ ਵਿਚ ਇਕ ਦੁਕਾਨਦਾਰ ਦੀ ਆਪਣੀ ਤਲਵਾਰ ਨਾਲ ਬਾਂਹ ਵੱਢ ਦਿੱਤੀ ਅਤੇ ਭਾਈ ਫੌਜਾ ਸਿੰਘ ਨੂੰ ਗੋਲੀ ਵੀ ਇਸੇ ਲਈ ਮਾਰੀ ਗਈ ਸੀ ਕਿਉਂਕਿ ਉਸਨੇ ਨਿਰੰਕਾਰੀਆਂ ਦੇ ਮੁੱਖੀ ਗੁਰਬਚਨ ਸਿੰਘ ਉਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਕਨਵੈਨਸ਼ਨ ਵਿਚ ਸਤਿਸੰਗ ਕਰ ਰਿਹਾ ਸੀ।

ਉਹਨਾਂ ਕਿਹਾ ਕਿ ਗਿੱਲ ਤੋਂ ਇਲਾਵਾ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਵਾਪਰੀ ਖੂਨੀ ਘਟਨਾ ਦਾ ਸੱਚ ਸਾਰੀ ਦੁਨੀਆ ਜਾਣਦੀ ਹੈ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਗਿੱਲ ਨੂੰ ਘਟਨਾਵਾਂ ਬਾਰੇ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਗਿੱਲ ਅਨੁਸਾਰ ਬਲਬੀਰ ਸਿੰਘ ਸੰਧੂ ਦੀ ਅਗਵਾਈ ਵਿਚ ‘ਕੌਂਸਲ ਆਫ ਖ਼ਾਲਿਸਤਾਨ’ ਨੇ ਲੰਮੇ ਸਮੇ ਤੋਂ ਆਪਣਾ ਪੱਕਾ ਟਿਕਾਣਾ ਪਾਕਿਸਤਾਨ ਵਿਚ ਬਣਾ ਰੱਖਿਆ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਾਤਲ ਜਗਤਾਰ ਸਿੰਘ ਤਾਰਾ ਅੱਜ ਵੀ ਲਾਹੌਰ ਵਿਚ ਰਹਿ ਰਿਹਾ ਹੈ । ਉਹਨਾਂ ਕਿਹਾ ਕਿ ਹਕੀਕਤ ਵਿੱਚ ਸੰਧੂ ਦਾ ਦਿਹਾਂਤ 2005 ਵਿਚ ਲਾਹੌਰ ਦੇ ਇਕ ਹਸਪਤਾਲ ਵਿਚ ਹੋਇਆ ਸੀ ਅਤੇ ਭਾਈ ਤਾਰਾ ਨੂੰ ਪੰਜਾਬ ਪੁਲਿਸ ਨੇ ਜਨਵਰੀ 2015 ਵਿਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਅਤੇ ਉਹ ਹੁਣ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਹਨ।

ਉਹਨਾਂ ਦਸਿਆ ਕਿ ਪੰਜਾਬ ਵਿਚ ‘ਭਾਰਤ ਦੇ ਇਸ ਸੂਬੇਦਾਰ’ ਲਈ ਪੰਜਾਬ ਸਮਸਿਆ ਮਹਿਜ਼ ਅਮਨ-ਕਾਨੂੰਨ ਦਾ ਮਸਲਾ ਸੀ। ਗਿੱਲ ਦੇ ਦਿਲ-ਦਿਮਾਗ ਵਿਚ ਇਸ ਗੱਲ ਲਈ ਕੋਈ ਥਾਂ ਨਹੀਂ ਕਿ ਇਹ ਸਿੱਖ ਜਜ਼ਬਿਆਂ ਨਾਲ ਜੁੜਿਆ ਹੋਇਆ ਇੱਕ ਰਾਜਨੀਤਿਕ ਮਸਲਾ ਹੈ।

ਉਹਨਾਂ ਕਿਹਾ ਕਿ ਕੇ ਪੀ ਐਸ ਗਿੱਲ ਵੀ ਹੋਰਨਾਂ ਕਈ ਸਮਕਾਲੀ ਲੇਖਕਾਂ ਵਾਂਗ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਰਾਜਨੀਤਕ ਮੰਚ ਉਤੇ ਉਭਾਰ ਕਾਂਗਰਸ ਦੀ ਹੀ ਸ਼ਰਾਰਤ ਮੰਨਦਾ ਹੈ। ਕੰਵਰਪਾਲ ਸਿੰਘ ਨੇ ‘ਇੰਡੀਅਨ ਐਕਸਪ੍ਰੈਸ’ ਅਖਬਾਰ ਦੇ ਇਕ ਸਾਬਕਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਵਲੋਂ ਸੰਤ ਜਰਨੈਲ ਸਿੰਘ ਨਾਲ ਸ਼ੁਰੂਆਤੀ ਦੌਰ ਵਿੱਚ ਮਹਿਤਾ ਚੌਕ ਵਿਖੇ ਹੋਈ ਇਕ ਮੁਲਾਕਾਤ ਤੋਂ ਬਾਅਦ 26 ਜੂਨ 1981 ਨੂੰ ਐਕਸਪ੍ਰੈਸ ਅਖਬਾਰ ਵਿੱਚ ਛਾਪੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋ ਸ਼ਖਸ ਹੱਕ-ਸੱਚ ਲਈ ਧਰਮ ਦੇ ਰਾਹ ‘ਤੇ ਚਲਦਿਆਂ ਸ਼ਹਾਦਤ ਦੀ ਤਲਾਸ਼ ਵਿੱਚ ਸੀ ਉਹ ਕਿਸੇ ਦੂਜੇ ਦਾ ਹੱਥਠੋਕਾ ਕਦੇ ਹੋ ਹੀ ਨਹੀਂ ਸਕਦਾ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਸਿੱਖ ਰਵਾਇਤਾਂ ਅਨੁਸਾਰ ਸੀ।

ਗਿੱਲ ਖਾੜਕੂ ਸਿੰਘਾਂ ਦੇ ਇਖਲਾਕ ਉੱਤੇ ਭੱਦੀਆਂ ਟਿੱਪਣੀਆਂ ਕਰਦਿਆਂ ਹੋਇਆਂ ਇਕ ਅਜੀਬੋ-ਗਰੀਬ ਖੁਸ਼ੀ ਮਹਿਸੂਸ ਕਰਦਾ ਹੈ, ਜਦਕਿ ਇਹ ਗੱਲ ਕਿਸੇ ਤੋਂ ਵੀ ਛੁਪੀ ਨਹੀਂ ਕਿ ਉਸ ਦੇ ਖੁਦ ਦਾ ਸ਼ਰਾਬ ਅਤੇ ਔਰਤ ਨਾਲ ਖਾਸ ਰਿਸ਼ਤਾ ਰਿਹਾ ਹੈ।

ਗਿੱਲ ਸਮਝਦਾ ਹੈ ਕਿ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਦੀਆਂ ਘਟਨਾਵਾਂ ਇੱਕੜ-ਦੁੱਕੜ ਹੀ ਹੋਈਆਂ ਸਨ ਅਤੇ ਇਹਨਾਂ ਘਟਨਾਵਾਂ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਅਦਾਲਤਾਂ ਨੇ ਸਜ਼ਵਾਂ ਦੇ ਦਿੱਤੀਆਂ ਹਨ। ਉਹ ਇਸ ਗੱਲ ਤੋਂ ਇਨਕਾਰੀ ਹੁੰਦਾ ਹੈ ਕਿ ਇਹ ਗੈਰ-ਸੰਵਿਧਾਨਕ ਤਰੀਕਿਆਂ ਨਾਲ ਕੀਤੇ ਕਤਲ ਸਟੇਟ ਨੀਤੀ ਦਾ ਇੱਕ ਹਿੱਸਾ ਸੀ। ਪੀੜਤਾਂ ਦਾ ਰੋਣਾ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਇਨਸਾਫ ਲਈ ਪਾਈ ਗੁਹਾਰ ਉਸਨੂੰ ਸਿਰਫ ਇਕ ਪ੍ਰਾਪੇਗੰਢਾ ਲਗਦੀ ਹੈ।

ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸਰਕਾਰੀ ਜ਼ੁਲਮਾਂ ਦੇ ਪੀੜਤ ਲੋਕਾਂ ਦੇ ਅੰਕੜਿਆਂ ਦੇ ਫਰਕ ਦਾ ਆਸਰਾ ਲ਼ੈਦਿਆਂ ਗਿੱਲ ਮਨੁੱਖੀ ਅਧਿਕਾਰਾਂ ਦੇ ਵੱਡੇ ਪੱਧਰ ‘ਤੇ ਹੋਏ ਘਾਣ ਤੋਂ ਹੀ ਇਨਕਾਰੀ ਹੈ।

ਕੇਪੀਐਸ ਗਿੱਲ ਵਲੋਂ ਇਹ ਕਹਿਣਾ ਵੀ ਤਰਕਹੀਣ ਹੈ ਕਿ ਖ਼ਾਲਿਸਤਾਨ ਦੀ ਵਿਚਾਰਧਾਰਾ ਤੇ ਫਲਸਫਾ ਇਕ ਤਰ੍ਹਾਂ ਨਾਲ ਸਿੱਖ ਧਰਮ ਦਾ ਤਾਲੀਬਾਨੀਕਰਨ ਹੈ। ਜਦਕਿ ਹਕੀਕਤ ਇਹ ਹੈ ਕਿ ਸਿੱਖ ਸੰਘਰਸ਼ ਪੰਜਾਬ ਅੰਦਰ ਪ੍ਰਭੂਸੱਤਾ ਸੰਪੰਨ ਸਵੈ-ਸਿੱਖ ਰਾਜ ਕਾਇਮ ਕਰਨ ਦੀ ਰੀਝ ਵਿਚੋਂ ਪੈਦਾ ਹੋਇਆ ਹੈ।

ਗਿੱਲ ਖੁਦ ਮੰਨਦਾ ਹੈ ਕਿ ਖਾੜਕੂਆਂ ਵਲੋਂ ਮਾਰੇ ਗਏ ਨਾਗਰਿਕਾਂ ਵਿਚੋਂ 60 ਫੀਸਦੀ ਸਿੱਖ ਹੀ ਸਨ। ਇਹ ਇਕਬਾਲ ਕਰਕੇ ਉਹ ਆਪ ਹੀ ਇਸ ਧਾਰਨਾ ਨੂੰ ਰੱਦ ਕਰਦਾ ਹੈ ਕਿ ਸਿੱਖ ਸੰਘਰਸ਼ ਇਕ ਤਰ੍ਹਾਂ ਨਾਲ ਹਿੰਦੂ-ਵਿਰੋਧੀ ਸੀ।

ਸਾਧਵੀ ਖੋਸਲਾ ਵਲੋਂ ਲਿਖੇ ਹਿੱਸੇ ਉਤੇ ਕੰਵਰਪਾਲ ਸਿੰਘ ਨੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਲੇਖਿਕਾ ਨੇ ਖ਼ਾਲਿਸਤਾਨ ਦੀ ਸਥਾਪਨਾ ਨੂੰ ਰੋਕਣ ਲਈ ਦਰਬਾਰ ਸਾਹਿਬ ਉੱਤੇ ਫੌਜ ਦੇ ਹਮਲੇ ਨੂੰ ਜਾਇਜ਼ ਦਸਿਆ ਹੈ। ਉਹਨਾਂ ਕਿਹਾ ਕਿ ਅਸਲ ਵਿਚ ਸਾਧਵੀ ਖੋਸਲਾ ਨੂੰ ਨਾ ਤਾਂ ਤੱਥਾਂ ਦੀ ਜਾਣਕਾਰੀ ਹੈ ਅਤੇ ਨਾ ਹੀ ਉਹ ਸਿੱਖ ਧਰਮ ਨੂੰ ਜਜ਼ਬਿਆਂ ਦੀ ਪੱਧਰ ‘ਤੇ ਸਮਝ ਰਹੀ ਹੈ। ਪੰਜਾਬ ਮਸਲੇ ਪ੍ਰਤੀ ਉਸ ਦੀ ਪਹੁੰਚ ਵੀ ਤੰਗ ਨਜ਼ਰੀਏ ਵਾਲੀ ਹੈ ਅਤੇ ਉਹ ਪੰਜਾਬ ਮਸਲੇ ਨੂੰ ਗਿੱਲ ਦੀਆਂ ਨਜ਼ਰਾਂ ਨਾਲ ਹੀ ਵੇਖਦੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Former DGP KPS Gill’s Scribe On Punjab Problem Is A Bundle Of Lies & Distortion: Kanwar Pal Singh …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,