October 14, 2015 | By ਸਿੱਖ ਸਿਆਸਤ ਬਿਊਰੋ
ਪੈਰਿਸ (13 ਅਕਤੂਬਰ, 2015): ਸੌਦਾ ਸਾਧ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਮਾਫੀ ਦੇ ਵਿਰੁੱਧ ਉੱਠੇ ਪੰਥਕ ਰੋਹ ਦੇ ਚੱਲਦਿਆਂ ਅੱਜ ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਵਿਸ਼ਾਲ ਪੰਥਕ ਕਨਵੈਨਸ਼ਨ ਬੁਲਾਈ ਗਈ।
ਇਸ ਕੰਨਵੈਨਸ਼ਨ ਵਿਚ ਯੂਰਪ ਭਰ, ਯੂ. ਕੇ. ਤੇ ਪੰਥ ਦਰਦੀਆਂ, ਧਾਰਮਿਕ, ਰਾਜਨੀਤਕ ਸ਼ਖਸੀਅਤਾਂ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮਤੇ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਬੁਲਾਰਿਆ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਾਲ ਹੀ ਦਰਪੇਸ਼ ਇਸ ਗੰਭੀਰ ਕੌਮੀ ਮੁੱਦੇ ਨੂੰ ਲੈ ਕੇ ਕੁਝ ਮਤੇ ਪੜ੍ਹੇ ਗਏ ਤੇ ਸੰਗਤਾਂ ਤੋਂ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਲਈ ਗਈ।
ਚਾਰਾਂ ਮਤਿਆਂ ਅਨੁਸਾਰ ਅੱਜ ਦਾ ਇਹ ਮਹਾਨ ਪੰਥਕ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਸਮਰਪਿਤ ਹੈ, ਕਿਸੇ ਰਾਜਨੀਤਕ ਦਬਾਅ ਹੇਠ ਆ ਕੇ ਕੀਤਾ ਫੈਸਲਾ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੀ ਕਸਵੱਟੀ ‘ਤੇ ਖਰਾ ਨਹੀਂ ਉਤਰਦਾ।
ਅਸੀਂ ਮੰਗ ਕਰਦੇ ਹਾਂ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਫੈਸਲੇ ਨੂੰ ਵਾਪਸ ਲਿਆ ਜਾਵੇ। ਜਦੋਂ ਤੱਕ ਪੰਜ ਤਖ਼ਤਾਂ ਦੇ ਜਥੇਦਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੇ, ਉਦੋਂ ਤੱਕ ਯੂਰਪ ਦੇ ਸਮੂਹ ਦੇਸ਼ਾਂ ‘ਚ ਪੰਜਾਂ ਜਥੇਦਾਰਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ ਤੇ ਚੌਥੇ ਮਤੇ ‘ਚ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਪੂਰਨ ਹਮਾਇਤ ਦ੍ਰਿੜ੍ਹਾਈ ਗਈ।
ਇਸ ਮੌਕੇ ਭਾਈ ਗੁਰਦਿਆਲ ਸਿੰਘ ਲਾਲੀ ਜਰਮਨੀ, ਸਿੱਖ ਫੈਡਰੇਸ਼ਨ ਜਰਮਨੀ ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਹਰਦਵਿੰਦਰ ਸਿੰਘ ਬੱਬਰ ਖਾਲਸਾ ਜਰਮਨੀ, ਭਾਈ ਸੁਲੱਖਣ ਸਿੰਘ ਆਸਟਰੀਆ, ਭਾਈ ਜਗਤਾਰ ਸਿੰਘ ਮਾਹਲ ਸ਼੍ਰੋ: ਅ: ਦਲ (ਅੰਮ੍ਰਿਤਸਰ) ਜਰਮਨੀ, ਇੰਟ: ਦਲ ਖਾਲਸਾ ਦੇ ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਦਲਵਿੰਦਰ ਸਿੰਘ ਘੁੰਮਣ ਵੱਲੋਂ ਆਪਣੇ-ਆਪਣੇ ਵਿਚਾਰ ਰੱਖੇ ਗਏ। ਸਟੇਜ ਦੀ ਸੇਵਾ ਭਾਈ ਰਘਬੀਰ ਸਿੰਘ ਕੋਹਾੜ ਵੱਲੋਂ ਨਿਭਾਈ ਗਈ। ਇਸ ਭਾਰੀ ਇਕੱਠ ‘ਚ ਯੂਰਪ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਪਰੋਕਤ ਮਤਿਆਂ ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ।
Related Topics: Akal Takhat Sahib, Dera Sauda Sirsa, Sikh Panth, Sikhs in France