August 4, 2013 | By ਸਿੱਖ ਸਿਆਸਤ ਬਿਊਰੋ
ਸਿੱਖ ਕੌਮ ਦੇ ਰਾਜਨੀਤਕ ਦਰਦ ਦੀ ਤਹਿ ਤਕ ਪਹੁੰਚ ਕੇ ਲਿਖੀਆਂ ਤਿੰਨ ਚਰਚਿਤ ਕਿਤਾਬਾਂ ਤੋਂ ਬਾਅਦ ਸ: ਅਜਮੇਰ ਸਿੰਘ ਦੀ ਗ਼ਦਰ ਪਾਰਟੀ ਲਹਿਰ ਬਾਰੇ ਇਕ ਅਤਿ ਮਹੱਤਵਪੂਰਨ ਸਿਧਾਂਤਕ ਤੇ ਤੱਥ-ਭਰਪੂਰ ਕਿਤਾਬ ਅਗਸਤ ਦੇ ਪਹਿਲੇ ਹਫ਼ਤੇ ਛਪ ਕੇ ਮਾਰਕਿਟ ਵਿਚ ਪਹੁੰਚ ਚੁੱਕੀ ਹੈ। ਇਸ ਕਿਤਾਬ ਵਿਚ ਲੇਖਕ ਨੇ, ਇਨਕਲਾਬੀ ਲਹਿਰਾਂ ਬਾਰੇ ਆਪਣੇ ਗੂੜ੍ਹ ਸਿਧਾਂਤਕ ਅਧਿਐਨ ਅਤੇ ਵਿਸ਼ਾਲ ਤੇ ਗਾੜ੍ਹੇ ਅਮਲੀ ਅਨੁਭਵ ਦੇ ਅਧਾਰ ‘ਤੇ, ਗ਼ਦਰ ਲਹਿਰ ਦਾ ਗਹਿਰਾ ਤੇ ਸਰਬਪੱਖੀ ਵਿਸ਼ਲੇਸ਼ਣ ਕੀਤਾ ਹੈ। ਲੇਖਕ ਨੇ ਗ਼ਦਰੀ ਬਾਬਿਆਂ ਦੀ ਪ੍ਰਤਿਭਾ ਨੂੰ ਪਹਿਲੀ ਵਾਰ ਅਸਲੀ ਤੇ ਸ਼ੁੱਧ ਰੂਪ ਵਿਚ ਨਿਖਾਰ ਕੇ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ, ਇਸ ਲਹਿਰ ਦੀ ਇਤਿਹਾਸ ਵਿਚ ਕੀਤੀ ਗਈ ਪੇਸ਼ਕਾਰੀ ਦਾ ਗਹਿਰ-ਗੰਭੀਰ ਤੇ ਪੜਚੋਲਵਾਂ ਮੁਲਾਂਕਣ ਕਰਦੇ ਹੋਏ, ਨਾ ਸਿਰਫ਼ ਇਸ ਦੇ ਕਰੂਪ ਲੱਛਣਾਂ ਨੂੰ ਬੇਪੜਦ ਕੀਤਾ ਗਿਆ ਹੈ, ਸਗੋਂ ਨਾਲ ਹੀ ਗ਼ਦਰ ਲਹਿਰ ਦੇ ਉਘੇ ਇਤਿਹਾਸਕਾਰਾਂ ਦੇ ਸਿਧਾਂਤਕ ਦ੍ਰਿਸ਼ਟੀਕੋਣ ਦੀਆਂ ਖ਼ਾਮੀਆਂ ਦੀ ਸਪਸ਼ਟ ਰੂਪ ਵਿਚ ਨਿਸ਼ਾਨਦੇਹੀ ਕੀਤੀ ਗਈ ਹੈ। ਲੇਖਕ ਨੇ ਕਿਤਾਬ ਦੇ ਪਰਸੰਗ ਤੇ ਮਨੋਰਥ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ:
“……..ਭਾਰਤ ਦੀ ਆਜ਼ਾਦੀ ਦੇ ਅੰਦੋਲਨ ਅੰਦਰ ਹੋਰ ਕਿਸੇ ਵੀ ਇਕੱਲੀ ਲਹਿਰ ਨੇ ਗ਼ਦਰ ਲਹਿਰ ਜਿੰਨੀਆਂ ਕੁਰਬਾਨੀਆਂ ਨਹੀਂ ਦਿਤੀਆਂ। ਪਰ ਇਸ ਦੇ ਬਾਵਜੂਦ ਇਸ ਲਹਿਰ ਨੂੰ ਇਤਿਹਾਸ ਅੰਦਰ ਬਣਦਾ ਮਾਣ-ਤਾਣ ਨਹੀਂ ਮਿਲਿਆ। ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬੱਬੂ ਮਾਨ ਨੇ ਗ਼ਦਰ ਲਹਿਰ ਨਾਲ ਹੋਏ ਇਸ ਵਿਤਕਰੇ ਨੂੰ ਆਪਣੇ ਇਕ ਗੀਤ ਦੇ ਇਨ੍ਹਾਂ ਭਾਵਪੂਰਤ ਲਫ਼ਜ਼ਾਂ ਰਾਹੀਂ ਦਰਸਾਇਆ ਹੈ:
ਦਾਅਵਿਆਂ ਦੀ ਦੌੜ ‘ਚ ਪੰਜਾਬ ਪਿੱਛੇ ਰਹਿ ਗਿਆ
ਭਗਤ ਸਿੰਘ ਆ ਗਿਆ ਸਰਾਭਾ ਕਿਥੇ ਰਹਿ ਗਿਆ?
ਸਾਰੀ ਆਜ਼ਾਦੀ ‘ਕੱਲਾ ਗਾਂਧੀ ਤਾਂ ਨੀ ਲੈ ਗਿਆ?
ਗ਼ਦਰੀ ਬਾਬਿਆਂ ਦਾ ਕਿਵੇਂ ਗ਼ਦਰ ਭੁਲਾਵਾਂ ਮੈ?
ਝੂਠੇ ਇਤਿਹਾਸ ਉਤੇ ਮੋਹਰ ਕਿਵੇਂ ਲਾਵਾਂ ਮੈ?
ਬੱਬੂ ਮਾਨ ਵੱਲੋਂ ਸਹਿਜ ਭਾਅ ਕਹੀ ਗਈ ਇਸ ਗੱਲ ਦੇ ਅਰਥ ਬਹੁਤ ਡੂੰਘੇ ਹਨ। ਇਨ੍ਹਾਂ ਅਰਥਾਂ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਦਾ ਯਤਨ ਸਭ ਤੋਂ ਪਹਿਲਾਂ, 2009 ਵਿਚ, ਪੰਜਾਬੀ ਯੂਨੀਵਰਸਿਟੀ ਦੇ ਇਕ ਹੋਣਹਾਰ ਖੋਜਿਆਰਥੀ ਸ: ਸੇਵਕ ਸਿੰਘ ਨੇ ਕੀਤਾ ਸੀ। ਉਸ ਨੇ ਲੁਧਿਆਣਾ ਤੋਂ ‘ਸਿੱਖ ਸ਼ਹਾਦਤ’ ਦੇ ਨਾਂ ਹੇਠ ਛਪਦੇ ਮਾਸਕ ਰਸਾਲੇ ਦੇ ਅਗਸਤ ਮਹੀਨੇ ਦੇ ਅੰਕ ਵਿਚ ਖੋਜ ਭਰਪੂਰ ਲੇਖ ਲਿਖਿਆ ਸੀ, ਜਿਸ ਵਿਚ ਗ਼ਦਰ ਲਹਿਰ ਦੇ ਪ੍ਰਮੁੱਖ ਇਤਿਹਾਸਕਾਰ ਅਤੇ ਨਾਮਵਰ ਖੱਬੇ ਪੱਖੀ ਵਿਦਵਾਨ ਡਾ: ਹਰੀਸ਼ ਪੁਰੀ ਦੇ ਗ਼ਦਰ ਲਹਿਰ ਬਾਰੇ ਸਿਧਾਂਤਕ ਨਿਰਣਿਆਂ ਨੂੰ ਠੋਸ ਤੱਥਾਂ ਤੇ ਪਾਏਦਾਰ ਦਲੀਲਾਂ ਨਾਲ ਝੁਠਲਾਇਆ ਗਿਆ ਸੀ।
ਕੁੱਲ ਸਫ਼ੇ: 320
ਕੀਮਤ:
ਸਜਿਲਦ 450 ਰੁਪੈ
ਪੇਪਰ ਬੈਕ 250 ਰੁਪੈਮਿਲਣ ਦਾ ਪਤਾ:
ਸਿੰਘ ਬ੍ਰਦਰਜ਼
ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਅਤੇ
SCO: 223-24, ਸਿਟੀ ਸੈਂਟਰ, ਅੰਮ੍ਰਿਤਸਰ-143001email: [email protected]
web: www.singhbrothers.com
ਸ: ਸੇਵਕ ਸਿੰਘ ਨੇ ਪਹਿਲੀ ਵਾਰ ਇਹ ਮਹੱਤਵਪੂਰਨ ਤੱਥ ਉਭਾਰਨ ਦਾ ਯਤਨ ਕੀਤਾ ਸੀ ਕਿ ਗ਼ਦਰ ਲਹਿਰ ਦੀ ਪ੍ਰੇਰਨਾ ਦੇ ਸੋਮਿਆਂ, ਇਸ ਦੇ ਚਿਹਰੇ-ਮੋਹਰੇ, ਚਾਲ-ਢਾਲ, ਸੋਚ, ਸਰਗਰਮੀਆਂ ਤੇ ਮਨੋਰਥਾਂ ਤੋਂ ਸਾਫ਼ ਪਤਾ ਚੱਲ ਜਾਂਦਾ ਹੈ ਕਿ ਇਸ ਲਹਿਰ ਦੇ ਪਿਛੋਕੜ ਵਿਚ ‘ਸਿੱਖ ਸਪਿਰਟ’ ਕੰਮ ਕਰਦੀ ਸੀ। ਇਸ ਤੱਥ ਦੀ ਵਜ੍ਹਾ ਕਰਕੇ ਹੀ ਭਾਰਤੀ ਆਜ਼ਾਦੀ ਦੇ ਇਤਿਹਾਸ ਵਿਚ ਵੱਡਾ ਹਿਸਾ ਪਾਉਣ ਵਾਲੇ ਗ਼ਦਰੀ ਸੂਰਮੇ, ‘ਮੁੱਖ ਧਾਰਾ’ ਦੇ ਹਾਮੀਆਂ ਲਈ ਪੂਜਨੀਕ ਨਹੀਂ ਬਣੇ। ਇਸ ਕਰਕੇ ਹੀ ਗ਼ਦਰ ਲਹਿਰ ਦੇ ਸ਼ਹੀਦਾਂ ਦੇ ਤਾਰਾ-ਮੰਡਲ ਵਿਚ ਚੰਦ ਵਾਂਗ ਚਮਕਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਸੌ ਸਾਲਾਂ ਅੰਦਰ ਇਕ ਵੀ ਚੱਜ ਦੀ ਕਿਤਾਬ ਨਹੀਂ ਲਿਖੀ ਗਈ, ਉਸ ਉਤੇ ਇਕ ਵੀ ਫਿ਼ਲਮ ਨਹੀਂ ਬਣੀ, ਪਾਰਲੀਮੈਂਟ ਹਾਲ ਅੰਦਰ ਉਸ ਦੀ ਤਸਵੀਰ ਲਾਉਣ ਦੀ ਮੰਗ ਕਿਸੇ ਨੇ ਨਹੀਂ ਕੀਤੀ, ਉਸ ਦੀ ਯਾਦ ਵਿਚ ਸਰਾਭੇ ਪਿੰਡ ਅੰਦਰ ਰਾਜ-ਵਿਆਪੀ ਸ਼ਹੀਦੀ ਮੇਲਾ ਨਹੀਂ ਲਗਦਾ ਅਤੇ ਉਥੇ ਦੇਸ ਦਾ ਕੋਈ ਵੀ ਲੀਡਰ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਹੀਂ ਪਹੁੰਚਦਾ, ਗ਼ਦਰ ਲਹਿਰ ਦੇ ਇਸ ਲਾਡਲੇ ਸ਼ਹੀਦ ਨੂੰ ਕਿਸੇ ਨੇ ਵੀ ‘ਸ਼ਹੀਦ-ਏ-ਆਜ਼ਮ’ ਦੇ ਰੁਤਬੇ ਨਾਲ ਨਹੀਂ ਨਿਵਾਜਿਆ। ਗ਼ਦਰ ਲਹਿਰ ਤੇ ਇਸ ਦੇ ਸ਼ਹੀਦਾਂ ਦੀ ਇਸ ਬੇਕਦਰੀ ਨੂੰ ਦਹਾਕਿਆਂ ਤਕ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ। ਗ਼ਦਰੀ ਬਾਬਿਆਂ ਨੇ ਜੇਲ੍ਹਾਂ ਵਿਚੋਂ ਬਾਹਰ ਆ ਕੇ ਆਪਣੇ ਸ਼ਹੀਦ ਸਾਥੀਆਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ, ਸੰਤ ਬਾਬਾ ਵਸਾਖਾ ਸਿੰਘ ਦੀ ਅਗਵਾਈ ਹੇਠਾਂ ‘ਦੇਸ਼ਭਗਤ ਪਰਿਵਾਰ ਸਹਾਇਤਾ ਕਮੇਟੀ’ ਬਣਾਈ ਸੀ ਅਤੇ ਆਪਣੇ ਸਨੇਹੀਆਂ ਕੋਲੋਂ ਫੰਡ ਇਕੱਠੇ ਕਰਕੇ ਜਲੰਧਰ ਵਿਖੇ ‘ਦੇਸ਼ਭਗਤ ਯਾਦਗਾਰ ਹਾਲ’ ਉਸਾਰਿਆ ਸੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਸ਼ਹੀਦਾਂ ਦੀ ‘ਸਰਬੱਤ ਦੇ ਭਲੇ’ ਵਾਲੀ ਸੋਚ ਤੇ ਸਪਿਰਟ ਕੋਲੋਂ ਪ੍ਰੇਰਨਾ ਲੈ ਕੇ ਮਾਨਵਤਾ ਦੀ ਸੇਵਾ ਕਰ ਸਕਣ। ਬਾਅਦ ਵਿਚ ਜਾ ਕੇ ‘ਦੇਸ਼ਭਗਤ ਪਰਿਵਾਰ ਸਹਾਇਤਾ ਕਮੇਟੀ’ ਦਾ ਨਾਂ ਬਦਲ ਕੇ ‘ਦੇਸ਼ਭਗਤ ਯਾਦਗਾਰ ਕਮੇਟੀ’ ਕਰ ਦਿਤਾ ਗਿਆ ਸੀ। ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਜਿ਼ੰਦਗੀ ਦੇ ਵਿਸ਼ਾਲ ਤੇ ਗਹਿਰੇ ਅਨੁਭਵ ਵਿਚੋਂ ਇਹ ਸੱਚ ਪਛਾਣ ਲਿਆ ਸੀ ਕਿ ਕਮਿਊਨਿਸਟ ਪਾਰਟੀਆਂ, ਆਪਣੀ ਜਮਾਂਦਰੂ ਵਿਚਾਰਧਾਰਕ ਤੰਗਨਜ਼ਰੀ ਦੀ ਵਜ੍ਹਾ ਕਰਕੇ, ਗ਼ਦਰ ਲਹਿਰ ਦੇ ਸ਼ਹੀਦਾਂ ਤੇ ਸੂਰਮਿਆਂ ਦੀ ‘ਸਰਬੱਤ ਦੇ ਭਲੇ’ ਵਾਲੀ ਸੋਚ ਤੇ ਸਪਿਰਟ ਨਾਲ ਇਨਸਾਫ਼ ਨਹੀਂ ਕਰ ਸਕਦੀਆਂ। ਇਸ ਕਰਕੇ ਗ਼ਦਰੀ ਬਾਬਿਆਂ ਦੀ ਇਹ ਇੱਛਾ ਸੀ ਕਿ ‘ਦੇਸ਼ਭਗਤ ਯਾਦਗਾਰ ਕਮੇਟੀ’ ਕਮਿਊਨਿਸਟ ਪਾਰਟੀਆਂ ਤੋਂ ਆਜ਼ਾਦ ਰਹਿਣੀ ਚਾਹੀਦੀ ਹੈ। ਬਾਬਾ ਭਕਨਾ ਜੀ ਨੇ ਆਪਣੇ ਠੋਸ ਤਜਰਬੇ ‘ਚੋਂ ਕਮਿਊਨਿਸਟਾਂ ਦੀ ਕਬਜ਼ਾ-ਕਰੂ ਰੁਚੀ ਦਾ ਪੂਰਾ ਤੇ ਸਹੀ ਅਨੁਮਾਨ ਲਾ ਲਿਆ ਸੀ, ਕਿ ਉਨ੍ਹਾਂ ਅੰਦਰ ‘ਦੂਸਰੇ’ ਦੇ ‘ਦੂਸਰੇਪਣ’ ਨੂੰ ਸਹਿਣ ਕਰਨ, ਭਾਵ ਉਨ੍ਹਾਂ ਨਾਲੋਂ ਵੱਖਰੇ ਢੰਗ ਨਾਲ ਸੋਚਣ ਵਾਲੇ ਲੋਕਾਂ ਨੂੰ ਬਰਦਾਸ਼ਤ ਕਰਨ ਦੀ ਫਰਾਖ਼ਦਿਲੀ ਨਹੀਂ ਹੁੰਦੀ। ਉਨ੍ਹਾਂ ਅੰਦਰ ‘ਦੂਸਰੇ’ ਨੂੰ ਆਪਣਾ ਦਰਸਾਉਣ ਜਾਂ ਆਪਣੇ ਵਰਗਾ ਬਣਾਉਣ ਦੀ ਜ਼ੋਰਦਾਰ ਪ੍ਰਵਿਰਤੀ ਹੁੰਦੀ ਹੈ, ਅਤੇ ਇਸਦੇ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਬਾਬਾ ਜੀ ਨੇ ਇਹ ਸਾਰੀਆਂ ਗੱਲਾਂ ਅੱਖੀਂ ਦੇਖੀਆਂ ਤੇ ਹੱਡੀਂ ਹੰਢਾਈਆਂ ਹੋਈਆਂ ਸਨ। 13 ਮਾਰਚ 1977 ਨੂੰ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਮੌਤ ਹੋ ਜਾਣ ਦੇ ਨਾਲ ਹੀ 1914-15 ਦੇ ਪੂਰ ਵਾਲੇ ਗ਼ਦਰੀ ਬਾਬੇ ਦ੍ਰਿਸ਼ ਤੋਂ ਅਲੋਪ ਹੋ ਗਏ ਸਨ। ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਬਾਬਾ ਭਗਤ ਸਿੰਘ ਬਿਲਗਾ ਜਾਂ ਕਾਮਰੇਡ ਗੰਧਰਵ ਸੈਨ ਕੋਛੜ ਨੂੰ ਗ਼ਦਰੀ ਬਾਬੇ ਕਹਿਣਾ ਤਕਨੀਕੀ ਤੌਰ ‘ਤੇ ਦਰੁਸਤ ਨਹੀਂ ਹੈ। ਉਨ੍ਹਾਂ ਦਾ 1913-15 ਵਾਲੀ ਮੁਢਲੀ ਗ਼ਦਰ ਪਾਰਟੀ ਤੇ ਲਹਿਰ ਨਾਲ ਕੋਈ ਸਬੰਧ ਨਹੀਂ ਸੀ। ਉਹ ਬਾਅਦ ਵਿਚ, ਵੀਹਵਿਆਂ ਦੇ ਦਹਾਕੇ ਅੰਦਰ ਰਾਜਸੀ ਖੇਤਰ ਅੰਦਰ ਸਰਗਰਮ ਹੋਏ ਸਨ ਅਤੇ ਉਨ੍ਹਾਂ ਨੇ ‘ਕਿਰਤੀ ਗਰੁੱਪ’ ਦੇ ਮੈਂਬਰਾਂ ਦੀ ਹੈਸੀਅਤ ਵਿਚ ਗ਼ਦਰੀ ਬਾਬਿਆਂ ਨਾਲ ਰਲ ਕੇ ਸਾਂਝੇ ਜਨਤਕ ਘੋਲ ਲੜੇ ਸਨ। ਪਿੱਛੋਂ ਜਾ ਕੇ ਉਹ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਸ ਤਰ੍ਹਾਂ ਬਾਬਾ ਗੁਰਮੁਖ ਸਿੰਘ ਲਲਤੋਂ ‘ਦੇਸ਼ਭਗਤ ਯਾਦਗਾਰ ਕਮੇਟੀ’ ਨੂੰ ਗ਼ਦਰ ਲਹਿਰ ਨਾਲ ਜੋੜਨ ਵਾਲੀ ਆਖਰੀ ਕੜੀ ਸੀ। ਉਸ ਤੋਂ ਬਾਅਦ ‘ਦੇਸ਼ਭਗਤ ਯਾਦਗਾਰ ਕਮੇਟੀ’ ਉਤੇ ਨਾਸਤਕ ਬਿਰਤੀ ਵਾਲੇ ਕਮਿਊਨਿਸਟਾਂ ਨੇ ਪੂਰਨ ਕਬਜ਼ਾ ਕਰ ਲਿਆ। ਉਨ੍ਹਾਂ ਨੇ ਆਪਣਾ ਸਾਰਾ ਜ਼ੋਰ ਗ਼ਦਰੀ ਬਾਬਿਆਂ ਨੂੰ ਕਮਿਊਨਿਸਟ ਦਰਸਾਉਣ ਉਤੇ ਲਾ ਦਿਤਾ। ਕੁੱਝ ਕੈਰੀਅਰਿਸਟ ਝੁਕਾਅ ਵਾਲੇ ਅਨਸਰਾਂ ਨੇ ‘ਦੇਸ਼ਭਗਤ ਯਾਦਗਾਰ ਕਮੇਟੀ’ ਨੂੰ ਆਪਣੀ ਸੈਲਫ ਪਰੋਮੋਸ਼ਨ ਦਾ ਜ਼ਰੀਆ ਬਣਾ ਲਿਆ। ਗ਼ਦਰੀ ਬਾਬਿਆਂ ਦੀ ਯਾਦ ਵਿਚ ਲੱਗਣ ਵਾਲਾ ਸਾਲਾਨਾ ਮੇਲਾ ਇਸ ਸੌੜੇ ਕਾਜ ਤਕ ਸਿਮਟ ਕੇ ਰਹਿ ਗਿਆ। ਇਸ ਤਰ੍ਹਾਂ ਗ਼ਦਰੀ ਬਾਬਿਆਂ ਦੀ ‘ਸਰਬੱਤ ਦੇ ਭਲੇ’ ਦੀ ਵਿਚਾਰਧਾਰਾ ਤੇ ਵਿਰਾਸਤ ਨੂੰ ਤੰਗ ਦਾਇਰੇ ਤਕ ਸੁੰਗੇੜ ਦਿਤਾ ਗਿਆ।
ਗ਼ਦਰੀ ਬਾਬਿਆਂ ਨਾਲ ਇਹੀ ਇਕਮਾਤਰ ਬੇਇਨਸਾਫ਼ੀ ਨਹੀਂ ਹੋਈ। ਦੂਜੀ ਏਨੀ ਹੀ ਨਿੰਦਣਯੋਗ ਬੇਇਨਸਾਫ਼ੀ ਸਿੱਖ ਕੌਮ ਦੇ ਆਗੂਆਂ ਵੱਲੋਂ ਹੋਈ ਹੈ, ਜਿਨ੍ਹਾਂ ਨੇ ਪਿਛਲੇ 50 ਸਾਲਾਂ ਤੋਂ ਗ਼ਦਰੀ ਸੂਰਮਿਆਂ ਨੂੰ ਆਪਣੀ ਯਾਦ ਵਿਚੋ ਲਗਭਗ ਖਾਰਜ ਹੀ ਕਰ ਦਿਤਾ ਹੈ। ਗ਼ਦਰੀ ਬਾਬਿਆਂ ਨਾਲ ਵਾਪਰੇ ਇਸ ਦੂਹਰੇ ਦੁਖਾਂਤ ਦੀ ਜੜ੍ਹ ਪਿਛਲੇ ਪੰਜ ਕੁ ਦਹਾਕਿਆਂ ਦੇ ਦੌਰਾਨ ਸਿੱਖ ਸਮਾਜ ਅੰਦਰ ਆਏ ਰੂਹਾਨੀ ਪਤਨ ਦੇ ਵਰਤਾਰੇ ਅੰਦਰ ਲੱਗੀ ਹੋਈ ਹੈ, ਜਿਸ ਦਾ ਪ੍ਰਗਟਾਵਾ ਸਮਾਜੀ, ਰਾਜਸੀ ਤੇ ਸਭਿਆਚਾਰਕ ਖੇਤਰਾਂ ਅੰਦਰ ਵਿਰਾਟ ਪੱਧਰ ‘ਤੇ ਹੋ ਰਿਹਾ ਹੈ। ਗ਼ਦਰੀ ਬਾਬਿਆਂ ਨੂੰ ਭੁਲਾਉਣ ਜਾਂ ਤ੍ਰਿਸਕਾਰਨ ਦਾ ਮਤਲਬ ਸਿੱਖੀ ਦੇ ਰੂਹਾਨੀ ਵਿਰਸੇ ਨੂੰ ਭੁਲਾਉਣਾ, ਉਸ ਤੋਂ ਬੇਮੁਖ ਹੋਣਾ ਹੈ। ਸਿੱਖੀ ਦੇ ਰੂਹਾਨੀ ਵਿਰਸੇ ਵਿਚੋਂ ਹੀ ਗ਼ਦਰੀ ਬਾਬਿਆਂ ਦੀ ਅਸਲੀ ਪਛਾਣ ਕੀਤੀ ਜਾ ਸਕਦੀ ਹੈ। ਗ਼ਦਰੀ ਬਾਬਿਆਂ ਨਾਲ ਜੁੜਨ ਦਾ ਅਰਥ ਪੰਜਾਬ ਦੇ ਰੂਹਾਨੀ ਤੇ ਵਿਸਮਾਦੀ ਵਿਰਸੇ ਨਾਲ ਜੁੜਨਾ ਹੈ। ਇਸ ਤਰ੍ਹਾਂ, ਗ਼ਦਰੀ ਬਾਬਿਆਂ ਦੀ ਯਾਦ ਨੂੰ ਸੁਰਜੀਤ ਕਰਨਾ ਸਿੱਖ ਧਰਮ ਦੀ ਰੂਹਾਨੀ ਚੜ੍ਹਤਲ (spiritual regeneration) ਦਾ ਕਾਰਜ ਤੇ ਅਮਲ ਛੋਹਣਾ ਹੈ। ਇਹ ਰਾਹ ਕਿਸੇ ਵੀ ਪੱਖੋਂ ਸੌਖਾ ਨਹੀਂ ਹੈ। ਪਰ ਇਸ ਤੋਂ ਬਿਨਾਂ ਸਿੱਖ ਕੌਮ ਆਪਣੀ ਮੌਜੂਦਾ ਅਧੋਗਤੀ ਨੂੰ ਦੂਰ ਨਹੀਂ ਕਰ ਸਕਦੀ। ਜਦੋਂ ਤਕ ਸਿੱਖ ਪੰਥ ਆਪਣੇ ਰੂਹਾਨੀ ਤੇ ਵਿਸਮਾਦੀ ਵਿਰਸੇ ਨਾਲ ਜੁੜਿਆ ਰਿਹਾ, ਉਦੋਂ ਤਕ ਸਿੱਖ ਕੌਮ ਤੇ ਗ਼ਦਰੀ ਬਾਬਿਆਂ ਵਿਚਕਾਰ ਪੂਰਨ ਇਕਸੁਰਤਾ ਬਣੀ ਰਹੀ। ਸਿੱਖ ਕੌਮ ਗ਼ਦਰੀ ਬਾਬਿਆਂ ਵਿਚੋਂ ਆਪਣੇ ਰੂਹਾਨੀ ਵਿਰਸੇ ਦੇ ਨਕਸ਼ ਪਛਾਣਦੀ ਤੇ ਉਨ੍ਹਾਂ ਕੋਲੋਂ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਤੇ ਸ਼ਕਤੀ ਹਾਸਲ ਕਰਦੀ ਰਹੀ। ਵੀਹਵੀਂ ਸਦੀ ਦੇ ਚਾਲੀਵਿਆਂ ਦੇ ਦਹਾਕੇ ਤਕ ਇਹ ਸੁਖਾਵੀਂ ਹਾਲਤ ਬਣੀ ਰਹੀ। ਉਸ ਤੋਂ ਬਾਅਦ ਸਿੱਖ ਕੌਮ ਅੰਦਰ ਰੂਹਾਨੀ ਪਤਨ ਦਾ ਅਜਿਹਾ ਸਿਲਸਿਲਾ ਸ਼ੁਰੂ ਹੋ ਗਿਆ, ਕਿ ਕੌਮ ਨੇ ਗ਼ਦਰੀ ਬਾਬਿਆਂ ਵੱਲ ਆਪਣੀ ਪਿੱਠ ਕਰ ਲਈ। ਕਮਿਊਨਿਸਟਾਂ ਨੇ ਇਸ ਸਥਿਤੀ ਦਾ ਲਾਭ ਉਠਾਉਂਦੇ ਹੋਏ ਗ਼ਦਰੀ ਬਾਬਿਆਂ ਨੂੰ ਆਪਣੀ ਸੌੜੀ ਰਾਜਨੀਤੀ ਦੇ ਦਾਇਰੇ ਅੰਦਰ ਕੈਦ ਕਰ ਲਿਆ।
ਸ: ਸੇਵਕ ਸਿੰਘ ਦੀ ‘ਸਿੱਖ ਸ਼ਹਾਦਤ’ ਅੰਦਰ ਛਪੀ ਸੀਮਤ ਆਕਾਰ ਵਾਲੀ ਲਿਖਤ ਨੇ ਕੁੱਝ ਹੋਰਨਾਂ ਸਿੱਖ ਬੁੱਧੀਮਾਨਾਂ ਅੰਦਰ ਗ਼ਦਰ ਲਹਿਰ ਦੇ ਵਰਤਾਰੇ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਘੋਖਣ ਦੀ ਬੌਧਿਕ ਉਤੇਜਨਾ ਪੈਦਾ ਕਰ ਦਿਤੀ। ਸ: ਰਾਜਵਿੰਦਰ ਸਿੰਘ ਰਾਹੀ ਨੇ ਉਸੇ ਵੇਲੇ ਗ਼ਦਰ ਲਹਿਰ ਬਾਰੇ ਭਰਵਾਂ ਅਧਿਐਨ ਆਰੰਭ ਕਰ ਦਿਤਾ। ਉਸ ਨੇ ਪੂਰੀ ਲਗ਼ਨ ਤੇ ਮਿਹਨਤ ਨਾਲ ਪਹਿਲਾਂ ਹੋਏ ਕੰਮ ਦੀ ਡੂੰਘੀ ਛਾਣ-ਬੀਣ ਕਰਨ ਦੇ ਨਾਲੋ-ਨਾਲ, ਅਤਿਅੰਤ ਮਿਹਨਤ ਕਰਕੇ ਗ਼ਦਰੀ ਬਾਬਿਆਂ ਦੀਆਂ ਕੁੱਝ ਅਣਛਪੀਆਂ ਤੇ ਅਣਗੌਲੀਆਂ ਲਿਖਤਾਂ ਲੱਭੀਆਂ ਅਤੇ ਇਨ੍ਹਾਂ ਨੂੰ ਤਿੰਨ ਜਿਲਦਾਂ ਵਿਚ ਛਾਪਕੇ (‘ਗ਼ਦਰ ਲਹਿਰ ਦੀ ਅਸਲੀ ਗਾਥਾ’ ਭਾਗ ਪਹਿਲਾ ਤੇ ਦੂਜਾ, ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ‘ਮੇਰੀ ਰਾਮ ਕਹਾਣੀ’) ਪਾਠਕਾਂ ਦੇ ਸਨਮੁੱਖ ਕੀਤਾ। ਗ਼ਦਰੀ ਬਾਬਿਆਂ ਦੀਆਂ ਇਨ੍ਹਾਂ ਮੌਲਿਕ ਲਿਖਤਾਂ ਨੇ ਗ਼ਦਰ ਲਹਿਰ ਬਾਰੇ ਖੋਜ ਦਾ ਕੰਮ ਆਸਾਨ ਕਰ ਦਿਤਾ। ਇਨ੍ਹਾਂ ਦੀ ਰੋਸ਼ਨੀ ਵਿਚ ਗ਼ਦਰ ਲਹਿਰ ਬਾਰੇ ਪਹਿਲੇ ਵਿਦਵਾਨਾਂ ਦੀਆਂ ਲਿਖੀਆਂ ਲਿਖਤਾਂ ਦਾ ਯੋਗ ਮੁਲਾਂਕਣ ਕੀਤਾ ਜਾ ਸਕਦਾ ਹੈ। ਹਥਲੀ ਕਿਤਾਬ ਨੂੰ ਇਸੇ ਦਿਸ਼ਾ ਵਿਚ ਇਕ ਨਿਮਾਣਾ ਜਿਹਾ ਯਤਨ ਸਮਝਣਾ ਚਾਹੀਦਾ ਹੈ।
ਗ਼ਦਰ ਲਹਿਰ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣਾ ਸੌੜੀ ਤੇ ਨਾਸਤਕ ਬਿਰਤੀ ਵਾਲੇ ਕਮਿਊਨਿਸਟਾਂ ਨੂੰ ਗਵਾਰਾ ਨਹੀਂ ਹੋਇਆ। ਆਪਣੇ ਸੁਭਾਅ ਮੁਤਾਬਿਕ ਉਹ ਇਸ ਉਤੇ ਤਿਲਮਿਲਾ ਉਠੇ ਹਨ। ਪਹਿਲਾਂ ਤਾਂ ਉਹ ਏਨੀ ਗੱਲ ਵੀ ਸੁਣਨ/ਮੰਨਣ ਲਈ ਤਿਆਰ ਨਹੀਂ ਸਨ, ਕਿ ਗ਼ਦਰੀ ਬਾਬੇ ਆਪਣੇ ਧਾਰਮਿਕ ਅਕੀਦਿਆਂ ਪੱਖੋਂ ਸਿੱਖ ਸਨ ਅਤੇ ਉਹ ਸਿੱਖ ਧਰਮ ਦੀਆਂ ਜੁਝਾਰੂ ਰਵਾਇਤਾਂ ਤੋਂ ਉਤਸ਼ਾਹਤ ਤੇ ਪ੍ਰੇਰਿਤ ਹੋ ਕੇ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਗ਼ਦਰ ਲਹਿਰ ਨੂੰ ਸਿੱਖ ਵਿਰਸੇ ਨਾਲੋਂ ਤੋੜਨ ਦੇ ਮੰਤਵ ਨਾਲ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਸੁਚੇਤ ਤੇ ਵਿਉਂਤਬੱਧ ਯਤਨ ਕੀਤੇ। ਬਾਬਾ ਭਗਤ ਸਿੰਘ ਬਿਲਗਾ ਨੇ ਆਪਣੀ ਇਕ ਲਿਖਤ (‘ਗ਼ਦਰ ਲਹਿਰ ਦੇ ਅਣਫੋਲੇ ਵਰਕੇ’) ਵਿਚ ਲਿਖਿਆ ਹੈ ਕਿ ਗ਼ਦਰੀ ਬਾਬਿਆਂ ਨੇ ਆਜ਼ਾਦੀ ਤੇ ਬਰਾਬਰੀ ਦਾ ਸੰਕਲਪ ਫਰਾਂਸ ਦੇ ਇਨਕਲਾਬ ਤੋਂ ਲਿਆ ਸੀ। ਡਾ. ਹਰੀਸ਼ ਪੁਰੀ ਨੇ ਲਿਖਿਆ ਹੈ ਕਿ ਗ਼ਦਰੀ ਬਾਬਿਆਂ ਦੇ ਸਮਰਪਣ ਤੇ ਸਾਦਗੀ ਦੇ ਜੀਵਨ ਦਾ ਪ੍ਰੇਰਨਾ-ਸ੍ਰੋਤ ਲਾਲਾ ਹਰਦਿਆਲ ਸੀ। ਡਾ. ਸੁਰਜੀਤ ਹਾਂਸ ਦਾ ਕਹਿਣਾ ਹੈ ਕਿ ਗ਼ਦਰੀ ਬਾਬਿਆਂ ਨੇ ਕਵਿਤਾ ਦੇ ਜ਼ਰੀਏ ਪ੍ਰਚਾਰ ਕਰਨ ਦੀ ਪ੍ਰੇਰਨਾ ਵਿਨਾਇਕ ਦਮੋਦਰ ਸਾਵਰਕਰ ਕੋਲੋਂ ਲਈ ਸੀ। ਵਰਿਆਮ ਸਿੰਘ ਸੰਧੂ ਨੇਂ ਗ਼ਦਰ ਪਾਰਟੀ ਵੱਲੋਂ ਪ੍ਰਚਾਰ ਪਸਾਰ ਲਈ ਸਥਾਨਕ ਭਾਸ਼ਾਵਾਂ ਦਾ ਇਸਤੇਮਾਲ ਕਰਨ ਦੇ ਤੱਥ ਨੂੰ, ਗ਼ਦਰੀ ਬਾਬਿਆਂ ਦੀ ‘ਵਿਗਿਆਨਕ ਤੇ ਭਵਿੱਖ-ਮੁਖੀ ਸੋਚ’ ਦੇ ਸਬੂਤ ਵਜੋਂ ਪੇਸ਼ ਕੀਤਾ ਹੈ। ਗ਼ਦਰੀ ਬਾਬਿਆਂ ਦੇ ਹਰ ਕਰਮ ਨੂੰ ਸਿੱਖ ਵਿਰਸੇ ਨਾਲੋਂ ਤੋੜ ਕੇ ਪੇਸ਼ ਕਰਨ ਦੀ ਰੁਚੀ ਦੇ ਇਹ ਉਘੜਵੇਂ ਨਮੂਨੇ ਹਨ। ਇਸ ਤੋਂ ਇਹ ਅਨੁਮਾਨ ਲਾਉਣਾ ਔਖਾ ਨਹੀਂ ਕਿ ਖੱਬੇ ਪੱਖੀ ਲੇਖਕਾਂ ਨੇ ਗ਼ਦਰ ਲਹਿਰ ਦੇ ਇਤਿਹਾਸ ਨਾਲ ਕਿੰਨਾ ਖਿਲਵਾੜ ਕੀਤਾ ਹੈ।
ਪਰ ਹੁਣ ਗ਼ਦਰੀ ਬਾਬਿਆਂ ਦੀਆਂ ਮੌਲਿਕ ਲਿਖਤਾਂ ਦੇ ਸਨਮੁੱਖ ਕਮਿਊਨਿਸਟ ਵਿਦਵਾਨਾਂ ਲਈ ਇਸ ਪ੍ਰਤੱਖ ਸਚਾਈ ਤੋਂ ਖੁਲ੍ਹੇਆਮ ਇਨਕਾਰ ਕਰਨਾ ਸੌਖਾ ਨਹੀਂ ਰਿਹਾ, ਕਿ ਗ਼ਦਰੀ ਬਾਬੇ ਸਿੱਖ ਧਰਮ ਦੀਆਂ ਜੁਝਾਰੂ ਰਵਾਇਤਾਂ ਤੋਂ ਪ੍ਰੇਰਿਤ ਹੋ ਕੇ ਹੀ ਦੇਸ ਦੀ ਆਜ਼ਾਦੀ ਦੇ ਸੰਗਰਾਮ ਵਿਚ ਸ਼ਾਮਲ ਹੋਏ ਸਨ। ਹੁਣ ਉਨ੍ਹਾਂ ਗ਼ਦਰ ਲਹਿਰ ਦੇ ਸਿੱਖ ਖਾਸੇ ਤੋਂ ਮੁਨਕਰ ਹੋਣ ਲਈ ਨਵੀਆਂ ਗੁਮਰਾਹ-ਕਰੂ ਦਲੀਲਾਂ ਘੜ ਲਈਆਂ ਹਨ: ਕਿ ਗ਼ਦਰੀ ਬਾਬੇ ਮੁੱਢ ਵਿਚ ਸਿੱਖ ਵਿਰਸੇ ਤੋਂ ਪ੍ਰੇਰਿਤ ਹੋਣ ਦੇ ਬਾਵਜੂਦ, ਬਾਹਰਲੇ ਮੁਲਕਾਂ ‘ਚ ਜਾ ਕੇ ਉਨ੍ਹਾਂ ਦੀ ਦ੍ਰਿਸ਼ਟੀ “ਸੌੜੀਆਂ ਧਾਰਮਿਕ ਵਲਗਣਾਂ” ਪਾਰ ਕਰ ਗਈ ਸੀ ਅਤੇ ਉਨ੍ਹਾਂ ਦੀ ਸੋਚ ਦਾ ਦਾਇਰਾ “ਵਿਸ਼ਾਲ” ਹੋ ਗਿਆ ਸੀ; ਕਿ ਉਨ੍ਹਾਂ ਨੇ ਆਪਣੇ ਧਾਰਮਿਕ ਵਿਚਾਰਾਂ ਤੇ ਅਕੀਦਿਆਂ ਨੂੰ ਨਿੱਜੀ ਵਿਸ਼ਵਾਸ ਤਕ ਸੀਮਤ ਕਰ ਲਿਆ ਸੀ; ਕਿ ਉਨ੍ਹਾਂ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਰਾਜਨੀਤੀ ਨਾਲੋਂ ਵੱਖ ਕਰ ਲਿਆ ਸੀ, ਬਗੈਰਾ ਬਗੈਰਾ।
ਕਮਿਊਨਿਸਟਾਂ ਦੀਆਂ ਉਪਰੋਕਤ ਦਲੀਲਾਂ ਦਾ ਭਾਵ ਅਰਥ ਇਹ ਬਣਦਾ ਹੈ ਕਿ ਗ਼ਦਰੀ ਬਾਬਿਆਂ ਨੇ ਬਾਹਰਲੇ ਮੁਲਕਾਂ (ਭਾਵ ਪੱਛਮੀ ਦੇਸਾਂ) ਵਿਚ ਜਾ ਕੇ ਸਿੱਖੀ ਦੇ ‘ਤੰਗ ਦਾਇਰੇ’ ਤੋਂ ਬਾਹਰ ਨਿਕਲ ਕੇ ਪੱਛਮ ਦੀ ਕੋਈ ਅਜਿਹੀ ਵਿਚਾਰਧਾਰਾ ਤੇ ਦ੍ਰਿਸ਼ਟੀ ਗ੍ਰਹਿਣ ਕਰ ਲਈ ਸੀ ਜਿਸ ਦੀ ਸਪਿਰਟ ਸਿੱਖੀ ਨਾਲੋਂ ਵੱਧ ਵਿਸ਼ਾਲ, ਵੱਧ ਜਮਹੂਰੀ ਤੇ ਵੱਧ ਮਾਨਵਵਾਦੀ ਹੈ। ਸਿੱਖ ਧਰਮ ਬਾਰੇ ਇਸ ਤਰ੍ਹਾਂ ਦੀ ਸੋਚ ਪੱਛਮੀ ਗਿਆਨ ਪ੍ਰਬੰਧ ਦੀ ਦੇਣ ਹੈ। ਇਸ ਗਿਆਨ ਪ੍ਰਬੰਧ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਸ ਦੇ ਤਣੇ ਦੂਰ ਦੂਰ ਤਕ ਫੈਲਰੇ ਹੋਏ ਹਨ। ਇਸ ਦੀਆਂ ਕਈ ਵੰਨਗੀਆਂ ਤੇ ਅਨੇਕਾਂ ਸ਼ਾਖਾਵਾਂ ਹਨ। ਮਾਰਕਸਵਾਦ ਮੂਲ ਰੂਪ ਵਿਚ ਪੱਛਮੀ ਗਿਆਨ ਪ੍ਰਬੰਧ ਦੀ ਹੀ ਇਕ ਵੰਨਗੀ (varient) ਹੈ। ਇਸ ਤਰ੍ਹਾਂ ਪੱਛਮੀ ਗਿਆਨ ਪ੍ਰਬੰਧ ਨੇ, ਅਲੱਗ ਅਲੱਗ ਰੂਪਾਂ ਵਿਚ, ਸੰਸਾਰ ਦੇ ਸਾਰੇ ਮੁਲਕਾਂ ਤੇ ਖੇਤਰਾਂ ਅੰਦਰ ਆਪਣੀ ਅਜਾਰੇਦਾਰਾਨਾ ਚੌਧਰ ਤੇ ਹਸਤੀ ਸਥਾਪਤ ਕਰ ਲਈ ਹੋਈ ਹੈ। ਪੰਜਾਬ ਦੇ ਖੱਬੇ ਪੱਖੀ ਵਿਦਵਾਨ ਪੱਛਮ ਦੇ ਬੌਧਿਕ ਹਥਿਆਰਾਂ ਨਾਲ ਹੀ ਸਿੱਖੀ ਦੀਆਂ ਜੜ੍ਹਾਂ ਖੋਦਣ ਲੱਗੇ ਹੋਏ ਹਨ। ਸਿੱਖ ਧਰਮ ਹੋਵੇ ਜਾਂ ਗ਼ਦਰ ਲਹਿਰ, ਉਹ ਹਰ ਘਟਨਾ ਵਰਤਾਰੇ ਨੂੰ ਪੱਛਮ ਦੇ ਆਧੁਨਿਕਵਾਦੀ ਗਿਆਨ ਪ੍ਰਬੰਧ ਦੀਆਂ ਐਨਕਾਂ ਰਾਹੀਂ ਦੇਖਦੇ ਹਨ। ਉਹ ਆਪਣੇ ਵਾਂਗੂੰ ਹੀ ਗ਼ਦਰੀ ਬਾਬਿਆਂ ਦਾ ਵੀ ਪੱਛਮੀਕਰਨ ਕਰਨਾ ਚਾਹੁੰਦੇ ਹਨ। ਉਹ ਗ਼ਦਰੀ ਬਾਬਿਆਂ ਨੂੰ, ਉਨ੍ਹਾਂ ਦੇ ਰੂਹਾਨੀ ਤੇ ਵਿਸਮਾਦੀ ਵਿਰਸੇ ਨਾਲੋਂ ਤੋੜਕੇ, ਉਨ੍ਹਾਂ ਨੂੰ ਪੱਛਮ ਦੀ ਪਦਾਰਥਵਾਦੀ ਵਿਚਾਰਧਾਰਾ, ਜੀਹਨੂੰ ਉਹ ‘ਵਿਗਿਆਨਕ’ ਕਹਿਕੇ ਵਿਡਿਆਉਂਦੇ ਹਨ, ਦੇ ਪੈਰੋਕਾਰ ਸਾਬਤ ਕਰਨਾ ਚਾਹੁੰਦੇ ਹਨ। ਇਸ ਮੰਤਵ ਲਈ ਪਹਿਲਾਂ ਉਨ੍ਹਾਂ ਗ਼ਦਰੀ ਬਾਬਿਆਂ ਦੀਆਂ ਮੌਲਿਕ ਲਿਖਤਾਂ ਨੂੰ ਸੁਚੇਤ ਰੂਪ ਵਿਚ ਦਬਾਈ ਤੇ ਛੁਪਾਈ ਰੱਖਿਆ। ਪਰ ਹੁਣ ਜਦੋਂ ਉਹ ਲਿਖਤਾਂ ਜੱਗ ਜ਼ਾਹਰ ਹੋ ਗਈਆਂ ਹਨ, ਤਾਂ ਉਨ੍ਹਾਂ ਨੇ ਇਨ੍ਹਾਂ ਲਿਖਤਾਂ ਬਾਰੇ ਗੰਭੀਰ ਤੇ ਉਸਾਰੂ ਬਹਿਸ ਕਰਨ ਦੀ ਬਜਾਇ, ਆਪਣੀ ਪੱਕ ਚੁੱਕੀ ਆਦਤ ਤੇ ਰੁਚੀ ਮੁਤਾਬਿਕ, ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਵਿਦਵਾਨਾਂ ਨੂੰ ਆਪਮਤੇ ਢੰਗ ਨਾਲ ‘ਫਿ਼ਰਕੂ’ ਤੇ ‘ਜਾਤ-ਪ੍ਰਸਤ’ ਗਰਦਾਨ ਕੇ, ਆਪਣੀਆਂ ਸਫ਼ਾਂ ਅੰਦਰ ਉਨ੍ਹਾਂ ਪ੍ਰਤਿ ਤੁਅੱਸਬ ਪੈਦਾ ਕਰਨ, ਅਤੇ ਇਸ ਤਰ੍ਹਾਂ ਸਿਧਾਂਤਕ ਬਹਿਸ ਦੀ ਜ਼ਹਿਮਤ ਤੋਂ ਸੁਰਖ਼ੁਰੂ ਹੋ ਜਾਣ ਦਾ ਹੋਛਾ ਤੇ ਸੌਖਾ ਰਾਹ ਅਖਤਿਆਰ ਕਰ ਲਿਆ ਹੈ।
ਜੇਕਰ ਕਮਿਊਨਿਸਟਾਂ ਦੀ ਇਸ ਧਾਰਨਾ ਨੂੰ ਸੱਚ ਮੰਨ ਲਿਆ ਜਾਵੇ ਕਿ ਗ਼ਦਰੀ ਬਾਬਿਆਂ ਨੇ ਧਰਮ ਨੂੰ ਰਾਜਨੀਤੀ ਨਾਲੋਂ ਅਲੱਗ ਕਰ ਲਿਆ ਸੀ, ਤਾਂ ਇਸ ਦਾ ਮਤਲਬ ਇਹ ਬਣਦਾ ਹੈ ਕਿ ਉਨ੍ਹਾਂ ਨੇ ਗ਼ਦਰ ਲਹਿਰ, ਜਿਹੜੀ ਬਿਨਾਂ ਸ਼ੱਕ ਰਾਜਸੀ ਲਹਿਰ ਸੀ, ਅੰਦਰ ਸ਼ਾਮਲ ਹੋਣ ਵੇਲੇ ਆਪਣੇ ਸਿੱਖ ਵਿਸ਼ਵਾਸਾਂ, ਸੰਸਕਾਰਾਂ ਤੇ ਜਜ਼ਬਿਆਂ ਨੂੰ ਪਾਸੇ ਰੱਖ ਦਿਤਾ ਸੀ। ਜੇਕਰ ਇਹ ਸੱਚ ਹੈ, ਤਾਂ ਫਿਰ ਉਹ ਕਿਹੜੇ ਵਿਚਾਰਾਂ, ਵਿਸ਼ਵਾਸਾਂ ਤੇ ਜਜ਼ਬਿਆਂ ਆਸਰੇ ਲੜੇ ਸਨ? ਉਦੋਂ ਅਜੇ ਰੂਸ ਅੰਦਰ ਸਮਾਜਵਾਦੀ ਇਨਕਲਾਬ ਨਹੀਂ ਆਇਆ ਸੀ ਅਤੇ ਗ਼ਦਰੀ ਬਾਬਿਆਂ ਦੇ ਆਪਣੇ ਕਹਿਣ ਮੁਤਾਬਿਕ ਹੀ, ਉਨ੍ਹਾਂ ਨੂੰ ਉਸ ਵਕਤ ਮਾਰਕਸਵਾਦ ਜਾਂ ਕਮਿਊਨਿਸਟ ਸਿਧਾਂਤਾਂ ਬਾਰੇ ਉਕਾ ਹੀ ਕੋਈ ਜਾਣਕਾਰੀ ਨਹੀਂ ਸੀ। ਫਿਰ ਸੁਆਲ ਖੜ੍ਹਾ ਹੁੰਦਾ ਹੈ, ਕਿ ਉਨ੍ਹਾਂ ਆਖਰਕਾਰ ਕਿਹੜੇ ਫ਼ਲਸਫ਼ੇ ਤੇ ਸਿਧਾਂਤਾਂ ਕੋਲੋਂ ਸੇਧ ਤੇ ਪ੍ਰੇਰਨਾ ਲਈ ਸੀ? ਉਨ੍ਹਾਂ ਨੇ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਸਿੱਖਿਆ ਕਿਥੋਂ ਗ੍ਰਹਿਣ ਕੀਤੀ ਸੀ? ਉਨ੍ਹਾਂ ਅੰਦਰ ਸੱਚ ਤੇ ਇਨਸਾਫ਼ ਲਈ ਜੂਝ ਮਰਨ ਦਾ ਜਜ਼ਬਾ ਕਿਥੋਂ ਆਇਆ ਸੀ? ਗ਼ਦਰੀ ਬਾਬਿਆਂ ਅੰਦਰ ਇਹ ਸਦਗੁਣ ਕਿਸੇ ਵਿਨਾਇਕ ਦਮੋਦਰ ਸਾਵਰਕਰ ਦੀਆਂ ਲਿਖਤਾਂ ਪੜ੍ਹਕੇ ਜਾਂ ਲਾਲਾ ਹਰਦਿਆਲ ਦੇ ਭਾਸ਼ਣ ਸੁਣ ਕੇ ਪੈਦਾ ਨਹੀਂ ਹੋਏ ਸਨ। ਸਾਵਰਕਰ ਤੇ ਹਰਦਿਆਲ ਅੰਦਰ ਅਜਿਹਾ ਤਾਣ ਕਿਥੇ ਸੀ? ਉਹ ਤਾਂ ਆਪਣਾ ਆਪ ਵੀ ਨਹੀਂ ਸੰਭਾਲ ਸਕੇ ਸਨ! ਇਹ ਸਿੱਖ ਗੁਰੂ ਸਾਹਿਬਾਨ ਦੀ ਕਹਿਣੀ ਤੇ ਕਰਨੀ ਦੀ ਕਰਾਮਾਤ ਸੀ ਜਿਸ ਨੇ ਗ਼ਦਰੀ ਇਨਕਲਾਬੀਆਂ ਅੰਦਰ ਸੱਚ ਤੇ ਇਨਸਾਫ਼ ਲਈ ਹੱਸ ਹੱਸ ਕੇ ਫਾਂਸੀਆਂ ਉਤੇ ਝੂਲਣ ਅਤੇ ਅੰਡੇਮਾਨ, ਹਜ਼ਾਰੀਬਾਗ ਤੇ ਹੋਰਨਾਂ ਨਰਕ ਰੂਪੀ ਜੇਲ੍ਹਾਂ ਅੰਦਰ ਸਿੱਖੀ ਦੀ ਜੁਝਾਰੂ ਸਪਿਰਟ ਨੂੰ ਬੁਲੰਦ ਰੱਖਣ ਦਾ ਲਾਸਾਨੀ ਹੌਂਸਲਾ ਤੇ ਬਲ ਪੈਦਾ ਕੀਤਾ ਸੀ। ਜੇਕਰ ਕੋਈ ਇਸ ਪ੍ਰਤੱਖ ਸਚਾਈ ਤੋਂ ਮੁਨਕਰ ਹੁੰਦਾ ਹੈ ਤਾਂ ਉਸ ਦੀ ਨੇਕ ਨੀਤੀ ਬਾਰੇ ਸ਼ੱਕ ਖੜ੍ਹਾ ਹੋ ਜਾਂਦਾ ਹੈ।
ਹਥਲੀ ਕਿਤਾਬ ਅੰਦਰ, ਖੱਬੇ ਪੱਖੀਆਂ ਦੀਆਂ ਗ਼ਦਰ ਲਹਿਰ ਬਾਰੇ ਨੁਕਸਦਾਰ ਧਾਰਨਾਵਾਂ ਦੀ ਤੈਹ ਹੇਠਾਂ ਕੰਮ ਕਰਦੇ ਆਧੁਨਿਕਵਾਦੀ ਗਿਆਨ ਪ੍ਰਬੰਧ ਦੀ ਚੀਰ-ਫਾੜ ਕੀਤੀ ਗਈ ਹੈ, ਇਸ ਦੇ ਪ੍ਰਮੁੱਖ ਲੱਛਣਾਂ ਦੀ ਪਛਾਣ ਤੇ ਪੜਚੋਲ ਕੀਤੀ ਗਈ ਹੈ, ਅਤੇ ਇਸ ਨੂੰ ਸਿੱਖ ਫ਼ਲਸਫ਼ੇ ਨਾਲ ਪਲੜੇ ਵਿਚ ਰੱਖ ਕੇ ਤੋਲਿਆ ਗਿਆ ਹੈ। ਇਸ ਤਰ੍ਹਾਂ, ਧਰਮ-ਨਿੰਦਕਾਂ ਨਾਲ ਸਿਧਾਂਤਕ ਬਹਿਸ ਦਾ ਵਿਸ਼ਾ ਤੇ ਦਾਇਰਾ ਵਿਸ਼ਾਲ ਹੋ ਗਿਆ ਹੈ। ਜਿਸ ਵਜ੍ਹਾ ਕਰਕੇ ਕੁੱਝ ਬੁਨਿਆਦੀ ਸੰਕਲਪਾਂ-ਜਿਵੇਂ ਧਰਮ-ਨਿਰਪੱਖਤਾ (ਸੈਕੂਲਰਿਜਮ), ਰਾਸ਼ਟਰਵਾਦ (ਨੈਸ਼ਨਲਿਜਮ), ਦੇਸ਼ਭਗਤੀ, ਸਰਬ-ਸਾਂਝੀ ਭਾਰਤੀ ਕੌਮ (Single Indian Nation) ਦੀ ਧਾਰਨਾ, ਆਦਿ ਆਦਿ- ਬਾਰੇ ਕਾਫੀ ਤਫਸੀਲ ਵਿਚ ਜਾਣਾ ਪਿਆ ਹੈ। ਕਿਸੇ ਨੂੰ ਇਹ ਪ੍ਰਵਚਨ ਬੇਲੋੜਾ ਤੇ ਉਕਤਾਊ ਲੱਗ ਸਕਦਾ ਹੈ। ਪਰ ਵਿਸ਼ੇ ਦੀ ਮਹੱਤਤਾ ਤੇ ਜਟਲਤਾ ਨੂੰ ਧਿਆਨ ਵਿਚ ਰਖਦੇ ਹੋਏ ਅਜਿਹਾ ਕਰਨਾ ਜ਼ਰੂਰੀ ਸੀ। ਕਿਤਾਬ ਦਾ ਜ਼ਾਹਰਾ ਪ੍ਰਸੰਗ ਭਲੇ ਹੀ ਖੱਬੇ ਪੱਖੀਆਂ ਨਾਲ ਵਾਦ-ਵਿਵਾਦ ਹੈ, ਪਰ ਹਕੀਕਤ ਵਿਚ ਇਹ ਕਿਤਾਬ ਕਿਸੇ ਵੀ ਕਿਸਮ ਦੇ “ਵਾਦ” ਤੋਂ ਬੇਲਾਗ਼ ਸਾਧਾਰਨ ਪਾਠਕ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ…….।”
Related Topics: Ajmer Singh, Gadhar Movement