ਆਮ ਖਬਰਾਂ » ਸਿਆਸੀ ਖਬਰਾਂ

ਗਾਂਧੀ ਦੀ ਤਸਵੀਰ ਕਰੰਸੀ ਨੋਟਾਂ ਤੋਂ ਹਟਾ ਦਿੱਤੀ ਜਾਏਗੀ, ਇਸ ਨਾਲ ਨੁਕਸਾਨ ਹੀ ਹੋਇਆ: ਅਨਿਲ ਵਿੱਜ

January 15, 2017 | By

ਅੰਬਾਲਾ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਹ ਆਖ ਕੇ ਚਰਚਾ ਛੇੜ ਦਿੱਤੀ ਹੈ ਕਿ ਮਹਾਤਮਾ ਗਾਂਧੀ ਦੀ ਤਸਵੀਰ ਨਾਲ ਖਾਦੀ ਦਾ ਕੋਈ ਭਲਾ ਨਹੀਂ ਹੋਇਆ ਤੇ ਇਸ ਕਾਰਨ ਕਰੰਸੀ ਦੀ ਕੀਮਤ ਵੀ ਘਟੀ ਹੈ। ਉਨ੍ਹਾਂ ਦੇ ਇਸ ਬਿਆਨ ਦੇ ਵਿਰੋਧ ਵੀ ਹੋਇਆ। ਵਿੱਜ, ਜੋ ਭਾਜਪਾ ਦੇ ਸੀਨੀਅਰ ਆਗੂ ਹਨ, ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਖਾਦੀ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਕੈਲੰਡਰ ਅਤੇ ਡਾਇਰੀ ਵਿੱਚੋਂ ਗਾਂਧੀ ਦੀ ਤਸਵੀਰ ਹਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾਈ ਗਈ ਹੈ। ਉਹ ਇਹ ਵੀ ਕਿਹਾ ਕਿ ਹੌਲੀ-ਹੌਲੀ ਕਰੰਸੀ ਨੋਟਾਂ ਤੋਂ ਵੀ ਗਾਂਧੀ ਦੀ ਤਸਵੀਰ ਹਟਾ ਦਿੱਤੀ ਜਾਵੇਗੀ। ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅੰਬਾਲਾ ਛਾਉਣੀ ਤੋਂ ਪੰਜ ਵਾਰ ਦੇ ਵਿਧਾਇਕ ਨੇ ਕਿਹਾ, “ਖਾਦੀ ਕੋਈ ਗਾਂਧੀ ਜੀ ਦੇ ਨਾਂ ’ਤੇ ਪੇਟੈਂਟ ਨਹੀਂ ਹੈ। ਗਾਂਧੀ ਦਾ ਨਾਂ ਖਾਦੀ ਨਾਲ ਜੁੜਨ ਪਿੱਛੋਂ ਇਸ ਦੀ ਕਦਰ ਘਟੀ ਹੀ ਹੈ।” ਉਨ੍ਹਾਂ ਕਿਹਾ, “ਜਦੋਂ ਉਨ੍ਹਾਂ ਦੀ ਤਸਵੀਰ ਨੋਟਾਂ ਉਤੇ ਲਾਈ ਗਈ ਤਾਂ ਕਰੰਸੀ ਦੀ ਕੀਮਤ ਘਟ ਗਈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਗਾਂਧੀ ਦੀ ਤਸਵੀਰ ਹਟਾ ਕੇ ਮੋਦੀ ਦੀ ਤਸਵੀਰ ਲਾਈ ਗਈ ਹੈ। ਮੋਦੀ ਇਕ ਵਧੀਆ ਬਰਾਂਡ ਹੈ, ਜਿਸ ਨਾਲ ਖਾਦੀ ਦੀ ਵਿਕਰੀ ਵਧੇਗੀ।”

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ (ਫਾਈਲ ਫੋਟੋ); ਭਾਰਤੀ ਕਰੰਸੀ ਨੋਟ 'ਤੇ ਗਾਂਧੀ ਦੀ ਫੋਟੋ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ (ਫਾਈਲ ਫੋਟੋ); ਭਾਰਤੀ ਕਰੰਸੀ ਨੋਟ ‘ਤੇ ਗਾਂਧੀ ਦੀ ਫੋਟੋ

ਇਸ ਬਿਆਨ ਦੀ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਬਿਆਨ ਭਾਜਪਾ ‘ਹਾਈ ਕਮਾਂਡ’ ਦੀ ‘ਡੂੰਘੀ ਸਾਜ਼ਿਸ਼’ ਦਾ ਹਿੱਸਾ ਹੈ ਅਤੇ ਮੰਤਰੀ ਆਰਐਸਐਸ ਦੀ ਬੋਲੀ ਬੋਲ ਰਿਹਾ ਹੈ। ਕਾਂਗਰਸ ਨੇ ਵੀ ਕਿਹਾ ਕਿ ‘ਗਾਂਧੀ ਨੂੰ ਮਾਰਿਆ ਜਾ ਸਕਦਾ ਹੈ, ਉਨ੍ਹਾਂ ਦੀਆਂ ਤਸਵੀਰਾਂ ਨੂੰ ਹਟਾਇਆ ਜਾ ਸਕਦਾ ਹੈ ਪਰ ਉਹ ਭਾਰਤ ਦੀ ਆਤਮਾ ਵਿੱਚ ਵੱਸਦੇ’ ਹਨ।

ਬਾਅਦ ਵਿੱਚ ਵਿਜ ਨੇ ਆਪਣਾ ਬਿਆਨ ਟਵੀਟ ‘ਤੇ ਇਹ ਕਹਿ ਕੇ ਵਾਪਸ ਲਿਆ ਕਿ “ਮੈਂ ਇਹ ਬਿਆਨ ਨਿਜੀ ਹੈਸੀਅਤ ਵਿੱਚ ਦਿੱਤਾ ਸੀ। ਇਸ ਕਾਰਨ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ ਤਾਂ ਮੈਂ ਬਿਆਨ ਵਾਪਸ ਲੈਂਦਾ ਹਾਂ।”

ਵਿਜ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦੇ ਹੋਏ ਪਾਰਟੀ ਦੇ ਤਰਜਮਾਨ ਸ੍ਰੀਕਾਂਤ ਸ਼ਰਮਾ ਨੇ ਕਿਹਾ, “ਪਾਰਟੀ ਦਾ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਹੈ।” ਹਰਿਅਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਇਸ ਨੂੰ ਵਿਜ ਦੇ ਨਿਜੀ ਵਿਚਾਰ ਦੱਸਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,