ਸਿਆਸੀ ਖਬਰਾਂ

ਜੇ 84 ਕਤਲੇਆਮ ਦਾ ਇਨਸਾਫ ਮਿਲਿਆ ਹੁੰਦਾ ਤਾਂ 2002 ‘ਚ ਮੁਸਲਮਾਨਾਂ ਦਾ ਕਤਲੇਆਮ ਨਾ ਹੁੰਦਾ: ਰਾਣਾ ਅਯੂਬ

September 17, 2017 | By

ਨਵੀਂ ਦਿੱਲੀ (ਅਮਨਦੀਪ ਸਿੰਘ): ਗੁਜਰਾਤ ਕਤਲੇਆਮ ਬਾਰੇ ‘ਅੰਦਰਲੇ ਭੇਤ’ ਪ੍ਰਗਟ ਕਰਦੀ ਖੋਜੀ ਪੱਤਰਕਾਰ ਰਾਣਾ ਅਯੂਬ ਦੀ ਅੰਗ੍ਰੇਜ਼ੀ ਕਿਤਾਬ ‘ਗੁਜਰਾਤ ਫ਼ਾਈਲਜ਼’ ਦਾ ਹਿੰਦੀ ਉਲੱਥਾ ‘ਗੁਜਰਾਤ ਫ਼ਾਈਲਜ਼ ਲੀਪਾ ਪੋਤੀ ਕਾ ਪਰਦਾਫਾਸ਼’ ਨੂੰ ਅੱਜ ਦਿੱਲੀ ਵਿਚ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਹੁਣ ਤੱਕ ਕਿਤਾਬ ਪੰਜਾਬੀ ਤੇ ਉਰਦੂ ਵਿਚ ਵੀ ਜਾਰੀ ਹੋ ਚੁਕੀ ਹੈ।

ਇਥੋਂ ਦੇ ਪ੍ਰੈੱਸ ਕਲੱਬ ਵਿਖੇ ਸ਼ਨੀਵਾਰ (16 ਸਤੰਬਰ) ਸ਼ਾਮ ਨੂੰ ਭਰਵੀਂ ਤਾਦਾਦ ਵਿਚ ਜੁੜੇ ਸਮਾਜਕ ਕਾਰਕੁਨਾਂ, ਨੌਜੁਆਨਾਂ ਤੇ ਔਰਤ ਪੱਤਰਕਾਰਾਂ ਦੀ ਹਾਜ਼ਰੀ ਵਿਚ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ, ਰਾਣਾ ਅਯੂਬ, ਪ੍ਰਸਿੱਧ ਵਕੀਲ ਵਰਿੰਦਰ ਗਰੋਵਰ ਸਣੇ ਸੀਮਾ ਚਿਸ਼ਤੀ, ਪੰਕਜ ਬਿਸ਼ਟ ਅਤੇ ਅਜੇ ਸਿੰਘ ਨੇ ਸਾਂਝੇ ਤੌਰ ‘ਤੇ ਕਿਤਾਬ ਜਾਰੀ ਕਰ ਕੇ, ਭਾਰਤ ਅੰਦਰ ਕਤਲੇਆਮਾਂ ਦੀ ਸਿਆਸਤ ਨੂੰ ਸਮਝਣ ਲਈ ਕਿਤਾਬ ਨੂੰ ਇਤਿਹਾਸਕ ਖੋਜੀ ਕਿਤਾਬ ਦਸਿਆ।

ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 32 ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀ ਹਾਲੇ ਵੀ ਅਜ਼ਾਦ ਘੁੰਮ ਰਹੇ ਹਨ ਅਤੇ ਸੱਤਾ ਦਾ ਸੁਖ ਮਾਣ ਰਹੇ ਹਨ।

ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 32 ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀ ਹਾਲੇ ਵੀ ਅਜ਼ਾਦ ਘੁੰਮ ਰਹੇ ਹਨ ਅਤੇ ਸੱਤਾ ਦਾ ਸੁਖ ਮਾਣ ਰਹੇ ਹਨ।

ਕਿਤਾਬ ਨਰਿੰਦਰ ਮੋਦੀ ਦੇ ਗੁਜਰਾਤ ਦਾ ਮੁਖ ਮੰਤਰੀ ਹੋਣ ਵੇਲੇ ਹੋਏ ਕਤਲੇਆਮ ਬਾਰੇ ਕਈ ਸਨਸਨੀਖੇਜ਼ ਖੁਲਾਸੇ ਕਰਦੀ ਹੈ।

ਰਵੀਸ਼ ਕੁਮਾਰ ਨੇ ਗੁਜਰਾਤ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਦੀ ਹਕੀਕਤ ਨੂੰ ਸਮਝਣ ਲਈ ਹਿੰਦੀ ਭਾਸ਼ੀ ਲੋਕਾਂ ਲਈ ਕਿਤਾਬ ਨੂੰ ਅਹਿਮ ਦਸਿਆ ਤੇ ਨਵੰਬਰ 1984 ਕਤਲੇਆਮ ਦਾ ਚੇਤਾ ਕਰਵਾਉਂਦਿਆਂ ਕਿਹਾ, “ਅੱਜ ਵੀ ਕੁਝ ਜਜ਼ਬੇ ਨਾਲ ਮੁਜ਼ਾਹਰੇ ਕਰ ਕੇ ਇਨਸਾਫ ਦੀ ਮੰਗ ਲਈ ਡੱਟੇ ਹੋਏ ਹਨ।” ਉਸ ਨੇ ਸਵਾਲ ਚੁਕਿਆ ਕਿ “ਅਸੀਂ ਸਿਆਸੀ ਆਗੂਆਂ ਦੇ ਕਤਲੇਆਮ ਕਰਨ ਦੇ ਗੁਨਾਹਾਂ ਨੂੰ ਕਿਉਂ ਭੁੱਲ ਜਾਂਦੇ ਹਾਂ?”

ਪੱਤਰਕਾਰ ਰਾਣਾ ਅੱਯੂਬ (ਫਾਈਲ ਫੋਟੋ)

ਪੱਤਰਕਾਰ ਰਾਣਾ ਅੱਯੂਬ (ਫਾਈਲ ਫੋਟੋ)

ਖੋਜੀ ਪੱਤਰਕਾਰ ਰਾਣਾ ਅਯੂਬ ਨੇ ਕਿਹਾ, “ਜੇ 84 ਵਿਚ ਸਿੱਖਾਂ ਦਾ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ 2002 ‘ਚ ਗੁਜਰਾਤ ‘ਚ ਮੁਸਲਮਾਨਾਂ ਦਾ ਕਤਲੇਆਮ ਵੀ ਨਹੀਂ ਸੀ ਹੋਣਾ।”

ਉਸ ਸਮੇਂ ਗੁਜਰਾਤ ਦੇ ਮੁਖ ਮੰਤਰੀ ਰਹੇ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਰਾਣਾ ਅਯੂਬ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਜ਼ਿਆਦਤੀਆਂ (ਕਤਲੇਆਮ) ਕੀਤੀਆਂ ਹਨ, ਉਹ ਅੱਜ ਸਾਡੇ ਹੁਕਮਰਾਨ ਹਨ। ਸ਼ਾਇਦ ਅਸੀਂ ਮੁਰਦਾ ਹੋ ਚੁਕੇ ਹਾਂ, ਕਿ ਅਜਿਹੇ ਲੋਕ ਸਾਡੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਤੇ ਪਾਰਟੀ ਪ੍ਰਧਾਨ (ਅਮਿਤ ਸ਼ਾਹ) ਹਨ।”

2002 ਗੁਜਰਾਤ 'ਚ ਮੁਸਲਿਮ ਕਤਲੇਆਮ (ਫਾਈਲ ਫੋਟੋ)

2002 ਗੁਜਰਾਤ ‘ਚ ਮੁਸਲਿਮ ਕਤਲੇਆਮ (ਫਾਈਲ ਫੋਟੋ)

ਰਾਣਾ ਨੇ ਕਿਹਾ ਕਿ ਕਿਤਾਬ ਵਿਚ ਕਤਲੇਆਮ ਦੇ ਭੇਦ ਪ੍ਰਗਟ ਕਰਨ ਲਈ ਮੈਨੂੰ ਭਾਰੀ ਮਾਨਸਕ ਪੀੜ੍ਹਾਂ ‘ਚੋਂ ਵੀ ਲੰਘਣਾ ਪਿਆ ਹੈ ਤੇ ਮਨੋਰੋਗ ਦਾ ਇਲਾਜ ਕਰਵਾਉਣਾ ਪਿਆ।

ਵਕੀਲ ਵਰਿੰਦਾ ਗਰੋਵਰ ਨੇ 33 ਸਾਲ ਬਾਅਦ ਵੀ 84 ਕਤਲੇਆਮ ਦੇ ਚਸ਼ਮਦੀਦ ਗਵਾਹਾਂ ਵਲੋਂ ਇਨਸਾਫ ਲਈ ਲੜੀ ਜਾ ਰਹੀ ਅਦਾਲਤੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ, “ਜਿਨ੍ਹਾਂ ਵਿਚ ਇਨਸਾਫ ਦਾ ਜਜ਼ਬਾ ਅੱਜੇ ਜਿਊਂਦਾ ਹੈ, ਉਹ ਲੜਾਈ ਲੜ ਰਹੇ ਹਨ।”

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ: Rana Ayyub’s Book Gujarat Files Released in Hindi 

ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਪਿਛੋਂ ਤਹਿਲਕਾ ਵਿਚ ਕੰਮ ਕਰਦੀ ਪੱਤਰਕਾਰ ਰਾਣਾ ਅਯੂਬ ਨੇ ਭੇਸ ਵੱਟਾ ਕੇ, ਉਚ ਪੁਲਿਸ ਅਫਸਰਾਂ, ਇਸ਼ਰਤ ਜਹਾਂ ਦੇ ਫਰਜ਼ੀ ਮੁਕਾਬਲੇ ਸਣੇ ਭਾਜਪਾ ਦੇ ਸਿਖਰਲੇ ਆਗੂਆਂ ਤੇ ਗੁਜਰਾਤ ਦੇ ਕਈ ਮੰਤਰੀਆਂ ਨੀਨਾ ਕੋਡਨਾਨੀ ਆਦਿ ਦੇ ਇਸ ਕਤਲੇਆਮ ਵਿਚ ਸ਼ਮੂਲੀਅਤ ਦੇ ਭੇਤ ਪ੍ਰਗਟ ਕੀਤੇ ਸਨ, ਜਿਨ੍ਹਾਂ ਨੂੰ ਕਿਤਾਬ ਵਿਚ ਸ਼ਾਮਲ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,