ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿਆਸੀ ਖਬਰਾਂ

2002 ਗੁਜਰਾਤ ਕਤਲੇਆਮ: ਮਾਇਆ ਕੋਡਨਾਨੀ ਵਿਰੁਧ ਦਰਜ਼ ਮਾਮਲੇ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ (ਖਾਸ ਰਿਪੋਰਟ)

September 20, 2017 | By

ਚੰਡੀਗੜ੍ਹ: ਮਾਇਆ ਕੋਡਨਾਨੀ 2002 ਗੁਜਰਾਤ ਕਤਲੇਆਮ ਦੇ ਮਾਮਲੇ ਵਿਚ ਭਾਜਪਾ ਦੀ ਸਜਾ-ਜ਼ਾਫਤਾ ਸਾਬਕਾ ਵਿਧਾਇਕ ਹੈ। ਬੀਤੇ ਦਿਨੀਂ ਭਾਜਪਾ ਦੇ ਕੇਂਦਰੀ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਵਿਰੁਧ ਚੱਲਦੇ ਇਕ ਮਾਮਲੇ ਵਿਚ ਬਚਾਅ ਪੱਖ ਦੇ ਗਵਾਹ ਵੱਜੋਂ ਅਦਾਲਤ ਵਿਚ ਗਵਾਹੀ ਦਿੱਤੀ ਹੈ। ਮਾਇਆ ਕੋਡਨਾਨੀ ਵਿਰੁੱਧ 2002 ਗੁਜਰਾਤ ਕਤਲੇਆਮ ਨਾਲ ਜੁੜੇ ਦੋ ਮਾਮਲੇ ਦਰਜ਼ ਕੀਤੇ ਗਏ ਸਨ, ਜਿਨ੍ਹਾਂ ਬਾਰੇ ਮੀਡੀਆ ਰਿਪੋਰਟਾਂ ਤੋਂ ਮਿਲੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

ਨਰੋਦਾ ਪਾਟੀਆ ਕਤਲੇਆਮ ਮਾਮਲਾ: ਨਰੋਦਾ ਪਾਟੀਆ ਕਤਲੇਆਮ ਮਾਮਲੇ ਵਿਚ ਮਾਇਆ ਕੋਡਨਾਨੀ ਸਮੇਤ ਕੁੱਲ 61 ਮੁਲਜ਼ਮ ਸਨ ਜਿਨ੍ਹਾਂ ਵਿਚੋਂ ਮਾਇਆ ਕੋਡਨਾਨੀ ਸਮੇਤ 32 ਨੂੰ ਅਦਾਲਤ ਵੱਜੋਂ ਦੋਸ਼ੀ ਐਲਾਨਦਿਆਂ ਸਜ਼ਾ ਸੁਣਾਈ ਗਈ ਹੈ।

ਮਾਇਆ ਕੋਡਨਾਨੀ (ਫਾਈਲ ਫੋਟੋ)

ਮਾਇਆ ਕੋਡਨਾਨੀ (ਫਾਈਲ ਫੋਟੋ)

ਨਰੋਦਾ ਪਾਟੀਆ ਮੁਸਲਮਾਨ ਵਸੋਂ ਵਾਲਾ ਇਲਾਕਾ ਹੈ ਜੋ ਕਿ ਨਰੋਦਾ ਗਾਮ (ਇਕ ਹੋਰ ਕਤਲੇਆਮ ਵਾਲੀ ਥਾਂ) ਤੋਂ 2 ਕਿਲੋਮੀਟਰ ਤੋਂ ਵੀ ਘੱਟ ਦੂਰੀ ਉੱਤੇ ਹੈ। 28 ਫਰਵਰੀ, 2002 ਨੂੰ ਇੱਥੇ ਭਿਆਨਕ ਕਤਲੇਆਮ ਹੋਇਆ ਸੀ ਜਿਸ ਵਿਚ ਹਿੰਦੂਤਵੀਆਂ ਨੇ 97 ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਸੀ। ਨਰੋਦਾ ਪਾਟੀਆ ਕਤਲੇਆਮ ਮਾਮਲੇ ਵਿਚ ਮਾਇਆ ਕੋਡਨਾਨੀ ਵਿਰੁਧ ਇਹ ਦੋਸ਼ ਸੀ ਕਿ ਉਸ ਨੇ ਹਿੰਦੂਆਂ ਦੀ ਭੀੜ ਨੂੰ ਭੜਕਾਇਆ ਅਤੇ ਹਾਲਾਤ ਨੂੰ ਲਾਂਬੂ ਲਾਇਆ ਸੀ। ਇਸ ਮਾਮਲੇ ਵਿਚ 11 ਚਸ਼ਮਦੀਦ ਗਵਾਹਾਂ ਨੇ ਗਵਾਹੀ ਦਿੱਤੀ ਕਿ ਮਾਇਆ ਕੋਡਨਾਨੀ ਆਪਣੀ ਗੱਡੀ ਵਿਚੋਂ ਬਾਹਰ ਆਈ ਤੇ ਉਸ ਨੇ ਮੌਕੇ ’ਤੇ ਇਕੱਠੀ ਹੋਈ ਭੀੜ ਨੂੰ ਮੁਸਲਮਾਨਾਂ ਨੂੰ ਮਾਰਨ ਲਈ ਉਕਸਾਇਆ।

ਸਾਲਾ 2012 ਵਿਚ ਨਰੋਦਾ ਪਾਟੀਆ ਕਤਲੇਆਮ ਮਾਮਲਾ ਸੁਣ ਰਹੀ ਖਾਸ ਅਦਾਲਤ ਨੇ ਮਾਇਆ ਕੋਡਨਾਨੀ ਨੂੰ ਇਸ ਮਾਮਲੇ ਵਿਚ ਦੋਸ਼ੀ ਐਲਾਨਦਿਆਂ ਉਸ ਨੂੰ 28 ਸਾਲਾਂ ਦੀ ਕੈਦ ਸੁਣਾਈ ਸੀ। ਅਦਾਲਤ ਨੇ ਕਿਹਾ ਸੀ ਕਿ ਮਾਇਆ ਕੋਡਨਾਨੀ ਨਰੋਦਾ ਪਾਟੀਆ ਕਤਲੇਆਮ ਦੀ ਸੂਤਰਧਾਰ ਸਾਜ਼ਿਸ਼ਕਰਤਾ ਹੈ ਅਤੇ ‘ਭਾਵੇਂ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਉਹ ਆਪ ਦੰਗਈ ਭੀੜ ਦਾ ਹਿੱਸਾ ਬਣੀ ਹੋਵੇ ਪਰ ਉਸ ਵੱਲੋਂ ਨਿਭਾਈ ਸੂਤਰਧਾਰ ਦੀ ਭੂਮਿਕਾ ਬਿਨਾਂ ਕਿਸੇ ਸ਼ੱਕ ਦੇ ਸਾਬਤ ਹੋਈ ਹੈ’।

ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਦੇ ਹੱਕ 'ਚ ਦਿੱਤੀ ਆਪਣੀ ਗਵਾਹੀ 'ਚ ਕਿਹਾ ਕਿ ਕਤਲੇਆਮ ਵਾਲੇ ਦਿਨ ਉਸਨੇ ਮਾਇਆ ਕੋਡਨਾਨੀ ਨੂੰ ਸਵੇਰੇ ਪਹਿਲਾਂ ਉਸਦੇ ਘਰ ਅਤੇ ਫਿਰ ਹਸਪਤਾਲ 'ਚ ਦੇਖਿਆ ਸੀ

ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਦੇ ਹੱਕ ‘ਚ ਦਿੱਤੀ ਆਪਣੀ ਗਵਾਹੀ ‘ਚ ਕਿਹਾ ਕਿ ਕਤਲੇਆਮ ਵਾਲੇ ਦਿਨ ਉਸਨੇ ਮਾਇਆ ਕੋਡਨਾਨੀ ਨੂੰ ਸਵੇਰੇ ਪਹਿਲਾਂ ਉਸਦੇ ਘਰ ਅਤੇ ਫਿਰ ਹਸਪਤਾਲ ‘ਚ ਦੇਖਿਆ ਸੀ

ਜੁਲਾਈ 2014 ਵਿਚ ਗੁਜਰਾਤ ਹਾਈ ਕੋਰਟ ਨੇ ਮਾਇਆ ਕੋਡਨਾਨੀ ਨੂੰ ਖਰਾਬ ਸਿਹਤ ਤੇ ਲਗਾਤਾਰ ਘੱਟ ਰਹੇ ਵਜ਼ਨ ਦੇ ਮੱਦੇਨਜ਼ਰ ਜ਼ਮਾਨਤ ਦੇ ਦਿੱਤੀ ਸੀ।

ਨਰੋਦਾ ਪਾਟੀਆ ਮਾਮਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਵਿਰੁਧ ਅਪੀਲ ਗੁਜਰਾਤ ਹਾਈਕੋਰਟ ਵੱਲੋਂ ਸੁਣੀ ਜਾ ਰਹੀ ਹੈ ਜਿੱਥੇ ਮਾਇਆ ਕੋਡਨਾਨੀ ਦੇ ਵਕੀਲ ਨੇ ਇਹ ਦਲੀਲ ਦਿੱਤੀ ਹੈ ਕਿ ਉਸ ਵਿਰੁਧ ਪੁਖਤਾ ਸਬੂਤ ਨਹੀਂ ਸਨ। ਇਸ ਮਾਮਲੇ ਵਿਚ ਅਪੀਲ ਦੀ ਸੁਣਵਾਈ ਪਿਛਲੇ ਮਹੀਨੇ ਪੂਰੀ ਹੋ ਗਈ ਸੀ ਅਤੇ ਫੈਸਲਾ ਆਉਣਾ ਅਜੇ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਪੀਲ ਦੇ ਫੈਸਲੇ ਦਾ ਸਿੱਧਾ ਅਸਰ 2002 ਗੁਜਰਾਤ ਕਤਲੇਆਮ ਦੇ ਦੂਜੇ ਮਾਮਲੇ, ਜੋ ਕਿ ਨਰੋਦਾ ਗਾਮ ਕਤਲੇਆਮ ਨਾਲ ਸੰਬੰਧਤ ਹੈ, ਉੱਤੇ ਪਵੇਗਾ।

2002 ਗੁਜਰਾਤ ਕਤਲੇਆਮ ‘ਤੇ ਰਾਣਾ ਅੱਯੂਬ ਦੀ ਕਿਤਾਬ ‘ਗੁਜਰਾਤ ਫਾਈਲਾਂ’ ਖਰੀਦਣ ਕਲਿਕ ਕਰੋ:

19115748_1425430180883879_8559945983583059968_n

ਨਰੋਦਾ ਗਾਮ ਕਤਲੇਆਮ ਮਾਮਲਾ: ਨਰੋਦਾ ਗਾਮ ਕਤਲੇਆਮ ਮਾਮਲੇ ਵਿਚ ਮਾਇਆ ਕੋਡਨਾਨੀ ਸਮੇਤ ਕੁੱਲ 86 ਮੁਲਜ਼ਮ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਚਾਰ ਦੀ ਮੌਤ ਮੁਕਦਮੇਂ ਦੀ ਕਾਰਵਾਈ ਦੌਰਾਨ ਹੀ ਹੋ ਗਈ ਸੀ। ਇਸ ਮਾਮਲੇ ਦੀ ਕਾਰਵਾਈ ਹਾਲੀ ਹੇਠਲੀ ਅਦਾਲਤ ਵਿਚ ਹੀ ਚੱਲ ਰਹੀ ਹੈ।

ਨਰੋਦਾ ਗਾਮ ਕਤਲੇਆਮ ਮਾਮਲੇ ਦੀ ਜਾਂਚ ਲਈ ਬਣਾਈ ਗਏ ‘ਖਾਸ ਜਾਂਚ ਦਲ’ (ਸਿੱਟ) ਅਨੁਸਾਰ 28 ਫਰਵਰੀ, 2002 ਨੂੰ ਸਵੇਰੇ ਕਰੀਬ 9 ਵਜੇ ਤਕਰੀਬਨ 1500 ਲੋਕਾਂ ਦੀ ਭੀੜ ਭਾਗੋਲ, ਨਰੋਦਾ ਗਾਮ ਵਿਖੇ ਇਕੱਠੀ ਹੋਈ। ਇਹ ਭੀੜ ਵਿਸ਼ਵ ਹਿੰਦੂ ਪ੍ਰੀਸ਼ਦ ਨਾਮੀ ਹਿੰਦੂਤਵੀ ਜਥੇਬੰਦੀ ਵੱਲੋਂ ਐਲਾਨੇ ਗਏ ਬੰਦ ਨੂੰ ਲਾਗੂ ਕਰਵਾਉਣ ਲਈ ਇਕੱਠੀ ਹੋਈ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਬੰਦ ਦਾ ਐਲਾਨ ਗੋਦਰਾ ਵਿਚ ਇਕ ਰੇਲ ਡੱਬੇ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਹਿੰਦੂ ਕਾਰਸੇਵਕਾਂ ਦੀ ਮੌਤ ’ਤੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਕੀਤਾ ਸੀ।

ਸਬੰਧਤ ਖ਼ਬਰ:

ਜੇ 84 ਕਤਲੇਆਮ ਦਾ ਇਨਸਾਫ ਮਿਲਿਆ ਹੁੰਦਾ ਤਾਂ 2002 ‘ਚ ਮੁਸਲਮਾਨਾਂ ਦਾ ਕਤਲੇਆਮ ਨਾ ਹੁੰਦਾ: ਰਾਣਾ ਅਯੂਬ …

ਜਾਂਚ ਏਜੰਸੀ ਅਨੁਸਾਰ ਮਾਇਆ ਕੋਡਾਨਾਨੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਜੈਦੀਪ ਪਟੇਲ 9 ਤੋਂ 9:30 ਵਜੇ ਦੇ ਦਰਮਿਆਨ ਉਕਤ ਇਕੱਠ ਵਾਲੇ ਥਾਂ ’ਤੇ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਭੜਕਾਊ ਤਕਰੀਰਾਂ ਰਾਹੀਂ ਭੀੜ ਨੂੰ ਭੜਕਾਇਆ ਜਿਸ ਤੋਂ ਬਾਅਦ ਇੱਠੇ ਹੋਏ ਲੋਕਾਂ ਨੇ ਹਿੰਸਕ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਜਾਂਚ ਏਜੰਸੀ ਨੇ ਕਿਹਾ ਹੈ ਕਿ ਇਸ ਹਿੰਸਾ ਦੌਰਾਨ ਕੁੱਲ ‘11 ਲੋਕ’ ਮਾਰੇ ਗਏ। ਜ਼ਿਕਰਯੋਗ ਹੈ ਕਿ ਗੁਜਰਾਤ 2002 ਕਤਲੇਆਮ ਦੌਰਾਨ ਹਿੰਦੂਤਵੀ ਭੀੜਾਂ ਵੱਲੋਂ ਘੱਟਗਿਣਤੀ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ ਸੀ।

2002 ਗੁਜਰਾਤ 'ਚ ਮੁਸਲਿਮ ਕਤਲੇਆਮ (ਫਾਈਲ ਫੋਟੋ)

2002 ਗੁਜਰਾਤ ‘ਚ ਮੁਸਲਿਮ ਕਤਲੇਆਮ (ਫਾਈਲ ਫੋਟੋ)

ਇਸ ਮਾਮਲੇ ਵਿਚ ਮਾਇਆ ਕੋਡਨਾਨੀ ਵਿਰੁਧ 14 ਚਸ਼ਮਦੀਦ ਗਵਾਹ ਹਨ ਜਿਨ੍ਹਾਂ ਵਿਚੋਂ ਇਕ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਉਸ ਮੌਕੇ ਮਾਇਆ ਕੋਡਨਾਨੀ ਨੂੰ ਨਰੋਦਾ ਪੁਲਿਸ ਦੇ ਤਤਕਾਲੀ ਇੰਸਪੈਕਟਰ ਨਾਲ ਬੈਠਿਆਂ ਵੀ ਵੇਖਿਆ ਸੀ। ਇਸੇ ਮਾਮਲੇ ਵਿਚ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਦੇ ਬਚਾਅ ਵਿੱਚ ਗਵਾਹੀ ਦਿੱਤੀ ਹੈ।

ਨਰੋਦਾ ਗਾਮ ਕਤਲੇਆਮ ਮਾਮਲੇ ਵਿਚ 2009 ਵਿਚ ਮਾਇਆ ਕੋਡਨਾਨੀ ਦੀ ਗ੍ਰਿਫਤਾਰੀ ਹੋਈ ਸੀ ਪਰ ਇਸ ਹੁਣ ਉਹ ਬਾਕੀ ਸਾਰੇ ਮੁਲਜ਼ਮਾਂ ਸਮੇਤ ਜ਼ਮਾਨਤ ‘ਤੇ ਰਿਹਾਅ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,