ਸਿਆਸੀ ਖਬਰਾਂ

ਹਿੰਦੂਤਵੀ ਭੀੜਾਂ ਵਲੋਂ ਹੋਏ ਕਤਲਾਂ ਦੇ ਵਿਰੋਧ ‘ਚ ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਨੇ ਅਵਾਰਡ ਮੋੜੇ

June 28, 2017 | By

ਨਵੀਂ ਦਿੱਲੀ: ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਨੇ ਭਾਰਤੀ ਉਪ ਮਹਾਂਦੀਪ ‘ਚ ਭੀੜ ਵਲੋਂ ਕਈ ਲੋਕਾਂ ਦੇ ਕਤਲਾਂ ਦੇ ਵਿਰੋਧ ‘ਚ ਕੌਮੀ ਘੱਟਗਿਣਤੀ ਅਧਿਕਾਰ ਅਵਾਰਡ ਮੋੜ ਦਿੱਤਾ ਹੈ। ਕਾਂਗਰਸ ਦੀ ਸਰਕਾਰ ਵੇਲੇ 2008 ‘ਚ ਉਸਨੂੰ ਇਹ ਇਨਾਮ ਦਿੱਤਾ ਗਿਆ ਸੀ।

ਯੂ.ਪੀ. ਦੇ ਦਾਦਰੀ 'ਚ ਗਾਂ ਦੇ ਮਾਸ ਦੇ ਸ਼ੱਕ 'ਚ ਕਤਲ ਕੀਤੇ ਗਏ ਮੁਹੰਮਦ ਇਖਲਾਕ ਦੀ ਫੋਟੋ

ਯੂ.ਪੀ. ਦੇ ਦਾਦਰੀ ‘ਚ ਗਾਂ ਦੇ ਮਾਸ ਦੇ ਸ਼ੱਕ ‘ਚ ਕਤਲ ਕੀਤੇ ਗਏ ਮੁਹੰਮਦ ਇਖਲਾਕ ਦੀ ਫੋਟੋ

ਹਾਲ ਹੀ ਵਿਚ ਹਰਿਆਣਾ ਦੇ ਵੱਲਭਗੜ੍ਹ ‘ਚ ਟ੍ਰੇਨ ‘ਚ ਜਾ ਰਹੇ ਇਕ ਨੌਜਵਾਨ ਜੁਨੈਦ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਦੋ ਸਾਲ ਪਹਿਲਾਂ ਉਤਰ ਪ੍ਰਦੇਸ਼ ਦੇ ਦਾਦਰੀ ‘ਚ ਮੁਹੰਮਦ ਇਖਲਾਕ ਦਾ ਭੀੜ ਵਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਵੀ ਕਈ ਲੇਖਕ, ਫਿਲਮਕਾਰਾਂ ਅਤੇ ਵਿਗਿਆਨੀਆਂ ਨੇ ਇਸ ਘਟਨਾ ਦੇ ਵਿਰੋਧ ‘ਚ ਆਪਣੇ ਅਵਾਰਡ ਮੋੜ ਦਿੱਤੇ ਸੀ।

ਸ਼ਬਨਮ ਹਾਸ਼ਮੀ ਨੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਲਗਾਤਾਰ ਘੱਟਗਿਣਤੀਆਂ ‘ਤੇ ਹਮਲੇ ਹੋ ਰਹੇ ਹਨ, ਖਾਸ ਕਰਕੇ ਮੁਸਲਮਾਨਾਂ ‘ਤੇ, ਭੀੜ ਕਤਲ ਕਰ ਰਹੀ ਹੈ, ਆਪਣਾ ਵਿਰੋਧ ਦਰਜ ਕਰਵਾਉਣ ਲਈ ਮੈਂ ਆਪਣੇ ਅਵਾਰਡ ਵਾਪਸ ਕਰ ਰਹੀ ਹਾਂ। ਭਾਰਤ ਸਰਕਾਰ ਘੱਟਗਿਣਤੀਆਂ ਨੂੰ ਸੁਰੱਖਿਆ ਦੇਣ ‘ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।

ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਭਾਰਤੀ ਉਪ ਮਹਾਂਦੀਪ 'ਚ ਹਿੰਦੂਵਾਦੀ ਭੀੜਾਂ ਵਲੋਂ ਹੋ ਰਹੇ ਕਤਲਾਂ ਦੇ ਵਿਰੋਧ 'ਚ ਆਪਣੇ ਅਵਾਰਡ ਵਾਪਸ ਕਰਦੇ ਹੋਏ

ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਭਾਰਤੀ ਉਪ ਮਹਾਂਦੀਪ ‘ਚ ਹਿੰਦੂਵਾਦੀ ਭੀੜਾਂ ਵਲੋਂ ਹੋ ਰਹੇ ਕਤਲਾਂ ਦੇ ਵਿਰੋਧ ‘ਚ ਆਪਣੇ ਅਵਾਰਡ ਵਾਪਸ ਕਰਦੇ ਹੋਏ

ਸ਼ਬਨਮ ਹਾਸ਼ਮੀ ਨੇ ਕਿਹਾ ਕਿ ਇਕ ਆਮ ਸ਼ਹਿਰੀ ਕੋਲ ਵਿਰੋਧ ਦਰਜ ਕਰਵਾਉਣ ਦੇ ਜਿਹੜੇ ਵੀ ਤਰੀਕੇ ਹੁੰਦੇ ਹਨ ਉਹ ਉਹਨਾਂ ਦੀ ਵਰਤੋਂ ਕਰਦਾ ਹੈ। ਅਸੀਂ ਸਰਕਾਰ ਵਾਂਗ ਗੋਲੀ ਅਤੇ ਡੰਡਾ ਲੈ ਕੇ ਨਹੀਂ ਚੱਲ ਸਕਦੇ ਜਾਂ ਜਿਵੇਂ ਉਹ ਦੁਰਗਾ ਵਾਹਿਨੀ ਵਰਗੀਆਂ ਸੰਸਥਾਵਾਂ ਨੂੰ ਹਥਿਆਰ ਦੇ ਰਹੇ ਹਨ, ਉਹ ਤਾਂ ਅਸੀਂ ਕਰ ਨਹੀਂ ਸਕਦੇ। ਸਾਡੇ ਵਿਰੋਧ ਦਾ ਇਹੀ ਤਰੀਕਾ ਹੈ ਜਾਂ ਤਾਂ ਸੜਕਾਂ ‘ਤੇ ਨਾਅਰੇ ਲਾਈਏ ਜਾਂ ਫਿਰ ਸਾਡੇ ਵਰਗੇ ਕਿਸੇ ਕੋਲ ਅਵਾਰਡ ਹਨ ਤਾਂ ਉਹ ਵਾਪਸ ਕਰਕੇ। ਇਹ ਸਿਰਫ ਸੰਕੇਤਕ ਵਿਰੋਧ ਹੁੰਦਾ ਹੈ, ਚਾਰੋ ਪਾਸੇ ਹਨ੍ਹੇਰਾ ਨਜ਼ਰ ਆ ਰਿਹਾ ਹੈ। ਅਜਿਹੇ ਵੇਲੇ ਜਦ ਪੂਰੀ ਘੱਟਗਿਣਤੀ ਕੌਮ ‘ਚ ਡਰ ਵਧ ਰਿਹਾ ਹੋਵੇ ਅਤੇ ਇੰਝ ਲੱਗ ਰਿਹਾ ਹੋਵੇ ਕਿ ਕੋਈ ਉਨ੍ਹਾਂ ਦੇ ਨਾਲ ਨਹੀਂ ਹੈ ਤਾਂ ਅਵਾਜ਼ ਚੁੱਕਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਲੋਕ ਇਹ ਨਾ ਸਮਝਣ ਕਿ ਉਹ ਇਕੱਲੇ ਹਨ।

ਸਮਾਜਕ ਕਾਰਜਕਰਤਾ ਸ਼ਬਨਮ ਨੇ ਕਿਹਾ ਕਿ ਜੇਕਰ ਇਕ ਘਟਨਾ ਹੁੰਦੀ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਤਾਂ ਵਾਰ-ਵਾਰ ਮੁਸਲਮਾਨਾਂ ਜਾਂ ਦਲਿਤਾਂ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੁਝ ਦਹਾਕੇ ਪਹਿਲਾਂ ਅਫਗਾਨਿਸਤਾਨ ‘ਚ ਤਾਲਿਬਾਨ ਸੜਕਾਂ ‘ਤੇ ਲੋਕਾਂ ਨੂੰ ਮਾਰਦੇ ਦੀ ਤਾਂ ਇਥੋਂ ਦੇ ਲੋਕ ਬਹੁਤ ਰੋਸ ਪ੍ਰਗਟ ਕਰਦੇ ਸੀ। ਹੁਣ ਅਖਲਾਕ ਦੇ ਮਾਮਲੇ ਨੂੰ ਹੀ ਦੇਖੋ ਮੰਦਰ ਦੇ ਲਾਊਡ ਸਪੀਕਰ ਤੋਂ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਅਖਲਾਕ ਦੇ ਕਤਲ ਤੋਂ ਬਾਅਦ ਵੀ ਸਰਕਾਰ ਨੇ ਅਖਲਾਕ ਦੇ ਕਾਲਤਾਂ ਨੂੰ ਨਹੀਂ ਫੜਿਆ, ਹਾਂ ਮੀਟ ਕਿਸ ਜਾਨਵਰ ਦਾ ਸੀ ਇਸਦਾ ਟੈਸਟ ਜ਼ਰੂਰ ਹੋਇਆ।

ਇਹ ਪੁੱਛੇ ਜਾਣ ‘ਤੇ ਕੀ ਤੁਸੀਂ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲੇ, ਜਦਕਿ ਭਾਰਤ ਦੀ ਜਨਤਾ ਨੇ ਉਨ੍ਹਾਂ ਨੂੰ ਚੁਣਿਆ ਹੈ। ਤਾਂ ਸ਼ਬਨਮ ਹਾਸ਼ਮੀ ਨੇ ਕਿਹਾ ਕਿ ਮੈਂ ਉਸਨੂੰ ਨਹੀਂ ਚੁਣਿਆ, ਉਹ ਮੇਰਾ ਨੁਮਾਇੰਦਾ ਨਹੀਂ ਹੈ। ਮੈਂ ਅਜਿਹੇ ਬੰਦੇ ਨੂੰ ਕਿਉਂ ਮਿਲਾਂ ਜਿਸਦੇ ਸ਼ਾਸਨ ਕਾਲ ਦੌਰਾਨ ਇੰਨਾ ਵੱਡਾ ਕਤਲੇਆਮ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,