
June 9, 2011 | By ਸਿੱਖ ਸਿਆਸਤ ਬਿਊਰੋ
ਜਰਮਨੀ (6 ਜੂਨ, 2011): ਸਿੱਖ ਕੌਮ ’ਤੇ ਵਾਪਰੇ ਤੀਜੇ ਘੱਲੂਘਾਰੇ ਜੂਨ 1984 ਦੇ ਰੋਸ ਵਿੱਚ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਾਝੇਂ ਰੂਪ ਵਿੱਚ 6 ਜੂਨ 2011 ਨੂੰ ਦਿਨ ਸੋਮਵਾਰ ਨੂੰ ਭਾਰੀ ਮੀਂਹ ਵਿੱਚ ਫਰੈਂਕਫੋਰਟ ਸਥਿਤ ਭਾਰਤੀ ਕੌਂਸਲੇਟ ਸਾਹਮਣੇ ਪਹੁੰਚ ਕੇ ਭਾਰੀ ਰੋਹ ਮੁਜ਼ਾਹਰਾ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਰਮਨੀ ਭਰ ਵਿੱਚੋਂ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸਨ।
ਇਸ ਮੌਕੇ ਸਿੱਖ ਜਥੇਬੰਦੀਆਂ ਦੇ ਮੁਖੀਆਂ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਭਾਰੀ ਤਕਰੀਰਾਂ ਕੀਤੀਆਂ, ਜਿਹਨਾਂ ’ਚ ਪ੍ਰਮੱਖ ਸਨ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਗੁਰਮੀਤ ਸਿੰਘ ਖਨਿਆਣ, ਗੁਰਚਰਨ ਸਿੰਘ ਗੁਰਾਇਆ, ਜਤਿੰਦਰਵੀਰ ਸਿੰਘ, ਬੱਬਰ ਖਾਲਸਾ ਜਰਮਨੀ ਦੇ ਮੁਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਅਵਤਾਰ ਸਿੰਘ ਬੱਬਰ, ਬੱਬਰ ਗੁਰਵਿੰਦਰ ਸਿੰਘ ਗੋਲਡੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸੋਹਣ ਸਿੰਘ ਕੰਗ, ਜਗਤਾਰ ਸਿੰਘ ਮਾਹਲ, ਦਲ ਖਾਲਸਾ ਦੇ ਮੁਖੀ ਸੁਰਿੰਦਰ ਸਿੰਘ ਸੇਖੋਂ, ਗੁਰਦੀਪ ਸਿੰਘ ਪ੍ਰਦੇਸੀ, ਬੱਬਰ ਖਾਲਸਾ ਇੰਟ. ਦੇ ਮੁਖੀ ਜਥੇ. ਹਰਵਿੰਦਰ ਸਿੰਘ ਬੱਬਰ, ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕੋਲਨ ਦੇ ਪ੍ਰਧਾਨ ਜਥੇ. ਸਤਨਾਮ ਸਿੰਘ ਬੱਬਰ, ਸਾਬਕਾ ਪ੍ਰਧਾਨ ਸਰਦੂਲ ਸਿੰਘ ਸੇਖੋਂ, ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਦੇ ਸਾਬਕਾ ਪ੍ਰਧਾਨ ਬਲਕਾਰ ਸਿੰਘ ਅਤੇ ਨਰਿੰਦਰ ਸਿੰਘ। ਇਨ੍ਹਾਂ ਬੁਲਾਰਿਆਂ ਨੇ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ। ਇਸ ਮੌਕੇ ਬੁਲਾਰਿਆ ਨੇ ਪ੍ਰੋ. ਦਵਿੰਦਰਪਾਲ ਸਿੰਘ ਦੀ ਫਾਂਸੀ ਦੀ ਅਪੀਲ ਰੱਦ ਕਰਨ ਨੂੰ ਸਿੱਖ ਕੌਮ ਲਈ ਅਸਿਹ ਕਰਾਰ ਦਿੱਤਾ। ਇਸ ਮੌਕੇ ਬਹੁਤ ਸਾਰੀਆ ਬੀਬੀਆ ਨੇ ਵੀ ਬੱਚਿਆਂ ਸਮੇਤ ਪਹੁੰਚ ਕਿ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਤੇ ਕਾਕਾ ਅਰਸ਼ਦੀਪ ਸਿੰਘ ਨੇ ਵੀ ਜੋਸ਼ੀਲੀਆਂ ਕਵਿਤਾਵਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਗੁਰਦੁਆਰਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
Related Topics: Sikh Diaspora, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)