ਸਿੱਖ ਖਬਰਾਂ

ਗਿਆਨੀ ਦਿੱਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਸੱਦਾ

September 7, 2010 | By

  • “ਗਿਅਨੀ ਦਿੱਤ ਸਿੰਘ ਨੇ ਆਰੀਆ ਸਮਾਜ ਦੇ ਦਿਯਾ ਨੰਦ ਨੂੰ ਤਿੰਨ ਵਾਰ ਵਿਚਾਰ ਚਰਚਾ ‘ਚ ਹਰਾਇਆ”

ਫ਼ਤਿਹਗੜ੍ਹ ਸਾਹਿਬ, 6 ਸਤੰਬਰ (ਪੰਜਾਬ ਨਿਊਜ ਨੈਟ.) : ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਨੰਦਪੁਰ ਕਲੌੜ ਵਿਖੇ ਮਨਾਈ ਗਈ। ਇਨਾਂ ਸਮਾਗਮਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸਿੱਖ ਕੌਮ ਅੱਜ ਉਸੇ ਸਥਿਤੀ ’ਤੇ ਖੜ੍ਹੀ ਹੈ ਜਿੱਥੋਂ ਗਿਆਨੀ ਦਿੱਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਿੰਘ ਸਭਾ ਲਹਿਰ ਚਲਾ ਕੇ ਵੱਡੇ ਪੱਧਰ ’ਤੇ ਪ੍ਰਚਾਰ ਦਾ ਕੰਮ ਅਰੰਭਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਮੁਕਾਬਲੇ ਅੱਜ ਸੂਚਨਾ ਕ੍ਰਾਂਤੀ ਦੇ ਦੌਰ ਵਿਚ ਪ੍ਰਚਾਰ ਦਾ ਕੰਮ ਬਹੁਤ ਜ਼ਿਆਦਾ ਆਸਾਨ ਹੋ ਚੁੱਕਾ ਹੈ ਪਰ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਜ਼ਮਾਤ ਸਿੱਖੀ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਜ਼ਮਾਤ ਨੇ ਜਨਸੰਘੀਆਂ ਦੇ ਉਦੇਸ਼ਾਂ ਨੂੰ ਅਪਣਾ ਲਿਆ ਹੈ। ਇਹ ਜ਼ਮਾਤ ਉਨ੍ਹਾਂ ਲੋਕਾਂ ਦਾ ਪਾਣੀ ਭਰ ਰਹੀ ਹੈ ਜਿਨ੍ਹਾਂ ਦੇ ਕੁੜ ਪ੍ਰਚਾਰ ਦੇ ਜਵਾਬ ਵਿਚ ਗਿਆਨੀ ਦਿੱਤ ਸਿੰਘ ਨੇ ਅਪਣਾ ਮਿਸ਼ਨ ਸ਼ੁਰੂ ਕੀਤਾ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਚੀਮਾ ਨੇ ਕਿਹਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗਿਆਨੀ ਜੀ ਨੇ ਆਰੀਆ ਸਮਾਜ ਦੇ ‘ਸਵਾਮੀ’ ਦਿਯਾ ਨੰਦ ਨੂੰ ਲਗਾਤਾਰ ਤਿੰਨ ਵਾਰ ਵਿਚਾਰ ਚਰਚਾ ਵਿੱਚ ਹਰਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਹਰ ਪਿੰਡ ਵਿਚੋਂ ਗਿਆਨੀ ਦਿੱਤ ਸਿੰਘ ਵਰਗੇ ਪ੍ਰਚਾਰਕ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਗੁਰਧਾਮਾਂ ਵਿਚ ਕਾਬਜ਼ ਜਨਸੰਘੀਆਂ ਦੇ ਏਜੰਟਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ ਤਾਂ ਜੋ ਗਿਆਨੀ ਦਿੱਤ ਸਿੰਘ ਜੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਿਸ਼ਨ ਨੂੰ ਨਵੇਂ ਸਿਰੇ ਤੋਂ ਅਗੇ ਤੋਰਿਆ ਜਾ ਸਕੇ। ਇਸ ਤੋਂ ਪਹਿਲਾਂ ਬਰਸੀ ਸਮਾਗਮਾਂ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਬਰਸੀ ਸਮਾਗਮ ਵਿਚ ਉਕਤ ਤੋਂ ਬਿਨਾਂ ਜਸਪਾਲ ਸਿੰਘ ਕਲੌੜ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਕੇਹਰ ਸਿੰਘ ਮਾਰਵਾ, ਮੇਹਰ ਸਿੰਘ ਬਸੀ, ਦਰਸ਼ਨ ਸਿੰਘ ਬੈਣੀ ਆਦਿ ਵੀ ਹਾਜ਼ਰ ਹੋਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: