ਸਿੱਖ ਖਬਰਾਂ

ਮੈਂ ਤਾਂ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਸੰਗਤ ਨਹੀ ਮੰਨ ਰਹੀ: ਗਿਆਨੀ ਇਕਬਾਲ ਸਿੰਘ

March 3, 2019 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਆਚਰਣਹੀਣਤਾ, ਧੱਕੇ ਸ਼ਾਹੀ ਅਤੇ ਸਾਲ 2015 ਵਿੱਚ ਗੁਰੂ ਦੋਖੀ ਡੇਰਾ ਸੌਦਾ ਸਿਰਸਾ ਮੁਖੀ ਨੂੰ ਬਿਨ ਮੰਗੀ ਮਾਫੀ ਦੇਣ ਦੇ ਦੋਸ਼ਾਂ ਵਿੱਚ ਘਿਰੇ ਤਖਤ ਸ੍ਰੀ ਪਟਨਾ ਸਾਹਿਬ ਦੇ ‘ਜਥੇਦਾਰ’ ਗਿਆਨੀ ਇਕਬਾਲ ਸਿੰਘ ਨੇ ਅੱਜ ਸਵੇਰ ਜਥੇਦਾਰੀ ਤੋਂ ਦਿੱਤੇ ਅਸਤੀਫੇ ਬਾਰੇ ਦੇਰ ਸ਼ਾਮ ਇਹ ਕਹਿਕੇ ਨਵਾਂ ਵਿਵਾਦ ਛੇੜ ਦਿੱਤਾ ਕਿ ‘ਮੈਂ ਤਾਂ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਲੇਕਿਨ ਸੰਗਤ ਨਹੀ ਮੰਨ ਰਹੀ’।

ਗਿਆਨੀ ਇਕਬਾਲ ਸਿੰਘ ਨੇ ਤਾਂ ਇਥੋਂ ਤੀਕ ਕਹਿ ਦਿੱਤਾ ਹੈ ਕਿ ‘ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਪਾਸ ਤਾਂ ਕਿਸੇ ਚਿੱਠੀ ਉਪਰ ਦਸਤਖਤ ਕਰਨ ਦੇ ਅਧਿਕਾਰ ਨਹੀਂ ਹਨ। ਉਹ ਪੰਜ ਮਾਰਚ ਨੂੰ ਜਥੇਦਾਰ ਦੇ ਅਸਤੀਫੇ ਬਾਰੇ ਕੋਈ ਫੈਸਲਾ ਕਿਵੇਂ ਲੈ ਸਕਦਾ’।

ਗਿਆਨੀ ਇਕਬਾਲ ਸਿੰਘ

ਜਿਕਰਯੋਗ ਹੈ ਕਿ ਅੱਜ ਸਵੇਰੇ 10:30 ਵਜੇ ਦੇ ਕਰੀਬ ਗਿਆਨੀ ਇਕਬਾਲ ਸਿੰਘ ਵਲੋਂ ਵੱਖ ਵੱਖ ਅਖਬਾਰਾਂ ਦੇ ਪੱਤਰਕਾਰਾਂ ਦੇ ਵਟਸਐਪ ਤੇ ਭੇਜੇ ਗਏ ਅਸਤੀਫੇ ਦੀ ਜੋ ਕਾਪੀ ਮਿਲੀ ਉਸ ਮੁਤਾਬਕ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਦੇ ਨਾਮ ਲਿਖੇ ਪੱਤਰ ਵਿੱਚ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਪਿਛਲੇ 35 ਸਾਲ ਤੋਂ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਅ ਰਿਹਾ ਹੈ। ਹਜਾਰਾਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਨਾਲ ਜੋੜਿਆ ਹੈ। ਉਸਨੇ ਇਹ ਵੀ ਲਿਿਖਆ ਹੈ ਕਿ ਕੁਝ ਧਾਰਮਿਕ ਤੇ ਅਖੌਤੀ ਰਾਜਨੀਤਕ ਲੋਕ ਉਸ ਖਿਲਾਫ ਸੰਗੀਨ ਦੋਸ਼ ਲਗਾ ਰਹੇ ਹਨ ਜਿਨ੍ਹਾਂ ਬਾਰੇ ਉਹ ਸਿੱਖ ਸੰਗਤ ਨੂੰ ਕਈ ਵਾਰ ਸਪਸ਼ਟ ਕਰ ਚੱੁਕੇ ਹਨ।

ਗਿਆਨੀ ਇਕਬਾਲ ਸਿੰਘ ਨੇ ਅੱਗੇ ਲਿਿਖਆ ਸੀ ਕਿ ਉਹ ਨਿਰਦੋਸ਼ ਹੈ ਤੇ ਦੋਸ਼ੀ ਲੋਕ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਾ ਰਹੇ ਹਨ ਇਸ ਲਈ ਉਹ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ।

ਪੱਤਰ ਦੇ ਅਖੀਰ ਵਿਚ ਉਨ੍ਹਾਂ “ਧਾਰਮਿਕ ਅਖੌਤੀ ਆਗੂਆਂ, ਰਾਜਨੀਤਕ ਲੋਕਾਂ ਦੀ ਸਾਜਿਸ਼ ਦਾ ਸ਼ਿਕਾਰ” ਸ਼ਬਦਾਂ ਦੀ ਵਰਤੋਂ ਕੀਤੀ ਹੈ।

ਉਧਰ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਸਵੇਰੇ ਹੀ ਕਹਿ ਰਹੇ ਸਨ ਕਿ ਉਨ੍ਹਾਂ ਪਾਸ ਕੋਈ ਅਸਤੀਫਾ ਨਹੀਂ ਪੁੱਜਾ ਤੇ ਪ੍ਰਧਾਨ ਅਵਤਾਰ ਸਿੰਘ ਹਿੱਤ ਯਕੀਨ ਦਿਵਾ ਰਹੇ ਸਨ ਕਿ ਬੋਰਡ ਕਾਰਜਕਾਰਣੀ ਦੀ 5 ਮਾਰਚ ਦੀ ਹੋਣ ਵਾਲੀ ਇਕਤਰਤਾ ਵਿੱਚ ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਤੇ ਵਿਚਾਰ ਕੀਤੀ ਜਾਵੇਗੀ।

ਇਸਤੋਂ ਪਹਿਲਾਂ ਕਿ ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਬਾਰੇ ਅਖਬਾਰੀ ਖਬਰਾਂ ਅਗਲੇ ਸਫਰ ਵੱਲ ਤੁਰਦੀਆਂ ਦੇਰ ਸ਼ਾਮ ਸ਼ੋਸ਼ਲ ਮੀਡੀਆ ਤੇ ਇਕ ਵੀਡੀਉ ਪ੍ਰਗਟ ਹੋ ਗਈ ਜਿਸ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਇਕਬਾਲ ਸਿੰਘ ਕਹਿ ਰਹੇ ਹਨ “ਕਮੇਟੀ ਦੇ ਪ੍ਰਬੰਧ ਵਿੱਚ ਆਏ ਕੁਝ ਨਵੇਂ ਲੋਕ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਾਣ ਲਈ ਬਜਿੱਦ ਹਨ। ਉਹ ਬਾਰ ਬਾਰ ਮੇਰੇ ਉਪਰ ਉਹ ਝੂਠੇ ਦੋਸ਼ ਲਗਾ ਰਹੇ ਹਨ ਜਿਨ੍ਹਾਂ ਬਾਰੇ ਸੰਗਤ ਨੂੰ ਸਪਸ਼ਟ ਕੀਤਾ ਹੋਇਆ ਹੈ। ਮੈਂ ਤਖਤ ਸਾਹਿਬ ਦੇ ਮਾਨ ਸਨਮਾਨ ਖਾਤਿਰ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਤਖਤ ਸਾਹਿਬ ਦੀ ਸਮੁੱਚੀ ਜਿੰਮੇਵਾਰੀ ਤੇ ਤੋਸ਼ੇ ਦੀ ਚਾਬੀ ਭਾਈ ਬਲਦੇਵ ਸਿੰਘ ਹੁਰਾਂ ਨੂੰ ਦੇ ਦਿੱਤੀ ਸੀ।ਪ੍ਰੰਤੂ ਸਿੱਖ ਸੰਗਤ ਨੇ ਸਖਤ ਇਤਰਾਜ ਪ੍ਰਗਟਾਇਆ ਹੈ। ਭਾਈ ਬਲਦੇਵ ਸਿੰਘ ਪਾਸੋਂ ਚਾਬੀ ਲੈਕੇ ਵਾਪਿਸ ਮੈਨੂੰ ਦੇ ਦਿੱਤੀ ਹੈ’।

ਇੱਕ ਸਵਾਲ ਦੇ ਜਵਾਬ ਵਿੱਚ ਗਿਆਨੀ ਇਕਬਾਲ ਸਿੰਘ ਕਹਿ ਰਹੇ ਹਨ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ 5 ਮਾਰਚ ਦੀ ਮੀਟਿੰਗ ਵਿੱਚ ਉਨ੍ਹਾਂ ਬਾਰੇ ਕੋਈ ਫੈਸਲਾ ਲਵੇ।

ਉਹ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿੱਲੋਂ ਦੇ ਹਵਾਲੇ ਨਾਲ ਕਹਿ ਰਹੇ ਹਨ ਕਿ ਫੈਸਲਾ ਤਾਂ 14 ਮਾਰਚ ਦੀ ਇਕੱਤਰਤਾ ਵਿੱਚ ਹੋਵੇਗਾ ਜੋ ਜਨਰਲ ਸਕੱਤਰ ਨੇ ਬੁਲਾਈ ਹੈ।

ਗਿਆਨੀ ਇਕਬਾਲ ਸਿੰਘ ਮੰਗ ਕਰ ਰਹੇ ਹਨ ਕਿ ਪ੍ਰਬੰਧਕ ਕਮੇਟੀ ਅਵਤਾਰ ਸਿੰਘ ਹਿੱਤ ਅਤੇ ਕੁਮਿੱਕਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਨ੍ਹਾਂ ਦੋਨਾਂ ਦੀ ਮੈਂਬਰਸ਼ਿਪ ਹੀ ਰੱਦ ਕਰਵਾਵੇ ਕਿਉਂਕਿ ਇਹ ਲੋਕ ‘ਬਿਹਾਰ ਦਾ ਅਮਨ ਭੰਗ ਕਰ ਰਹੇ ਹਨ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,