ਲੇਖ » ਵਿਦੇਸ਼ » ਸਿੱਖ ਖਬਰਾਂ

9/11 ਤੋਂ ਬਾਅਦ ਦੇ ਨਸਲੀ ਹਮਲੇ: ਸਿੱਖ ਡਾਇਸਪੋਰਾ ਅਤੇ ਅਮਰੀਕੀ ਮੇਜ਼ਬਾਨ ਸਮਾਜ (ਖੋਜ ਪੱਤਰ)

January 6, 2016 | By

ਡਾ. ਸਿਕੰਦਰ ਸਿੰਘ

ਡਾ. ਸਿਕੰਦਰ ਸਿੰਘ

ਲੇਖਕ: ਡਾ. ਸਿਕੰਦਰ ਸਿੰਘ
ਸਹਾਇਕ ਪ੍ਰੋਫ਼ੈਸਰ ਅਤੇ ਇੰਚਾਰਜ,
ਪੰਜਾਬੀ ਵਿਭਾਗ,
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ,
ਫ਼ਤਹਿਗੜ੍ਹ ਸਾਹਿਬ।

1.0. ਅਮਰੀਕੀ ਮੇਜ਼ਬਾਨ ਸਮਾਜ ਨਾਲ ਸਿੱਖ ਡਾਇਸਪੋਰਾ ਦੇ ਇੱਕ ਸਦੀ ਤੋਂ ਉੱਪਰ ਦੇ ਸਬੰਧਾਂ ਨੂੰ 11 ਸਤੰਬਰ, 2001 ਦੇ ਹਮਲਿਆਂ ਨੇ ਇਕ ਵਾਰ ਫਿਰ ਮੁਢਲੇ ਪੜਾਅ ਤੇ ਲਿਆ ਖੜ੍ਹਾਇਆ ਹੈ। ਇਨ੍ਹਾਂ ਹਮਲਿਆਂ ਤੋਂ ਮਗਰੋਂ ਸਿੱਖਾਂ ਅਤੇ ਅਮਰੀਕੀਆਂ ਦੇ ਵਰਤਾਓ ਵਿਚ ਸਿਫਤੀ ਤਬਦੀਲੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਕਾਰਨ ਪਿਛਲੇ 14 ਸਾਲਾਂ ਵਿਚ ਸਿੱਖਾਂ ਉੱਪਰ ਹੋਏ ਨਸਲੀ ਹਮਲੇ ਹਨ। ਇਸ ਪਰਚੇ ਵਿਚ ਨਸਲੀ ਹਮਲਿਆਂ ਦੀਆਂ ਪ੍ਰਮੁੱਖ ਘਟਨਾਵਾਂ, ਉਨ੍ਹਾਂ ਦੇ ਕਾਰਨਾਂ ਅਤੇ ਅਸਰਾਂ ਵਿਚੋਂ ਸਿੱਖ ਡਾਇਸਪੋਰਾ ਅਤੇ ਅਮਰੀਕੀ ਮੇਜ਼ਬਾਨ ਸਮਾਜ ਦੇ ਸਬੰਧਾਂ ਦੀ ਵਿਆਕਰਣ ਤਲਾਸ਼ਣ ਦਾ ਜਤਨ ਕੀਤਾ ਜਾਵੇਗਾ।

2.0. ਅਮਰੀਕੀ ਵਿਸ਼ਵ ਵਪਾਰ ਕੇਂਦਰ ਉਪਰ ਹਮਲੇ ਤੋਂ 4 ਦਿਨ ਬਾਅਦ ਗੈਸ ਸਟੇਸ਼ਨ ਦੇ ਮਾਲਕ, 42 ਸਾਲਾ ਅਮਰੀਕੀ ਸਿੱਖ ਬਲਵੀਰ ਸਿੰਘ ਸੋਢੀ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਕਾਤਲ ਰੋਕ (Roque) ਨੇ 10 ਮੀਲ ਅੱਗੇ ਜਾ ਕੇ ਲਿਬਾਨੀ-ਅਮਰੀਕੀ (Laabanese-American) ਤੇ ਹਮਲਾ ਕੀਤਾ, ਉਸ ਤੋਂ ਮਗਰੋਂ ਉਹ ਆਪਣੇ ਪੁਰਾਣੇ ਘਰ ਗਿਆ ਜਿਹੜਾ ਉਹ ਅਫਗਾਨੀਆਂ ਨੂੰ ਵੇਚ ਚੁੱਕਿਆ ਸੀ। ਇਸ ਘਟਨਾ ਦੇ 25 ਮਿੰਟ ਅੰਦਰ ਹੀ ਚਾਰ ਹੋਰ ਏਸ਼ਆਈਆਂ ਉੱਪਰ ਹਮਲੇ ਹੋਏ ਜਿਨ੍ਹਾਂ ਦੀ ਪਹਿਰਾਵੇ ਤੋਂ ਗੈਰ ਅਮਰੀਕਨ ਵਜੋਂ ਪਛਾਣ ਹੁੰਦੀ ਸੀ।1

ਇਸ ਤੋਂ ਬਿਨ੍ਹਾਂ ਹੋਰ ਅਨੇਕਾਂ ਘਟਨਾਵਾਂ ਵਾਪਰੀਆਂ ਪਰ ਵੱਡੀ ਘਟਨਾ ਵਿਸਕਾਨਸਨ ਗੁਰਦੁਆਰਾ ਸਾਹਿਬ ਵਿਚ ਛੇ ਸਿੱਖਾਂ ਦੇ ਸਮੂਹਿਕ ਕਤਲ ਦੀ ਘਟਨਾ ਹੈ ਜਿਸਨੇ ਅਮਰੀਕੀ ਪ੍ਰਸ਼ਾਸਨ, ਸਰਕਾਰ, ਨਿਆਂ ਪ੍ਰਬੰਧ ਅਤੇ ਅਕਾਦਮਿਕਤਾ ਉੱਪਰ ਵੀ ਵੱਡਾ ਅਸਰ ਪਾਇਆ ਹੈ। ਇਸੇ ਤਰ੍ਹਾਂ ਕੌਲੰਬੀਆ ਯੂਨੀ਼ਵਰਸਿਟੀ ਦੇ ਇਕ ਸਿੱਖ ਪ੍ਰੋਫੈਸਰ ਉਪਰ 20 ਜਣਿਆਂ ਨੇ ਹਮਲਾ ਕੀਤਾ।2

ਚੌਥੀ ਘਟਨਾ ਫਰੈਸਨੋ (Fresno) ਗੁਰਦੁਆਰੇ ਵਿਚ ਸੇਵਾ ਕਰ ਰਹੇ 81 ਸਾਲਾ ਸਿੱਖ ਬਜ਼ੁਰਗ ਉੱਪਰ 29 ਸਾਲਾ ਗੋਰੇ ਦੁਆਰਾ ਹਮਲਾ ਕਰਨ ਦੀ ਹੈ, ਇਹ ਹਮਲਾ ਉਸ ਨੇ ਸਟੀਲ ਦੀ ਨਾਲੀ ਨਾਲ ਕੀਤਾ।3

Sikh and USA Flagਇਨ੍ਹਾਂ ਹਮਲਿਆਂ ਦਾ ਸਾਂਝਾ ਸੂਤਰ ਇਹ ਹੈ ਕਿ ਇਹ ਹਮਲੇ ਜ਼ਿੰਦਗੀ ਦੇ ਆਮ ਕਾਰ-ਵਿਹਾਰ ਕਰ ਰਹੇ ਲੋਕਾਂ ਉਪਰ ਅਚਨਚਤੇ ਵਾਪਰੇ ਹਨ। ਸੋਢੀ ਉਪਰ ਹੋਇਆ ਹਮਲਾ ਅਮਰੀਕੀ ਸਮਾਜ ਵਿਚਲੇ ਨਸਲੀ ਤੱਤ ਦੇ ਫੌਰੀ ਤੇਜ਼ ਹੋਣ ਦੇ ਤੱਥ ਨੂੰ ਉਜਾਗਰ ਕਰਦਾ ਹੈ। ਵਿਰੋਧੀ ਜਾਂ ਟਕਰਾਅ ਵਾਲੇ ਸਮਾਜਾਂ ਦੇ ਲੰਮਾ ਸਮਾਂ ਪਰਸਪਰ ਰਹਿਣ ਨਾਲ ਨਫਰਤੀ ਬਿਰਤੀਆਂ ਅਤੇ ਨਸਲੀ ਵਿਤਕਰੇ ਕੁਝ ਮੱਧਮ ਪੈ ਜਾਂਦੇ ਹਨ। ਇਨ੍ਹਾਂ ਦੇ ਮੱਧਮ ਪੈਣ ਦਾ ਕਾਰਨ ਕਿਸੇ ਕਾਨੂੰਨ ਵਿਧਾਨ ਦੀ ਸਜ਼ਾ ਜਾਂ ਕੋਈ ਹੋਰ ਤੀਸਰੀ ਤਾਕਤ ਹੁੰਦੀ ਹੈ ਜਿਸ ਦੇ ਭੈਅ ਤਹਿਤ ਮਨੁੱਖ ਆਪਣੇ ਵਿਵਰਜਿਤ ਭਾਵਾਂ ਨੂੰ ਆਪਣੀ ਸਿਮਰਤੀ ਵਿਚੋਂ ਕੱਢ ਕੇ ਅਚੇਤਨ ਵਿਚ ਭੇਜਣਾ ਚਾਹੁੰਦਾ ਹੈ।4

ਪਰ ਕਿਸੇ ਸਮਾਜ, ਨਸਲ ਜਾਂ ਕੌਮ ਉਪਰ ਵਾਪਰੀ ਫੈਸਲਾਕੁਨ ਘਟਨਾ ਅਜਿਹੇ ਭਾਵਾਂ ਨੂੰ ਮੁੜ ਉਜਾਗਰ ਕਰਦੀ ਹੈ। ਜਿਸ ਦੇ ਨਤੀਜੇ ਵਜੋਂ ਉਹ ਲੋਕ, ਅਜਿਹੀ ਘਟਨਾ ਨੂੰ ਬਹਾਨਾ ਮੰਨ ਕੇ ਜਾਂ ਉਸ ਦਾ ਆਸਰਾ ਲੈ ਕੇ ਵਿਵਰਜਿਤ ਭਾਵਾਂ ਨੂੰ ਆਪਣੇ ਵਿਹਾਰ ਵਿਚ ਲੈ ਆਉਂਦੇ ਹਨ। ਅਚੇਤਨ ਵਿਚ ਭੇਜੇ ਜਾਂ ਆਮ ਵਿਹਾਰ ਵਿਚੋਂ ਭੈਅ ਜਾਂ ਸਜ਼ਾ ਕਰਕੇ ਖਾਰਜ ਕੀਤੇ ਤੱਤਾਂ ਨੂੰ ਮੁੜ-ਉਪਜਾਉਣ ਜਾਂ ਮੁੜ-ਕਾਰਜਸ਼ੀਲ ਬਣਾਉਣ ਲਈ ਮਨੁੱਖ ਸਦਾ ਹੀ ਉਤਸਕ ਹੁੰਦਾ ਹੈ। ਵਿਸ਼ਵ ਵਪਾਰ ਸੰਸਥਾ ਉਪਰ ਹੋਏ ਹਮਲੇ ਨਾਲ ਅਮਰੀਕੀ ਗੋਰੇ ਸਮਾਜ ਦੀ ਏਸ਼ਆਈ ਜਾਂ ਹੋਰ ਡਾਇਸਪੋਰਿਆਂ ਪ੍ਰਤੀ ਨਸਲੀ ਅਤੇ ਨਫਰਤੀ ਭਾਵਨਾ ਇਕ ਵਾਰ ਫਿਰ ਕਰੂਰ ਰੂਪ ਵਿਚ ਮੁੜ ਉਜਾਗਰ ਹੁੰਦੀ ਹੈ।

ਵਿਸਕਾਨਸਨ ਗੁਰਦੁਆਰਾ ਸਾਹਿਬ ਵਿਚ ਛੇ ਸਿੱਖਾਂ ਦੇ ਸਮੂਹਕ ਕਤਲ ਦੀ ਦੁਰਘਟਨਾ ਦਾ ਵਿਸ਼ਵ ਵਪਾਰ ਸੰਸਥਾ ਦੇ ਹਮਲਿਆਂ ਤੋਂ 11 ਸਾਲ ਬਾਅਦ ਵਾਪਰਨਾ ਅਮਰੀਕੀ ਗੋਰਿਆਂ ਦੇ ਕੁਝ ਸਮੂਹਾਂ ਦੀ ਨਸਲੀ ਨਫਰਤ ਦੀ ਲਗਾਤਾਰਤਾ ਨੂੰ ਉਜਾਗਰ ਕਰਦਾ ਹੈ। ਇਹ ਹੀ ਨਹੀਂ ਹੁਣ ਤੱਕ ਵੀ ਏਸ਼ਆਈ ਡਾਇਸਪੋਰਿਆਂ ਨਾਲ ਨਫਰਤੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਸਿੱਖ ਸੰਚਾਰ ਸਾਧਨ ਅਤੇ ਸੰਸਥਾਵਾਂ (sikh24.com, realsikhism.com, Sikh Coalition) ਇਨ੍ਹਾਂ ਨਫਰਤੀ ਘਟਨਾਵਾਂ ਬਾਰੇ ਲਗਾਤਾਰ ਖਬਰਾਂ ਛਾਪ ਰਹੀਆਂ ਹਨ।

ਇੰਦਰਜੀਤ ਸਿੰਘ ਮੱਕੜ ਜਿਸ ਉੱਤੇ ਸਤੰਬਰ 2015 ਵਿਚ ਹਮਲਾ ਹੋਇਆ ਸੀ (ਤਸਵੀਰ: ਸਿੱਖ ਕੁਲੀਸ਼ਨ)

ਇੰਦਰਜੀਤ ਸਿੰਘ ਮੱਕੜ ਜਿਸ ਉੱਤੇ ਸਤੰਬਰ 2015 ਵਿਚ ਹਮਲਾ ਹੋਇਆ ਸੀ (ਤਸਵੀਰ: ਸਿੱਖ ਕੁਲੀਸ਼ਨ)

ਫਰੈਸਨੋ ਗੁਰਦੁਆਰਾ ਸਾਹਿਬ ਵਿਚ ਸੇਵਾ ਕਰ ਕਰੇ 81 ਸਾਲਾ ਬਜ਼ੁਰਗ ਉਪਰ 29 ਸਾਲਾ ਨੌਜਵਾਨ ਦੁਆਰਾ ਹਮਲਾ ਕਰਨ ਦੀ ਘਟਨਾ ਅਮਰੀਕੀ ਸਮਾਜ ਦੀ ਅਪਰਾਧੀ ਸਿਖਰਤਾ ਨੂੰ ਦਰਸਾਉਂਦੀ ਹੈ। ਔਰਤ, ਮਜ਼ਲੂਮ ਅਤੇ ਨਿਤਾਣਿਆਂ ਉਪਰ ਵਾਰ ਨਾ ਕਰਨ ਦੀ ਵਰਜਣਾ ਸਿੱਖ ਸਦਾਚਾਰ ਦਾ ਹਿੱਸਾ ਹੈ, ਇਸ ਲਈ 81 ਸਾਲਾ ਨਿਤਾਣੇ, ਨਿਹੱਥੇ ਬਜ਼ੁਰਗ ਉਪਰ ਅਮਰੀਕੀ ਨੌਜਵਾਨ ਦਾ ਹਮਲਾ ਸਿੱਖਾਂ ਲਈ ਵਧੇਰੇ ਦਰਦਨਾਕ ਹੈ। ਦੂਸਰਾ ਸਟੀਲ ਦੀ ਨਾਲੀ ਦੁਆਰਾ ਹਮਲਾ ਕਰਨ ਵਾਲੇ ਨੌਜਵਾਨ ਦੇ ਗੁੱਸੇ ਅਤੇ ਨਫਰਤ ਦੀ ਸਿਖਰ ਵੀ ਇਸ ਵਿਚੋਂ ਝਲਕਦੀ ਹੈ ਜੋ ਅਮਰੀਕੀ ਮੇਜ਼ਬਾਨ ਸਮਾਜ ਦੇ ਸੁਭਾਅ ਦਾ ਅੰਗ ਹੈ।

ਨਸਲੀ ਹਮਲਿਆਂ ਦੌਰਾਨ ਹਮਲਾਵਰਾਂ ਦੇ ਹਿੰਸਕ ਬੋਲ ਜਾਂ ਆਮ ਹਾਲਤ ਵਿਚ ਸਿੱਖਾਂ ਪ੍ਰਤੀ ਨਫਰਤ ਦਾ ਪ੍ਰਗਟਾਵਾ ਅਮਰੀਕੀ ਗੋਰੇ ਸਮਾਜ ਦੀ ਭਾਵੁਕ ਵਿਰੋਧਤਾ ਨੂੰ ਵਧੇਰੇ ਉਜਾਗਰ ਕਰਦਾ ਹੈ। ਦੁਨੀਆ ਭਰ ਵਿਚ ਅਧੀਨ ਲੋਕਾਂ, ਦਲਿਤਾਂ ਅਤੇ ਦੂਸਰਿਆਂ ਦੇ ਮਲੋਬਲ ਡੇਗਣ ਲਈ ਉਨ੍ਹਾਂ ਨੂੰ ਕੁਦਰਤੀ ਜਾਂ ਅਪਮਾਨਤ ਸ਼ਬਦਾਵਲੀ ਨਾਲ ਸੰਬੋਧਤ ਹੋਣ ਦਾ ਵਰਤਾਰਾ ਸਦੀਆਂ ਪੁਰਾਣਾ ਹੈ। ਅਮਰੀਕਾ ਅੰਦਰ ਸਕੂਲਾਂ, ਆਮ ਜਨਤਕ ਥਾਵਾਂ, ਬੱਸਾਂ ਆਦਿ ਵਿਚ ਸਿੱਖ ਵਿਅਕਤੀਆਂ ਅਤੇ ਸਿੱਖ ਬੱਚਿਆਂ ਨੂੰ ਨਫਰਤੀ ਸ਼ਬਦਾਂ ਨਾਲ ਧ੍ਰਿਕਾਰਨ ਦਾ ਲੰਮਾ ਇਤਿਹਾਸ ਹੈ ਪਰ 9/11 ਤੋਂ ਬਾਅਦ ਦੇ ਹਮਲਿਆਂ ਵਿਚ ਵਧੇਰੇ ਨਫਰਤੀ ਬੋਲ ਉਸਾਮਾ ਬਿਨ ਲਾਦੇਨ ਅਤੇ ਮੁਸਲਮਾਨ ਸਮਝ ਕੇ ਬੋਲੇ ਜਾਣ ਦੇ ਹਵਾਲੇ ਮਿਲਦੇ ਹਨ। ਕੌਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਉਪਰ ਹਮਲੇ ਵੇਲੇ ਹਮਲਾਵਰਾਂ ਨੇ Get Osama and terrorist ਦੀਆਂ ਚੀਕਾਂ ਮਾਰ ਕੇ ਹਮਲਾ ਕੀਤਾ। ਇਕ ਕਰਨੈਲ ਸਿੰਘ ਨਾਂ ਦੇ ਵਿਅਕਤੀ ਨੂੰ ਵਾਸ਼ਿੰਗਟਨ ਵਿਚ ਸਥਿਤ ਉਸਦੇ ਆਪਣੇ ਮੋਟਲ ਵਿਚ ਬਾਹਰੋਂ ਆ ਕੇ ਕਿਸੇ ਗੋਰੇ ਨੇ ਕਿਹਾ “You are better go back to your country. We’re coming to kick your ashes.” ਕੁਝ ਦਿਨਾਂ ਮਗਰੋਂ ਉਹੀ ਅਮਰੀਕਨ ਫਿਰ ਆਇਆ ਤੇ ਕਿਹਾ “You still here? Go back to Allah”, ਅਤੇ ਇਹ ਕਹਿ ਕੇ ਉਸ ਨੇ ਹਮਲਾ ਕਰ ਦਿੱਤਾ।5

ਵਧੇਰੇ ਹਮਲਿਆਂ ਵਿਚ ਅਪਰਾਧੀ 9/11 ਦੇ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਆਪਣੇ ਆਪ ਨੂੰ ਸ਼ੁੱਧ ਅਮਰੀਕੀ ਦੇਸ ਭਗਤ ਦੱਸਦੇ ਹੋਏ ਉੱਚੀ ਉੱਚੀ ਕੂਕਦੇ ਹਨ।

2.1 ਨਸਲੀ ਹਮਲਿਆਂ ਦੇ ਪ੍ਰਮੁੱਖ ਕਾਰਨਾਂ ਵਿਚੋਂ ਪਹਿਲਾ ਅਮਰੀਕੀ ਗੋਰੇ ਸਮਾਜ ਦੇ ਵੱਡੇ ਹਿੱਸੇ ਦਾ ਦੂਸਰਿਆਂ ਪ੍ਰਤੀ ਨਫਰਤੀ ਹੋਣਾ ਹੈ। ਅਮਰੀਕੀ ਸਮਾਜ ਵਿਚ ਉਚਤਾ ਦੀ ਗ੍ਰੰਥੀ ਅਤੇ ਦੂਸਰਿਆਂ ਨੂੰ ਨਾ-ਸਹਿਣ ਦੀ ਬਿਰਤੀ ਭਾਰੂ ਹੈ। ਮਾਰਕ ਸਟ੍ਰੋਮਰ ਨਸਲਵਾਦ ਨੂੰ ਅਮਰੀਕੀ ਢਾਂਚੇ ਦੇ ਅੰਦਰ ਵਸਿਆ ਹੋਇਆ ਮੰਨਦਾ ਹੈ, ਇਸਦਾ ਹਵਾਲਾ ਦਿੰਦਾ ਉਹ ਲਿਖਦਾ ਹੈ ਨਸਲੀ ਘਟਨਾਵਾਂ ਦੀ ਛਾਣਬੀਣ ਦੌਰਾਨ ਅਮਰੀਕੀ ਪੁਲਿਸ ਵੀ ਇਕਪਾਸੜ ਹੋ ਜਾਂਦੀ ਹੈ। ਬਲਕਿ ਕਈ ਥਾਵਾਂ ਤੇ ਪੁਲਿਸ ਖੁਦ ਵੀ ਦੋਸ਼ੀ ਹੁੰਦੀ ਹੈ, ਅਫਸਰ ਦੂਸਰਿਆਂ ਨਾਲ ਦੁਰਵਿਵਹਾਰ ਕਰਦੇ ਹਨ। ਮਾਰਕ ਸਟ੍ਰੋਮਰ ਪੁਲਿਸ ਵਲੋਂ ਸਿੱਖ ਟਰੱਕ ਡਰਾਇਵਰਾਂ ਨੂੰ ਜ਼ਲੀਲ ਕਰਨ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ।6
ਪੁਲਿਸ ਦੇ ਵੱਡੇ ਅਫਸਰ ਵੀ ਸਿੱਖਾਂ ਨਾਲ ਦੁਰਵਿਵਹਾਰ ਕਰਦੇ ਹਨ। ਅਮਰੀਕੀ ਸਮਾਜ ਦੀ ਅੰਦਰਲੀ ਨਫਰਤ ਕਰਕੇ ਅੱਜ ਤੱਕ ਵੀ ਇਹ ਹਮਲੇ ਜਾਰੀ ਹਨ ਅਤੇ ਸਰਕਾਰ ਦੇ ਜਤਨਾਂ ਦੇ ਬਾਵਜੂਦ ਵੀ ਰੁਕ ਨਹੀਂ ਰਹੇ। ਕਈ ਚਿੰਤਕ ਇਨ੍ਹਾਂ ਹਮਲਿਆਂ ਦੇ ਨਾ-ਰੁਕਣ ਦਾ ਇਕ ਕਾਰਨ ਅਮਰੀਕੀ ਕਾਨੂੰਨ ਪ੍ਰਬੰਧ ਵਿਚਲੀ ਕਮਜ਼ੋਰੀ ਨੂੰ ਵੀ ਗਿਣਦੇ ਹਨ।7

2.2 ਅਮਰੀਕੀ ਪ੍ਰਬੰਧ ਅੰਦਰ ਨਸਲੀ ਹਮਲਿਆਂ ਦਾ ਦੂਜਾ ਵੱਡਾ ਕਾਰਨ ਦੇਸ ਭਗਤੀ ਦੀ ਭਾਵਨਾ ਨੂੰ ਵੀ ਮੰਨਿਆ ਜਾ ਸਕਦਾ ਹੈ। ਅਮਰੀਕਾ ਬਹੁ ਸਭਿਆਚਾਰਕ ਦੇਸ ਹੋਣ ਕਰਕੇ ਸਰਕਾਰੀ ਸਾਧਨਾਂ ਰਾਹੀਂ ਉਥੇ ਦੇਸ ਭਗਤੀ ਦੀ ਭਾਵਨਾ ਉਪਜਾਈ ਜਾਂਦੀ ਹੈ ਜਿਸ ਤਹਿਤ ਦੂਸਰਿਆਂ ਨੂੰ ਵਿਰੋਧੀ ਅਤੇ ਦੁਸ਼ਮਣ ਦੱਸ ਕੇ ਜਾਂ ਉਭਾਰ ਕੇ ਵੱਖੋ ਵੱਖਰੀਆਂ ਅਮਰੀਕੀ ਇਕਾਈਆਂ ਨੂੰ ਇਕ ਥਾਂ ਤੇ ਰੱਖਣ ਦਾ ਜਤਨ ਕੀਤਾ ਜਾਂਦਾ ਹੈ। ਇਹ ਇਕ ਮਨੋਵਿਗਿਆਨਕ ਵਰਤਾਰਾ ਹੈ। ਜਿਸ ਤਰ੍ਹਾਂ ਮਨੁੱਖ ਆਪਣੇ ਦੋਸ਼ ਦੂਜਿਆਂ ਉੱਪਰ ਥੋਪ ਕੇ ਆਪ ਨੂੰ ਦੋਸ਼ ਮੁਕਤ ਕਰਦਾ ਹੈ ਉਸੇ ਤਰ੍ਹਾਂ ਦੇਸ-ਸਮੂਹਾਂ ਵਲੋਂ ਇਸ ਤਰ੍ਹਾਂ ਕਰਨ ਦੇ ਵੀ ਹਵਾਲੇ ਮਿਲਦੇ ਹਨ। ਹਾਂਸ ਸਪੀਅਰ 1948 ਵਿਚ ਅਮਰੀਕੀ ਰਾਜ ਦੇ ਇਸ ਰੁਝਾਨ ਦੀ ਗੱਲ ਕਰਦਾ ਹੈ ਕਿ ਉਥੇ ਨਫਰਤ ਨਾਲ ਦੇਸ ਭਗਤੀ ਅਤੇ ਏਕਤਾ ਪੈਦਾ ਕੀਤੀ ਜਾਂਦੀ ਹੈ।8

ਅਮਰੀਕੀ ਰਾਜ ਦੇ ਕਾਰਜਾਂ ਅਤੇ ਨੀਤੀਆਂ ਕਰਕੇ ਵੀ ਉਥੇ ਮੁਸਲਿਮ ਪਛਾਣ ਪ੍ਰਤੀ ਨਫਰਤ ਪੈਦਾ ਹੋਈ ਹੈ ਜੋ ਅਮਰੀਕਾ ਦੇ ਅੰਦਰ ਵੀ ਨਫਰਤੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਕਾਰਨ ਬਣਦੀ ਹੈ। ਏਸ਼ੀਆਈ-ਅਮਰੀਕੀ ਡਾਇਸਪੋਰਕ ਲੋਕਾਂ ਉਪਰ ਹਮਲਿਆਂ ਦੌਰਾਨ ਹਮਲਾਵਰਾਂ ਦਾ ਆਪਣੇ ਆਪ ਨੂੰ ਦੇਸ ਭਗਤ, ਅਮਰੀਕਾ ਪ੍ਰੇਮੀ ਕਹਿਣ ਵਿਚ ਗੈਰ-ਅਮਰੀਕੀ ਬਾਸ਼ਿੰਦਿਆਂ ਨੂੰ ਅਮਰੀਕਾ ਵਿਰੋਧੀ ਸਿੱਧ ਕਰਨ ਦੇ ਅਰਥ ਛੁਪੇ ਹਨ। 9/11 ਤੋਂ ਬਾਅਦ ਆਮ ਅਮਰੀਕੀ ਦੇਸ-ਭਗਤਾਂ ਜਾਂ ਜਿਹੜੇ ਆਪਣੇ ਆਪ ਨੂੰ ਸੱਚੇ ਅਮਰੀਕੀ ਦੇਸ-ਭਗਤ ਸਮਝਦੇ ਹਨ ਉਨ੍ਹਾਂ ਨੇ ਏਸ਼ੀਆਈ ਲੋਕਾਂ ਤੇ ਅਨੇਕਾਂ ਹਮਲੇ ਕੀਤੇ ਜਿਸਦੇ ਪ੍ਰਤੀਕਰਮ ਵਿਚ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਵਾਸ਼ਿੰਗਟਨ ਦੇ ਇਸਲਾਮਕ ਕੇਂਦਰ ਤੋਂ ਭਾਸ਼ਣ ਦੇਣਾ ਪਿਆ। ਇਸ ਭਾਸ਼ਣ ਵਿਚ ਉਹ ਮੁਸਲਮਾਨਾਂ ਨੂੰ ਆਮ ਨਾਗਰਿਕ ਅਤੇ ਕੌਮ ਉਸਾਰੀ ਦੇ ਮੁੱਖ ਜੁਜ਼ ਦੱਸਦਾ ਹੈ ਅਤੇ ਅਮਰੀਕਾ ਦੇ ਅਖੌਤੀ ਦੇਸ-ਭਗਤਾਂ ਨੂੰ ਮੁਸਲਮਾਨਾਂ ਖਿਲਾਫ ਗੁੱਸਾ ਕੱਢਣ ਤੋਂ ਸਖਤੀ ਨਾਲ ਵਰਜਦਾ ਹੈ।9

ਅਮਰੀਕੀ ਸਰਕਾਰ ਨੇ ਜਨਤਕ ਐਲਾਨਾਂ ਰਾਹੀਂ ਇਸ ਤਰ੍ਹਾਂ ਦੇ ਕਈ ਜਤਨ ਕੀਤੇ ਤਾਂ ਜੋ ਅਮਰੀਕਾ ਵਿਚ ਵਸਦੇ ਮੁਸਲਮਾਨਾਂ ਖਿਲਾਫ 9/11 ਦਾ ਪ੍ਰਤੀਕਰਮ ਰੋਕਿਆ ਜਾ ਸਕੇ। ਪਰ ਇਹ ਨਸਲੀ ਪ੍ਰਤੀਕਰਮ ਉਸ ਤੋਂ ਵੀ ਅਗੇਰੇ ਕੇਵਲ ਮੁਸਲਮਾਨਾਂ ਤੱਕ ਸੀਮਤ ਨਾ ਰਹਿ ਕੇ ਬਾਕੀ ਏਸ਼ਆਈਆਂ ਤੱਕ ਵੀ ਫੈਲਿਆ ਹੋਇਆ ਹੈ ਅਤੇ ਸਰਕਾਰ ਦੇ ਰੋਕਣ ਦੇ ਬਾਵਜੂਦ ਵੀ 14 ਸਾਲਾਂ ਬਾਅਦ ਜਾਰੀ ਹੈ। ਆਮ ਅਮਰੀਕੀ ਦੇਸ-ਭਗਤ ਲੋਕ ਆਪਣੇ ਆਪ ਨੂੰ ਸਰਕਾਰ ਨਾਲੋਂ ਵਧੇਰੇ ਸੱਚੇ ਦੇਸ-ਭਗਤ ਦੱਸਦੇ ਹਨ। ਸਰਕਾਰ ਵਲੋਂ ਉਪਜਾਈ ਦੇਸ-ਭਗਤੀ ਦੀ ਭਾਵਨਾ ਸਰਕਾਰ ਤੋਂ ਬੇਲਗਾਮ ਹੁੰਦੀ ਜਾਪਦੀ ਹੈ ਜਾਂ ਸਰਕਾਰ ਉਸ ਪੱਧਰ ’ਤੇ ਕਾਬੂ ਕਰਨਾ ਨਹੀਂ ਚਾਹੁੰਦੀ ਜਿਸ ਪੱਧਰ ਤੇ ਕਰਨਾ ਚਾਹੀਦਾ ਹੈ।ਅਜਿਹੀਆਂ ਹਾਲਤਾਂ ਵਿਚ ਦੇਸ ਭਗਤੀ ਦਾ ਵਰਤਾਰਾ ਪ੍ਰੇਮ ਅਤੇ ਸਹਿਚਾਰ ਭਾਵਨਾ ਦੀ ਥਾਂ ਕੱਟੜਤਾ ਅਤੇ ਨਫਰਤ ਉਪਜਾਊ ਬਣਦਾ ਹੈ। ਦੇਸ-ਭਗਤੀ ਦੀ ਭਾਵਨਾ ਕਿਸੇ ਹੱਦ ਤਕ ਲੋਕਾਂ ਦੀ ਸੋਚ ਅਤੇ ਸਰੋਕਾਰਾਂ ਨੂੰ ਸੀਮਤ ਕਰਦੀ ਹੈ।

ਮੇਜ਼ਬਾਨ ਸਮਾਜ ਦੀ ਦੇਸ-ਭਗਤੀ ਜਾਂ ਦੇਸ ਪ੍ਰੇਮ ਸਮੂਹ ਡਾਇਸਪੋਰਿਆਂ ਲਈ ਇੱਕ ਮੁੱਖ ਮਸੱਸਿਆ ਬਣਦਾ ਹੈ। ਦੇਸ ਭਗਤੀ ਦੇ ਅਸਲ ਅਰਥ ਤਾਂ ਸਾਂਝੇ ਅਜ਼ਾਦ ਰਾਜ ਪ੍ਰਤੀ ਨਾਗਰਿਕਾਂ ਦੀ ਰਾਜਨੀਤਕ ਵਫਾਦਾਰੀ ਮੰਨੇ ਜਾਂਦੇ ਹਨ।10

ਪਰ ਸਰਕਾਰਾਂ ਦੇਸ ਭਗਤੀ ਦੇ ਜ਼ਜ਼ਬੇ ਨੂੰ ਰਾਸ਼ਟਰਵਾਦ ਜਾਂ ਸਭਿਆਚਾਰਕ/ਧਾਰਮਕ ਏਕੀਕਰਣ ਦੇ ਸੰਦ ਵਜੋਂ ਵਰਤਦੀਆਂ ਹਨ ਜਿਸ ਦੇ ਸਿੱਟੇ ਵਜੋਂ ਇਹ ਜ਼ਜ਼ਬਾ ਅਨੇਕਾਂ ਵਾਰੀ ਨਸਲੀ, ਸਭਿਆਚਰਕ, ਧਾਰਮਕ ਭਿੰਨਤਾਵਾਂ ਦੇ ਖਿਲਾਫ ਨਫਰਤੀ ਹੋ ਜਾਂਦਾ ਹੈ। ਦੇਸ ਭਗਤੀ ਦਾ ਜ਼ਜ਼ਬਾ ਕਿਤੇ ਨਾ ਕਿਤੇ ਜਨਤਾ/ਪਰਜਾ ਦੀ ਸੋਚ ਅਤੇ ਸਰੋਕਾਰਾਂ ਨੂੰ ਵੀ ਸੀਮਤ ਕਰਦਾ ਹੈ ਅਤੇ ਇਹ ਬ੍ਰਹਿਮੰਡੀ/ਵਿਸ਼ਵੀ ਭਾਈਚਾਰੇ ਦੇ ਸੰਕਲਪ ਦੇ ਖਿਲਾਫ ਭੁਗਤਦਾ ਹੈ।

ਦੇਸ ਭਗਤੀ ਦਾ ਵਰਤਾਰਾ ਜੇਕਰ ਭਰਮ ਜਾਂ ਯਥਾਰਥ ਦੇ ਰੂਪ ਵਿਚ ਕੋਈ ਹੋਂਦ ਰੱਖਦਾ ਹੈ ਤਾਂ ਵੀ ਇਹ ਕੇਵਲ ਆਖਣ ਲਈ ਹੀ ਦੇਸ ਪ੍ਰਤੀ ਵਫਾਦਾਰੀ ਹੁੰਦਾ ਹੈ। ਇਹ ਕੇਵਲ ਵਫਾਦਾਰੀ ਤੱਕ ਸੀਮਤ ਹੋਣ ਦੀ ਥਾਂ ਕੁਰਬਾਨੀ ਵੀ ਮੰਗਦਾ ਹੈ, ਦੇਸ ਵਾਸਤੇ ਕੁਰਬਾਨ ਹੋਣ ਲਈ ਇਕ ਖਿੱਚ ਪੈਦਾ ਕਰਦਾ ਹੈ।11

ਡਾਇਸਪੋਰੇ ਮੇਜ਼ਬਾਨ ਦੇਸ/ਸਮਾਜ/ਧਰਤੀ ਪ੍ਰਤੀ ਵਫਾਦਾਰ ਤਾਂ ਹੋ ਸਕਦੇ ਹਨ ਪਰ ਕੁਰਬਾਨ ਹੋਣਾ ਉਨ੍ਹਾਂ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਨਾ ਤਾਂ ਉਹ ਪਰਾਈ ਧਰਤੀ ਤੇ ਕੁਰਬਾਨ ਹੋਣ ਲਈ ਬੈਠੇ ਹਨ ਤੇ ਨਾ ਹੀ ਉਨ੍ਹਾਂ ਦੀ ਮਾਨਸਿਕਤਾ ਕੁਰਬਾਨੀ ਦੇ ਪੱਧਰ ਤੱਕ ਉਸ ਦੇਸ ਨਾਲ ਸਰੋਕਾਰ ਰੱਖਦੀ ਹੁੰਦੀ ਹੈ। ਉਹ ਕੇਵਲ ਵਫਾਦਾਰ ਹੋ ਸਕਦੇ ਹਨ ਜਿਸ ਤਰ੍ਹਾਂ ਨਸਲੀ ਹਮਲਿਆਂ ਤੋਂ ਪੀੜਤ ਸਿੱਖ “we stand for America’ ਦੀ ਦੁਹਾਈ ਪਾਉ਼ਂਦੇ ਹਨ। ਅਮਰੀਕੀ ਨਸਲ/ਮੇਜ਼ਬਾਨ ਸਮਾਜ ਅਜਿਹੇ ਬੋਲਾਂ ਨਾਲ ਸੰਤੁਸ਼ਟ ਨਹੀਂ ਹੈ। ਕੇਵਲ ਵਫਾਦਾਰੀ ਕੌਮੀ/ਨਸਲੀ ਹਿਕਾਰਤ ਨੂੰ ਸਮਾਜਕ ਪ੍ਰਵਾਨਗੀ ਵਿਚ ਵੀ ਨਹੀਂ ਬਦਲ ਸਕਦੀ, ਪੂਰੀ ਪਛਾਣ ਸਹਿਤ ਨਾਗਰਿਕ ਮੰਨਣਾ ਤਾਂ ਦੂਰ ਦੀ ਗੱਲ ਹੈ। ਸਿੱਖ ਡਾਇਸਪੋਰੇ ਦਾ ਮੇਜ਼ਬਾਨ ਸਮਾਜਾਂ ਨਾਲ ਟਕਰਾਅ ਦਾ ਇਹ ਕਾਫੀ ਮਹੱਤਵਪੂਰਨ ਪੱਖ ਹੈ ਜੋ ਅਮਰੀਕਾ ਵਿਚ ਨਸਲੀ ਹਮਲਿਆਂ ਦਾ ਪ੍ਰਮੁੱਖ ਕਾਰਨ ਵੀ ਬਣਦਾ ਹੈ।

2.3 ਸਿੱਖਾਂ ਉੱਪਰ ਨਸਲੀ ਹਮਲਿਆਂ ਦਾ ਸਭ ਤੋਂ ਵੱਧ ਪ੍ਰਚਾਰਿਆ ਅਤੇ ਮੰਨਿਆ ਜਾਣ ਵਾਲਾ ਕਾਰਨ ਸਿੱਖਾਂ ਦੀ ਭੁਲੇਖਾਮਈ ਪਛਾਣ (Mistaken identity) ਹੈ। ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਦੀ ਪਛਾਣ ਨੂੰ ਅਰਬਾਂ, ਮੁਸਲਮਾਨਾਂ ਨਾਲ ਰਲਗੱਡ ਕਰ ਲਿਆ ਜਾਂਦਾ ਹੈ। ਅਨੇਕਾਂ ਹਮਲਾਵਰ ਸਿੱਖਾਂ ਉਪਰ ਹਮਲੇ ਵੇਲੇ ਨੂੰ ਉਨ੍ਹਾਂ ਨੂੰ ‘ਉਸਾਮਾ’, ‘ਮੁਸਲਮਾਨ’ ਆਦਿ ਸੰਬੋਧਨਾਂ ਨਾਲ ਵੰਗਾਰਦੇ ਹਨ। ਅਕਾਦਮਿਕ ਖੇਤਰ ਵਿਚ ਵੀ ਇਸ ਕਾਰਨ ਨੂੰ ਹੀ ਪ੍ਰਮੁੱਖ ਰੂਪ ਵਿਚ ਸਥਾਪਤ ਕੀਤਾ ਜਾ ਰਿਹਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ‘11 ਸਤੰਬਰ, 2001 ਦੇ ਹਮਲਿਆਂ ਤੋਂ ਮਗਰੋਂ ਟੀ.ਵੀ. ਚੈਨਲਾਂ ਅਤੇ ਹੋਰ ਸੰਚਾਰ ਸਾਧਨਾਂ ਉਪਰ ਪ੍ਰਸਾਰਿਤ ਉਸਾਮਾ ਬਿਨ ਲਾਦੇਨ ਦੀਆਂ ਤਸਵੀਰਾਂ ਅਤੇ ਵੀਡਿਓ ਫਿਲਮਾਂ ਕਾਰਨ ਸਿੱਖਾਂ ਖਿਲਾਫ ਦੁਸ਼ਮਣੀ ਵਾਲੀ ਹਵਾ ਪੈਦਾ ਹੋ ਗਈ। ਅਣਜਾਣ ਅਮਰੀਕੀ ਲੋਕ ਸਿੱਖਾਂ ਨੂੰ ਵੀ ਲਾਦੇਨ ਦੀ ਦਾੜ੍ਹੀ ਅਤੇ ਅਫਗਾਨੀ ਢੰਗ ਦੀ ਪੱਗ ਨਾਲ ਮਿਲਾ ਰਹੇ ਹਨ।’12

ਇਹ ਕਾਰਨ ਅਸਲ ਵਿਚ ਕਿੰਨਾ ਕੁ ਸੱਚਾ ਹੈ ਇਸਦਾ ਅੰਦਾਜ਼ਾ ਤਾਂ ਮੁਸ਼ਕਲ ਹੈ ਪਰ ਇਸ ਕਾਰਨ ਦੇ ਵਧੇਰੇ ਪ੍ਰਚਾਰਿਤ ਹੋਣ ਨਾਲ ਅਮਰੀਕੀ ਮੇਜ਼ਬਾਨ ਸਮਾਜ ਦੋਸ਼ਮੁਕਤ ਜ਼ਰੂਰ ਹੁੰਦਾ ਹੈ, ਉਨ੍ਹਾਂ ਦਾ ਅਪਰਾਧ ਨਸਲੀ ਹੋਣ ਦੀ ਥਾਂ ਕੇਵਲ ਪ੍ਰਤੀਕਿਰਿਆਤਮਕ ਸਿੱਧ ਹੋ ਜਾਂਦਾ ਹੈ। ਆਧੁਨਿਕ ਲੋਕਤੰਤਰਿਕ ਕਾਨੂੰਨਾਂ ਮੁਤਾਬਕ ਪ੍ਰਤੀਕਿਰਿਆਤਮਕ ਅਪਰਾਧ ਨਸਲੀ ਅਪਰਾਧ ਨਾਲੋਂ ਘੱਟ ਸਜ਼ਾਯੋਗ ਹੈ। ਹੁਣ ਸਾਰੇ ਗੋਰੇ ਸਮਾਜ ਅਤੇ ਉਨ੍ਹਾਂ ਦੀਆਂ ਸਰਕਾਰਾਂ, ਉਨ੍ਹਾਂ ਉੱਪਰ ਲੱਗੀ ਨਸਲੀ ਫੱਟੀ ਨੂੰ ਹਟਾਉਣ ਲਈ ਹਰ ਵਾਹ ਲਗਾ ਰਹੇ ਹਨ।

ਇਨ੍ਹਾਂ ਹਮਲਿਆਂ ਦਾ ਵੱਡਾ ਕਾਰਨ ਨਿਰੋਲ ਭੁਲੇਖਾਮਈ ਪਛਾਣ ਅਤੇ ਮੁਸਲਮਾਨਾਂ ਪ੍ਰਤੀ ਨਫਰਤ ਨਹੀਂ ਬਲਕਿ ਸਾਰੇ ਗੈਰ ਗੋਰਿਆਂ ਪ੍ਰਤੀ ਨਫਰਤ ਹੈ। ਸਦੀਆਂ ਤੋਂ ਚਲੇ ਆ ਰਹੇ ਅਮਰੀਕਾ ਅੰਦਰਲੇ ਨਸਲੀ ਸਮੂਹ ਉਚੇਚੇ ਤੌਰ ਤੇ ਆਪਣੀਆਂ ਵੈਬਸਾਈਟਾਂ ਰਾਹੀਂ ਨਫਰਤੀ ਉਚਾਰ ਸਿਰਜ ਰਹੇ ਹਨ, ਸਹਿਨਾਜ਼ ਐਮ. ਅਫਰੀਦੀ ਨੇ “The Gurdwara Sikh Killings: Domestic or global taxonomy of terrorism?’ਵਿਚ Vanguard News Network ਵਲੋਂ ਜਾਰੀ ਸਿੱਖ ਵਿਰੋਧੀ ਖਬਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਮੂਲ ਪਾਠ ਇਹ ਹੈ:

You don’t belong here in the country my ancestors fought to found and deeded to me and mine, their posterity. Even if you came here legally and even if you haven’t done anything wrong personally. Go home, Sikhs. Go home to India where you belong. This is not your country, it belongs to white men.

There are thousands of other angry white men like Page (ਗੁਰਦੁਆਰਾ ਵਿਸਕਾਨਸਨ ਕਤਲਕਾਂਡ ਦਾ ਕਾਤਲ) out there, the vast majority of them unknown; a commenter wrote. ‘When will they, like Page, reach their breaking point, where they give up all hope for peaceful activism, a reach for their guns and start shooting at the first non-whites they see?13

ਸਿੱਖਾਂ ਉਪਰ ਅਮਰੀਕਾ ਵਿਚ ਹੋਣ ਵਾਲੇ ਹਮਲਿਆਂ ਦਾ ਕਾਰਨ ਭੁਲੇਖਾ ਮਈ ਪਛਾਣ ਦੱਸਣ ਦੀਆਂ ਧਾਰਨਾਵਾਂ ਨੂੰ ਉਪਰੋਕਤ ਦੋਵੇਂ ਖਬਰਾਂ ਰੱਦ ਕਰਦੀਆਂ ਹਨ ਅਤੇ ਬਿਲਕੁਲ ਸਪਸ਼ਟ ਰੂਪ ਵਿਚ ਸਿੱਖਾਂ ਨੂੰ ਅਮਰੀਕੀ ਨਸਲੀ ਗਰੁੱਪਾਂ ਦੇ ਨਿਸ਼ਾਨੇ ਉੱਪਰ ਦਸਦੀਆਂ ਹਨ। ਮਿਸ਼ੈਲ ਪੇਜ਼ ਜੋ ਗੁਰਦੁਆਰਾ ਕਤਲਕਾਂਡ ਦਾ ਕਾਤਲ ਹੈ ਨੂੰ ਇਨ੍ਹਾਂ ਖਬਰਾਂ ਵਿਚ ਅਮਰੀਕੀ ਜਵਾਨੀ ਦਾ ਮਾਡਲ ਦੱਸਿਆ ਗਿਆ ਹੈ ਅਤੇ ਉਸ ਦੇ ਕਾਰਜ ਨੂੰ ਅਮਰੀਕੀ ਜਵਾਨੀ ਦੇ ਪ੍ਰਮੁੱਖ ਗੁਣ ਵਜੋਂ ਉਭਾਰਿਆ ਗਿਆ ਹੈ। ਗੈਰ ਗੋਰਿਆਂ ਨੂੰ ਮਾਰਨ ਦੀਆਂ ਧਮਕੀਆਂ ਉਕਤ ਮੂਲਕ ਖਬਰਾਂ ਅਮਰੀਕੀ ਅਵਚੇਤਨ ਵਿਚ ਪਈ ਨਫਰਤ ਦੀ ਸਿਖਰ ਦੇ ਹਵਾਲੇ ਹਨ। ਨਸਲੀ ਹਮਲਿਆਂ ਦੀਆਂ ਘਟਨਾਵਾਂ ਦੇ ਪਿੱਛੇ ਭੁਲੇਖੇ ਅਤੇ ਪ੍ਰਤੀਕਿਰਿਆ ਦੇ ਕਾਰਨਾਂ ਨੂੰ ਅਮਰੀਕੀ ਸੰਚਾਰ ਸਾਧਨਾਂ ਦੀ ਤਰਜ਼ ਤੇ ਅਨੇਕਾਂ ਸਿੱਖ ਸੰਚਾਰ ਸਾਧਨ ਵੀ ਉਵੇਂ ਹੀ ਪ੍ਰਚਾਰ ਰਹੇ ਹਨ। ਖਬਰਾਂ ਵਿਚੋਂ ਉਭਰਦੇ ਪੁਲਿਸ ਦੇ ਬਿਆਨ ਵੀ ਇਸ ਤਰ੍ਹਾਂ ਦੇ ਹੀ ਹੁੰਦੇ ਹਨ ਕਿ ਪਹਿਰਾਵੇ ਅਤੇ ਪਛਾਣ ਦੇ ਅਲਕਾਇਦਾਨਾ ਰੂਪੀ ਹੋਣ ਕਰਕੇ ਹਮਲੇ ਹੁੰਦੇ ਹਨ। ਸਿੱਖਾਂ ਉਪਰ ਹੋਣ ਵਾਲੇ ਹਮਲਿਆਂ ਦਾ ਕਾਰਨ ਪ੍ਰਤੀਕਿਰਿਆਤਮਕ ਏਸ ਕਰਕੇ ਵੀ ਕਿਹਾ ਜਾਂਦਾ ਹੈ ਕਿਉਂਕਿ ਸਤੰਬਰ 2001 ਤੋਂ ਮਗਰੋਂ ਨਸਲੀ ਹਮਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ। ਇਹ ਘਟਨਾ ਅਮਰੀਕਾ ਦੇ ਨਸਲੀ ਹਮਲਾਵਰੀ ਸੁਭਾਅ ਨੂੰ ਮੁੜ-ਸੁਰਜੀਤ ਕਰਨ ਵਿਚ ਤਾਂ ਭੂਮਿਕਾ ਨਿਭਾਉਂਦੀ ਹੈ ਪਰ ਕੁੱਲ ਰੂਪ ਵਿਚ ਇਹ ਇਕੋ-ਇਕ ਕਾਰਨ ਨਹੀਂ ਹੈ।

3.1 ਸਤੰਬਰ 2001 ਤੋਂ ਮਗਰੋਂ ਵਾਪਰੀਆਂ ਨਸਲੀ ਹਮਲਿਆਂ ਦੀ ਘਟਨਾਵਾਂ ਦੇ ਸਿੱਟੇ ਵਜੋਂ ਅਮਰੀਕਨ ਸਿੱਖਾਂ ਅਤੇ ਮੇਜ਼ਬਾਨ ਸਮਾਜ ਦੇ ਸਬੰਧਾਂ ਅਤੇ ਵਰਤਾਵੇ ਵਿਚ ਕਈ ਅਹਿਮ ਤਬਦੀਲੀਆਂ ਵਾਪਰਦੀਆਂ ਹਨ। ਬਲਵੀਰ ਸਿੰਘ ਸੋਢੀ ਜੋ ਅਮਰੀਕੀ ਵਿਸ਼ਵ ਵਪਾਰ ਕੇਂਦਰ ਉਪਰ ਹੋਏ ਅਲਕਾਇਦਾਨਾ ਹਮਲੇ ਦੇ ਵਿਰੋਧ ਵਿਚ ਅਮਰੀਕਨ ਝੰਡਾ ਖਰੀਦਣ ਅਤੇ 9/11 ਹਮਲਿਆਂ ਵਿਚ ਮਾਰੇ ਗਏ ਤੇ ਪੀੜਤਾਂ ਲਈ 75 ਡਾਲਰ ਫੰਡ ਦੇਣ ਗਿਆ ਸੀ ਤਾਂ ਉਸ ਉਪਰ ‘ਫਰੈਂਕ ਸਿਲਵਾ ਰੋਕ’ ਨੇ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਵੇਲੇ ਬਲਵੀਰ ਸੋਢੀ ਨੇ ਕਿਹਾ ‘I stand for America’ ਭਾਵੁਕ, ਪ੍ਰਤੀਕਿਰਿਆਮਈ ਅਤੇ ਭੈਅ ਵਿਚੋਂ ਨਿਕਲੇ ਇਹ ਬੋਲ ਇਕ ਅਮਰੀਕਨ ਸਿੱਖ ਦੇ ਸੱਚੇ ਬੋਲ ਕਹੇ ਜਾ ਸਕਦੇ ਹਨ, ਜਿਨ੍ਹਾਂ ਵਿਚ ਉਹ ਆਪਣੇ ਆਪ ਨੂੰ ਅਮਰੀਕਾ ਪੱਖੀ ਕਹਿ ਰਿਹਾ ਹੈ। ਨਸਲੀ ਹਮਲਿਆਂ ਤੋਂ ਤੁਰੰਤ ਬਾਅਦ ਦਾ ਪਹਿਲਾ ਅਸਰ ਇਹ ਜਾਪਦਾ ਹੈ ਕਿ ਉੱਥੇ ਵਸਦੇ ਸਿੱਖ ਅਮਰੀਕਾ ਦੇ ਪੱਖ ਵਿਚ ਖੜ੍ਹਦੇ ਹਨ। ਅਮਰੀਕਾ ਦੇ ਪੱਖ ਵਿਚ ਖੜ੍ਹ ਕੇ, ਅਮਰੀਕੀ ਸਮਾਜ ਵਿਚ ਰਹਿ ਕੇ, ਅਮਰੀਕੀ ਨਸਲੀ ਹਮਲਿਆਂ ਤੋਂ ਬਚਣ ਲਈ ਚੀਕਦੇ ਹਨ, ਸ਼ਾਂਤੀ ਦੀ ਮੰਗ ਕਰਨ ਲਗਦੇ ਹਨ। ਸੋਢੀ ਦਾ ਭਰਾ ਲਖਵਿੰਦਰ ਸਿੰਘ ਸੋਢੀ ਦੇਸ ਅਮਰੀਕਾ ਨੂੰ ਸੁਨੇਹਾ ਦਿੰਦਾ ਹੈ ਕਿ ਨਫਰਤੀ ਹਮਲੇ ਅਸਹਿਣਯੋਗ ਹਨ ਅਤੇ ਕਹਿੰਦਾ ਹੈ “America wants justice. We showed the world we can’t have hate crimes in our community.”14

ਸਿੱਖਾਂ ਨੇ ਅਮਰੀਕਾ ਦੇ ਪੱਖ ਵਿਚ ਖੜ੍ਹ ਕੇ ਅਤੇ ਆਪਣੇ ਆਪ ਨੂੰ ਅਮਰੀਕੀ ਸਮਾਜ ਦਾ ਹਿੱਸਾ ਦੱਸ ਕੇ ਪਹਿਲੀ ਮੰਗ ਨਿਆਂ ਦੀ ਕੀਤੀ। ਅਮਰੀਕੀ ਸਿੱਖ ਸਮਾਜ ਨੇ ਲਗਭਗ ਇਕ ਸਦੀ ਦੇ ਰਿਸ਼ਤੇ ਵਿਚ ਅਮਰੀਕੀਆਂ ਲਈ ਨਿਭਾਈ ਵਫਾਦਾਰੀ ਦੇ ਹਵਾਲਿਆਂ ਨਾਲ ਇਹ ਮੰਗ ਕੀਤੀ ਸੀ। ਅਮਰੀਕਾ ਵਿਚ ਸਿੱਖਾਂ ਨੇ ਆਪਣੇ ਆਪ ਨੂੰ ਸ਼ਾਂਤੀ ਪਸੰਦ ਧਾਰਮਕ ਸਮਾਜ ਵਜੋਂ ਪਰਿਭਾਸ਼ਤ ਕੀਤਾ, ਉਥੋਂ ਦੇ ਮਾਹੌਲ ਵਿਚ ਢਲ ਕੇ ਸੋਹਲ, ਸਭਿਅਕ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਜਿਉਣਾ ਸਿੱਖ ਲਿਆ ਹੈ। ਇਸ ਲਈ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸ਼ਾਂਤਮਈ ਅਤੇ ਨਿਆਂ ਦੀ ਮੰਗ ਵਜੋਂ ਹੋਣੀ ਸੁਭਾਵਕ ਹੈ।

ਇਸੇ ਪੱਖ ਨੂੰ ਜੇਕਰ ਆਸਟਰੇਲੀਆ ਵਿਚ ਸਿੱਖਾਂ ਉਪਰ ਹੋਏ ਨਸਲੀ ਹਮਲਿਆਂ ਦੀ ਲੋਅ ਵਿਚ ਤੁਲਨਾ ਕੇ ਵੇਖਿਆ ਜਾਵੇ ਤਾਂ ਕੁਝ ਵਖਰਤਾਵਾਂ ਨਜਰ ਆਉਂਦੀਆਂ ਹਨ। ਆਸਟਰੇਲੀਆ ਵਿਚ ਪਿਛਲੇ ਕੁਝ ਸਾਲਾਂ ਵਿਚ ਹੀ ਸਿੱਖਾਂ ਦੀ ਗਿਣਤੀ 200 ਗੁਣਾ ਤੋਂ ਜ਼ਿਆਦਾ ਹੋਈ ਹੈ, ਉਥੇ ਵਧੇਰੇ ਨਵੀਂ ਪੀੜ੍ਹੀ ਗਈ ਜਿਸ ਕੋਲ ਸਭਿਆਚਾਰਕ ਕੀਮਤਾਂ ਇਧਰਲੇ ਪੰਜਾਬ ਵਾਲੀਆਂ ਹਨ। ਉਥੇ ਜਦੋਂ ਗੋਰਿਆਂ ਵਲੋਂ ਸਿੱਖਾਂ ਉਪਰ ਨਸਲੀ ਹਮਲੇ ਹੋਏ ਤਾਂ ਅਨੇਕਾਂ ਨੌਜਵਾਨਾਂ ਨੇ ਨਿਆਂ ਦੀ ਪੁਕਾਰ ਦੀ ਥਾਂ ਇਕੱਠੇ ਹੋ ਕੇ ਹਮਲਾਵਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਬਲਕਿ ਆਪਣੇ ਸਭਿਆਚਾਰਕ ਸੁਭਾਅ ਮੁਤਾਬਕ ਪਹਿਲੇ ਦਿਨ ਜਿਥੇ ਘਟਨਾ ਵਾਪਰੀ ਸੀ। ਗੋਰਿਆਂ ਨੂੰ ਟੱਕਰਨ ਲਈ ਉਥੇ ਦੂਸਰੇ ਦਿਨ ਵੀ ਪਹੁੰਚੇ ਕਿ ਹੋ ਸਕੇ ਹਮਲਾਵਰ ਦੂਸਰੇ ਦਿਨ ਵੀ ਉਥੇ ਪਹੁੰਚਣ। ਆਸਟਰੇਲੀਆ ਦੇ ਜਵਾਨ ਵਰਗ ਵਿਚੋਂ ਕੁਝ ਕੁ ਦਾ ਮੰਨਣਾ ਹੈ ਕਿ ਆਸਟਰੇਲੀਆ ਵਿਚ ਸਿੱਖਾਂ ਨਸਲੀ ਹਮਲੇ ਸਰਕਾਰੀ ਪ੍ਰਬੰਧ ਜਾਂ ਨਿਆਂ ਕਰਕੇ ਨਹੀਂ ਰੁਕੇ ਸਗੋਂ ਕਈ ਥਾਵਾਂ ਤੇ ਕਰਾਰਾ ਜਵਾਬ ਦੇਣ ਕਰਕੇ ਰੁਕੇ ਹਨ।15

ਦਿੱਕਤ ਇਹ ਹੈ ਕਿ ਅਜਿਹੀਆਂ ਖਬਰਾਂ ਛਪੀਆਂ ਨਹੀਂ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਆਸਟਰੇਲੀਆ ਵਿਚ ਨਵੀਂ ਨਵੀਂ ਗਈ ਪੀੜ੍ਹੀ ਨੇ ਉਸ ਤਰ੍ਹਾਂ ਕਾਨੂੰਨ ਵਿਧਾਨ ਵਿਚ ਰਹਿਣਾ ਨਹੀਂ ਸਿੱਖਿਆ ਜਿਸ ਤਰ੍ਹਾਂ ਅਮਰੀਕੀ ਸਿੱਖ ਆਦਤਨ ਹੋ ਚੁੱਕੇ ਹਨ। ਅਮਰੀਕੀ ਸਿੱਖਾਂ ਨੇ ਨਸਲੀ ਹਮਲਿਆਂ ਦੀ ਪ੍ਰਤੀਕਿਰਿਆ ਨੂੰ ਕਾਨੂੰਨ ਵਿਧਾਨ ਵਿਚ ਅਤੇ ਅਮਰੀਕਾ ਪੱਖੀ ਬਣੇ ਰਹਿ ਕੇ ਜ਼ਾਹਰ ਕਰਨ ਦਾ ਰਾਹ ਚੁਣਿਆ।

3.2 ਅਮਰੀਕੀ ਮੇਜ਼ਬਾਨ ਸਮਾਜ ਵਿਚ ਸ਼ਾਂਤੀ ਨਾਲ ਰਹਿ ਕੇ ਵੀ ਹਮਲਿਆਂ ਦੇ ਸ਼ਿਕਾਰ ਸਿੱਖਾਂ ਨੇ ਇਸ ਸਮੱਸਿਆ ਨੂੰ ਸਮਝਣ ਦਾ ਮਾਰਗ ਵੀ ਚੁਣਿਆ। ਉਨ੍ਹਾਂ ਨੇ ਇਕੱਠੇ ਹੋ ਕੇ ਆਪਣੀ ਮੁਸ਼ਕਲ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਨੂੰ ਦੱਸਣੀ ਚਾਹੀ। ਅਮਰੀਕਨ ਸਿੱਖਾਂ ਦੇ ਇਕ ਸਰਗਰਮ ਹਿੱਸੇ ਨੇ ਇਹ ਦ੍ਰਿਸ਼ਟੀ ਬਣਾਈ ਕਿ ਜੇਕਰ ਇਸ ਬਾਬਤ ਕੋਈ ਮਜ਼ਬੂਤ ਕਦਮ ਨਾ ਚੁੱਕਿਆ ਗਿਆ ਤਾਂ ਇਸ ਦੇ ਮੁੜ-ਮੁੜ ਵਾਪਰਨ ਦੀਆਂ ਸੰਭਾਵਨਾਵਾਂ ਹਨ।16

ਸਿੱਖ ਕੋਲੀਸ਼ਨ ਵਰਗੀਆਂ ਸੰਸਥਾਵਾਂ ਨੇ ਸੰਚਾਰ ਸਾਧਨਾਂ ਰਾਹੀਂ ਨਸਲੀ ਹਮਲੇ ਦੀ ਸਿੱਖ ਸਮੱਸਿਆ ਨੂੰ ਵਿਸਤਾਰ ਕੇ ਅਮਰੀਕੀ ਸਮਾਜ ਦੀ ਸਮੱਸਿਆ ਵਜੋਂ ਪਰਿਭਾਸ਼ਤ ਕਰਨ ਦੇ ਜਤਨ ਕੀਤੇ ਤੇ ਕਿਹਾ “This is not a Sikh problem, this is a human problem, a New York problem and an American problem about how they take responsibility for others”.17

ਸਿੱਖਾਂ ਦੇ ਪੜ੍ਹੇ ਲਿਖੇ ਵਰਗ ਨੇ ਇਸਨੂੰ ਅਮਰੀਕੀ ਸਦਾਚਾਰ ਦੀ ਵਿਧੀ ਨਾਲ ਸੁਲਝਾਉਣ ਦੇ ਜਤਨ ਕੀਤੇ। SALDEF, Sikh Federation, Sikh Coalition ਆਦਿ ਸੰਸਥਾਵਾਂ ਇਸ ਪਾਸੇ ਮੋਹਰੀ ਹਨ। ਪਰੰਤੂ ਰਾਜਨੀਤਕ ਤਾਕਤਾਂ ਨੂੰ ਸਦਾਚਾਰਕ ਪ੍ਰੇਰਨਾਵਾਂ ਨਾਲ ਉਕਸਾਉਣਾ ਮੁਸ਼ਕਲ ਹੁੰਦਾ ਹੈ, ਕੁਝ ਇਕ ਪੱਧਰ ਉਪਰ ਅਜਿਹੇ ਕਾਰਜਾਂ ਦੇ ਅਸਰ ਜ਼ਰੂਰ ਹੋਏ ਹਨ। ਯੂਨਾਈਟਡ ਸਟੇਟਸ ਕਾਂਗਰਸ ਦੇ 30 ਮੈਬਰਾਂ ਨੇ ਸਕੂਲੀ ਸਿੱਖ ਬੱਚਿਆਂ ਨੂੰ ਡਰਾਉਣ-ਧਮਕਾਉਣ ਵਿਰੁੱਧ ਚਿੱਠੀ ਲਿਖ ਕੇ ਦਸਤਖਤਾਂ ਸਹਿਤ, ਅਮਰੀਕੀ ਸਿੱਖਿਆ ਵਿਭਾਗ ਅਤੇ ਨਿਆਂ ਵਿਭਾਗ ਨੂੰ ਭੇਜੀ ਹੈ।18

ਡਾਇਸਪੋਰਕ ਹਾਲਤਾਂ ਵਿਚ ਅਜਿਹੇ ਸਦਾਚਾਰਕ ਦਬਾਅ ਛੇਤੀ ਅਤੇ ਸੁਖਾਲੇ ਸੰਭਵ ਹੋ ਸਕਦੇ ਹਨ ਪਰ ਰਾਜਨੀਤਕ ਦਬਾਅ ਬਣਾਉਣਾ ਔਖਾ ਕਾਰਜ ਹੁੰਦਾ ਹੈ। ਆਪਣੀ ਮੂਲ ਧਰਤੀ ਉਪਰ ਵੀ ਅਧੀਨਾਂ ਵਾਂਗ ਮਹਿਸੂਸ ਕਰ ਰਹੇ ਕਿਸੇ ਡਾਇਸਪੋਰਕ ਸਮਾਜ ਲਈ ਕਿਸੇ ਤਰ੍ਹਾਂ ਦਾ ਅੰਤਰਰਾਸ਼ਟਰੀ ਦਬਾਅ ਬਣਾਉਣਾ ਹੋਰ ਵੀ ਮੁਸ਼ਕਲ ਹੁੰਦਾ ਹੈ। ਪਰੰਤੂ ਕਈ ਹਾਲਤਾਂ ਵਿਚ ਵਿਸ਼ਵ ਭਰ ਦੇ ਸਿੱਖਾਂ ਨੇ ਇਕੱਠੇ ਹੋ ਕੇ ਆਪਣੇ ਆਪ, ਸ਼ੋਸਲ ਸੰਚਾਰ ਸਾਧਨਾਂ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਸਿੱਖ ਧਰਮ ਅਤੇ ਸਿੱਖ ਸਮਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਆਰੰਭ ਕੀਤਾ ਹੈ। ਸਿੱਖ ਧਰਮ ਦੇ ਨਿਆਂਕਾਰੀ, ਬਰਾਬਰੀ ਦੇ ਧਾਰਨੀ, ਭਾਈਚਾਰਕ ਸਾਂਝ, ਸਾਂਝੀਵਾਲ ਅਤੇ ਜ਼ੁਲਮ ਜਬਰ ਦੇ ਵਿਰੋਧੀ ਮੁੱਲਾਂ ਨੂੰ ਉਭਾਰਿਆ ਗਿਆ ਹੈ ਤਾਂ ਕਿ ਦੁਨੀਆ ਭਰ ਦੇ ਲੋਕਾਂ ਨੂੰ ਸਿੱਖਾਂ ਦੇ ਉਦਾਰ ਬਾਰੇ ਦੱਸਿਆ ਜਾਵੇ ਅਤੇ ਨਸਲੀ ਹਮਲਿਆਂ ਨੂੰ ਕਾਬੂ ਕੀਤਾ ਜਾ ਸਕੇ।19

ਉਨ੍ਹਾਂ ਨੇ ਇਸ ਨੂੰ ਇਕ ਸਦਾਚਾਰਕ ਲਹਿਰ ਦਾ ਰੂਪ ਦੇਣ ਦਾ ਜਤਨ ਵੀ ਕੀਤਾ। ਅਮਰੀਕਾ, ਇੰਗਲੈਂਡ, ਕੈਨੇਡਾ ਆਦਿ ਵਿਚ ਮੋਮਬੱਤੀ ਮਾਰਚ ਆਦਿ ਕੱਢੇ ਗਏ। ਅਜਿਹੇ ਕਾਰਜ ਆਮ ਲੋਕਾਈ ਵਿਚ ਜਾਗਰੂਕਤਾ ਤਾਂ ਪੈਦਾ ਕਰ ਸਕਣ ਦੇ ਸਮਰੱਥ ਹੁੰਦੇ ਹਨ ਪਰ ਸਦੀਆਂ ਤੋਂ ਕੰਮ ਕਰ ਰਹੇ ਨਸਲੀ ਸਮੂਹਾਂ ਉਪਰ ਅਜਿਹੇ ਜਤਨਾਂ ਦਾ ਕੋਈ ਅਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਜਿਹੇ ਜਤਨਾਂ ਨਾਲ ਪ੍ਰਸ਼ਾਸਨ ਰਾਹੀਂ ਸੁਧਾਰ ਅਤੇ ਸੁਰੱਖਿਆ ਦੀਆਂ ਕੁਝ ਕੁ ਸੰਭਾਵਨਾਵਾਂ ਹੋ ਸਕਦੀਆਂ ਹਨ।
ਇਸੇ ਤਰ੍ਹਾਂ ਆਮ ਸਿੱਖਾਂ ਨੇ ਸਥਾਨਕ ਸਮਾਜ ਵਿਚ ਸਾਂਝ ਦੇ ਵਰਤਾਰੇ ਨੂੰ ਫੈਲਾਉਣ ਤੇ ਮਜ਼ਬੂਤ ਕਰਨ ਲਈ ਦਸਤਾਰਾਂ ਬੰਨ੍ਹ ਕੇ ਲੰਗਰ ਵੀ ਚਲਾਏ ਅਤੇ ਹੋਰ ਥਾਵਾਂ ’ਤੇ ਸੇਵਾ ਕਾਰਜ ਵੀ ਕੀਤੇ ਤਾਂ ਕਿ ਸਿੱਖਾਂ ਦੀ ਪੱਗ ਅਤੇ ਦਾੜ੍ਹੀ ਦੀ ਪਛਾਣ ਦੀ ਤਾਲਿਬਾਨੀ ਪਛਾਣ ਨਾਲੋਂ ਵੱਖਰਤਾ ਉਭਰ ਸਕੇ ਅਤੇ ਇਸ ਵੱਖਰਤਾ ਬਾਰੇ ਲੋਕ ਜਾਣ ਸਕਣ।

3.3 ਪਛਾਣ ਦੇ ਮਸਲੇ ਬਾਰੇ ਇਨ੍ਹਾਂ ਘਟਨਾਵਾਂ ਤੋਂ ਮਗਰੋਂ ਅਮਰੀਕਾ ਵਿਚ ਵਸਦੇ ਸਿੱਖ ਇਕ ਵਾਰ ਫਿਰ ਮੁੜ-ਵਿਚਾਰਨ ਲਈ ਮਜ਼ਬੂਰ ਹੋਏ। ਭਾਸ਼ਾ, ਧਰਮ, ਅਕਾਦਮਿਕਤਾ ਅਤੇ ਸਮਾਜਕ ਵਰਤਾਰੇ ਦੇ ਪੱਧਰ ਤੇ ਸਿੱਖਾਂ ਨੇ ਪਛਾਣ ਸਥਾਪਤ ਕਰਨ ਦੇ ਜਤਨ ਕੀਤੇ। ਵਰਤਮਾਨ ਵਿਸ਼ਵ ਅਤੇ ਮਨੁੱਖ ਦੇ ਮਸਲਿਆਂ ਨੂੰ ਸਿੱਖ ਦਰਸ਼ਨ ਅਤੇ ਪਰੰਪਰਾ ਦੀ ਵਿਆਖਿਆ ਸੁਲਝਾਉਣ ਦੇ ਹੱਲ ਪੇਸ਼ ਕਰਨ ਲੱਗੇ। ਵਾਤਵਰਣ, ਵਿਸ਼ਵ ਅੱਤਵਾਦ ਅਤੇ ਨਫਰਤ ਆਦਿ ਨੂੰ ਸਿੱਖ ਮੁਹਾਵਰੇ ਤੋਂ ਸੰਬੋਧਤ ਹੋਣ ਲੱਗੇ। ਸਿੱਖਾਂ ਵਲੋਂ ਇਕ ਵੱਖਰੇ ਸਿੱਖ ਦੇਸ ਦੀ ਮੰਗ ਵੀ ਉਭਰੀ ਜਿਸਨੇ ਖਾਲਸਤਾਨੀ ਵਿਚਾਰ ਨੂੰ ਮਜ਼ਬੂਤ ਕੀਤਾ। ਜਾਰਜੀਓ ਸ਼ਾਨੀ ਸਿੱਖ ਕੌਮਵਾਦ ਨਾਲ ਸਬੰਧਤ ਆਪਣੀ ਕਿਤਾਬ ਵਿਚ ਇਸ ਪੱਖ ਨੂੰ ਪੂਰੇ ਇਕ ਅਧਿਆਇ ਵਿਚ ਵਿਚਾਰਦਾ ਹੈ।20

9/11 ਤੋਂ ਪਹਿਲਾਂ ਵੱਖੋ ਵੱਖਰੇ ਡਾਇਸਪੋਰੇ ਅਮਰੀਕੀ ਪ੍ਰਬੰਧ ਵਿਚ ਆਪਣਾ ਸਥਾਈ ਜੀਵਨ ਬਿਤਾਉਣਾ ਚਾਹੁੰਦੇ ਸਨ ਪਰ 9/11 ਤੋਂ ਮਗਰੋਂ ਉਹ ਫਿਰ ਆਪਣੇ ਮੂਲਵਾਸ ਨਾਲ ਜੁੜ ਕੇ ਆਪਣੀ ਨਿਵੇਕਲੀ ਪਛਾਣ ਅਤੇ ਅਜ਼ਾਦ ਧਰਤੀ ਬਾਰੇ ਸੋਚਣ ਲੱਗੇ ਹਨ। ਅਮਰੀਕਾ ਵਿਚ ਸਿੱਖ ਪਛਾਣ ਸਥਾਪਤ ਕਰਨ ਦੇ ਜਤਨਾਂ ਦਾ ਚੀਨੀ, ਜਪਾਨੀ ਅਤੇ ਹੋਰ ਏਸ਼ਆਈ ਡਾਇਸਪੋਰਿਆਂ ਨੇ ਸਵਾਗਤ ਵੀ ਕੀਤਾ ਹੈ।

3.4 ਨਸਲੀ ਹਮਲਿਆਂ ਅਤੇ ਵਿਤਕਰਿਆਂ ਦੇ ਸਿੱਟੇ ਵਜੋਂ ਨਵੇਂ ਪਰਵਾਸ ਕੀਤੇ ਅਤੇ ਕੰਮਾਂ-ਕਾਰਾਂ ਦੀਆਂ ਮੁਸ਼ਕਲਾਂ ਤੇ ਮਜ਼ਬੂਰੀਆਂ ਵਿਚ ਫਸੇ ਕੁਝ ਸਿੱਖ ਲੋਕ ਆਪਣੀ ਕੇਸ-ਦਾੜ੍ਹੀ ਵਾਲੀ ਪਛਾਣ ਤੋਂ ਮੁਨਕਰ ਵੀ ਹੋਏ ਹਨ ਕਿਉਂਕਿ ਸੰਚਾਰ ਸਾਧਨਾਂ ਉੱਪਰ ਵਧੇਰੇ ਪ੍ਰਚਾਰ ਇਹੀ ਸੀ ਕਿ ਕੇਸ-ਦਾੜ੍ਹੀ ਅਤੇ ਪਹਿਰਾਵੇ ਤੋਂ ਪਛਾਣ ਕੇ ਹੀ ਹਮਲੇ ਹੁੰਦੇ ਹਨ। 9/11 ਤੋਂ ਮਗਰੋਂ ਸਿੱਖ ਨੌਕਰੀਆਂ, ਜਨਤਕ ਥਾਵਾਂ ਤੇ ਵੀ ਸਿੱਖ ਪਛਾਣ ਨਾਲ ਵਿਤਕਰਾ ਹੋਇਆ। ‘ਵੱਡੀਆਂ ਕੰਪਨੀਆਂ ਨੇ ਸਿੱਖਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ। ਦਸਤਾਰਧਾਰੀ ਸਿੱਖਾਂ ਨੂੰ ਤੰਗ ਅਤੇ ਜ਼ਲੀਲ ਕੀਤਾ ਗਿਆ। ਸਰਕਾਰੀ ਸੈਕਟਰ ਵਿਚ ਵੀ ਸਿੱਖਾਂ ਨਾਲ 9/11 ਤੋਂ ਮਗਰੋਂ ਵਿਤਕਰੇ ਹੋਏ। ਨਿਊਯਾਰਕ ਪੁਲਿਸ ਦੇ ਮੁਲਾਜ਼ਮ ਜਗਜੀਤ ਸਿੰਘ ਜੱਗੀ ਨੂੰ ਉੋਸ ਦੇ ਨਿਯੁਕਤੀਕਾਰ ਵਲੋਂ ਦਸਤਾਰ ਲਾਹੁਣ ਜਾਂ ਅਸਤੀਫਾ ਦੇਣ ਲਈ ਕਿਹਾ ਗਿਆ। ਉੋਸ ਨੇ ਇਹ ਵੀ ਕਿਹਾ ਕਿ ਨਹੀਂ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ।21

ਸਿੱਖਾਂ ਦੇ ਇਕ ਵਰਗ ਦਾ ਆਪਣੀ ਪਛਾਣ ਤੋਂ ਕਿਨਾਰਾ ਕਰਨ ਦਾ ਇਹ ਵੀ ਇਕ ਖਾਸ ਕਾਰਨ ਬਣਿਆ ਇਸ ਦੇ ਸਮਵਿਥ ਹੀ ਅਨੇਕਾਂ ਸਿੱਖਾਂ ਵਲੋਂ ਆਪਣੀ ਧਾਰਮਕ ਪਛਾਣ ਲਈ ਸਹੂਲਤਾਂ ਅਤੇ ਨੌਕਰੀਆਂ ਤਿਆਗਣ ਦੇ ਹਵਾਲੇ ਵੀ ਮਿਲਦੇ ਹਨ।

ਵਿਸ਼ੇ ਅਧੀਨ ਨਫਰਤੀ ਹਮਲਿਆਂ ਦੀ ਘਟਨਾਵਾਂ ਨੇ ਅਮਰੀਕੀ ਸਿੱਖ ਮਨ ਵਿਚ ਕਿਤੇ-ਕਿਤੇ ਇਕ ਹਊਆ ਵੀ ਸਿਰਜਿਆ ਹੈ। ਅਮਰੀਕੀ ਤਰਜ਼ ਉਪਰ ਆਪਣੀ ਜ਼ਿੰਦਗੀ ਨੂੰ ਸੌਖ ਵਿਚ ਢਾਲ ਚੁਕੇ ਵਰਗ ਉਪਰ ਤੇਜ਼ ਪ੍ਰਤੀਕਰਮ ਇਹ ਵਾਪਰਿਆ ਕਿ ਉਹ ਜਨਤਕ ਥਾਵਾਂ ਤੇ ਜਾਣ ਤੋਂ ਕਿਨਾਰਾਕਸ਼ੀ ਜਾਂ ਸੰਜਮ ਕਰਨ ਲੱਗੇ। ਹੁਣ ਵੀ ਕਾਫੀ ਜਨਤਕ ਥਾਵਾਂ ਤੇ ਸਿੱਖਾਂ ਨੂੰ ਪੱਗ ਲਾਹੁਣ ਲਈ ਜਾਂ ਵਾਪਸ ਜਾਣ ਲਈ ਮਜ਼ਬੂਰ ਕਰਨ ਦੀਆਂ ਘਟਨਾਵਾਂ ਦੇ ਸਿੱਖ ਦਸਤਾਰ ਬਾਰੇ ਪ੍ਰਾਪਤ ਲੰਮੇ ਪਰਚੇ ਵਿਚ ਇਸ ਪੱਖ ਦੇ ਕਈ ਹਵਾਲੇ ਦਿੱਤੇ ਗਏ ਹਨ।22

ਅਮਰੀਕੀ ਨਾਗਰਿਕ ਸ਼ੇਰ ਜੇ.ਬੀ. ਸਿੰਘ ਨੂੰ Rhode Island ਦੇ ਇਲਾਕੇ ਵਿਚ ਉਸਦੇ ਦਸਤਾਰ ਪਹਿਨਣ ਕਰਕੇ ਹੱਥਕੜੀ ਲਗਾਈ ਗਈ ਅਤੇ ਸੱਤ ਘੰਟੇ ਹਿਰਾਸਤ ਵਿਚ ਰੱਖਿਆ ਗਿਆ।23

ਹੋਰ ਵੀ ਕਈ ਅਹਿਮ ਸਿੱਖ ਸ਼ਖਸੀਅਤਾਂ ਨੂੰ ਦਸਤਾਰ ਧਾਰਨ ਕਰਕੇ ਜ਼ਲੀਲ ਕੀਤੇ ਜਾਣ ਦੇ ਹਵਾਲੇ ਮਿਲਦੇ ਹਨ। ਇਸ ਵਰਤਾਰੇ ਨੇ ਸਿੱਖਾਂ ਦੇ ਇਕ ਹਿੱਸੇ ਵਿਚ ਵੱਡੇ ਪੱਧਰ ਤੇ ਸਮਾਜਕ ਵਰਤਾਉ ਵਿਚ ਬਦਲਾਅ ਲਿਆਂਦਾ ਹੈ। ਵਿਤਕਰੇ ਅਤੇ ਦਮਨ ਤੋਂ ਪ੍ਰੇਰਤ ਸਭਿਆਚਾਰਕ ਹਿਕਾਰਤ ਦੀਆਂ ਘਟਨਾਵਾਂ ਕਰਕੇ ਅਮਰੀਕੀ ਸਿੱਖ ਅਵਚੇਤਨ ਆਪਣੇ ਆਪ ਨੂੰ ਅਮਰੀਕੀ ਮੇਜ਼ਬਾਨ ਸਮਾਜ ਵਿਚ ਦਰਕਿਨਾਰ ਸਮਝਣ ਲਗ ਪਿਆ ਹੈ। ਪੂਰੀ ਸਦੀ ਤੋਂ ਉਪਰ ਦੇ ਵਸੇਬੇ ਅਤੇ ਸਮਾਜਕ-ਸਭਿਆਚਾਰਕ ਮੇਲ-ਮਿਲਾਪ ਵਿਚ ਸਿੱਖ ਡਾਇਸਪੋਰਾ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਮੰਨਣ ਲੱਗ ਪਿਆ ਸੀ। ਪਰ ਇੱਥੇ ਕਾਨੂੰਨੀ-ਕਾਗਜ਼ੀ ਪ੍ਰਵਾਨਗੀ ਅਤੇ ਸਭਿਆਚਾਰਕ ਪ੍ਰਵਾਨਗੀ ਵੱਖੋ ਵੱਖਰੇ ਵਰਤਾਰਿਆਂ ਵਜੋਂ ਉਭਰਦੇ ਹਨ। ਕਾਨੂੰਨੀ-ਕਾਗਜ਼ੀ ਪ੍ਰਵਾਨਗੀ ਨਾਲ ਡਾਇਸਪੋਰਾ ਜਾਂ ਅਧੀਨ ਜਾਂ ਘੱਟਗਿਣਤੀ ਸਮਾਜ ਤਾਂ ਆਪਣੇ-ਆਪ ਨੂੰ ਪ੍ਰਵਾਨ ਮਹਿਸੂਸ ਕਰਨ ਲੱਗਦੇ ਹਨ ਪਰ ਕਾਬਜ (dominant) ਸਮਾਜ ਉਨ੍ਹਾਂ ਨੂੰ ਉਹ ਥਾਂ ਨਹੀਂ ਦਿੰਦਾ ਜਾਂ ਘੱਟ ਦਿੰਦਾ ਹੈ ਜੋ ਇਕ ਉਸ ਦੇ ਆਪਣੇ ਧਰਮ, ਨਸਲ, ਸਮਾਜ ਦੇ ਨਾਗਰਿਕ ਨੂੰ ਹਾਸਲ ਹੈ। ਕਿਸੇ ਖਾਸ ਘਟਨਾ ਦੇ ਵਾਪਰਨ ਤੇ ਕਾਬਜ਼ ਸਮਾਜ ਉਨ੍ਹਾਂ ਨੂੰ ਅਧੀਨਗੀ, ਬੇਗਾਨਗੀ ਦਾ ਅਹਿਸਾਸ ਕਰਵਾਉਂਦਾ ਹੈ ਜਦਕਿ ਕਾਨੂੰਨ ਉਨ੍ਹਾਂ ਨੂੰ ਬਰਾਬਰ ਦੇ ਨਾਗਰਿਕ ਮੰਨਦਾ ਹੈ। ਨਾਗਰਿਕਤਾ ਦੇ ਬਾਵਜੂਦ ਵੀ ਅਧੀਨਗੀ, ਬੇਗਾਨਗੀ, ਵਿਤਕਰੇ ਅਤੇ ਪਛਾਣ ਪ੍ਰਤੀ ਹਿੰਸਾ ਦੇ ਵਰਤਾਰੇ ਇਕ ਅਜਿਹਾ ਹਊਆ (Trauma) ਖੜ੍ਹਾ ਕਰਦੇ ਹਨ ਕਿ ਡਾਇਸਪੋਰਕ ਜਾਂ ਅਧੀਨ ਮਨ ਆਪਣੇ ਕਿਸੇ ਟਿਕਾਣੇ, ਆਪਣੀ ਧਰਤੀ ਬਾਰੇ ਸੋਚਣ ਲਗਦਾ ਹੈ। ਸਿੱਖ ਡਾਇਸਪੋਰੇ ਦੇ ਇਸ ਹਊਏ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਮੂਲ ਮੂਲ ਧਰਤੀ ਬਾਰੇ, ਮੂਲ ਧਰਮ ਬਾਰੇ, ਰਾਜਨੀਤਕ ਅਜ਼ਾਦੀ ਬਾਰੇ ਸੋਚਣ ਲਗਾ ਦਿੱਤਾ ਹੈ।

3.5 ਪਿੱਛੇ ਜ਼ਿਕਰ ਆਇਆ ਹੈ ਕਿ ਅਮਰੀਕਨ ਹਮਲਾਵਰਾਂ ਨੇ ਹਮਲਿਆਂ ਦੌਰਾਨ ਆਪਣੇ ਆਪ ਨੂੰ ਸੱਚੇ ਦੇਸ ਭਗਤ ਕਿਹਾ ਅਤੇ ਪੁਲਿਸ, ਅਦਾਲਤ ਅਤੇ ਮੀਡੀਆ ਨੂੰ ਵੀ ਇਹੀ ਜਵਾਬ ਦਿੱਤਾ। ਇਸ ਦੇ ਸਿੱਟੇ ਵਜੋਂ ਨਸਲੀ ਹਮਲਿਆਂ ਤੋਂ ਬਾਅਦ ਅਮਰੀਕਾ ਅੰਦਰ ਸਿੱਖ ਵਿਹਾਰ ਵਿਚ ਇਕ ਖਾਸ ਪ੍ਰਤੀਕਰਮ ਇਹ ਵੀ ਵਾਪਰਿਆ ਕਿ ਸਿੱਖਾਂ ਨੇ ਆਪਣੇ ਆਪ ਨੂੰ ‘ਅਮਰੀਕਨ ਸਿੱਖ’ ਦੇ ਤੌਰ ’ਤੇ ਅਮਰੀਕਾ ਲਈ ਕੌਮੀਕ੍ਰਿਤ ਰੂਪ ਵਿਚ ਪਰਿਭਾਸ਼ਤ ਅਤੇ ਪ੍ਰਚਾਰਤ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜ਼ੋਰ ਪਾਇਆ ਕਿ ‘ਅਮਰੀਕਨ ਸਿੱਖ’ ਹੋਣ ਕਰਕੇ ਉਨ੍ਹਾਂ ਉਪਰ ਹੋਣ ਵਾਲੇ ਹਮਲਿਆਂ ਨੂੰ ਰੋਕਣ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੈ। ਜ਼ਾਰਜੀਓ ਸ਼ਾਨੀ ‘ਅਮਰੀਕਨ ਸਿੱਖ’ ਮਦ ਦੇ ਇਕਦਮ ਪਰਿਭਾਸ਼ਕ ਬਦਲਾਉ ਬਾਰੇ ਲਿਖਦਾ ਹੈ ਕਿ “ਭਾਵੇਂ ‘ਸਿੱਖ-ਅਮਰੀਕਨ’ ਮਦ 9/11 ਪਹਿਲਾਂ ਵੀ ਵਰਤੀ ਜਾਂਦੀ ਸੀ ਪਰ ਇਸ ਦਿਨ ਤੋਂ ਇਸਦੀ ਮਹੱਤਤਾ ਵਿਚ ਬਦਲਾਅ ਆਇਆ ਹੈ। ਜਿਥੇ ਪਹਿਲਾਂ ਅਮਰੀਕਨ ਚੇਤਨਾ ਬਾਕੀ ਭਾਰਤੀਆਂ ਨਾਲੋਂ ਸਿੱਖਾਂ ਨੂੰ ਵਖਰਿਆਉਣ ਲਈ ਵਰਤੀ ਜਾਂਦੀ ਸੀ ਉਥੇ ਮਗਰੋਂ ਇਸਨੂੰ ‘ਅਮਰੀਕਨ ਨਾਗਰਿਕ’ ਵਜੋਂ ਮੁੜ ਪਰਿਭਾਸ਼ਤ ਕੀਤਾ ਗਿਆ।”24

ਸਿੱਖਾਂ ਵਲੋਂ ਕੀਤਾ ਗਿਆ ਇਹ ਇਕ ਰਾਜਸੀ-ਅਕਾਦਮਿਕ ਜਤਨ ਹੈ ਜਿਸ ਤਹਿਤ ਉਹ ਆਪਣੇ ਆਪ ਨੂੰ ‘ਅਮਰੀਕੀ ਕੌਮਵਾਦ’ ਦੇ ਅੰਗ ਵਜੋਂ ਪਰਿਭਾਸ਼ਤ ਕਰਕੇ ਨਫਰਤ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਪਰ ਅਮਰੀਕੀ ‘ਹਥਿਆਰ ਸਭਿਆਚਾਰ’ ਦੇ ਦਹਿਸ਼ਤੀ ਨਸਲੀ ਸਮੂਹਾਂ ਦਾ ਅਜਿਹੀਆਂ ਧਾਰਨਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ।

4.0 ਸਿੱਟੇ ਵਜੋਂ ਕਿਸੇ ਪਰਾਏ ਸਮਾਜ ਦੀ ਮੇਜ਼ਬਾਨੀ ਵਿਚ ਆਪਣੀ ਮੁਕੰਮਲ ਪਛਾਣ ਸਹਿਤ ਲੰਮਾ ਸਮਾਂ ਵਿਚਰਨਾ ਜਾਂ ਪੱਕਾ ਵਸੇਬਾ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ।ਅਧੀਨ ਸਮਾਜਾਂ/ਸਭਿਆਚਾਰਾਂ ਲਈ ਆਪਣੇ ਮੂਲ ਖਿੱਤੇ ਵਿਚ ਵੀ ਪੂਰੀ ਪਛਾਣ ਸਹਿਤ ਵਿਚਰਨਾ ਜ਼ੋਖਮ ਭਰਿਆ ਕਾਰਜ ਬਣਦਾ ਜਾ ਰਿਹਾ ਹੈ ਪਰ ਡਾਇਸਪੋਰਕ ਹਾਲਤਾਂ ਵਿਚ ਦੇਸਹੀਣ ਲੋਕਾਂ ਲਈ ਇਹ ਹੋਰ ਵੀ ਵਧੇਰੇ ਮੁਸ਼ਕਲ ਹੈ। ਪੁਰਾਤਨ ਯੁਗ ਤੋਂ ਹੀ ਵਿਸ਼ਵ ਵਿਚ ਰਾਜਨੀਤਕ ਤਾਕਤਾਂ ਅਧੀਨ ਵਰਗਾਂ ਨੂੰ ਆਪਣੀ ਵਲਗਣ ਵਿਚ ਲੈਂਦੀਆਂ ਆਈਆਂ ਹਨ ਜਿਸ ਵਿਚ ਕੇਵਲ ਤਾਕਤ ਜਾਂ ਮੁਖਧਾਰਾ ਨਾਲ ਰਲ ਕੇ ਜਾਂ ਉਸ ਦੀ ਚੌਧਰ ਮੰਨ ਕੇ ਹੀ ਜਿਉਂਇਆ ਜਾ ਸਕਦਾ ਹੈ। ਅਮਰੀਕਾ ਵਿਚ ਸਿੱਖਾਂ ਨੇ ਅਮਰੀਕਨ ਮੁਖਧਾਰਾ ਤੇ ਸਰਕਾਰ ਨੂੰ ਸਦਾਚਾਰਕ ਅਤੇ ਮਾਨਵਤਾ ਦੇ ਪੱਧਰ ਉਪਰ ਨਸਲੀ ਹਮਲਿਆਂ ਬਾਰੇ ਸੁਚੇਤ ਕਰਨ ਦੇ ਜਤਨ ਕੀਤੇ ਅਤੇ ਇਸ ਸਮੱਸਿਆ ਨੂੰ ਅਮਰੀਕਨ ਕੌਮ ਦੀ ਸਮੱਸਿਆ ਦੱਸ ਕੇ ਨਿਆਂ ਦੀ ਮੰਗ ਕੀਤੀ। ਅਧੀਨ ਧਿਰਾਂ ਜਾਂ ਡਾਇਸਪੋਰਿਆਂ ਕੋਲ ਸਭ ਤੋਂ ਵੱਡਾ ਹਥਿਆਰ ਸਦਾਚਾਰਕ ਪੱਧਰ ’ਤੇ ਰੌਲਾ ਪਾਉਣ ਹੀ ਹੁੰਦਾ ਹੈ ਜਾਂ ਉਹ ਉਨ੍ਹਾਂ ਵਰਗੇ ਹੋਰ ਅਧੀਨ ਸਭਿਆਚਾਰਾਂ, ਡਾਇਸਪੋਰਿਆਂ ਨਾਲ ਰਲ ਕੇ ਕੋਈ ਸਾਂਝਾ ਅਸਰਦਾਇਕ ਸਮੂਹ ਬਣਾ ਸਕਦੇ ਹਨ। ਪਰ ਇਸ ਤਰ੍ਹਾਂ ਦੇ ਜੋੜ-ਤੋੜ ਜਾਂ ਸਦਾਚਾਰਕ ਅਤੇ ਮਾਨਵਤਾ ਦੇ ਪੱਧਰ ਦੀਆਂ ਭਾਵੁਕ ਪ੍ਰੇਰਨਾਵਾਂ ਰਾਜਨੀਤਕ ਪੱਧਰ ਤੇ ਜਿਆਦਾ ਅਸਰਦਾਰ ਨਹੀਂ ਹੁੰਦੀਆਂ। ਰਾਜਨੀਤੀ ਦੇ ਪੱਛਮੀ ਮਾਡਲ ਵਿਚ ਭਾਵੁਕਤਾ ਜਾਂ ਜ਼ਜ਼ਬਾਤ ਲਈ ਬਹੁਤ ਘੱਟ ਥਾਂ ਜਾਂ ਬਿਲਕੁਲ ਥਾਂ ਨਹੀਂ ਹੈ। ਨਵੇਂ ਰਾਜਨੀਤਕ ਪ੍ਰਬੰਧਾਂ ਵਿਚ ਡਾਇਸਪੋਰਿਆਂ ਦੇ ਤਾਕਤ ਹਾਸਲ ਕਰਨ ਦੀਆਂ ਸੰਭਾਵਨਾਵਾਂ ਵੀ ਘੱਟ ਹਨ। ਇਸ ਲਈ ਹਿੰਸਕ ਨਸਲੀ ਹਮਲਿਆਂ ਦਾ ਜਵਾਬ ਦੇਣਾ ਸਿੱਖ ਅਤੇ ਹੋਰ ਡਾਇਸਪੋਰਿਆਂ ਲਈ ਵੱਡੀ ਚੁਣੌਤੀ ਹੈ। ਉਹ ਜਵਾਬੀ ਰੂਪ ਵਿਚ ਹਿੰਸਕ ਵੀ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਜਾਨ ਤਲੀ ਉਪਰ ਧਰ ਕੇ ਇਸ ਵਰਤਾਰੇ ਖਿਲਾਫ ਲੜਨ ਦੀ ਇੱਛਾ ਰੱਖਦੇ ਹਨ ਕਿਉ਼ਕਿ ਉਹਨਾਂ ਨੂੰ ਮੂਲਵਾਸ ਤੋਂ ਸਹਾਇਤਾ ਦੀਆਂ ਸੰਭਾਵਨਾਵਾਂ ਦੀ ਆਸ ਵੀ ਨਹੀਂ ਹੈ। ਸਰਕਾਰਾਂ ਵਲੋਂ ਡਾਇਸਪੋਰਿਆਂ ਜਾਂ ਅਧੀਨ ਵਰਗਾਂ ਉਪਰ ਹੋਣ ਵਾਲੇ ਹਮਲਿਆਂ ਨੂੰ ਕੇਵਲ ਰਾਜਨੀਤਕ ਪ੍ਰਸੰਗ ਵਿਚ ਹੀ ਦੇਖਿਆ ਜਾ ਸਕਦਾ ਹੈ। ਅਮਰੀਕੀ ਜਾਂਚ ਸੰਸਥਾ ‘ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ’ 9/11 ਤੋਂ ਮਗਰੋਂ ਕੇਵਲ 800 ਘਟਨਾਵਾਂ ਨੂੰ ਨਫਰਤੀ ਘਟਨਾਵਾਂ ਦੱਸਦੀ ਹੈ ਜਦਕਿ ਅਸਲ ਗਿਣਤੀ ਨੂੰ 15 ਗੁਣਾ ਜਿਆਦਾ ਮੰਨਿਆ ਜਾਂਦਾ ਹੈ। ਸਰਕਾਰ ਦੀ ਹਰ ਸੰਸਥਾ, ਹਰ ਮੁਲਾਜ਼ਮ ਸਰਕਾਰ ਜਾਂ ਉਥੋਂ ਦੇ ਸਮਾਜ ਦੀ ਮੁਖਧਾਰਾ ਮੁਤਾਬਕ ਵਿਹਾਰ ਕਰਦਾ ਹੈ। ਇਸ ਲਈ ਡਾਇਸਪੋਰਿਆਂ ਦੇ ਭਵਿੱਖ ਸਾਹਮਣੇ ਅਜੋਕੇ ਰਾਜਨੀਤਕ ਪ੍ਰਬੰਧ ਇਕ ਮੁਸ਼ਕਲ ਬਣਦੇ ਜਾ ਰਹੇ ਹਨ।

References:

1. http://en.m.wikipedia.org/wiki/Murder_of_Balbir_Singh_Sodhi, accessed on 16-12-2014, 12:50pm.

2. http://www.huffingtonpost.com/2013/09/22/prabhjot-singh-sikh-columbia-hate-crime_n_3972449.html?ir=India, accessed on 01-12-2014, 04: 50pm.

3. http://www.loonwatch.com/2013/05/sikh-man-beaten-with-steel-pipe-in-fresno-hate-crime/, accessed on 15-11-2014, 12:30pm.

4. gurjMt isMG, mnoivSlySxwqmk swihq-icMqn, lokgIq pRkwSn, cMfIgVH, 2005, pMnw-57.

5. “We Are Not The Enemy” Hate Crimes Against Arabs, Muslims, and Those Perceived to be Arab or Muslim afterSeptember 11, Human Rights Watch, vol. 14, no. 6 (G), November 2002, http://m.hrw.org/reports/2002/usahate/usa1102.pdf, accessed on 29-12-14; 11:00pm, p-21.

6. Mark Stromer, “Combating Hate Crimes Against Sikhs: A Multi-Tentacled Approach”, The Journal of Gender, Race & Justice [9:2006], http://sci-hub.org/downloads/d13f/[email protected]@generic-A62E220E8C67.pdf, accessed on 29-12-14; 10:25pm, p-748.

7. Neha Singh Gohil, Dawinder S. Sidhu, “The Sikh Turban: Post-911 Challenges To This Article Of Faith”, Rutgers Journal Of Law And Religion, Volume 9.2, Spring 2008, http://poseidon01.ssrn.com/delivery.php?ID=357001027119127099078, accessed on 28-12-14; 09:40pm, p-26.

8. Hans Spier, “The Future of Psychological Warfare”, The Public Openion, Quarterly; Vol.12, No-I, (Spring-1948), pp-14-16.

9. George W. Bush “Address at the Islamic Center of Washington”,
http://www.americanrhetoric.com/speeches/PDFFiles/George%20W.%20Bush%20-%20Islamic%20Center%20of%20Washington.pdf.accessed on 10-12-2014, 12:50pm.

10. Margaret Canovan, “Patriotism is not enough”, British Journal of Political Science, Vol. 30, No. 3 (Jul., 2000), Cambridge Uinversity Press, http://www.jstor.org/stable/194002, Accessed: 10/01/2015 05:38, p-415.5

11. Simon Keller, “Patriotism as Bad Faith”, Ethics, Vol. 115, No. 3 (April 2005), The University of Chicago Press, http://www.jstor.org/stable/10.1086/428458, Accessed: 10/01/2015 05:39, p-570.5

12. Mark Stromer, p- 740.

13. Mehnaz M. Afridi (2013) The Gurdwara Sikh Killings, Sikh Formations: Religion, Culture, Theory, 9:2, 227-233, DOI: 10.1080/17448727.2013.822139, http://dx.doi.org/10.1080/17448727.2013.822139, accessed on 26-12-14; 09:25pm, p- 230

14. http://news.bbc.co.uk/2/hi/americas/3154170.stm, accessed on 10-12-2014, 12:52pm.

15. ਮੈਲਬਰਨ ਵੱਸਦੇ ਸਿੱਖ ਮੁੰਡਿਅਾਂ ਨੇ ਇਹ ਗੱਲ ਦੱਸੀ ਹੈ।

16. http://www.loonwatch.com/2013/05/sikh-man-beaten-with-steel-pipe-in-fresno-hate-crime/, accessed on 11-12-2014, 11:50pm.

17. http://www.sikh24.com/2014/08/15/sikh-hate-crime-survivors-demand-action-from-new-york-government/, accessed on 13-11-2014, 12:50pm.

18. https://www.sikhnet.com/news/us-congress-members-stand-sikh-children, accessed on 18-11-2014, 03:45pm.

19. Harjeet Grewal, “Secular Sikhism, Religion And The Question Of American Values: The Morning Of Forgiveness In A Quest To Move Forward”, Sikh Formations: Religion, Culture, Theory, 8:3, 313-317, DOI: 10.1080/17448727.2012.752673,
http://dx.doi.org/10.1080/17448727.2012.752673, accessed on 12-12-2014, 11:25pm.

20. Giorgio Shani, Sikh Nationalism and Identity in a Global Age, Routledge, London & New York, 2008, p-100-128.

21. Neha Singh Gohil, Dawinder S. Sidhu, p-29.

22. Ibid, p-27.

23. Michael Welch, Scapegoats of September 11th: Hate Crimes & State Crimes in the War on Terror, Rutgers University PressNew Brunswick, New Jersey, and London, 2006, p- 79.

24. Giorgio Shani, p-122.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,