ਸਿਆਸੀ ਖਬਰਾਂ

ਹਾਰਟ ਆਫ ਏਸ਼ੀਆ ਕਾਨਫਰੰਸ: ਸਰਕਾਰੀ ਦਹਿਸ਼ਤਗਰਦੀ ‘ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ਼: ਪਪਲਪ੍ਰੀਤ ਸਿੰਘ

December 4, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅੰਮ੍ਰਿਤਸਰ ਵਿਖੇ ‘ਹਾਰਟ ਆਫ ਏਸ਼ੀਆ’ ਦੇ ਬੈਨਰ ਹੇਠ ਹੋ ਰਹੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਕਾਨਫਰੰਸ ਭਾਰਤ ਅੰਦਰ ਘੱਟਗਿਣਤੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ ਅੱਤਵਾਦ ਨਾਲ ਸਿੱਝਣ ਦੀ ਆੜ ਹੇਠ ਕੀਤਾ ਗਿਆ ਇੱਕਠ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਮੁਖ ਪ੍ਰਬੰਧਕੀ ਸਕੱਤਰ ਪਪਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਮਨੁੱਖਤਾ ਦੀ ਭਲਾਈ ਅਤੇ ਮਨੁੱਖੀ ਹੱਕਾਂ ਦੀ ਰਾਖੀ ਖਾਤਿਰ ਜੂਝਣ ਵਾਲੇ ਵਡਮੁੱਲੇ ਫਲਸਫੇ ਪ੍ਰਤੀ ਵਿਸ਼ਵ ਭਰ ਦੇ ਦੇਸ਼ ਅਤੇ ਕੌਮਾਂ ਭਲੀਭਾਂਤ ਜਾਣੂ ਹਨ। ਲੇਕਿਨ ‘ਹਿੰਦੀ ਹਿੰਦੂ ਹਿੰਦੁਸਤਾਨ’ ਦੀ ਵਿਚਾਰਧਾਰਾ ਦੇ ਧਾਰਣੀ ਹਿੰਦੁਸਤਾਨ ਵਿੱਚ ਘੱਟਗਿਣਤੀਆਂ ਨੂੰ ਆਪਣੇ ਅਕੀਦੇ ਅਨੁਸਾਰ ਜੀਉਣ ਦਾ ਵੀ ਹੱਕ ਮੁਅੱਸਰ ਨਹੀਂ ਹੈ।

ਪਪਲਪ੍ਰੀਤ ਸਿੰਘ (ਫਾਈਲ ਫੋਟੋ)

ਪਪਲਪ੍ਰੀਤ ਸਿੰਘ (ਫਾਈਲ ਫੋਟੋ)

ਪਪਲਪ੍ਰੀਤ ਸਿੰਘ ਨੇ ਕਿਹਾ ਕਿ ਹਿੰਦੂਤਵ ਦੀ ਸੌੜੀ ਸੋਚ ਦੇ ਨਤੀਜੇ ਵਜੋਂ ਅੰਮ੍ਰਿਤਸਰ ਦੀ ਪਵਿੱਤਰ ਸਰਜ਼ਮੀਨ ‘ਤੇ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਖਿਲਾਫ ਅਵਾਜ਼ ਉਠਾਉਣ ਵਾਲੇ 13 ਸਿੰਘਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਜੂਨ 1984 ਵਿੱਚ ਸਮੁੱਚੀ ਮਨੁੱਖਤਾ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਉੱਪਰ ਟੈਂਕਾਂ ਅਤੇ ਤੋਪਾਂ ਨਾਲ ਲੈਸ ਫੌਜ ਚਾੜ੍ਹਕੇ ਹਜ਼ਾਰਾਂ ਬੇਦੋਸ਼ੇ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਹਿੰਦੁਤਵੀ ਸੌੜੀ ਸੋਚ ਨੇ ਨਵੰਬਰ 1984 ਵਿੱਚ ਹਜ਼ਾਰਾਂ ਸਿੱਖਾਂ ਨੂੰ ਦਿਨ ਦੀਵੀ ਮੌਤ ਦੇ ਘਾਟ ਉਤਾਰਿਆ ਤੇ ਡੇਢ ਦਹਾਕੇ ਦੇ ਕਰੀਬ ਪੰਜਾਬ ਅੰਦਰ ਪੁਲਿਸ ਤੇ ਅਰਧ ਸੈਨਿਕ ਬਲਾਂ ਰਾਹੀਂ ਲੱਖਾਂ ਹੀ ਸਿੱਖ ਨੌਜੁਆਨਾਂ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਤੇ ਕਤਲੇਆਮ ਕੀਤਾ ਗਿਆ।

ਪਪਲਪ੍ਰੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੇ ਹਿੰਦੁਸਤਾਨ ਨੇ ਹੀ ਪੰਜਾਬ ਵਿੱਚ ਸਰਕਾਰੀ ਤੌਰ ‘ਤੇ ਢਾਹੇ ਜਾ ਰਹੇ ਅਣਮਨੁੱਖੀ ਤਸ਼ੱਦਦ ਅਤੇ 25 ਹਜ਼ਾਰ ਲਾਵਾਰਸ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਜਸਵੰਤ ਸਿੰਘ ਖਾਲੜਾ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀ ਕੀਤਾ। ਅੱਜ ਵੀ ਸਰਹੱਦੀ ਪਿੰਡਾਂ ਦੇ ਅਣਗਿਣਤ ਮਾਪੇ, ਧੀਆਂ ਭੈਣਾਂ ਤੇ ਭਰਾ ਸਰਕਾਰੀ ਅੱਤਵਾਦ ਦੀ ਭੇਟ ਚੜ੍ਹੇ ਆਪਣਿਆਂ ਦੇ ਮੁੜ ਪਰਤਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇਹੇ ਹੀ ਹੋਰ ਕੌੜੇ ਸੱਚ ਬਿਆਨਣ ਵਾਲੇ ਗੁਜਰਾਤ, ਕਸ਼ਮੀਰ, ਦਿੱਲੀ, ਬੋਕਾਰੋ, ਕਾਨਪੁਰ, ਆਸਾਮ ਤੇ ਨਾਗਾਲੈਂਡ ਵਰਗੇ ਸ਼ਹਿਰਾਂ ਤੇ ਸੂਬਿਆਂ ਦੇ ਲੋਕਾਂ ਨੂੰ ਵੀ ਜਾਨ ਤੋਂ ਹੱਥ ਧੋਣੇ ਪਏ ਹਨ। ਉਨ੍ਹਾਂ ਕਿਹਾ ਕਿ ਆਪਣੇ ਪਾਪ ਛੁਪਾਉਣ ਲਈ ਹਾਕਮ ਕਈ ਦਹਾਕਿਆਂ ਤੋਂ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਅਤੇ ਟੈਰੋਰਿਸਟ ਵਰਗੇ ਨਾਵਾਂ ਨਾਲ ਸੰਬੋਧਨ ਕਰਦੇ ਰਹੇ ਹਨ ਲੇਕਿਨ ਅਸਲੀਅਤ ਵਿੱਚ ਇਹ ਲੋਕ ਹੀ ਸਰਕਾਰੀ ਅੱਤਵਾਦ ਦੇ ਜਨਮਦਾਤੇ ਅਤੇ ਘੱਟ ਗਿਣਤੀਆਂ ਦੇ ਕਾਤਲ ਹਨ।

ਮਾਨ ਦਲ ਦੇ ਯੂਥ ਆਗੂ ਨੇ ਕਿਹਾ ਕਿ ਇਹ ਤੱਥ ਵੀ ਕਿਸੇ ਪਾਸੋਂ ਛੁਪੇ ਹੋਏ ਨਹੀਂ ਹਨ ਕਿ ਪੂਰਬੀ ਪਾਕਿਸਤਾਨ ਨੂੰ ਪੱਛਮੀ ਪਾਕਿਸਤਾਨ ਨਾਲੋਂ ਵੱਖ ਕਰਕੇ ਬੰਗਲਾ ਦੇਸ਼ ਬਨਾਉਣ ਲਈ ਜ਼ੁਰਅਤ ਤੇ ਯੋਜਨਾਬੰਦੀ ਕਿਸਨੇ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਦੋ ਰੋਜ਼ਾ ਕਾਨਫਰੰਸ ਵਿੱਚ ਸ਼ਾਮਿਲ ਹੋਣ ਆਏ ਸਮੂਹ ਡੈਲੀਗੇਟਸ ਨੂੰ ਜੀ ਆਇਆਂ ਕਹਿੰਦੇ ਹਨ ਲੇਕਿਨ ਇਹ ਜ਼ਰੂਰ ਆਸ ਕਰਨਗੇ ਕਿ ਇਹ ਵਿਦੇਸ਼ੀ ਨੁਮਾਇੰਦੇ ਇਸ ਹਿੰਦੂਸਤਾਨੀ ਹਕੂਮਤ ਦੁਆਰਾ ਫੈਲਾਏ ਸਰਕਾਰੀ ਤੇ ਹਿੰਦੂ ਕੱਟੜਵਾਦੀ ਅੱਤਵਾਦ ਬਾਰੇ ਸਵਾਲ ਜ਼ਰੂਰ ਚੁੱਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,