ਸਿਆਸੀ ਖਬਰਾਂ » ਸਿੱਖ ਖਬਰਾਂ

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਨਵੰਬਰ ’84 ਕਤਲੇਆਮ ਦੀ ਯਾਦ ‘ਚ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ

November 2, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਨਵੰਬਰ 1984 ਵਿੱਚ ਹੋਂਦ ਚਿੱਲੜ (ਹਰਿਆਣਾ) ਅਤੇ ਭਾਰਤ ਦੇ ਹੋਰ ਸ਼ਹਿਰਾਂ ‘ਚ ਹਿੰਦੂਵਾਦੀ ਭੀੜਾਂ ਵਲੋਂ ਕਤਲ ਕਰ ਦਿੱਤੇ ਗਏ ਸਿੱਖਾਂ ਦੀ ਯਾਦ ਵਿੱਚ ਅੱਜ (2 ਨਵੰਬਰ, 2017) ਹੋਂਦ ਚਿਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਗਿਆਸਪੁਰਾ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਘੋਲੀਆ ਅਤੇ ਚਸ਼ਮਦੀਦ ਕਤਲ ਕਰ ਦਿੱਤੇ ਗਏ ਸਿੱਖਾਂ ਲਈ ਕੀਤੀ ਗਈ ਅਰਦਾਸ ‘ਚ ਸ਼ਾਮਲ ਹੋਏ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਲੋਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਸੇਵਾਦਾਰਾਂ ਅਤੇ ਕੇਸ ਦੇ ਗਵਾਹਾਂ ਨੂੰ ਸਿਰੋਪਾਉ ਬਖਸ਼ਿਸ਼ ਕੀਤੇ ਗਏ।

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਨਵੰਬਰ '84 ਕਤਲੇਆਮ ਦੀ ਯਾਦ 'ਚ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਨਵੰਬਰ ’84 ਕਤਲੇਆਮ ਦੀ ਯਾਦ ‘ਚ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ

ਅਕਾਲ ਤਖਤ ਸਾਹਿਬ ਵਿਖੇ ਨਵੰਬਰ 1984 ਵਿੱਚ ਜਨੂੰਨੀਆਂ ਵਲੋਂ ਸਰਕਾਰੀ ਸ਼ਹਿ ‘ਤੇ ਸਿਆਸੀ ਸਰਪ੍ਰਸਤੀ ਹੇਠ ਕਤਲ ਕੀਤੇ ਗਏ ਸਿੱਖਾਂ ਦੀ ਯਾਦ ਵਿੱਚ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਂਦ ਚਿਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਮਨਜਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਨਵੰਬਰ 1984 ਵਿੱਚ ਸਿਰਫ ਰਾਜਧਾਨੀ ਦਿੱਲੀ ਵਿਖੇ ਹੀ ਨਹੀ ਬਲਕਿ 15 ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਮੁਖ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਇਸ ਕਤਲੇਆਮ ਦੀ ਜ਼ਿੰਮੇਵਾਰੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿਕੇ ਲੈ ਲਵੇ ਕਿ ‘ਜਦੋਂ ਇੱਕ ਵੱਡਾ ਰੁੱਖ ਡਿੱਗਦਾ ਹੈ …….’ ਤਾਂ ਕਾਨੂੰਨ ਦੇ ਰਾਖੇ ਹੀ ਕਾਤਲ ਬਣਕੇ ਸਾਹਮਣੇ ਆਉਂਦੇ ਹਨ ਤੇ ਕਾਨੂੰਨ ਦੇ ਲੰਬੇ ਹੱਥ ਵੀ ਬੌਣੇ ਪੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੋਂਦ ਚਿਲੜ ਕਤਲੇਆਮ ਪੀੜਤਾਂ ਨਾਲ ਅਜੇ ਵੀ ਵਿਤਕਰਾ ਜਾਰੀ ਹੈ।

ਹੋਂਦ ਚਿੱਲੜ ਪਿੰਡ ਜਿੱਥੇ ਨਵੰਬਰ 1984 'ਚ 32 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ (ਫਾਈਲ ਫੋਟੋ)

ਹੋਂਦ ਚਿੱਲੜ ਪਿੰਡ ਜਿੱਥੇ ਨਵੰਬਰ 1984 ‘ਚ 32 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ (ਫਾਈਲ ਫੋਟੋ)

ਪੀੜਤ ਪ੍ਰੀਵਾਰ ਨੇ ਸਭ ਤੋਂ ਤੋਂ ਲੰਬਾ ਸਮਾਂ ਦਹਿਸ਼ਤ ਵਿੱਚ ਬਤੀਤ ਕੀਤਾ ਹੈ, ਇਨਸਾਫ ਮੰਗਣਾ ਤਾਂ ਦੂਰ ਦੀ ਗੱਲ ਹੈ। ਇੱਕ ਸਵਾਲ ਦੇ ਜਵਾਬ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੋਸ਼ ਲਾਇਆ ਕਿ ਦਿੱਲੀ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਉਸਾਰੀ ਗਈ ‘ਸੱਚ ਦੀ ਕੰਧ’ ਦੇ ਪਰਦੇ ਵਿੱਚ ਵੀ ਝੂਠ ਤੇ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਗਈ ਕੰਧ ‘ਤੇ ਸ਼ਾਮਿਲ ਕੀਤੇ ਜ਼ਿਆਦਾਤਰ ਨਾਮ ਦਿੱਲੀ ਨਾਲ ਹੀ ਸਬੰਧਤ ਹਨ। ਭਾਈ ਗਿਆਸਪੁਰਾ ਨੇ ਕਿਹਾ ਕਿ ਦਿੱਲੀ ਕਮੇਟੀ ਤਾਂ ਇਸ ਸੱਚ ਦੀ ਕੰਧ ‘ਤੇ ਹੋਂਦ ਚਿਲੜ ਦਾ ਨਾਮ ਵੀ ਲਿਖਣ ਲਈ ਤਿਆਰ ਨਹੀਂ ਹੋਈ। ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਇਹ ਕੰਧ ਵੀ ਸਿਰਫ ਕਾਂਗਰਸ ਨੂੰ ਕੋਸਣ ਲਈ ਉਸਾਰੀ ਗਈ ਜਦੋਂ ਕਿ ਕਤਲੇਆਮ ਵਿੱਚ ਸ਼ਾਮਿਲ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਹੁਣ ਤੀਕ ਬਖਸ਼ਿਆ ਜਾ ਰਿਹਾ ਹੈ। ਉਨ੍ਹਾਂ ਤਨਜ ਕੀਤਾ ਕਿ ਕੁਝ ਸਮਾਂ ਰੁੱਕ ਜਾਉ ਸਿਖਾਂ ਦੇ ਕਤਲੇਆਮ ਦੀ ਆੜ ਹੇਠ ਉਸਾਰੀ ਇਹ ਕੰਧ ਸੱਚ ਦੀ ਨਹੀਂ ਝੂਠ ਦੀ ਸਾਬਿਤ ਹੋਵੇਗੀ ਕਿਉਂਕਿ ਕਤਲੇਆਮ ਦਾ ਸ਼ਿਕਾਰ ਸਿਰਫ ਦਿੱਲੀ ਦੇ ਸਿੱਖ ਨਹੀਂ ਹੋਏ ਬਲਕਿ ਹਿੰਦੁਸਤਾਨ ਦੇ ਅੱਧੇ ਸ਼ਹਿਰਾਂ ਦੇ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,