ਆਮ ਖਬਰਾਂ

‘ਹੋਂਦ-ਚਿੱਲੜ’ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਤੇ ਫ਼ੈਡਰੇਸ਼ਨ (ਪੀਰਮੁਹੰਮਦ) ਯਤਨਸ਼ੀਲ

May 20, 2012 | By

0 ਸਿੱਖ ਕਤਲੇਆਮ ਨਾਲ ਜੁੜੇ ਪਿੰਡ ਦੇ ਖੰਡਰ ਸੰਭਾਲਣ ਲਈ ਯੂਨੈਸਕੋ ਦੇ ਵਾਸਤੂਕਾਰ ਕਰ ਰਹੇ ਨੇ ਨਕਸ਼ਾ ਤਿਆਰ

ਚੰਡੀਗੜ੍ਹ (18 ਅਪ੍ਰੈਲ, 2012): ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਦੇ ਗਵਾਹ ਹਰਿਆਣਾ ਦੇ ਪਿੰਡ ‘ਹੋਂਦ-ਚਿੱਲੜ’ ਦੇ ਖੰਡਰਾਂ ਨੂੰ ਕਾਇਮ ਰੱਖਣ ਅਤੇ ਪਿੰਡ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਲਗਾਤਾਰ ਯਤਨਸ਼ੀਲ ਹਨ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤਾ ਹੈ।

ਪਿਛਲੇ ਦਿਨੀਂ ਮੀਡੀਆ ਵਿਚ ‘ਹੋਂਦ-ਚਿੱਲੜ’ ਦੀ ਯਾਦਗਾਰ ਦੀ ਉਸਾਰੀ ਠੰਡੇ ਬਸਤੇ ਵਿਚ ਪੈਣ ਦੀਆਂ ਛਪੀਆਂ ਖ਼ਬਰਾਂ ਦੇ ਪ੍ਰਤੀਕਰਮ ਵਿਚ ਭਾਈ ਪੀਰਮੁਹੰਮਦ ਨੇ ਆਖਿਆ ਕਿ, ‘ਹੋਂਦ-ਚਿੱਲੜ’ ਕਤਲੇਆਮ ਦੇ ਗਵਾਹ ਖੰਡਰਾਂ ਨੂੰ ਹੂਬਹੂ ਸੰਭਾਲਣ ਅਤੇ ਯਾਦਗਾਰ ਉਸਾਰਨ ਲਈ ਫ਼ੈਡਰੇਸ਼ਨ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ‘ਹੋਂਦ-ਚਿੱਲੜ’ ਯਾਦਗਾਰ ਦੀ ਉਸਾਰੀ ਲਈ ਸ਼੍ਰੋਮਣੀ ਕਮੇਟੀ ਜਾਂ ਹੋਰ ਸਮਰੱਥ ਸਿੱਖ ਸੰਸਥਾਵਾਂ ਵਲੋਂ ਯੋਗ ਸਹਿਯੋਗ ਨਾ ਮਿਲਣ ਕਰਕੇ ਕਈ ਦਿੱਕਤਾਂ ਆ ਰਹੀਆਂ ਹਨ, ਪਰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਜਾਰੀ ਹੈ। ਉਨ੍ਹਾਂ ਆਖਿਆ ਕਿ ਸਿੱਖਸ ਫ਼ਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ‘ਹੋਂਦ-ਚਿੱਲੜ’ ਪਿੰਡ ਦੇ ਪੁਰਾਣੇ ਖੰਡਰਾਂ ਦੀ ਸੰਭਾਲ ਅਤੇ ਸਮਾਰਕ ਦੀ ਉਸਾਰੀ ਲਈ ਰੌਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਤੇ ਸੰਸਾਰ ਪ੍ਰਸਿੱਧ ਪੁਰਾਤਨ ਚੀਜ਼ਾਂ ਦੇ ਵਾਸਤੂਕਾਰ ਨੇਕ ਚੰਦ ਅਤੇ ਯੂਨੈਸਕੋ ਦੇ ਪ੍ਰਸਿੱਧ ਵਾਸਤੂਕਾਰ ਐਸਮ ਕਲਾਰੇਲਮ ਨੂੰ ਹਰਿਆਣਾ ਦੇ ਪਿੰਡ ‘ਹੋਂਦ-ਚਿੱਲੜ’ ਦਾ ਦੌਰਾ ਕਰਵਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਦੋਵਾਂ ਪ੍ਰਸਿੱਧ ਵਾਸਤੂਕਾਰਾਂ ਨੇ ਪਿੰਡ ਦੇ ਸਾਰੇ ਭੂਗੋਲਿਕ ਅਤੇ ਵਾਤਾਵਰਣ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਸ਼ਾਲੀ ਯਾਦਗਾਰ ਦੀ ਉਸਾਰੀ ਲਈ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਯਾਦਗਾਰ ਵਿਚ ਸਿੱਖ ਨਸਲਕੁਸ਼ੀ ਦੇ ਵਿਆਪਕ ਵਰਤਾਰੇ ਨੂੰ ਮੂਰਤੀਮਾਨ ਕਰਨ ਲਈ ਦੁਨੀਆਂ ਦੇ ਪ੍ਰਸਿੱਧ ਭਵਨ ਨਿਰਮਾਤਾਵਾਂ ਤੋਂ ਨਕਸ਼ੇ ਤਿਆਰ ਕਰਵਾਏ ਜਾ ਰਹੇ ਹਨ।

‘ਹੋਂਦ-ਚਿੱਲੜ’ ਦੀ ਯਾਦਗਾਰ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਵਾਲਿਆਂ ਦੇ ਜੁਆਬ ਵਿਚ ਭਾਈ ਪੀਰਮੁਹੰਮਦ ਨੇ ਆਖਿਆ ਕਿ, ਜਿਸ ਵੇਲੇ ਪਿੰਡ ‘ਹੋਂਦ-ਚਿੱਲੜ’ ਵਿਚ ਯਾਦਗਾਰ ਉਸਾਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਇਸ ਯਾਦਗਾਰ ਦੀ ਉਸਾਰੀ ਵਿਚ ਭਰਪੂਰ ਯੋਗਦਾਨ ਦੇਣ ਦਾ ਵਾਅਦਾ ਕੀਤਾ ਸੀ, ਪਰ ਸੱਚਾਈ ਇਹ ਹੈ ਕਿ ਹੁਣ ਤੱਕ ਯਾਦਗਾਰ ਦੀ ਉਸਾਰੀ ਦੇ ਕੰਮਕਾਜ ਵਿਚ ਫ਼ੈਡਰੇਸ਼ਨ ਤੋਂ ਬਿਨ੍ਹਾਂ ਕਿਸੇ ਵੀ ਹੋਰ ਸਮਰੱਥ ਸਿੱਖ ਸੰਸਥਾ ਨੇ ਕੋਈ ਮਦਦ ਨਹੀਂ ਦਿੱਤੀ ਅਤੇ ਫ਼ੈਡਰੇਸ਼ਨ ਵਲੋਂ ਵੀ ਇਸ ਯਾਦਗਾਰ ਦੀ ਉਸਾਰੀ ਲਈ ਕੌਮ ਤੋਂ ਕੋਈ ਫ਼ੰਡ ਇਕੱਠੇ ਨਹੀਂ ਕੀਤੇ। ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਆਖਿਆ ਕਿ ‘ਹੋਂਦ-ਚਿੱਲੜ’ ਦੀ ਯਾਦਗਾਰ ਉਸਾਰਨ ਦਾ ਮਸਲਾ ਸਮੁੱਚੀ ਸਿੱਖ ਕੌਮ ਦਾ ਸਾਂਝਾ ਹੈ ਤੇ ਇਸ ਦੀ ਉਸਾਰੀ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਮਰੱਥ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,