ਖਾਸ ਖਬਰਾਂ

ਪਿੰਡ ਹੋਂਦ ਚਿਲੜ ਨੂੰ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ

February 21, 2011 | By

ਚੰਡੀਗੜ੍ਹ (21 ਫਰਵਰੀ 2011): ਹਰਿਆਣਾ ਦੇ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਵਿਚ ਨਵੰਬਰ 1984 ਵਿਚ ਸਿਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲੱਗਣ ਤੋਂ ਬਾਅਦ ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਪਿੰਡ ਹੋਂਦ ਚਿਲੜ ਨੂੰ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਤੇ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 6 ਮਾਰਚ 2011 ਨੂੰ ਪਿੰਡ ਹੋਂਦ ਚਿਲੜ ਵਿਚ ਵੱਧ ਚੜਕੇ ਪਹੁੰਚਣ।

ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਭਾਰਤ ਨੇ ਸਿਖ ਨਸਲਕੁਸ਼ੀ ਨੂੰ ਵੱਖ ਵੱਖ ਨਾਂਅ ਦੇਕੇ ਜਾਂ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਭਾਵੇਂ ਕਿ ਇਸ ਸਾਰੇ ਕੁਝ ਦੇ ਕਾਫੀ ਸਬੂਤ ਮੌਜੂਦ ਸਨ ਇੱਥੋਂ ਤੱਕ ਘੱਟ ਗਿਣਤੀ ਭਾਈਚਾਰਾ ਸਿਖਾਂ ਨੂੰ ਖਤਮ ਕਰਨ ਲਈ ਹੁਕਮ ਦਿੰਦਿਆਂ ਦੇ ਸੱਤਾ ਵਿਚ ਬੈਂਠੇ ਉਂਚ ਆਗੂਆਂ ਦੇ ਵੀਡੀਓ ਸਬੂਤ ਵੀ ਮੌਜੂਦ ਸਨ ਪਰ ਇਸ ਸੱਭ ਨੂੰ ਆਮ ਜਨਤਾ ਤੋਂ ਦੂਰ ਰੱਖਿਆ ਗਿਆ ਕਿਉਂਕਿ ਸੱਤਾ ਵਿਚ ਤੇ ਅਸਰ ਰਸੂਖ ਰੱਖਣ ਵਾਲੇ ਲੋਕਾਂ ਨੇ ਮਨੁੱਖੀ ਅਧਿਕਾਰਾਂ ਬਾਰੇ ਵਕੀਲਾਂ ਨੂੰ ਇਸ ਤੱਕ ਪਹੁੰਚਣ ਹੀ ਨਹੀਂ ਦਿੱਤਾ। ਪਿਛਲੇ 26 ਸਾਲਾਂ ਤੋਂ ਗਲਤ ਦਾਅਵੇ ਪ੍ਰਚਾਰੇ ਜਾਂਦੇ ਰਹੇ ਕਿ ਨਸਲੁਕਸ਼ੀ ਦਾ ਇਹ ਵਰਤਾਰਾ ਕੇਵਲ ਇਕ ਸ਼ਹਿਰ ਵਿਚ ਹੀ ਵਾਪਰਿਆ। ਫਿਰ ਵੀ ਅੱਜ ਸਾਨੂੰ ਇਸ ਕੋਰੇ ਝੂਠ ਨੂੰ ਸੱਚ ਵਿਚ ਬਦਲਣ ਵਾਲਾ ਇਕ ਜਿਊਂਦਾ ਜਾਗਦਾ ਸਬੂਤ ਮਿਲ ਗਿਆ ਹੈ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟੀਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਪਿੰਡ ਹੋਂਦ ਚਿਲੜ ਦਿੱਲੀ ਤੋਂ ਬਾਹਰਲੇ ਕਈ ਅਜਿਹੇ ਪਿੰਡਾਂ ਵਿਚੋਂ ਇਕ ਹੈ ਜਿੱਥੇ ਬੇਕਸੂਰ ਸਿਖਾਂ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਧਾਰਮਿਕ ਧਾਰਣਾ ਕਰਕੇ ਮਾਰ ਮੁਕਾਇਆ ਗਿਆ ਸੀ। ਪਰ ਹੋਂਦ ਚਿਲੜ ਆਪਣੇ ਆਪ ਵਿਚ ਇਕ ਵਿਲਖਣ ਹੈ ਕਿਉਂਕਿ ਇਹ ਇਕੋਂ ਇਕ ਅਜਿਹੀ ਥਾਂ ਹੈ ਜਿਸ ਨੂੰ ਸਿਖ ਨਸਲਕੁਸ਼ੀ ਤੋਂ ਬਾਅਦ ਕਿਸੇ ਤਰਾਂ ਮਿਟਾਇਆ ਨਹੀਂ ਗਿਆ ਹੈ ਤੇ ਇਸ ਨੂੰ ਇਸੇ ਤਰਾਂ ਰੱਖਿਆ ਜਾਣਾ ਚਾਹੀਦਾ ਹੈ। ਇੱਥੇ ਬੇਕਸੂਰ ਸਿਖਾਂ ਦੀਆਂ ਜਾਨਾਂ ਗਈਆਂ ਹਨ ਇਸ ਲਈ ਇਹ ਇਕ ਪਵਿਤਰ ਥਾਂ ਹੈ ਤੇ ਆਉਣ ਵਾਲੀਆਂ ਪੀੜੀਆਂ ਲਈ ਸਿਖ ਨਸਲਕੁਸ਼ੀ ਦੀ ਇਕ ਯਾਦਗਾਰ ਹੋਵੇਗੀ। ਅਟਾਰਨੀ ਪੰਨੂ ਨੇ ਕਿਹਾ ਕਿ ਇਸੇ ਲਈ ਅਸੀ ਐਲਾਨ ਕਰਦੇ ਹਾਂ ਕਿ ਪਿੰਡ ਹੋਂਦ ਚਿਲੜ ਨੂੰ ਸਿਖ ਕੌਮ ਲਈ ਇਕ ਯਾਦਗਾਰ ਵਜੋਂ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਜੋ ਸਾਨੂੰ ਹਮੇਸ਼ਾ ਇਹ ਅਹਿਸਾਸ ਕਰਵਾਉਂਦੀ ਰਹੇਗੀ ਕਿ 1984 ਵਿਚ ਸਿਖ ਨਸਲਕੁਸ਼ੀ ਦੌਰਾਨ ਸਿਖਾਂ ’ਤੇ ਕੀ ਕੀ ਜੁਲਮ ਹੋਏ ਸੀ।

ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਅਪੀਲ ਕੀਤੀ ਹੈ ਕਿ 6 ਮਾਰਚ ਨੂੰ ਸਿਖ ਕੌਮ ਸਾੜੇ ਗਏ ਪਿੰਡ ਵਿਚ ਮਾਰਚ ਕਰੇਗੀ ਤੇ ਇਕ ਸਿਖ ਹੋਣ ਦੇ ਨਾਤੇ ਕਤਲ ਕੀਤੇ ਗਏ ਉਨ੍ਹਾਂ ਸਿਖਾਂ ਦੀਆਂ ਰੂਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਨਸਲਕੁਸ਼ੀ ਦੇ ਇਸ ਘਿਣਾਉਣੀ ਹਰਕਤ ਨੂੰ ਕਦੀ ਭੁਲਾਇਆ ਨਹੀਂ ਜਾਵੇਗਾ ਤੇ ਸਰਕਾਰ ਵਲੋਂ ਇਸ ਨੂੰ ਮਿਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਪਿੰਡ ਹੋਂਦ ਚਿਲੜ ਵਿਚ 26 ਸਾਲਾਂ ਬਾਅਦ ਮਿਲੇ ਸੜੇ ਹੋਏ ਮਲਬੇ ਤੇ ਮਨੁੱਖੀ ਅੰਗ ਇਸ ਗੱਲ ਦੀ ਪੱਕੀ ਗਵਾਹੀ ਭਰਦੇ ਹਨ ਕਿ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿਖ ਅਬਾਦੀ ਵਾਲੇ ਇਲਾਕਿਆਂ ਵਿਚ ਹਮਲੇ ਕੀਤੇ ਗਏ ਤੇ ਸਿਖਾਂ ਨੂੰ ਮਾਰ ਮੁਕਾਇਆ ਗਿਆ ਤੇ ਇਹ ਇਕੋਂ ਤਰੀਕੇ ਨਾਲ ਕੀਤੇ ਗਏ ਸੀ ਜਿਸ ਵਿਚ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਹਥਿਆਰ ਬੰਦ ਭੀੜਾਂ ਨੇ ਸਿਖ ਅਬਾਦੀ ਵਾਲੇ ਇਲਾਕਿਆਂ ਨੂੰ ਘੇਰਾ ਪਾਉਂਦੇ, ਔਰਤਾਂ ਦਗਾ ਬਲਾਤਕਾਰ ਕਰਦੇ ਤੇ ਮਰਦ ਤੇ ਬੱਚਿਆਂ ਨੂੰ ਜਿਊਂਦੇ ਸਾੜ ਦਿੰਦੇ ਸੀ। ਅਟਾਰਨੀ ਪੰਨੂ ਨੇ ਕਿਹਾ ਕਿ ਹਰਿਆਣਾ ਵਿਚ ਸਿਖਾਂ ਦੇ ਹੋਏ ਵਿਆਪਕ ਕਤਲੇਆਮ ਦੇ ਜਗ ਜਾਹਿਰ ਹੋਣ ਨਾਲ ਇਹ ਸਾਬਤ ਹੁੰਦਾ ਹੈ ਕਿ ਸਿਖਾਂ ਦੇ ਕਤਲੇਆਮ ਬਾਰੇ ਨਾਨਾਵਤੀ ਕਮਿਸ਼ਨ ਦੇ ਜਾਂਚ ਪੂਰੀ ਤਰਾਂ ਅਧੂਰੀ ਸੀ ਤੇ ਕੇਵਲ ਅੱਖਾਂ ਪੂੰਝਣ ਵਾਲੀ ਗਲ ਸੀ ਕਿਉਂਕਿ ਕਮਿਸ਼ਨ ਨੇ ਦਿੱਲੀ ਤੋਂ ਬਾਹਰ ਹੋਏ ਸਿਖਾਂ ਦੇ ਕਤਲੇਆਮ ਦੀ ਘੋਖ ਨਹੀਂ ਕੀਤੀ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਉਕਤ ਪਿੰਡ ਵਿਚ ਰਹਿੰਦੇ ਸਿਖਾਂ ਨੂੰ 2 ਨਵੰਬਰ 1984 ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ ਤੇ ਪੁਲਿਸ ਨੇ ਨਾ ਤਾਂ ਮ੍ਰਿਤਕਾਂ ਦੀ ਪਛਾਣ੍ਵ ਕੀਤੀ ਨਾ ਹੀ ਸਿਖਾਂ ਦੇ ਕਤਲੇਆਮ ਦੀ ਜਾਂਚ ਕੀਤੀ ਹੈ। ਘਣਪਤ ਸਿੰਘ ਸਰਪੰਚ ਤੇ ਹੋਰ ਚਸ਼ਮਦੀਦ ਗਵਾਹਾਂ ਵਲੋਂ ਦਾਇਰ ਐਫ ਆਈ ਆਰ ਅਨੁਸਾਰ 2 ਨਵੰਬਰ 1984 ਨੂੰ ਹਥਿਆਰਾਂ ਨਾਲ ਲੈਸ ਟਰੱਕਾਂ ’ਤੇ ਆਏ ਕੋਈ 500 ਬੰਦਿਆਂ ਨੇ ਪਿੰਡ ’ਤੇ ਹਮਲਾ ਕੀਤਾ ਸੀ। ਉਕ ਬੰਦੇ ਨਾਅਰੇ ਲਗਾ ਰਹੇ ਸੀ ਕਿ ਇਹ ਸਰਦਾਰ ਗਦਾਰ ਹੈ ਇਨਕੋ ਖਤਮ ਕਰੇਗੇ।

ਇਸ ਦਿਲ ਕੰਬਾਊ ਥਾਂ ਪਤਾ ਲਗਣ ’ਤੇ ਕਈ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਕਾਰਕੁਨਾਂ ਨੂੰ ਗਹਿਰਾ ਝਟਕਾ ਲਗਾ ਹੈ। ਸਿਖਸ ਫਾਰ ਜਸਟਿਸ ਦੇ ਜਤਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਿਖਾਂ ਨੂੰ ਜਿਸ ਘਿਣਾਉਣੇ ਤਰੀਕੇ ਨਾਲ ਵਹਿਸ਼ੀਆਨਾ ਢੰਗ ਨਾਲ ਮਾਰਿਆ ਗਿਆ ਹੋਵੇਗਾ ਇਸ ਬਾਰੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਹ ਬਹਤ ਹੀ ਦਿਲ ਕੰਬਾਊ ਗਲ ਹੈ ਕਿ ਸਰਕਾਰ ਦੀ ਸ਼ਹਿ ’ਤੇ ਨਸਲਕੁਸ਼ੀ ਦੀ ਇਸ ਕਾਰਵਾਈ ਨੂੰ ਆਸਾਨੀ ਨਾਲ ਅੰਜਾਮ ਦਿੱਤਾ ਗਿਆ। ਜਤਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਕ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਪੂਰੇ ਦਾ ਪੂਰਾ ਪਿੰਡ ਖਤਮ ਕਰ ਦੇਣਾ ਮਨੁੱਖੀ ਅਧਿਕਾਰਾਂ ਦੀ ਸੱਭ ਤੋਂ ਵੱਡੀ ਉਲੰਘਣਾ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਤੇ ਸਿਖ ਨਸਲਕੁਸ਼ੀ ਦਾ ਜਿਊਂਦਾ ਜਾਗਦਾ ਸਬਹੂਤ ਹੈ। ਹੋਂਦ ਚਿਲੜ ਪਿੰਡ ਦੀਆਂ ਮਾਵਾਂ, ਪਿਤਾ, ਭਰਾ ਤੇ ਭੈਣਾਂ ਨੂੰ ਸਿਰਫ ਇਸੇ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਉਹ ਭਾਰਤ ਦੀ ਬਹੁ ਗਿਣਤੀ ਤੋਂ ਵਖਰੇ ਆਪਣੇ ਧਾਰਮਿਕ ਭਾਵਨਾ ਨਾਲ ਜੁੜੇ ਹੋਏ ਸੀ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਵਲੋਂ ਦਿੱਤੇ ਗਏ ਬਿਆਨਾਂ ਤੋਂ ਇਲਾਵਾ ਖੋਜ ਕਰਤਾਵਾਂ ਨੇ ਇਕ ਹੋਰ ਜਾਣਕਾਰੀ ਸਾਹਮਣੇ ਲਿਆਂਦੀ ਹੈ ਕਿ ਹਮਲਾਵਰਾਂ ਨੇ ਸਿਖ ਘਰਾਂ ਨੂੰ ਘੇਰਾ ਪਾ ਲਿਆ ਤੇ ਸਿਖਾਂ ਦੇ ਘਰਾਂ ’ਤੇ ਪੈਟਰੋਲ ਬੰਬ ਸੁਟਣੇ ਸ਼ੁਰੂ ਕਰ ਦਿੱਤੇ। ਮਰਦ ਤੇ ਬੱਚਿਆਂ ਨੂੰ ਕੁਟਿਆ ਗਿਆ ਤੇ ਫਿਰ ਸੜ ਰਹੇ ਘਰਾਂ ਵਿਚ ਸੁਟ ਦਿੱਤਾ ਗਿਆ ਤੇ ਔਰਤਾਂ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਫਿਰ ਉਨ੍ਹਾਂ ਨੂੰ ਵੀ ਅੱਗ ਵਿਚ ਸੁਟ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਕੀਤੀ ਗਈ ਤੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ ਜਿਸ ਤੋਂ ਭੂਤਰੀ ਹੋਈ ਕਾਤਲ ਭੀੜ ਦਾ ਸਪਸ਼ਟ ਸੰਕੇਤ ਜਾਪਦਾ ਸੀ ਕਿ ਉਨ੍ਹਾਂ ਦਾ ਇਰਾਦਾ ਸਿਖ ਨਾਲ ਜੁੜੀ ਹਰ ਪਛਾਣ ਦਾ ਨਾਮੋ ਨਿਸ਼ਾਨ ਮਿਟਾਉਣਾ ਸੀ।

ਇਸ ਨਵੀਂ ਥਾਂ ਦਾ ਪਤਾ ਲਗਣ ਤੋਂ ਬਾਅਦ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਸੰਯੁਕਤ ਰਾਸ਼ਟਰ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਤੇ ਦੱਖਣ ਏਸ਼ੀਆਂ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰੇਗੀ ਤੇ ਉ੍ਵਨ੍ਹਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਪਿੰਡ ਹੋਂਦ ਚਿਲੜ ਵਿਚ ਸਿਖਾਂ ਦੇ ਦੇ ਕਤਲੇਆਮ ਵਾਲੀ ਥਾਂ ਦਾ ਦੌਰਾ ਕਰਨ ਤੇ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿਖਾਂ ’ਤੇ ਹੋਏ ਹਮਲੇ ਦੀ ਜਾਂਚ ਕੀਤੀ ਜਾਵੇ। ਪਿੰਡ ਹੋਂਦ ਚਿਲੜ ਦੀ ਨਸਲੁਕਸ਼ੀ ਵਾਲੀ ਥਾਂ ਦਾ ਪਤਾ ਇੰਜਨੀਅਰ ਮਨਵਿੰਦਰ ਸਿੰਘ ਦੇ ਯਤਨਾਂ ਸਦਕਾ ਲਗਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,