ਸਿੱਖ ਖਬਰਾਂ

ਲੋਕਾਂ ਦੀ ਚੰਗੀ ਜ਼ਿੰਦਗੀ ਪ੍ਰਤੀ ਤਾਂਘ ਨੂੰ ਅਡੰਬਰਾਂ ‘ਚ ਉਲਝਾਉਣ ਦਾ ਪੰਜਾਬ ‘ਚ ਰੁਝਾਨ ਵਧਿਆ

January 25, 2019 | By

*ਮੇਜਰ ਸਿੰਘ

ਜਲੰਧਰ: 1960ਵਿਆਂ ਦੇ ਪੰਜਾਬ ਅੰਦਰ ਹਰੇ ਇਨਕਲਾਬ ਦੀ ਸ਼ੁਰੂਆਤ ਨਾਲ ਆਈ ਹਰਿਆਲੀ ਤੇ ਖੁਸ਼ਹਾਲੀ ਨੇ ਲੋਕਾਂ ਅੰਦਰ ਪੈਦਾ ਹੋਈਆਂ ਨਵੀਆਂ ਖਾਹਿਸ਼ਾਂ ਤੇ ਉਮੰਗਾਂ ਨਾਲ ਪੈਦਾ ਹੋਈ ਰੂਹਾਨੀ ਭੁੱਖ ਜਦ ਪੂਰੀ ਨਾ ਕੀਤੀ ਤਾਂ ਇਸ ਲੋੜ ਨੂੰ ਪੂਰਾ ਕਰਨ ਲਈ ਧਾਰਮਿਕ ਖੇਤਰ ਵਿਚ ਡੇਰੇਦਾਰਾਂ ਦਾ ਇਕ ਵੱਡਾ ਪੂਰ ਖੜ੍ਹਾ ਹੋਇਆ ਸੀ। ਨਿਰੰਕਾਰੀ ਮਿਸ਼ਨ, ਰਾਧਾ ਸੁਆਮੀ ਤੇ ਬਾਅਦ ‘ਚ ਡੇਰਾ ਸਿਰਸਾ, ਨੂਰਮਹਿਲੀਏ ਆਸ਼ੂਤੋਸ਼ ਤੇ ਭਨਿਆਰੇ ਵਾਲੇ ਬਾਬੇ ਵਰਗੇ ਅਨੇਕ ਡੇਰੇ ਹਰ ਧਰਮ ਦੇ ਲੋਕਾਂ ਖ਼ਾਸ ਕਰ ਪੰਜਾਬ ਦੇ ਗ਼ਰੀਬ ਤੇ ਪਛੜੇ ਵਰਗ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਹੁਣ ਜਦ ਡੇਢ-ਦੋ ਦਹਾਕੇ ਤੋਂ ਹਰੇ ਇਨਕਲਾਬ ਦੀ ਹਰਿਆਲੀ ਕਿਸਾਨੀ ਸੰਕਟ ਚੱਟ ਗਿਆ ਹੈ ਤਾਂ ਪੁਰਾਣੇ ਚਲੇ ਆ ਰਹੇ ਡੇਰੇ, ਲੋਕਾਂ ਖ਼ਾਸ ਕਰ ਨੌਜਵਾਨ ਪੀੜ੍ਹੀ ਲਈ ਖਿੱਚ ਦਾ ਕੇਂਦਰ ਨਹੀਂ ਰਹੇ। ਸੰਸਾਰੀਕਰਨ ਤੇ ਉਦਾਰੀਕਰਨ ਦਾ ਨਵਾਂ ਚੱਲਿਆ ਹਥਿਆਰ ਵੀ ਹੁਣ ਖੁੰਢਾ ਹੋ ਗਿਆ ਹੈ ਤੇ ਇਸ ਵਰਤਾਰੇ ਨਾਲ ਪੈਦਾ ਹੋਇਆ ਸਮਾਜਿਕ, ਆਰਥਿਕ ਅਤੇ ਮਾਨਸਿਕ ਸੰਕਟ ਮੁੜ ਮੂੰਹ ਅੱਡੀ ਖੜ੍ਹਾ ਹੈ। ਲੋਕ ਮਾਨਸਿਕ ਤੌਰ ‘ਤੇ ਖੋਖਲੇਪਨ ਦਾ ਸ਼ਿਕਾਰ ਹੋਏ ਨਜ਼ਰ ਆ ਰਹੇ ਹਨ। ਇਸ ਮਾਨਸਿਕ ਅਵਸਥਾ ਨੂੰ ਦੂਰ ਕਰਨ ਲਈ ਹੁਕਮਰਾਨ ਜਦ ਕੋਈ ਠੋਸ ਅਤੇ ਲੋਕ ਹਿਤੈਸ਼ੀ ਵਿਕਾਸ ਮੁਖੀ ਏਜੰਡਾ ਵਿਕਸਿਤ ਨਹੀਂ ਕਰ ਸਕੇ ਤਾਂ ਮੁੜ ਫਿਰ ਉਹੀ ਪੁਰਾਣੇ ਘਸੇ-ਪਿਟੇ ਕੌਂਤਕਾਂ ਨੂੰ ਅੱਜ ਨਵੀਂ ਚਮਕ-ਦਮਕ (ਗਲੈਮਰ) ਦੇ ਲਬਾਦੇ ਵਿਚ ਲਪੇਟ ਕੇ ਅਜਿਹੇ ਨਵੇਂ ਧਾਰਮਿਕ ਅਲੰਬਰਦਾਰ ਲੋਕਾਂ ਨੂੰ ਪਰੋਸਣ ਲੱਗੇ ਹਨ। ਅੱਜ ਹਰ ਪਾਸੇ ਚਮਕ-ਦਮਕ (ਗਲੈਮਰ) ਵਾਲਾ ਅੰਦਾਜ਼ ਭਾਰੂ ਹੋਇਆ ਨਜ਼ਰ ਆ ਰਿਹਾ ਹੈ। ਰੂਹਾਨੀਅਤ ਦਾ ਖੇਤਰ ਵੀ ਹੁਣ ਇਸੇ ਤੜਕ-ਭੜਕ ਨੇ ਆਪਣੇ ਕਲਾਵੇ ‘ਚ ਲੈ ਲਿਆ ਹੈ ਤੇ ਲੋਕ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਗਲੈਮਰ ਦੀ ਹੀ ਮੁਰੀਦ ਬਣ ਕੇ ਰਹਿ ਗਈ ਹੈ। ਇਸਾਈ ਮੱਤ ਦੇ ਇਹ ਨਵੇਂ ਉਭਰੇ ਡੇਰੇ ਸਿਰਫ਼ ਤੇ ਸਿਰਫ਼ ਗਲੈਮਰ ਦੇ ਜ਼ੋਰ ਵੇਲਾ-ਵਿਹਾਅ ਚੁੱਕੇ ਪੁਰਾਣੇ ਅਡੰਬਰਾਂ ਨੂੰ ਮੁੜ ਪ੍ਰਚਲਤ ਕਰਨ ਦਾ ਜ਼ਰੀਆ ਬਣ ਰਹੇ ਹਨ। ਜਲੰਧਰ ਦੇ ਆਸ-ਪਾਸ ਚੱਲ ਰਹੇ ਇਸਾਈ ਮੱਤ ਦੇ ਇਨ੍ਹਾਂ ਡੇਰਿਆਂ ਦਾ ਆਪਸ ਵਿਚ ਭਾਵੇਂ ਕੋਈ ਤੁਅੱਲਕ ਜਾਂ ਤਾਲਮੇਲ ਤਾਂ ਨਹੀਂ ਪਰ ਕੰਮ ਕਰਨ ਦੀ ਸ਼ੈਲੀ ਤੇ ਤਰਜ਼ ਇਕੋ ਜਿਹੀ ਹੈ।

 

ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਦੇ ਗੰਭੀਰ ਮਰੀਜ਼ ਇਨ੍ਹਾਂ ਕੋਲ ਆਉਂਦੇ ਹਨ। ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਮਜਬੂਰ ਲੋਕ ਇਨ੍ਹਾਂ ਦੇ ਬੋਲਾਂ ਉਪਰ ਨੱਚਦੇ ਹਨ। ਇੱਥੋਂ ਤੱਕ ਕਿ ਬਾਹਰਲੇ ਦੇਸ਼ਾਂ ਦੇ ਵੀਜ਼ੇ ਲਗਾਉਣ, ਵਿਆਹ ਤੇ ਔਲਾਦ ਦਾ ਸੁਖ ਪ੍ਰਾਪਤ ਕਰਨ ਵਰਗੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਵੀ ਲੋਕ ਇੱਥੇ ਆ ਕੇ ਝੋਲੀਆਂ ਅੱਡਦੇ ਦੇਖੇ ਜਾਂਦੇ ਹਨ। ਸੰਤਾਨ ਸੁੱਖ ਪਾਉਣ ਤੇ ਵਿੱਦਿਆ ਦਾਨ ਹਾਸਲ ਕਰਨ ਲਈ ਕਈ ਲੋਕ ਪ੍ਰਾਰਥਨਾ ਕਰਦੇ ਦੇਖੇ ਜਾਂਦੇ ਹਨ। ਇਨ੍ਹਾਂ ਡੇਰਿਆਂ ਦੇ ਮੁੱਖ ਪ੍ਰਚਾਰਕ ਗੰਭੀਰ ਤੋਂ ਗੰਭੀਰ ਬਿਮਾਰੀਆਂ ਦੇ ਫੋਕੇ ਮੰਤਰਾਂ ਨਾਲ ਇਲਾਜ ਕਰਨ ਤੇ ਵੀਜ਼ੇ ਲਗਵਾਉਣ ਤੋਂ ਲੈ ਕੇ ਔਲਾਦ ਦੀ ਮੁਰਾਦ ਪੂਰੀ ਕਰਨ ਦੇ ਖੁੱਲ੍ਹੇਆਮ ਐਲਾਨ ਕਰਦੇ ਹਨ। ਅਜਿਹੇ ਦਾਅਵਿਆਂ ਦੀਆਂ ਅਨੇਕਾਂ ਪੋਸਟਾਂ ਯੂ-ਟਿਊਬ ਤੇ ਹੋਰ ਸੋਸ਼ਲ ਮੀਡੀਆ ਉੱਪਰ ਘੁੰਮਦੀਆਂ ਦੇਖੀਆਂ ਜਾ ਰਹੀਆਂ ਹਨ। ਮੁੱਖ ਪ੍ਰਚਾਰਕ ਸਟੇਜ਼ਾ ਉਪਰੋਂ ‘ਸ਼ੈਤਾਨ’ ਤੋਂ ਰੂਹਾਂ ਮੁਕਤ ਕਰਵਾਉਣ ਲਈ ਹੱਥਾਂ ‘ਚ ਮਾਈਕ ਫੜ ਕੇ ‘ਹਲੇਲੂਈਆ’ ਦੇ ਲਲਕਾਰੇ ਮਾਰਦੇ ਸਟੇਜਾਂ ਉੱਪਰ ਘੁੰਮਦੇ ਹਨ ਅਤੇ ਸਟੇਜ ਉੱਪਰ ਢੋਲ ਤੇ ਸਾਜ਼ ਵਜਾਉਣ ਵਾਲੀਆਂ ਨੌਜਵਾਨ ਕੁੜੀਆਂ-ਮੁੰਡਿਆਂ ਦੀਆਂ ਟੋਲੀਆਂ ਉਨ੍ਹਾਂ ਨਾਲ ਤਾਲ ਮਿਲਾ ਕੇ ਚਲਦੀਆਂ ਹਨ।

ਹਜ਼ਾਰਾਂ ਦੀ ਗਿਣਤੀ ਵਾਲੇ ਪੰਡਾਲ ‘ਚ ਸ਼ਾਮਿਲ ਲੋਕ ਖੁਦ ਵੀ ਹੱਥ ਖੜ੍ਹੇ ਕਰਕੇ ਸਿਰ ਮਾਰਦੇ ਹੋਏ ਨੱਚਣ-ਟੱਪਣ ਲਗਦੇ ਹਨ। ਇਕ ਵੇਲਾ ਅਜਿਹਾ ਆਉਂਦਾ ਹੈ ਕਿ ਬਹੁਤ ਸਾਰੀਆਂ ਔਰਤਾਂ ਮੰਤਰ ਮੁਗਧ ਹੋਈਆਂ ਸਟੇਜ ਅੱਗੇ ਛੱਡੀ ਖ਼ਾਲੀ ਥਾਂ ਆ ਜਾਂਦੀਆਂ ਹਨ ਤੇ ਮੂਰਛਤ ਅਵਸਥਾ ‘ਚ ਧਰਤੀ ਉੱਪਰ ਡਿੱਗਣ ਲਗਦੀਆਂ ਹਨ। ਸਟੇਜ ਉਪਰੋ ਮੁੱਖ ਪ੍ਰਚਾਰਕ ਵਲੋਂ ਇਸ ਅਵਸਥਾ ਨੂੰ ਸ਼ੈਤਾਨ ਵਲੋਂ ‘ਰੂਹਾਂ ਛੱਡਣ’ ਦਾ ਨਾਂਅ ਦਿੱਤਾ ਜਾਂਦਾ ਹੈ। ਅੰਕੁਰ ਨਰੂਲਾ ਦੇ ਸਤਿਸੰਗ ਵਿਚ ਪ੍ਰਾਰਥਨਾ ਨਾਲ ਤਿਆਰ ਕੀਤਾ ਤੇਲ, ਮਠਿਆਈ ਵੀ ਦਿੱਤੀ ਜਾਂਦੀ ਹੈ ਜਿਸ ਦੇ ਲਗਾਉਣ ਤੇ ਖਾਣ ਨਾਲ ਲੋਕਾਂ ਦੇ ਤੰਦਰੁਸਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਤਾਜਪੁਰ ਪਿੰਡ ਦੇ ਲੋਕ ਅਜਿਹੇ ਦਾਅਵਿਆਂ ਨੂੰ ਰੱਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਤਾਜਪੁਰ ਵਾਲੇ ਡੇਰੇ ‘ਚ ਪਿਛਲੇ ਕਰੀਬ ਇਕ ਸਾਲ ਤੋਂ ਦਿਮਾਗ ਖ਼ਰਾਬੀ ਵਾਲੀ ਇਕ ਔਰਤ ਰਹਿ ਰਹੀ ਹੈ ਜਿਸ ਦੀ ਲੱਤ ਨੂੰ ਸੰਗਲ ਪਾਇਆ ਹੋਇਆ ਹੈ। ‘ਅਜੀਤ’ ਦੇ ਇਸ ਪੱਤਰਕਾਰ ਨੇ ਵੀ ਡੇਰੇ ‘ਚ ਘੁੰਮ ਰਹੀ ਲੱਤ ਨੂੰ ਸੰਗਲ ਪਾਈ ਇਹ ਔਰਤ ਦੇਖੀ ਪਰ ਉਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਹੋਇਆ। ਡੇਰਾ ਖਾਂਬਰਾ ਤੇ ਤਾਜਪੁਰ ਵਲੋਂ ਲਗਾਏ ਜਾਂਦੇ ਸਤਿਸੰਗਾਂ ਵਿਚ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਗੱਲ ਸੁਣ ਕੇ ਨੱਚਦੇ ਦੇਖੇ ਜਾਂਦੇ ਹਨ। ਇਨ੍ਹਾਂ ਡੇਰਿਆਂ ‘ਚ ਮੁਰਦਿਆਂ ਨੂੰ ਜਿਊਂਦੇ ਕਰਨ ਦੇ ਦਾਅਵੇ ਹੀ ਨਹੀਂ ਸਗੋਂ ਸਟੇਜਾਂ ਤੋਂ ਛਲਾਵੇ ਵੀ ਕੀਤੇ ਜਾਂਦੇ ਹਨ।

ਬਜਿੰਦਰ ਸਿੰਘ ਵਲੋਂ ਡੀ.ਐੱਮ.ਸੀ. ਲੁਧਿਆਣਾ ‘ਚ ਬੁਖਾਰ ਕਾਰਨ ਕਈ ਦਿਨਾਂ ਤੱਕ ਦਾਖ਼ਲ ਰਹਿਣ ਪਿੱਛੋਂ ਮੌਤ ਦੇ ਮੂੰਹ ਜਾ ਪਏ ਇਕ ਦਸ ਕੁ ਸਾਲਾਂ ਬੱਚੇ ਨੂੰ ਸਟੇਜ ਉੱਪਰ ਜਿਊਂਦਾ ਹੁੰਦਾ ਦਿਖਾਇਆ ਗਿਆ। ਇਸ ਕਰਾਮਾਤ ਦੀ ਵੀਡੀਓ ਸ਼ਰੇਆਮ ਵਾਇਰਲ ਹੋ ਰਹੀ ਹੈ। ਤਾਜਪੁਰ ਦੇ ਲੋਕ ਡੇਰੇ ਦੀਆਂ ਸਰਗਰਮੀਆਂ ਤੋਂ ਖੁਸ਼ ਨਹੀਂ ਸਗੋਂ ਉਹ ਇਸ ਗੱਲੋਂ ਔਖੇ ਹਨ ਕਿ ਡੇਰੇ ਵਾਲਿਆਂ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ‘ਤੇ ਧੱਕੇ ਨਾਲ ਕਬਜ਼ਾ ਕਰ ਰੱਖਿਆ ਹੈ।

ਤਰਨਤਾਰਨ ਖੇਤਰ ਦੇ ਪਿੰਡ ਪਰੋਵਾਲ ਦੀ ਜੰਮਪਲ ਰੇਨੂੰ ਪਿਛਲੇ ਕਾਫ਼ੀ ਸਮੇਂ ਤੋਂ ਖਾਂਬਰਾ ਵਾਲੇ ਚਰਚ ਕੰਪਲੈਕਸ ‘ਚ ਰਹਿ ਰਹੀ ਹੈ। ਉਹ ਏਨੀ ਉਤਸ਼ਾਹਿਤ ਹੈ ਕਿ ਉੱਚੀ-ਉੱਚੀ ਬੋਲ ਕੇ ਦੱਸ ਰਹੀ ਸੀ ਕਿ ਮੇਰਾ ਪਹਿਲਾ ਵਿਆਹ ਟੁੱਟ ਗਿਆ ਸੀ ਤੇ ਨਵਾਂ ਵਿਆਹ ਵੀ ਰਾਸ ਨਹੀਂ ਸੀ ਆ ਰਿਹਾ, ਪਰ ਜਦ ਤੋਂ ਇੱਥੇ ਆਈ ਹਾਂ ਤਾਂ ਜ਼ਿੰਦਗੀ ਹੀ ਬਦਲ ਗਈ ਹੈ। ਮੁੰਬਈ ਤੋਂ ਦੋ ਔਰਤਾਂ ਨਾਲ ਆਏ ਹੋਏ ਚੜ੍ਹਦੀ ਉਮਰ ਦੇ ਦੋ ਨੌਜਵਾਨ ਕਹਿ ਰਹੇ ਸਨ ਕਿ ਉਹ ਆਨ-ਲਾਈਨ ਜਾਣਕਾਰੀ ਹਾਸਲ ਕਰਕੇ ਇੱਥੇ ਪੁੱਜੇ ਹਨ ਤੇ ਬਿਮਾਰ ਮਾਤਾ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਇਸੇ ਤਰ੍ਹਾਂ ਖੋਜੇਵਾਲ ਦੇ ਚਰਚ ‘ਚ ਇਕ ਪ੍ਰਬੰਧਕ ਆਖ ਰਿਹਾ ਸੀ ਕਿ ‘ਬੁਰੀਆਂ ਆਤਮਾਵਾਂ’ ਤੋਂ ਮੁਕਤੀ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ। ਉਨ੍ਹਾਂ ਵਲੋਂ ਛਾਪੇ ਕਿਤਾਬਚਿਆਂ ਵਿਚ ਵੀ ਯਿਸੂ ਮਸੀਹ ਦੀ ਪ੍ਰਾਰਥਨਾ ਨਾਲ ਬਿਮਾਰਾਂ ਦੇ ਦੁੱਖ ਟੁੱਟਦੇ ਤੇ ਪ੍ਰੇਤ ਛਾਇਆ ਤੋਂ ਛੁਟਕਾਰੇ ਦੇ ਕੌਤਕ ਦਰਜ ਕੀਤੇ ਹੋਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਤਿੰਨਾਂ ਹੀ ਪਿੰਡਾਂ ਦੇ ਲੋਕ ਡੇਰੇਦਾਰਾਂ ਦੀਆਂ ਸਰਗਰਮੀਆਂ ਤੋਂ ਬਹੁਤੇ ਨਾ ਤਾਂ ਪ੍ਰਭਾਵਤ ਹਨ ਤੇ ਨਾ ਹੀ ਮਾਣ ਕਰਦੇ ਹਨ।

ਚੌਂਕੀਆਂ ਭਰਨ ‘ਚ ਸਿੱਖ ਵੀ ਪਿੱਛੇ ਨਹੀਂ

ਆਮ ਕਰਕੇ ਰਵਾਇਤੀ ਇਸਾਈ ਚਰਚ ‘ਚ ਪਗੜੀਧਾਰੀ ਸਾਬਤ ਸੂਰਤ ਸਿੱਖ ਕਦੇ ਨਹੀਂ ਦੇਖੇ ਜਾਂਦੇ। ਚਰਚ ਦੇ ਸ਼ਰਧਾਲੂਆਂ ‘ਚ ਸਿੱਖਾਂ ਦੀ ਗਿਣਤੀ ਕਦੇ ਵੀ ਨਹੀਂ ਦੇਖੀ ਗਈ, ਪਰ ਨਵੇਂ ਉਭਰੇ ਇਸਾਈ ਪ੍ਰਚਾਰ ਵਾਲੇ ਡੇਰਿਆਂ ਵਿਚ ਨਾ ਸਿਰਫ਼ ਪਗੜੀਧਾਰੀ ਸਗੋਂ ਅੰਮ੍ਰਿਤਧਾਰੀ ਸਿੱਖ ਵੀ ਪਰਿਵਾਰਾਂ ਸਮੇਤ ਸਤਿਸੰਗ ਤੇ ਮੀਟਿੰਗਾਂ ‘ਚ ਸ਼ਾਮਿਲ ਹੁੰਦੇ ਦੇਖੇ ਜਾਂਦੇ ਹਨ। ਅਸੀਂ ਜਦ ਤਾਜਪੁਰ ਵਾਲੇ ਡੇਰੇ ਉਪਰ ਗਏ ਤਾਂ ਉੱਥੇ ਸਾਡੇ ਹੁੰਦਿਆਂ ਹੀ ਮੋਗੇ ਵੱਲ ਦੇ ਪਿੰਡ ਤੋਂ ਇਕ ਅੰਮ੍ਰਿਤਧਾਰੀ ਸਿੱਖ ਕਾਰ ਵਿਚ ਸਵਾਰ ਹੋ ਕੇ ਪਰਿਵਾਰ ਸਮੇਤ ਉੱਥੇ ਪੁੱਜਿਆ।

ਤਾਜਪੁਰ ਦੇ ਸਤਿਸੰਗ ‘ਚ ਹੀ ਇਕ ਖੁੱਲ੍ਹੀ ਦਾੜ੍ਹੀ ਵਾਲੇ ਪਗੜੀਧਾਰੀ 60 ਕੁ ਨੂੰ ਢੁੱਕੇ ਪਰਿਵਾਰ ਸਮੇਤ ਪੁੱਜੇ ਸਿੱਖ ਨੂੰ ਜਦ ਕੈਨੇਡਾ ਜਾਣ ਦਾ ਦਾਅਵਾ ਕੀਤਾ ਤਾਂ ਉਹ ਪਤੀ-ਪਤਨੀ ਖੁਸ਼ੀ ‘ਚ ਬੇਪ੍ਰਵਾਹ ਹੋਏ ਨੱਚਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਖਾਬਰਾਂ ਵਾਲੇ ਡੇਰੇ ‘ਚ 5-6 ਸਾਲਾਂ ਤੋਂ ਪ੍ਰੇਮੀ ਚਲਿਆ ਆ ਰਿਹਾ, ਜਲੰਧਰ ਬਸਤੀਆਂ ਦਾ ਇਕ ਪ੍ਰੇਮੀ ਬਣਿਆ ਸਿੱਖ ਕਹਿ ਰਿਹਾ ਸੀ ਕਿ ਜਦ ਉਸ ਨੇ ਇੱਥੇ ਆਉਣਾ ਸ਼ੁਰੂ ਕੀਤਾ ਤਾਂ ਸਾਰੇ ਰਿਸ਼ਤੇਦਾਰ ਮਿਲਣਾ ਗਿਲਣਾ ਹੀ ਛੱਡ ਗਏ। ਇਕ ਹੋਰ ਬਜ਼ੁਰਗ ਸਿੱਖ ਦੋ ਬਜ਼ੁਰਗ ਔਰਤਾਂ ਨਾਲ ਉੱਥੇ ਆਪ ਤੋਂ ਅੱਧੀ ਉਮਰ ਦੇ ‘ਪਾਪਾ ਜੀ’ ਨੂੰ ਹੱਥ ਜੋੜਦੇ ਦਿਖਾਈ ਦਿੱਤੇ। ਪੰਜਾਬੀ ਸਮਾਜ ਵਿਚ ਪ੍ਰੇਤ ਛਾਇਆ ਜਾਂ ਬੇਗਾਨੀਆਂ ਰੂਹਾਂ ਦੇ ਕਰਾਮਾਤ ਨਾਲ ਇਲਾਜ ਦੇ ਪਹਿਲਾਂ ਅਨੇਕਾਂ ਡੇਰੇ ਚਲਦੇ ਆਏ ਹਨ। ਪਰ ਜਿਨੇ ਵਿਆਪਕ ਪੱਧਰ ‘ਤੇ ਖੁੱਲ੍ਹੇਆਮ ਇਨ੍ਹਾਂ ਡੇਰਿਆਂ ‘ਚ ਇਹ ਅਡੰਬਰ ਪ੍ਰਚੱਲਿਤ ਹੈ, ਸ਼ਾਇਦ ਹੀ ਇਸ ਤਰ੍ਹਾਂ ਕਦੇ ਹੋਇਆ ਹੋਵੇ।

ਇਹ ਲੇਖਾ ਅਜੀਤ ਅਖਬਾਰ ‘ਚ  ” ਭਾਗ ਦੂਜਾ ਹਰ ਮਰਜ਼ ਦਾ ਇਲਾਜ ਪ੍ਰਾਰਥਨਾ ਰਾਹੀਂ ਕਰਨ ਦੇ ਕੀਤੇ ਜਾਂਦੇ ਨੇ ਕੌਤਕ ” ਇਸ ਸਿਰਲੇਖ ਹੇਠ ਛਪਿਆ ਸੀ ਜੋ ਕਿ ਸਿੱਖ ਸਿਆਸਤ ਦੇ ਪਾਠਕਾਂ ਲਈ ਹੇਠਾ ਸਾਂਝਾ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,