ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਕਾਮਰੇਡੀ ਤੋਂ ਸਿੱਖੀ ਵੱਲ ਮੋੜਾ ਕਿਵੇਂ ਪਿਆ?

December 10, 2020 | By

ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ “ਸ਼ਹੀਦ ਜਸਵੰਤ ਸਿੰਘ ਖਾਲੜਾ: ਸੋਚ, ਸੰਘਰਸ਼ ਅਤੇ ਸ਼ਹਾਦਤ” ਮਨੁੱਖੀ ਹੱਕਾਂ ਦੀ ਰਾਖੀ ਲਈ ਜਾਨ ਨਿਸ਼ਾਵਰ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਅਧਾਰਿਤ ਹੈ। ਇਸ ਕਿਤਾਬ ਵਿਚਲਾ ਇੱਕ ਹਿੱਸਾ ਜਿਸ ਵਿੱਚ ਇਹ ਦਰਸਾਤਇਆ ਗਿਆ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੇ ਕਾਮਰੇਡੀ ਤੋਂ ਸਿੱਖੀ ਵੱਲ ਮੋੜਾ ਕਿਵੇਂ ਕੱਟਿਆ ਸੀ ਹੇਠਾਂ ਛਾਪਿਆ ਜਾ ਰਿਹਾ ਹੈ – ਸੰਪਾਦਕ

ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਨਕਸਲੀ ਲਹਿਰ ਦੇ ਅੰਦਰ ਵਿਚਾਰਧਾਰਕ ਉਥਲ-ਪੁਥਲ ਤੇ ਜਥੇਬੰਦਕ ਟੁੱਟ-ਭੱਜ ਦਾ ਅਮਲ ਛਿੜ ਪਿਆ ਸੀ। ਇੰਦਰਾ ਗਾਂਧੀ ਦੀ ਕਰੂਰ ਤਾਨਾਸ਼ਾਹੀ ਦਾ ਦੁਖ਼ਦਾਈ ਅਮਲ ਹੰਢਾਉਣ ਤੋਂ ਬਾਅਦ ਦੇਸ਼ ਅੰਦਰ ਜਮਹੂਰੀਅਤ ਦੀ ਬਹਾਲੀ ਬਾਰੇ ਪੁਰਜ਼ੋਰ ਉਮੀਦਾਂ ਤੇ ਰੀਝਾਂ ਪੈਦਾ ਹੋ ਗਈਆਂ ਸਨ। ਇਸ ਦੇ ਪਰਭਾਵ ਹੇਠ ਨਕਸਲੀ ਲਹਿਰ ਦੇ ਕਾਫੀ ਹਿੱਸਿਆਂ ਨੇ ਹਥਿਆਰਬੰਦ ਜੱਦੋਜਹਿਦ ਦੇ ਰਾਹ ਤੋਂ ਤੋਬਾ ਕਰਦਿਆਂ ਹੋਇਆਂ ਪੁਰਅਮਨ ਸੰਘਰਸ਼ ਦਾ ਰਾਹ ਚੁਣ ਲਿਆ ਸੀ। ਕਮਿਊਨਿਸਟ ਲਹਿਰ ਅੰਦਰ ਪੈਦਾ ਹੋਈ ਇਸ ਵਿਚਾਰਧਾਰਕ ਅਨਿਸਚਤਤਾ ਤੇ ਗੰਧਲ-ਚੌਂਦ ਦਾ, ਜਸਵੰਤ ਸਿੰਘ ਖਾਲੜਾ ਦੇ ਮਨ ਉਤੇ ਵੀ ਗਹਿਰਾ ਅਸਰ ਹੋਇਆ। ਉਸ ਨੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਮੁੱਚੇ ਅਮਲ ਦਾ ਪੜਚੋਲਵਾਂ ਮੁਲੰਕਣ ਕਰਦਿਆਂ ਹੋਇਆਂ ਮਾਰਕਸਵਾਦੀ ਵਿਚਾਰਧਾਰਾ ਦੀ ਬੁਨਿਆਦੀ ਮਰਜ਼ ਦੀ ਪਛਾਣ ਕਰ ਲਈ ਸੀ। ਉਹ ਇਸ ਨਿਸਚਤ ਨਿਰਣੇ ‘ਤੇ ਅੱਪੜ ਗਿਆ ਸੀ ਕਿ ਰਾਜ ਤੇ ਸਮਾਜ ਦਾ ਕਮਿਊਨਿਸਟ ਮਾਡਲ ਵਿਅਕਤੀ ਦੀ ਆਜ਼ਾਦੀ ਤੇ ਆਨ-ਸ਼ਾਨ (ਡਿਗਨਿਟੀ) ਦਾ ਜ਼ਾਮਨ ਨਹੀਂ ਬਣ ਸਕਦਾ। ਜਸਵੰਤ ਸਿੰਘ ਖਾਲੜਾ ਦੀਆਂ ਨਜ਼ਰਾਂ ਵਿਚ ਇਨ੍ਹਾਂ ਦੋਵਾਂ ਤੱਤਾਂ ਦਾ ਵੱਡਾ ਮੁੱਲ ਸੀ। ਜਿਸ ਕਰਕੇ ਉਸ ਦਾ ਕਮਿਊਨਿਸਟ ਵਿਚਾਰਧਾਰਾ ਤੋਂ ਭਰੋਸਾ ਉਠ ਗਿਆ ਸੀ। ਉਸ ਨੇ ਐਲਾਨੀਆ ਤੌਰ ‘ਤੇ ਟਕਸਾਲੀ ਮਾਰਕਸਵਾਦ ਨੂੰ ਤਿਲਾਂਜਲੀ ਦੇ ਦਿੱਤੀ ਸੀ ਅਤੇ ਉਸ ਅੰਦਰ, ਮਨੁੱਖੀ ਸਮਾਜ ਨੂੰ ਇਨਸਾਫ਼ ਤੇ ਬਰਾਬਰੀ ਦੇ ਅਧਾਰ ਉਤੇ ਨਵੇਂ ਸਿਰਿਂਓ ਜਥੇਬੰਦ ਕਰਨ ਲਈ ਕਿਸੇ ਵੱਧ ਢੁਕਵੀਂ ਵਿਚਾਰਧਾਰਾ ਦੀ ਤਲਬ ਪੈਦਾ ਹੋ ਗਈ ਸੀ।

ਇਸੇ ਹੀ ਸਮੇਂ ਦੌਰਾਨ ਜੰਮੂ-ਕਸ਼ਮੀਰ ਦੇ ਇਕ ਨਕਸਲੀ ਧੜੇ ਨੇ ਜੰਮੂ ਦੇ ਸਾਂਬਾ ਕਸਬੇ ਦੇ ਉੱਘੇ ਨਕਸਲੀ ਆਗੂ ਰਾਮ ਪਿਆਰਾ ਸਰਾਫ ਦੀ ਸਿਧਾਂਤਕ ਰਾਹਨੁਮਾਈ ਹੇਠ, ਮਾਰਕਸਵਾਦ ਪ੍ਰਤਿ ਪੜਚੋਲਵੀਂ ਦ੍ਰਿਸ਼ਟੀ ਅਪਣਾਉਂਦੇ ਹੋਏ ਕਿਸੇ ਬਦਲਵੇਂ ਉਦਾਰਵਾਦੀ ਵਿਚਾਰ-ਪ੍ਰਬੰਧ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਵੱਖ ਵੱਖ ਤਜਰਬੇ ਕਰਨ ਤੋਂ ਬਾਅਦ ਰਾਮ ਪਿਆਰਾ ਸਰਾਫ ਨੇ ‘ਇੰਟਰਨੈਸ਼ਨਲ ਡੈਮੋਕਰੇਟਿਕ ਪਾਰਟੀ (ਆਈ ਡੀ ਪੀ)’ ਨਾਂ ਦੀ ਜਥੇਬੰਦੀ ਬਣਾ ਕੇ ਜਨਤਕ ਸਰਗਰਮੀ ਆਰੰਭ ਕਰ ਦਿੱਤੀ ਸੀ। ਇਹ ਪਾਰਟੀ ਸੰਪੂਰਨ ਤੌਰ ‘ਤੇ ਜਮਹੂਰੀਅਤ ਨੂੰ ਪ੍ਰਣਾਈ ਹੋਣ ਦਾ ਦਾਅਵਾ ਕਰਦੀ ਸੀ ਅਤੇ ਹਿੰਸਾ ਨੂੰ ਅਸੂਲੀ ਤੌਰ ‘ਤੇ ਰੱਦ ਕਰਦੀ ਸੀ। ਜੰਮੂ-ਕਸ਼ਮੀਰ ਅੰਦਰ ਤਾਂ ਇਸ ਪਾਰਟੀ ਨੂੰ ਬਹੁਤਾ ਉਤਸ਼ਾਹਪੂਰਨ ਹੁੰਗਾਰਾ ਨਾ ਮਿਲਿਆ, ਪਰ ਪੰਜਾਬ ਦੇ ਕੁੱਝ ਕੁ ਸਾਬਕਾ ਨਕਸਲੀਆਂ ਦੇ ਇਸ ਪਾਰਟੀ ਨਾਲ ਜੁੜ ਜਾਣ ਕਰਕੇ ਇਸ ਨੇ ਪੰਜਾਬ ਅੰਦਰ ਜਨਤਕ ਸਰਗਰਮੀ ਵਿੱਢ ਦਿੱਤੀਆਂ ਸਨ। ਜਸਵੰਤ ਸਿੰਘ ਖਾਲੜਾ ਨੂੰ ਦੂਸਰੇ ਸਾਰੇ ਨਕਸਲੀ ਗੁੱਟਾਂ ਦੀ ਤੁਲਨਾ ਵਿਚ ‘ਇੰਟਰਨੈਸ਼ਨਲ ਡੈਮੋਕਰੇਟਿਕ ਪਾਰਟੀ’ ਦੀ ਸੋਚ ਵੱਧ ਸਹੀ ਜਾਪੀ। ਅੱਸੀਵਿਆਂ ਦੇ ਸ਼ੁਰੂ ਵਿਚ ਉਸ ਨੇ ਇਸ ਪਾਰਟੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਸੀ ਅਤੇ ਥੋੜ੍ਹੇ ਹੀ ਚਿਰ ਵਿਚ ਉਹ ਇਸ ਪਾਰਟੀ ਦੀ ਸੂਬਾ ਕਮੇਟੀ ਦਾ ਮੈਂਬਰ ਬਣ ਗਿਆ ਸੀ।

ਸਿੱਖ ਸੰਘਰਸ਼ ਦੀ ਉਠਾਣ

ਇਸੇ ਦੌਰਾਨ 1978 ਦੀ ਵੈਸਾਖੀ ਮੌਕੇ ਪੰਜਾਬ ਦੇ ਰਾਜਸੀ ਮੰਚ ਉਤੇ ਇਕ ਅਣਕਿਆਸਿਆ ਵਿਸਫ਼ੋਟ ਹੋਇਆ। ਨਕਲੀ ਨਿਰੰਕਾਰੀਆਂ ਨੇ ਕੇਂਦਰੀ ਹਕੂਮਤ ਦੀ ਸ਼ਹਿ ਉਤੇ ਅੰਮ੍ਰਿਤਸਰ ਵਿਖੇ 13 ਸਿੱਖ ਸ਼ਰਧਾਲੂਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੰਘਾਂ ਦੇ ਇਸ ਨਹੱਕੇ ਕਤਲੇਆਮ ਦੇ ਵਿਰੁੱਧ ਰੋਹ ਭਰਪੂਰ ਸੰਘਰਸ਼ ਆਰੰਭ ਕਰ ਦਿੱਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਸੀ ਦ੍ਰਿਸ਼ ਉਤੇ ਆਮਦ ਨਾਲ ਰਾਜਸੀ ਵਾਤਾਵਰਣ ਵਿਚ ਤਰਥੱਲੀ ਮੱਚ ਗਈ ਸੀ। ਸੰਤ ਜੀ ਵੱਲੋਂ ਇਨਸਾਫ਼ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦਾ ਹੋਕਾ ਦਿਤੇ ਜਾਣ ਸਦਕਾ ਧਰਮ ਲਈ ਸਿਰ ਦੇਣ ਦੀ ਗੌਰਵਸ਼ਾਲੀ ਸਿੱਖ ਰਵਾਇਤ ਮੁੜ ਜੀਵਤ ਹੋ ਉਠੀ ਸੀ। ਜਿਹੜੇ ਸਿੱਖ ਨੌਜਵਾਨ ਕੁੱਝ ਸਾਲ ਪਹਿਲਾਂ ਇਨਕਲਾਬੀ ਤਬਦੀਲੀ ਦੀ ਤਾਂਘ ਵਿਚੋਂ ਕਮਿਊਨਿਸਟ ਵਿਚਾਰਧਾਰਾ ਵੱਲ ਕੀਲੇ ਗਏ ਸਨ, ਉਨ੍ਹਾਂ ਅੰਦਰ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਤੇ ਵਿਚਾਰਧਾਰਾ ਦੀ ਖਿੱਚ ਪੈਦਾ ਹੋ ਗਈ ਸੀ। ਨਤੀਜੇ ਵਜੋਂ ਇਨਕਲਾਬੀ ਝੁਕਾਅ ਰੱਖਣ ਵਾਲੇ ਕੁੱਝ ਸਾਬਕਾ ਨਕਸਲੀ ਹੌਲੀ ਹੌਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜੁੜਨ ਲੱਗ ਗਏ ਸਨ। ਇਸ ਮਾਹੌਲ ਦੇ ਅਸਰ ਹੇਠ ਜਸਵੰਤ ਸਿੰਘ ਖਾਲੜਾ ਦੇ ਮਨ ਅੰਦਰ ਵੀ ਦੱਬੇ ਹੋਏ ਸਿੱਖ ਸੰਸਕਾਰਾਂ ਨੇ ਜ਼ੋਰਦਾਰ ਅੰਗੜਾਈ ਲਈ ਅਤੇ ਉਸ ਅੰਦਰ ਆਪਣੀ ਖ਼ਾਨਦਾਨੀ ਸਿੱਖ ਜੁਝਾਰੂ ਵਿਰਾਸਤ ਦਾ ਜਜ਼ਬਾ ਸੁਰਜੀਤ ਹੋ ਗਿਆ ਸੀ। ਜਿਉਂ ਜਿਉਂ ਸੰਤ ਜੀ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦਾ ਮੈਦਾਨ ਮਘਦਾ ਚਲਾ ਗਿਆ, ਤਿਉਂ ਤਿਉਂ ਜਸਵੰਤ ਸਿੰਘ ਦਾ ਝੁਕਾਅ ਤੇ ਲਗਾਅ ਸਿੱਖ ਸੰਘਰਸ਼ ਵੱਲ ਹੁੰਦਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,