
February 12, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਸਹਿਯੋਗੀ ਜੱਥੇਬੰਦੀਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ, ਝੂਠੇ ਪੁਲਿਸ ਮੁਕਾਬਲਿਆਂ ਅਤੇ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ ਹੈ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਪ੍ਰੈਸ ਬਿਆਨ ਇੱਥੇ ਛਾਪ ਰਹੇ ਹਾਂ।
ਸਤਿਕਾਰਯੋਗ ਪ੍ਰਧਾਨ ਮੰਤਰੀ ਕੈਨੇਡਾ ਜੀ,
ਤੁਸੀ 17 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੇਰੀ ਤੇ ਆ ਰਹੇ ਹੋ ਗੁਰਾਂ ਦੇ ਨਾਮ ਤੇ ਵੱਸਦਾ ਪੰਜਾਬ ਤੁਹਾਨੂੰ ਜੀ ਆਇਆ ਨੂੰ ਆਖਦਾ ਹੈ। ਤੁਸੀ ਸਿੱਖਾਂ ਦੇ ਉਸ ਕੇਂਦਰੀ ਅਸਥਾਨ ਦੀ ਫੇਰੀ ਤੇ ਆ ਰਹੇ ਹੋ ਜਿੱਥੇ ਮਨੁੱਖੀ ਬਰਾਬਰਤਾ, ਜੁਲਮ ਨੂੰ ਵੰਗਾਰਨ, ਜਾਤ-ਪਾਤ ਤੇ ਮੂਰਤੀ ਪੂਜਾ ਦੇ ਵਿਰੋਧ,ਨਿਮਾਣਿਆ, ਨਿਤਾਣਿਆ ਤੇ ਗਰੀਬ ਦੀ ਬਾਂਹ ਫੜਨ ਦੀ ਸੇਧ ਅਤੇ ਹਲੇਮੀ ਰਾਜ ਦੀ ਸੇਧ ਮਿਲਦੀ ਹੈ। ਸਿੱਖੀ ਦੀ ਇਹ ਸੇਧ ਸਿੱਖੀ ਦੇ ਜਨਮ ਤੋਂ ਹੀ ਸਮੇਂ-ਸਮੇਂ ਦੇ ਹਾਕਮਾਂ ਦੇ ਢਿੱਡੀ ਪੀੜ ਪਾਉਂਦੀ ਆਈ ਹੈ।
ਤੁਸੀ ਜਿਸ ਪਵਿੱਤਰ ਅਸਥਾਨ ਵਿਖੇ ਆ ਰਹੇ ਹਨ ਉਸ ਉੱਪਰ 20ਵੀਂ ਸਦੀ ਵਿੱਚ ਸਭ ਵਿਧਾਨ, ਕਾਨੂੰਨ ਛਿੱਕੇ ਤੇ ਟੰਗ ਕੇ ਭਾਰਤੀ ਹਾਕਮਾਂ ਨੇ 72 ਘੰਟੇ ਤੋਪਾਂ, ਟੈਕਾਂ, ਜਹਾਜਾਂ ਨਾਲ ਬੰਬਾਰੀ ਕੀਤੀ। ਇਸ ਫੌਜੀ ਹਮਲੇ ਦਾ ਮੁਖ ਕਾਰਨ ਬ੍ਰਾਹਮਣਵਾਦੀ ਵਿਚਾਰਧਾਰਾ ਵੱਲੋਂ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣਾ ਸੀ। ਇੰਦਾਰਕਿਆ, ਭਾਜਪਾਕਿਆ, ਆਰ.ਐਸ.ਐਸ.ਕਿਆਂ ਵੱਲੋਂ ਬਾਦਲਕਿਆਂ ਨਾਲ ਸਾਂਝੀ ਯੋਜਨਾਬੰਦੀ ਕਰਕੇ ਕੀਤਾ ਗਿਆ ਇਹ ਫੋਜੀ ਹਮਲਾ ਕੁਫਰ ਦਾ ਸੱਚ ਉੱਪਰ ਅਤੇ ਬਦੀ ਦਾ ਨੇਕੀ ਤੇ ਹਮਲਾ ਸੀ। ਸਰਕਾਰੀ ਅੱਤਵਾਦ ਦੀ ਸਿਖਰ ਹੋ ਗਈ ਜਦੋਂ ਗੁਰੂ ਸਾਹਿਬਾਨ ਦੀ ਸੇਧ ਨਾਲ ਦੁਸ਼ਮਣੀ ਕੱਢਣ ਕਾਰਨ ਹਜਾਰਾਂ ਨਿਰਦੋਸ਼ਾਂ ਨੂੰ ਸ਼ਹੀਦ ਕਰ ਦਿੱਤਾ ਤੇ ਹੋਰ ਗੁਰਧਾਮਾਂ ਤੇ ਹਮਲੇ ਬੋਲ ਕੇ ਆਪਣਾ ਮਨੁਖੱਤਾ ਦੋਖੀ ਚਿਹਰਾ ਨੰਗਾ ਕੀਤਾ।
ਜੰਗਲ ਰਾਜ ਦਾ ਇਹ ਹਮਲਾ ਹਲੇਮੀ ਰਾਜ ਦੀ ਸੇਧ ਉੱਪਰ ਹਮਲਾ ਸੀ। ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਕੁਲਨਾਸ਼ ਕਰਨ ਲਈ ਬੋਲੇ ਇਸ ਹਮਲੇ ਦੀ ਕੋਈ ਪੜਤਾਲ ਸਰਕਾਰੀ ਜਾਂ ਗੈਰ ਸਰਕਾਰੀ ਨਹੀ ਹੋਈ। ਜਦੋਂ ਕਿ ਕੁੱਝ ਗਜ ਦੀ ਦੂਰੀ ਤੇ ਜਲਿਆਵਾਲਾ ਬਾਗ ਅੰਦਰ 1919 ਵਿੱਚ 10 ਮਿੰਟ ਚੱਲੀ ਗੋਲੀ ਦੀ ਪੜਤਾਲ ਲਈ ਅੰਗਰੇਜ ਸਰਕਾਰ ਨੇ ਹੰਟਰ ਕਮਿਸ਼ਨਰ ਬਣਾਇਆ ਅਤੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕੀਤਾ। ਪਰ ਗੁਰੂ ਘਰ ਉੱਪਰ ਹਮਲੇ ਦੇ ਦੋਸ਼ੀਆਂ ਨੂੰ ਭਾਰਤ ਸਰਕਾਰ ਨੇ ਸਨਮਾਨ ਦੇ ਕੇ ਈਰਖਾ ਦੀ ਹੱਦ ਕਰ ਦਿੱਤੀ। ਦੱਸਣਾ ਬਣਦਾ ਹੈ ਕਿ ਵਰਣਵੰਡ ਦੇ ਪੈਰੋਕਾਰ ਭਾਰਤੀ ਹਾਕਮਾਂ ਨੇ 1947 ਵਿੱਚ ਦੇਸ਼ ਤੇ ਮਨੁੱਖਤਾ ਦੀ ਵੰਡ 10 ਲੱਖ ਮਨੁੱਖੀ ਲਾਸ਼ਾ ਦੀ ਕੀਮਤ ਤੇ ਪ੍ਰਵਾਨ ਕੀਤੀ। ਖੂਨ ਦੀਆਂ ਨਦੀਆਂ ਵੱਗੀਆਂ, ਅਰਬਾਂ-ਖਰਬਾਂ ਦੀ ਜਾਇਦਾਦ ਪੰਜਾਬ ਦੇ ਵਸਨੀਕਾਂ ਦੀ ਬਰਬਾਦ ਹੋਈ। ਕਾਂਗਰਸ ਦੇ ਆਗੂਆਂ ਨੇ ਸਿੱਖਾਂ ਨਾਲ ਵਿਸ਼ੇਸ਼ ਸਲੂਕ ਦੇ ਦਾਅਵੇ ਕੀਤੇ ਪਰ ਭਾਰਤ ਅੰਦਰ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਸ ਪੇਸ਼ਾ ਕਰਾਰ ਦਿੱਤਾ।
ਭਾਰਤ ਅੰਦਰ ਭਾਸ਼ਾ ਦੇ ਆਧਾਰ ਤੇ ਸੂਬੇ 1956 ਵਿੱਚ ਬਣਾਏ ਗਏ ਪਰ ਪੰਡਿਤ ਨਹਿਰੂ ਨੇ ਕਿਹਾ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ। ਜੋ ਪੰਜਾਬੀ ਸੂਬਾ ਨਹਿਰੂ ਦੀ ਮੌਤ ਤੋਂ ਬਾਅਦ ਮਿਿਲਆ ਵੀ ਤਾਂ ਪੰਜਾਬੀ ਬੋਲਦੇ ਇਲਾਕੇ ਖੋਹ ਲਏ, ਪਾਣੀ ਬਿਜਲੀ ਖੋਹ ਲਈ, ਡੈਮਾਂ ਦਾ ਕੰਟਰੋਲ ਖੋਹ ਲਿਆ ਤੇ ਸੂਬੇ ਦੀ ਰਾਜਧਾਨੀ ਖੋਹ ਲਈ। ਧਰਮ ਯੁੱਧ ਮੋਚਾ ਆਨੰਦਪੁਰ ਸਾਹਿਬ ਮਤੇ ਦੀ ਪ੍ਰਾਪਤੀ ਲਈ ਲੱਗਾ ਪਰ ਮਿਿਲਆ ਦਰਬਾਰ ਸਾਹਿਬ ਤੇ ਫੌਜੀ ਹਮਲਾ, ਨਵੰਬਰ 1984 ਦੀ ਕੁੱਲਨਾਸ਼, ਝੂਠੇ ਮੁਕਾਬਲਿਆਂ ਰਾਂਹੀ ਕੁੱਲ ਨਾਸ਼, ਨਸ਼ਿਆ ਰਾਂਹੀ ਕੁੱਲਨਾਸ਼, ਖੁਦਕੁਸ਼ੀਆਂ ਰਾਂਹੀ ਕੁੱਲਨਾਸ਼, ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਬੰਦੀ ਸਿੱਖਾਂ ਨੂੰ 25-30 ਸਾਲਾਂ ਤੋਂ ਜੇਲਾਂ ਵਿੱਚ ਰੋਲਿਆ ਜਾ ਰਿਹਾ ਹੈ। ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਈ ਨਹੀ ਕੀਤੀ ਜਾ ਰਹੀ। ਇਸੇ ਭਾਰਤ ਅੰਦਰ ਮਾਲੇਗਾਉ, ਅਜਮੇਰ ਸ਼ਰੀਫ, ਸਮਝੋਤਾ ਐਕਸਪ੍ਰੈਸ ਦੇ ਦੋਸ਼ੀਆਂ ਨੂੰ ਕਲੀਨ ਚਿੱਟਾਂ ਮਿਲ ਰਹੀਆਂ ਹਨ ਅਤੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਅਮਿਤ ਸ਼ਾਹ ਵਰਗੇ ਜੱਜਾਂ ਤੇ ਦਬਾਅ ਕਾਰਨ ਬਰੀ ਹੋ ਰਹੇ ਹਨ। ਟਾਈਟਲਰਾਂ, ਸੱਜਣ ਕੁਮਾਰਾਂ, ਇਜਹਾਰ ਆਲਮਾਂ, ਗਿੱਲਾਂ, ਸੈਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਲੀਨ ਚਿੱਟਾਂ ਮਿਲ ਰਹੀਆਂ ਹਨ। ਜੱਗੀ ਜੋਹਲ ਵਰਗੇ ਅਨੇਕਾਂ ਨੌਜਵਾਨ ਫਸਾਉਣ ਲਈ ਸਰਕਾਰੀ ਏਜੰਸੀਆ ਝੂਠੀਆਂ ਗਵਾਹੀਆਂ ਤਿਆਰ ਕਰਦੀਆਂ ਹਨ। ਇਸੇ ਲੜੀ ਵਿੱਚ ਵਿਚਾਰਾ ਗਰੀਬ ਮੋਚੀ ਰਾਮਪਾਲ ਜਾਣ ਗਵਾ ਬੈਠਾ ਹੈ।
ਐਨ.ਆਈ.ਏ., ਸੀ.ਬੀ.ਆਈ. ਸਰਕਾਰਾਂ ਦੇ ਪਿੰਜਰੇ ਦਾ ਤੋਤਾ ਬਣ ਬੈਠੀਆ ਹਨ। 31 ਜਨਵਰੀ 2017 ਨੂੰ ਬੰਬ ਧਮਾਕੇ ਵਿੱਚ 7 ਲੋਕ ਮਾਰੇ ਜਾਂਦੇ ਹਨ ਦੋਸ਼ੀ ਸਿੱਖਾਂ ਨੂੰ ਠਹਿਰਾ ਦਿੱਤਾ ਜਾਂਦਾ ਹੈ ਜਦੋਂਕਿ ਪੁਲਿਸ ਹੁਣ ਡੇਰੇ ਸਿਰਸੇ ਨੂੰ ਦੋਸ਼ੀ ਮੰਨ ਰਹੀ ਹੈ। ਇਸ ਦੇਸ਼ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਨੂੰ 25 ਹਜਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਕਰਕੇ ਚੰਡਾਲਾਂ ਨੂੰ ਨੰਗਿਆ ਕਰਨ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਸਮੇਤ ਹਜਾਰਾਂ ਧੀਆਂ ਭੈਣਾ ਦੀਆਂ ਰੁਲੀਆਂ ਇੱਜਤਾਂ ਤੇ ਝੂਠੇ ਮੁਕਾਬਲਿਆਂ ਵਿੱਚ ਹੋਏ ਕਤਲਾਂ ਦਾ ਕੋਈ ਨਿਆ ਨਹੀ ਮਿਿਲਆ। ਇਸ ਦੇਸ਼ ਅੰਦਰ ਸੁਪਰੀਮ ਕੌਰਟ ਦੇ ਜੱਜ ਨਿਆ ਮੰਗ ਰਹੇ ਹਨ। ਕਾਲੇ ਧੰਨ ਵਾਲੇ ਤੇ ਕਾਤਲ ਲੁਟੇਰੇ ਵੱਡੇ ਦੇਸ਼ ਭਗਤ ਹਨ। 1% ਮਾਇਆਧਾਰੀ 73% ਜਾਇਦਾਦ ਤੇ ਕਾਬਜ ਹੋ ਚੁੱਕੇ ਹਨ। ਘੱਟ ਗਿਣਤੀਆਂ, ਦਲਿਤਾ, ਆਦਿਵਾਸੀਆਂ ਅਤੇ ਕਿਸਾਨ ਗਰੀਬ ਦਾ ਜਿਉਣਾ ਮੁਹਾਲ ਹੋ ਗਿਆ ਹੈ।
ਅਸੀਂ ਬੇਨਤੀ ਕਰਦੇ ਹਾਂ ਕਿ ਕੈਨੇਡਾ ਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਮਾਣਮਤਾ ਇਤਿਹਾਸ ਰਿਹਾ ਹੈ। ਸਿੱਖਾਂ ਦੇ ਮਨੁੱਖੀ ਅਧਿਕਾਰ ਵੱਡੇ ਪੱਧਰ ਤੇ ਕੁਚਲ ਕੇ ਕੁੱਲਨਾਸ਼ ਦੀ ਯੋਜਨਾ ਸਿਰੇ ਚਾੜੀ ਗਈ ਹੈ। ਤੁਸੀ ਆਪਣੇ ਅਸਰ ਰਸੂਖ ਦੀ ਵਰਤੋਂ ਕਰੋ, ਪਾਰਲੀਮੈਂਟ ਮੈਂਬਰਾਂ ਦਾ ਡੈਲੀਗੇਸ਼ਨ ਪੰਜਾਬ ਭੇਜੋ ਤਾਂ ਕਿਸ੍ਰੀ ਦਰਬਾਰ ਸਾਹਿਬ ਉੱਪਰ ਜੂਨ 1984 ਵਿੱਚ 72 ਘੰਟੇ ਤੋਪਾਂ, ਟੈਕਾਂ ਨਾਲ ਬੰਬਾਰੀ ਦੀ ਪੜਤਾਲ ਹੋ ਸਕੇ।ਪੰਜਾਬ ਅੰਦਰ ਚੱਪੇ ਚੱਪੇ ਤੇ ਹੋਏ ਝੂਠੇ ਮੁਕਾਬਲਿਆਂ ਦੀ ਪੜਤਾਲ ਹੋ ਸਕੇ। ਬੰਦੀ ਸਿੱਖਾਂ ਨੂੰ ਲੰਬੇ ਸਮੇਂ ਤੋਂ ਜੇਲਾਂ ਵਿੱਚ ਗੈਰ-ਕਾਨੂੰਨੀ ਤੋਰ ਤੇ ਰੋਲਣ ਦੀ ਪੜਤਾਲ ਹੋ ਸਕੇ। ਨਸ਼ਿਆਂ ਰਾਂਹੀ ਅਤੇ ਖੁਦਕੁਸ਼ੀਆਂ ਰਾਂਹੀ ਪੰਜਾਬ ਦੀ ਬਰਬਾਦੀ ਦਾ ਸੱਚ ਸਾਹਮਣੇ ਆ ਸਕੇ। ਜੱਗੀ ਜੋਹਲ ਵਰਗਿਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨਮੰਤਰੀ ਕੋਲ ਪੇਸ਼ ਕਰਾਏ 21 ਨੋਜਵਾਨਾਂ ਦੇ ਨਾਮਾਂ ਦੀ ਜਾਣਕਾਰੀ ਮਿਲ ਸਕੇ।
ਧੰਨਵਾਦ ਸਹਿਤ
Related Topics: Bibi Paramjeet Kaur Khalra, Fake Encounter, Justin Trudeau, Khalara mission, Sri Darbar Sahib, ਪੰਜਾਬ ਪੁਲਿਸ (Punjab Police)