ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਕਸ਼ਮੀਰ ਦੀ ਅਜ਼ਾਦੀ ਤਹਿਰੀਕ ਦੇ ਆਗੂ ਗਿਲਾਨੀ ਨੇ ਜੂਨ ’84 ਦੇ ਭਾਰਤੀ ਹਮਲੇ ਦਾ ਸਿੱਖਾਂ ਨਾਲ ਦਰਦ ਵੰਡਾਇਆ

June 4, 2018 | By

ਸ਼੍ਰੀਨਗਰ: ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਸਮੇਤ ਅਨੇਕਾਂ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦੀ 34ਵੀਂ ਵਰ੍ਹੇਗੰਢ ਉੱਤੇ ਸਿੱਖ ਕੌਮ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਕਸ਼ਮੀਰੀ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਅਦ ਅਲੀ ਗਿਲਾਨੀ ਨੇ ਕਿਹਾ ਕਿ, “ਭਾਰਤੀ ਫੌਜ ਵਲੋਂ 34 ਸਾਲ ਪਹਿਲਾਂ ਸਿੱਖ ਕੌਮ ਨੂੰ ਦਿੱਤੇ ਗਏ ਜ਼ਖਮ ਸਿਰਫ ਤਾਜ਼ੇ ਹੀ ਨਹੀਂ, ਬਲਕਿ ਸਾਡੇ ਸਿੱਖ ਭਰਾਵਾਂ ਨੂੰ ਲਗਾਤਾਰ ਤਕਲੀਫ ਦੇ ਰਹੇ ਹਨ।”

ਸਈਅਦ ਅਲੀ ਗਿਲਾਨੀ ਦੀ ਦਲ ਖਾਲਸਾ ਆਗੂ ਹਰਚਰਨਜੀਤ ਸਿੰਘ ਧਾਮੀ ਨਾਲ ਇਕ ਪੁਰਾਣੀ ਤਸਵੀਰ

ਉਹਨਾਂ ਕਿਹਾ ਕਿ ਖੁਦ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਅਖਵਾਉਣ ਵਾਲੇ ਭਾਰਤੀ ਨਿਜ਼ਾਮ ਨੇ ਘੱਟਗਿਣਤੀਆਂ ਦੀ ਹੋਂਦ ਨੂੰ ਕਦੇ ਨਹੀਂ ਝੱਲਿਆ। ਭਾਰਤ ਵਿਚ ਮੁਸਲਮਾਨਾਂ, ਸਿੱਖਾਂ, ਇਸਾਈਆਂ ਅਤੇ ਦਲਿਤਾਂ ਨੂੰ ਲਗਾਤਾਰ ਜ਼ਲੀਲ, ਤੰਗ ਕੀਤਾ ਜਾ ਰਿਹਾ ਹੈ ਅਤੇ ਮਾਰਿਆ ਜਾ ਰਿਹਾ ਹੈ।

ਸਈਅਦ ਅਲੀ ਗਿਲਾਨੀ ਨੇ ਕਿਹਾ ਕਿ ਜੂਨ 1984 ਦਾ ਭਾਰਤੀ ਹਮਲਾ ਇਕ ਜ਼ਾਲਮਾਨਾ ਅਤੇ ਬੇਸ਼ਰਮੀ ਭਰੀ ਕਾਰਵਾਈ ਸੀ, ਜਿਸ ਵਿਚ ਮਹਿਜ਼ ਤਿੰਨ ਦਿਨਾ ਅੰਦਰ ਸੈਂਕੜੇ ਸਿੱਖਾਂ ਨੂੰ ਨਿਰਦਈ ਢੰਗ ਨਾਲ ਕਤਲ ਕਰ ਦਿੱਤਾ ਗਿਆ। ਹੁਰੀਅਤ ਦੇ ਚੇਅਰਮੈਨ ਨੇ ਕਿਹਾ ਕਿ ਭਾਰਤ ਵਿਚ ਘੱਟਗਿਣਤੀਆਂ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦੀਆਂ ਅਤੇ ਹਰ ਨਿਜ਼ਾਮ, ਭਾਵੇਂ ਉਹ ਧਰਮ ਨਿਰਪੱਖਤਾ ਦੇ ਢੋਂਗ ਵਾਲੀ ਕਾਂਗਰਸ ਹੋਵੇ ਜਾ ਹਿੰਦੁਤਵੀ ਭਾਜਪਾ, ਹਰ ਕੋਈ ਘੱਟਗਿਣਤੀਆਂ ‘ਤੇ ਜ਼ੁਲਮ ਕਰਦਾ ਹੈ।

ਉਹਨਾਂ ਕਿਹਾ ਕਿ ਘੱਟਗਿਣਤੀਆਂ ਨਾਲ ਹੁੰਦੇ ਇਹ ਜ਼ੁਲਮ ਭਾਰਤੀ ਲੋਕਤੰਤਰ ‘ਤੇ ਇਕ ਵੱਡਾ ਧੱਬਾ ਹਨ। ਗਿਲਾਨੀ ਨੇ ਕਿਹਾ ਕਿ ਇਸ ਤਰ੍ਹਾਂ ਜੋਰ-ਜ਼ਬਰ ਅਤੇ ਜ਼ੁਲਮ ਦੇ ਨਾਲ ਆਪਣੇ ਹੱਕਾਂ ਅਤੇ ਅਜ਼ਾਦੀ ਲਈ ਲੜਨ ਵਾਲੇ ਲੋਕਾਂ ਨੂੰ ਨਹੀਂ ਦਬਾਇਆ ਜਾ ਸਕਦਾ।

ਉਹਨਾਂ ਅੱਗੇ ਕਿਹਾ ਕਿ ਉਹ ਆਪਣੇ ਸਿੱਖ ਭਰਾਵਾਂ ਦੇ ਇਸ ਦਰਦ ਦੇ ਭਾਈਵਾਲ ਹਨ ਕਿਉਂਕਿ ਉਹ ਵੀ ਭਾਰਤੀ ਜ਼ੁਲਮਾਂ ਨੂੰ ਲੰਬੇ ਸਮੇਂ ਤੋਂ ਸਹਿ ਰਹੇ ਹਨ।

ਸਈਅਦ ਅਲੀ ਗਿਲਾਨੀ ਦਾ ਇਹ ਬਿਆਨ ਪੰਜਾਬ ਵਿਚ ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਵਲੋਂ ਮੀਡੀਆ ਨੂੰ ਜਾਰੀ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,